Skip to content

Skip to table of contents

ਇਕ ਬਹਿਸ ਸ਼ੁਰੂ ਹੋ ਜਾਂਦੀ ਹੈ

ਇਕ ਬਹਿਸ ਸ਼ੁਰੂ ਹੋ ਜਾਂਦੀ ਹੈ

ਅਧਿਆਇ 115

ਇਕ ਬਹਿਸ ਸ਼ੁਰੂ ਹੋ ਜਾਂਦੀ ਹੈ

ਸ਼ਾਮ ਦੇ ਮੁੱਢਲੇ ਹਿੱਸੇ ਵਿਚ, ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋਣ ਦੇ ਦੁਆਰਾ ਨਿਮਰ ਸੇਵਾ ਦਾ ਇਕ ਸੁੰਦਰ ਸਬਕ ਸਿਖਾਇਆ ਹੈ। ਉਸ ਤੋਂ ਬਾਅਦ, ਉਸ ਨੇ ਆਪਣੀ ਆਉਣ ਵਾਲੀ ਮੌਤ ਦੇ ਸਮਾਰਕ ਨੂੰ ਸ਼ੁਰੂ ਕੀਤਾ। ਹੁਣ, ਖ਼ਾਸ ਤੌਰ ਤੇ ਹੁਣੇ-ਹੁਣੇ ਹੋਈਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਹੈਰਾਨੀਜਨਕ ਘਟਨਾ ਵਾਪਰਦੀ ਹੈ। ਉਸ ਦੇ ਰਸੂਲ ਇਕ ਗਰਮਾਂ-ਗਰਮ ਬਹਿਸ ਵਿਚ ਪੈ ਜਾਂਦੇ ਹਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਜਾਪਦਾ ਹੈ! ਸਪੱਸ਼ਟ ਹੈ ਕਿ ਇਹ ਚਾਲੂ ਝਗੜੇ ਦਾ ਇਕ ਹਿੱਸਾ ਹੈ।

ਯਾਦ ਕਰੋ ਕਿ ਪਹਾੜ ਉੱਤੇ ਯਿਸੂ ਦਾ ਰੂਪਾਂਤਰਣ ਹੋਣ ਤੋਂ ਬਾਅਦ, ਰਸੂਲਾਂ ਨੇ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। ਇਸ ਦੇ ਇਲਾਵਾ, ਯਾਕੂਬ ਅਤੇ ਯੂਹੰਨਾ ਨੇ ਰਾਜ ਵਿਚ ਉੱਘੇ ਸਥਾਨ ਲਈ ਬੇਨਤੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਰਸੂਲਾਂ ਵਿਚ ਹੋਰ ਤਕਰਾਰ ਹੋ ਗਿਆ ਸੀ। ਹੁਣ, ਉਨ੍ਹਾਂ ਨਾਲ ਆਪਣੀ ਆਖ਼ਰੀ ਰਾਤ ਤੇ, ਯਿਸੂ ਉਨ੍ਹਾਂ ਨੂੰ ਫਿਰ ਝਗੜਾ ਕਰਦਿਆਂ ਦੇਖ ਕੇ ਕਿੰਨਾ ਦੁਖੀ ਹੋਇਆ ਹੋਣਾ! ਉਹ ਕੀ ਕਰਦਾ ਹੈ?

ਰਸੂਲਾਂ ਦੇ ਵਰਤਾਉ ਲਈ ਉਨ੍ਹਾਂ ਨੂੰ ਡਾਂਟਣ ਦੀ ਬਜਾਇ, ਯਿਸੂ ਇਕ ਵਾਰੀ ਫਿਰ ਉਨ੍ਹਾਂ ਨਾਲ ਧੀਰਜ ਨਾਲ ਤਰਕ ਕਰਦਾ ਹੈ: “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ­ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਏਹੋ ਜੇਹੇ ਨਾ ਹੋਵੋ। . . . ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ?” ਫਿਰ, ਉਨ੍ਹਾਂ ਨੂੰ ਆਪਣਾ ­ਉਦਾਹਰਣ ਯਾਦ ਕਰਵਾਉਂਦੇ ਹੋਏ, ਉਹ ਕਹਿੰਦਾ ਹੈ: “ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।”

ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ, ਰਸੂਲਾਂ ਨੇ ਯਿਸੂ ਦੇ ਪਰਤਾਵਿਆਂ ਦੌਰਾਨ ਉਸ ਦਾ ਸਾਥ ਦਿੱਤਾ ਹੈ। ਇਸ ਲਈ ਉਹ ਕਹਿੰਦਾ ਹੈ: “ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” ਯਿਸੂ ਅਤੇ ਉਸ ਦੇ ਨਿਸ਼ਠਾਵਾਨ ਅਨੁਯਾਈਆਂ ਦਰਮਿਆਨ ਇਹ ਨਿੱਜੀ ਨੇਮ ਉਨ੍ਹਾਂ ਨੂੰ ਉਸ ਦੇ ਸ਼ਾਹੀ ਰਾਜ ਵਿਚ ਉਸ ਦੇ ਸਾਂਝੀਦਾਰ ਬਣਾਉਂਦਾ ਹੈ। ਆਖ਼ਰਕਾਰ, ਰਾਜ ਲਈ ਇਸ ਨੇਮ ਵਿਚ ਸਿਰਫ਼ 1,44,000 ਦੀ ਸੀਮਿਤ ਗਿਣਤੀ ਹੀ ਸ਼ਾਮਲ ਕੀਤੀ ਜਾਂਦੀ ਹੈ।

ਭਾਵੇਂ ਕਿ ਰਸੂਲਾਂ ਨੂੰ ਮਸੀਹ ਨਾਲ ਰਾਜ ਸ਼ਾਸਨ ਵਿਚ ਸਾਂਝੇ ਹੋਣ ਦੀ ਅਦਭੁਤ ਆਸ਼ਾ ਪੇਸ਼ ਕੀਤੀ ਜਾਂਦੀ ਹੈ, ਇਸ ਵੇਲੇ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹਨ। “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ,” ਯਿਸੂ ਕਹਿੰਦਾ ਹੈ। ਫਿਰ ਵੀ, ਪਤਰਸ ਨੂੰ ਕਹਿੰਦੇ ਹੋਏ ਕਿ ਉਸ ਨੇ ਉਹ ਦੇ ਨਿਮਿੱਤ ਪ੍ਰਾਰਥਨਾ ਕੀਤੀ ਹੈ, ਯਿਸੂ ਤਕੀਦ ਕਰਦਾ ਹੈ: “ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।”

“ਹੇ ਬਾਲਕੋ,” ਯਿਸੂ ਵਿਆਖਿਆ ਕਰਦਾ ਹੈ, “ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਓਸੇ ਤਰਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”

“ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂ?” ਪਤਰਸ ਪੁੱਛਦਾ ਹੈ।

“ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ,” ਯਿਸੂ ਜਵਾਬ ਦਿੰਦਾ ਹੈ, “ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ।”

“ਪ੍ਰਭੁ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ?” ਪਤਰਸ ਜਾਣਨਾ ਚਾਹੁੰਦਾ ਹੈ। “ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ!”

“ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ?” ਯਿਸੂ ਪੁੱਛਦਾ ਹੈ। “ਮੈਂ ਤੈਨੂੰ ਸਤ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”

“ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ,” ਪਤਰਸ ਵਿਰੋਧ ਕਰਦਾ ਹੈ, “ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ।” ਅਤੇ ਜਦੋਂ ਬਾਕੀ ਸਾਰੇ ਰਸੂਲ ਵੀ ਇਹੋ ਗੱਲ ਕਹਿਣ ਲੱਗਦੇ ਹਨ, ਤਾਂ ਪਤਰਸ ਸ਼ੇਖੀ ਮਾਰਦਾ ਹੈ: “ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ।”

ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਜਦੋਂ ਉਸ ਨੇ ਗਲੀਲ ਦੇ ਪ੍ਰਚਾਰ ਸਫਰ ਲਈ ਰਸੂਲਾਂ ਨੂੰ ਬਟੂਏ ਅਤੇ ਝੋਲੇ ਦੇ ਬਿਨਾਂ ਭੇਜਿਆ ਸੀ, ਯਿਸੂ ਪੁੱਛਦਾ ਹੈ: “ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀ?”

“ਕਾਸੇ ਦੀ ਨਹੀਂ,” ਉਹ ਜਵਾਬ ਦਿੰਦੇ ਹਨ।

“ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ,” ਉਹ ਕਹਿੰਦਾ ਹੈ, “ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ। ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜ਼ਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ।”

ਯਿਸੂ ਉਸ ਸਮੇਂ ਨੂੰ ਸੰਕੇਤ ਕਰ ਰਿਹਾ ਹੈ ਜਦੋਂ ਉਹ ਅਪਰਾਧੀਆਂ, ਜਾਂ ਬੁਰਿਆਰਾਂ ਨਾਲ ਸੂਲੀ ਚਾੜ੍ਹਿਆ ਜਾਵੇਗਾ। ਉਹ ਇਹ ਵੀ ਸੰਕੇਤ ਕਰ ਰਿਹਾ ਹੈ ਕਿ ਇਸ ਦੇ ਮਗਰੋਂ ਉਸ ਦੇ ਅਨੁਯਾਈਆਂ ਨੂੰ ਸਖ਼ਤ ਸਤਾਹਟ ਦਾ ਸਾਮ੍ਹਣਾ ਕਰਨਾ ਪਵੇਗਾ। “ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ,” ਉਹ ਕਹਿੰਦੇ ਹਨ।

“ਬੱਸ ਹੈ!” ਉਹ ਜਵਾਬ ਦਿੰਦਾ ਹੈ। ਜਿਵੇਂ ਕਿ ਅਸੀਂ ਦੇਖਾਂਗੇ, ਉਨ੍ਹਾਂ ਦੇ ਕੋਲ ਤਲਵਾਰਾਂ ਹੋਣ ਦੇ ਕਾਰਨ ਯਿਸੂ ਨੂੰ ਜਲਦੀ ਹੀ ਇਕ ਹੋਰ ਮਹੱਤਵਪੂਰਣ ਸਬਕ ਸਿਖਾਉਣ ਦਾ ਮੌਕਾ ਮਿਲੇਗਾ। ਮੱਤੀ 26:​31-35; ਮਰਕੁਸ 14:​27-31; ਲੂਕਾ 22:​24-38; ਯੂਹੰਨਾ 13:​31-38; ਪਰਕਾਸ਼ ਦੀ ਪੋਥੀ 14:​1-3.

▪ ਰਸੂਲਾਂ ਦੀ ਬਹਿਸ ਕਿਉਂ ਇੰਨੀ ਹੈਰਾਨੀਜਨਕ ਹੈ?

▪ ਯਿਸੂ ਇਸ ਬਹਿਸ ਨਾਲ ਕਿਸ ਤਰ੍ਹਾਂ ਿਨੱਪਟਦਾ ਹੈ?

▪ ਉਸ ਨੇਮ ਦੇ ਦੁਆਰਾ ਕੀ ਸੰਪੰਨ ਹੁੰਦਾ ਹੈ ਜੋ ਯਿਸੂ ਆਪਣੇ ਚੇਲਿਆਂ ਨਾਲ ਬੰਨ੍ਹਦਾ ਹੈ?

▪ ਯਿਸੂ ਕਿਹੜਾ ਨਵਾਂ ਹੁਕਮ ਦਿੰਦਾ ਹੈ, ਅਤੇ ਇਹ ਕਿੰਨਾ ਮਹੱਤਵਪੂਰਣ ਹੈ?

▪ ਪਤਰਸ ਕਿਹੜਾ ਅਤਿਵਿਸ਼ਵਾਸ ਦਿਖਾਉਂਦਾ ਹੈ, ਅਤੇ ਯਿਸੂ ਕੀ ਕਹਿੰਦਾ ਹੈ?

▪ ਬਟੂਆ ਅਤੇ ਭੋਜਨ ਦਾ ਝੋਲਾ ਲੈਣ ਬਾਰੇ ਯਿਸੂ ਦੀਆਂ ਹਿਦਾਇਤਾਂ ਪਹਿਲਾਂ ਨਾਲੋਂ ਕਿਉਂ ਭਿੰਨ ਹਨ?