Skip to content

Skip to table of contents

ਇਕ ਜ਼ਾਲਮ ਤੋਂ ਬਚਾਉ

ਇਕ ਜ਼ਾਲਮ ਤੋਂ ਬਚਾਉ

ਅਧਿਆਇ 8

ਇਕ ਜ਼ਾਲਮ ਤੋਂ ਬਚਾਉ

ਯੂਸੁਫ਼ ਮਰਿਯਮ ਨੂੰ ਇਕ ਜ਼ਰੂਰੀ ਖ਼ਬਰ ਦੇਣ ਲਈ ਉਸ ਨੂੰ ਉਠਾਉਂਦਾ ਹੈ। ਯਹੋਵਾਹ ਦੇ ਦੂਤ ਨੇ ਉਸ ਨੂੰ ਹੁਣੇ ਪ੍ਰਗਟ ਹੋ ਕੇ ਆਖਿਆ ਹੈ: “ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੁ ਕਿਉਂ ਜੋ ਹੇਰੋਦੇਸ ਉਹ ਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ।”

ਜਲਦੀ ਨਾਲ, ਉਹ ਤਿੰਨੇ ਉੱਥੋਂ ਭੱਜ ਨਿਕਲਦੇ ਹਨ। ਅਤੇ ਇਹ ਠੀਕ ਸਮੇਂ ਸਿਰ ਹੋਇਆ ਕਿਉਂਕਿ ਹੇਰੋਦੇਸ ਜਾਣ ਗਿਆ ਹੈ ਕਿ ਜੋਤਸ਼ੀਆਂ ਨੇ ਉਸ ਨੂੰ ਧੋਖਾ ਦਿੱਤਾ ਹੈ ਅਤੇ ਦੇਸ਼ ਛੱਡ ਗਏ ਹਨ। ਯਾਦ ਕਰੋ, ਯਿਸੂ ਨੂੰ ਲੱਭਣ ਤੇ ਉਨ੍ਹਾਂ ਨੇ ਵਾਪਸ ਉਸ ਨੂੰ ਖ਼ਬਰ ਦੇਣੀ ਸੀ। ਹੇਰੋਦੇਸ ਲੋਹਾ-ਲਾਖਾ ਹੋ ਜਾਂਦਾ ਹੈ। ਇਸ ਲਈ ਯਿਸੂ ਨੂੰ ਮਾਰਨ ਦੇ ਯਤਨ ਵਿਚ, ਉਹ ਹੁਕਮ ਦਿੰਦਾ ਹੈ ਕਿ ਬੈਤਲਹਮ ਅਤੇ ਇਸ ਦੇ ਜ਼ਿਲ੍ਹੇ ਵਿਚ ਸਾਰੇ ਬਾਲਕਾਂ ਨੂੰ ਮਾਰ ਦਿੱਤਾ ਜਾਵੇ ਜੋ ਦੋ ਵਰ੍ਹੇ ਦੀ ਉਮਰ ਦੇ ਅਤੇ ਇਸ ਤੋਂ ਛੋਟੇ ਹਨ। ਉਹ ਉਮਰ ਦਾ ਇਹ ਹਿਸਾਬ ਉਸ ਜਾਣਕਾਰੀ ਦੇ ਆਧਾਰ ਤੇ ਲਗਾਉਂਦਾ ਹੈ ਜੋ ਉਸ ਨੇ ਥੋੜ੍ਹੀ ਦੇਰ ਪਹਿਲਾਂ ਪੂਰਬ ਤੋਂ ਆਏ ਜੋਤਸ਼ੀਆਂ ਤੋਂ ਪ੍ਰਾਪਤ ਕੀਤੀ ਸੀ।

ਸਾਰੇ ਨੰਨ੍ਹੇ ਬਾਲਕਾਂ ਦਾ ਕਤਲ ਦੇਖਣਾ ਕਿੰਨਾ ਭਿਆਨਕ ਹੈ! ਹੇਰੋਦੇਸ ਦੇ ਸਿਪਾਹੀ ਇਕ ਦੇ ਬਾਅਦ ਇਕ ਘਰ ਵਿਚ ਵੜਦੇ ਹਨ। ਅਤੇ ਜਦੋਂ ਉਹ ਇਕ ਨੰਨ੍ਹਾ ਬਾਲਕ ਲੱਭਦੇ, ਤਾਂ ਉਹ ਉਸ ਨੂੰ ਉਸ ਦੀ ਮਾਂ ਦੀਆਂ ਬਾਹਾਂ ਵਿੱਚੋਂ ਖੋਹ ਲੈਂਦੇ ਹਨ। ਸਾਨੂੰ ਕੋਈ ਅਨੁਮਾਨ ਨਹੀਂ ਹੈ ਕਿ ਉਨ੍ਹਾਂ ਨੇ ਕਿੰਨੇ ਬੱਚੇ ਮਾਰੇ, ਪਰੰਤੂ ਮਾਵਾਂ ਦਾ ਵੱਡਾ ਵਿਰਲਾਪ ਅਤੇ ਰੋਣਾ ਬਾਈਬਲ ਵਿਚ ਪਰਮੇਸ਼ੁਰ ਦੇ ਨਬੀ ਯਿਰਮਿਯਾਹ ਦੁਆਰਾ ਕੀਤੀ ਇਕ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ।

ਇਸ ਸਮੇਂ ਦੇ ਦੌਰਾਨ, ਯੂਸੁਫ਼ ਅਤੇ ਉਸ ਦਾ ਪਰਿਵਾਰ ਸੁਰੱਖਿਅਤ ਮਿਸਰ ਵਿਚ ਪਹੁੰਚਦੇ ਹਨ, ਅਤੇ ਉਹ ਹੁਣ ਉੱਥੇ ਰਹਿ ਰਹੇ ਹਨ। ਪਰੰਤੂ ਇਕ ਰਾਤ ਯਹੋਵਾਹ ਦਾ ਦੂਤ ਫਿਰ ਯੂਸੁਫ਼ ਨੂੰ ਇਕ ਸੁਪਨੇ ਵਿਚ ਪ੍ਰਗਟ ਹੁੰਦਾ ਹੈ। “ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ, . . . ਇਸਰਾਏਲ ਦੇ ਦੇਸ ਨੂੰ ਜਾਹ ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਓਹ ਮਰ ਗਏ,” ਦੂਤ ਕਹਿੰਦਾ ਹੈ। ਸੋ ਬਾਈਬਲ ਦੀ ਇਕ ਹੋਰ ਭਵਿੱਖਬਾਣੀ, ਜੋ ਕਹਿੰਦੀ ਹੈ ਕਿ ਪਰਮੇਸ਼ੁਰ ਦਾ ਪੁੱਤਰ ਮਿਸਰ ਵਿੱਚੋਂ ਸੱਦਿਆ ਜਾਵੇਗਾ, ਦੀ ਪੂਰਤੀ ਵਿਚ ਇਹ ਪਰਿਵਾਰ ਆਪਣੀ ਮਾਤਰਭੂਮੀ ਨੂੰ ਮੁੜਦਾ ਹੈ।

ਸਪੱਸ਼ਟ ਹੈ ਕਿ ਯੂਸੁਫ਼ ਯਹੂਦਿਯਾ ਵਿਚ ਰਹਿਣ ਦਾ ਇਰਾਦਾ ਰੱਖਦਾ ਹੈ, ਜਿੱਥੇ ਉਹ ਮਿਸਰ ਨੂੰ ਭੱਜਣ ਤੋਂ ਪਹਿਲਾਂ ਬੈਤਲਹਮ ਦੇ ਨਗਰ ਵਿਚ ਰਹਿ ਰਹੇ ਸਨ। ਪਰੰਤੂ ਉਸ ਨੂੰ ਪਤਾ ਲੱਗਦਾ ਹੈ ਕਿ ਹੇਰੋਦੇਸ ਦਾ ਦੁਸ਼ਟ ਪੁੱਤਰ ਅਰਕਿਲਾਊਸ ਹੁਣ ਯਹੂਦਿਯਾ ਦਾ ਰਾਜਾ ਹੈ, ਅਤੇ ਯਹੋਵਾਹ ਦੁਆਰਾ ਇਕ ਹੋਰ ਸੁਪਨੇ ਵਿਚ ਉਸ ਨੂੰ ਇਸ ਖ਼ਤਰੇ ਤੋਂ ਚਿਤਾਇਆ ਜਾਂਦਾ ਹੈ। ਇਸ ਲਈ ਯੂਸੁਫ਼ ਅਤੇ ਉਸ ਦਾ ਪਰਿਵਾਰ ਉੱਤਰ ਵੱਲ ਸਫਰ ਕਰ ਕੇ ਗਲੀਲ ਦੇ ਨਾਸਰਤ ਨਗਰ ਵਿਚ ਰਹਿਣ ਲੱਗਦੇ ਹਨ। ਇੱਥੇ ਇਸ ਸਮਾਜ ਵਿਚ, ਯਹੂਦੀ ਧਾਰਮਿਕ ਜੀਵਨ ਦੇ ਕੇਂਦਰ ਤੋਂ ਦੂਰ, ਯਿਸੂ ਵੱਡਾ ਹੁੰਦਾ ਹੈ। ਮੱਤੀ 2:​13-23; ਯਿਰਮਿਯਾਹ 31:15; ਹੋਸ਼ੇਆ 11:⁠1.

▪ ਜਦੋਂ ਜੋਤਸ਼ੀ ਵਾਪਸ ਨਹੀਂ ਮੁੜਦੇ ਹਨ, ਤਾਂ ਰਾਜਾ ਹੇਰੋਦੇਸ ਕਿਹੜਾ ਭਿਆਨਕ ਕੰਮ ਕਰਦਾ ਹੈ, ਪਰੰਤੂ ਯਿਸੂ ਕਿਵੇਂ ਬਚਾਇਆ ਜਾਂਦਾ ਹੈ?

▪ ਮਿਸਰ ਤੋਂ ਵਾਪਸ ਆ ਕੇ, ਯੂਸੁਫ਼ ਫਿਰ ਬੈਤਲਹਮ ਵਿਚ ਕਿਉਂ ਨਹੀਂ ਰਹਿੰਦਾ ਹੈ?

▪ ਇਸ ਸਮੇਂ ਦੀ ਅਵਧੀ ਦੇ ਦੌਰਾਨ ਬਾਈਬਲ ਦੀਆਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਹਨ?