Skip to content

Skip to table of contents

ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ?

ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ?

ਅਧਿਆਇ 56

ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ?

ਯਿਸੂ ਦਾ ਵਿਰੋਧ ਹੋਰ ਤੇਜ਼ ਹੋ ਜਾਂਦਾ ਹੈ। ਨਾ ਸਿਰਫ਼ ਉਸ ਦੇ ਬਹੁਤ ਸਾਰੇ ਚੇਲੇ ਛੱਡ ਜਾਂਦੇ ਹਨ ਪਰੰਤੂ ਯਹੂਦਿਯਾ ਵਿਚ ਯਹੂਦੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਉਨ੍ਹਾਂ ਨੇ ਉਦੋਂ ਵੀ ਕੀਤਾ ਜਦੋਂ ਉਹ 31 ਸਾ.ਯੁ. ਦੇ ਪਸਾਹ ਦੇ ਦੌਰਾਨ ਯਰੂਸ਼ਲਮ ਵਿਚ ਸੀ।

ਹੁਣ 32 ਸਾ.ਯੁ. ਦਾ ਪਸਾਹ ਹੈ। ਸ਼ਾਇਦ, ਹਾਜ਼ਰ ਹੋਣ ਦੀ ਪਰਮੇਸ਼ੁਰ ਦੀ ਮੰਗ ਦੇ ਅਨੁਸਾਰ, ਯਿਸੂ ਪਸਾਹ ਲਈ ਯਰੂਸ਼ਲਮ ਨੂੰ ਜਾਂਦਾ ਹੈ। ਪਰੰਤੂ, ਉਹ ਇਹ ਬਹੁਤ ਚੌਕਸੀ ਨਾਲ ਕਰਦਾ ਹੈ ਕਿਉਂਕਿ ਉਸ ਦੀ ਜਾਨ ਖ਼ਤਰੇ ਵਿਚ ਹੈ। ਇਸ ਤੋਂ ਬਾਅਦ ਉਹ ਗਲੀਲ ਨੂੰ ਮੁੜ ਜਾਂਦਾ ਹੈ।

ਯਿਸੂ ਸ਼ਾਇਦ ਕਫ਼ਰਨਾਹੂਮ ਵਿਚ ਹੈ ਜਦੋਂ ਫ਼ਰੀਸੀ ਅਤੇ ਗ੍ਰੰਥੀ ਉਸ ਨੂੰ ਮਿਲਣ ਲਈ ਯਰੂਸ਼ਲਮ ਤੋਂ ਆਉਂਦੇ ਹਨ। ਉਹ ਉਸ ਉੱਤੇ ਧਾਰਮਿਕ ਨਿਯਮ ਤੋੜਨ ਦਾ ਦੋਸ਼ ਲਾਉਣ ਲਈ ਵਜ੍ਹਾ ਲੱਭ ਰਹੇ ਹਨ। ਉਹ ਪੁੱਛਦੇ ਹਨ, “ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ?” ਇਹ ਪਰਮੇਸ਼ੁਰ ਵੱਲੋਂ ਮੰਗ ਨਹੀਂ ਕੀਤੀ ਗਈ ਸੀ, ਫਿਰ ਵੀ ਫ਼ਰੀਸੀ ਸੋਚਦੇ ਹਨ ਕਿ ਇਹ ਪਰੰਪਰਾਗਤ ਰੀਤੀ ਪੂਰੀ ਨਾ ਕਰਨਾ, ਜਿਸ ਵਿਚ ਕੋਹਣੀਆਂ ਤਕ ਹੱਥਾਂ ਨੂੰ ਧੋਣਾ ਸ਼ਾਮਲ ਸੀ, ਇਕ ਗੰਭੀਰ ਅਪਰਾਧ ਹੈ।

ਉਨ੍ਹਾਂ ਦੇ ਦੋਸ਼ ਦੇ ਸੰਬੰਧ ਵਿਚ ਉਨ੍ਹਾਂ ਨੂੰ ਜਵਾਬ ਦੇਣ ਦੀ ਬਜਾਇ, ਯਿਸੂ ਉਨ੍ਹਾਂ ਵੱਲੋਂ ਪਰਮੇਸ਼ੁਰ ਦੀ ਬਿਵਸਥਾ ਨੂੰ ਦੁਸ਼ਟ ਤਰੀਕਿਓਂ ਅਤੇ ਜਾਣ-ਬੁੱਝ ਕੇ ਤੋੜਨ ਵੱਲ ਸੰਕੇਤ ਕਰਦਾ ਹੈ। “ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ?” ਉਹ ਜਾਣਨਾ ਚਾਹੁੰਦਾ ਹੈ। “ਕਿਉਂ ਜੋ ਪਰਮੇਸ਼ੁਰ ਨੇ ਫ਼ਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਯਾ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਭੇਟ [“ਪਰਮੇਸ਼ੁਰ ਨੂੰ ਸਮਰ­ਪਿਤ,” ਨਿ ਵ] ਹੋ ਗਿਆ, ਉਹ ਆਪਣੇ ਪਿਤਾ ਯਾ ਮਾਤਾ ਦਾ ਆਦਰ ਨਾ ਕਰੇ।”

ਸੱਚ-ਮੁੱਚ, ਫ਼ਰੀਸੀ ਸਿਖਾਉਂਦੇ ਹਨ ਕਿ ਪਰਮੇਸ਼ੁਰ ਨੂੰ ਇਕ ਭੇਟ ਦੇ ਤੌਰ ਤੇ ਸਮਰ­ਪਿਤ ਕੀਤਾ ਗਿਆ ਪੈਸਾ, ਜਾਇਦਾਦ, ਜਾਂ ਕੋਈ ਹੋਰ ਵਸਤੂ ਹੈਕਲ ਦੀ ਹੋ ਜਾਂਦੀ ਹੈ ਅਤੇ ਕਿਸੇ ਹੋਰ ਮਕਸਦ ਲਈ ਇਸਤੇਮਾਲ ਨਹੀਂ ਕੀਤੀ ਜਾ ਸਕਦੀ ਹੈ। ਫਿਰ ਵੀ, ਅਸਲ ਵਿਚ, ਇਹ ਸਮਰਪਿਤ ਕੀਤੀ ਭੇਟ ਉਸੇ ਵਿਅਕਤੀ ਕੋਲ ਰੱਖੀ ਜਾਂਦੀ ਹੈ ਜਿਸ ਨੇ ਸਮਰ­ਪਿਤ ਕੀਤੀ ਹੈ। ਇਸ ਤਰ੍ਹਾਂ ਇਕ ਪੁੱਤਰ, ਸਿਰਫ਼ ਇਹ ਕਹਿ ਕੇ ਕਿ ਉਸ ਦਾ ਪੈਸਾ ਜਾਂ ਜਾਇਦਾਦ “ਕੁਰਬਾਨ” ਹੈ​—⁠ਪਰਮੇਸ਼ੁਰ ਨੂੰ ਜਾਂ ਹੈਕਲ ਨੂੰ ਸਮਰਪਿਤ ਇਕ ਭੇਟ ਹੈ⁠—​ਆਪਣੇ ਬਜ਼ੁਰਗ ਮਾਪਿਆਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਨੂੰ ਟਾਲ ਦਿੰਦਾ ਹੈ, ਜੋ ਸ਼ਾਇਦ ਸਖ਼ਤ ਤੰਗੀ ਵਿਚ ਹੋਣ।

ਫ਼ਰੀਸੀਆਂ ਦੁਆਰਾ ਪਰਮੇਸ਼ੁਰ ਦੀ ਬਿਵਸਥਾ ਨੂੰ ਦੁਸ਼ਟ ਰੀਤੀ ਨਾਲ ਤੋੜਨ-ਮਰੋੜਨ ਦੇ ਪ੍ਰਤੀ ਉਚਿਤ ਤੌਰ ਤੇ ਗੁੱਸੇ ਹੁੰਦੇ ਹੋਏ ਯਿਸੂ ਕਹਿੰਦਾ ਹੈ: “ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ। ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।”

ਸ਼ਾਇਦ ਫ਼ਰੀਸੀਆਂ ਨੂੰ ਯਿਸੂ ਨੂੰ ਸਵਾਲ ਪੁੱਛਣ ਦਾ ਮੌਕਾ ਦੇਣ ਲਈ ਭੀੜ ਪਿੱਛੇ ਹੱਟ ਗਈ ਹੈ। ਹੁਣ, ਜਦੋਂ ਫ਼ਰੀਸੀਆਂ ਨੂੰ ਆਪਣੇ ਪ੍ਰਤੀ ਯਿਸੂ ਦੀ ਸਖ਼ਤ ਨਿੰਦਿਆ ਲਈ ਕੋਈ ਜਵਾਬ ਨਹੀਂ ਮਿਲਦਾ ਹੈ, ਤਾਂ ਯਿਸੂ ਭੀੜ ਨੂੰ ਲਾਗੇ ਬੁਲਾਉਂਦਾ ਹੈ। ਉਹ ਕਹਿੰਦਾ ਹੈ, “ਮੇਰੀ ਸੁਣੋ ਅਤੇ ਸਮਝੋ। ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾਕੇ ਉਹ ਨੂੰ ਭਰਿਸ਼ਟ ਕਰ ਸੱਕੇ। ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।”

ਬਾਅਦ ਵਿਚ, ਜਦੋਂ ਉਹ ਇਕ ਘਰ ਵਿਚ ਦਾਖ਼ਲ ਹੁੰਦੇ ਹਨ, ਤਾਂ ਉਸ ਦੇ ਚੇਲੇ ਪੁੱਛਦੇ ਹਨ: “ਭਲਾ, ਤੈਨੂੰ ਮਲੂਮ ਹੈ ਜੋ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ?”

“ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜ੍ਹੋਂ ਪੁਟਿਆ ਜਾਵੇਗਾ,” ਯਿਸੂ ਕਹਿੰਦਾ ਹੈ। “ਉਨ੍ਹਾਂ ਨੂੰ ਜਾਣ ਦਿਓ, ਓਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।”

ਯਿਸੂ ਹੈਰਾਨ ਜਾਪਦਾ ਹੈ ਜਦੋਂ ਪਤਰਸ, ਚੇਲਿਆਂ ਦੇ ਨਿਮਿੱਤ ਸਪਸ਼ਟੀਕਰਣ ਮੰਗਦਾ ਹੈ ਕਿ ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ। “ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ?” ਯਿਸੂ ਜਵਾਬ ਦਿੰਦਾ ਹੈ। “ਕੀ ਤੁਸੀਂ ਨਹੀਂ ਸਮਝਦੇ ਭਈ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਅਤੇ ਬਾਹਰ ਸੇਦਖ਼ਾਨੇ ਵਿੱਚ ਸੁੱਟਿਆ ਜਾਂਦਾ ਹੈ? ਪਰ ਜਿਹੜੀਆਂ ਗੱਲਾਂ ਮੂੰਹੋਂ ਨਿੱਕਲ­ਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ­ਕਰਦੀਆਂ ਹਨ। ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ। ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ।”

ਯਿਸੂ ਇੱਥੇ ਸਾਧਾਰਣ ਸਿਹਤ-ਵਿਗਿਆਨ ਲਈ ਨਿਰ-ਉਤਸ਼ਾਹਿਤ ਨਹੀਂ ਕਰ ਰਿਹਾ ਹੈ। ਉਹ ਇਹ ਤਰਕ ਨਹੀਂ ਕਰ ਰਿਹਾ ਹੈ ਕਿ ਇਕ ਵਿਅਕਤੀ ਨੂੰ ਖਾਣਾ ਬਣਾਉਣ ਜਾਂ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਯਿਸੂ ਧਾਰਮਿਕ ਆਗੂਆਂ ਦੇ ਪਖੰਡ ਦੀ ਨਿੰਦਿਆ ਕਰ ਰਿਹਾ ਹੈ ਜਿਹੜੇ ਸ਼ਾਸਤਰ ਵਿਰੋਧੀ ਪਰੰਪਰਾਵਾਂ ਉੱਤੇ ਜ਼ੋਰ ਦੇਣ ਦੇ ਦੁਆਰਾ ਪਰਮੇਸ਼ੁਰ ਦੇ ਧਰਮੀ ਨਿਯਮਾਂ ਤੋਂ ਚਾਲਬਾਜ਼ੀ ਨਾਲ ਬਚਣ ਦੀ ਕੋਸ਼ਿਸ਼ ਕਰਦੇ ਹਨ। ਜੀ ਹਾਂ, ਇਕ ਮਨੁੱਖ ਨੂੰ ਦੁਸ਼ਟ ਕੰਮ ਭ੍ਰਿਸ਼ਟ ਕਰਦੇ ਹਨ, ਅਤੇ ਯਿਸੂ ਦਿਖਾਉਂਦਾ ਹੈ ਕਿ ਇਹ ਇਕ ਵਿਅਕਤੀ ਦੇ ਦਿਲ ਵਿਚ ਉਤਪੰਨ ਹੁੰਦੇ ਹਨ। ਯੂਹੰਨਾ 7:1; ਬਿਵਸਥਾ ਸਾਰ 16:16; ਮੱਤੀ 15:​1-20; ਮਰਕੁਸ 7:​1-23; ਕੂਚ 20:12; 21:17; ਯਸਾਯਾਹ 29:⁠13.

▪ ਯਿਸੂ ਹੁਣ ਕਿਹੜੇ ਵਿਰੋਧ ਦਾ ਸਾਮ੍ਹਣਾ ਕਰਦਾ ਹੈ?

▪ ਫ਼ਰੀਸੀ ਕਿਹੜਾ ਦੋਸ਼ ਲਾਉਂਦੇ ਹਨ, ਪਰੰਤੂ ਯਿਸੂ ਦੇ ਅਨੁਸਾਰ, ਫ਼ਰੀਸੀ ਜਾਣ-ਬੁੱਝ ਕੇ ਕਿਸ ਤਰ੍ਹਾਂ ਪਰਮੇਸ਼ੁਰ ਦੀ ਬਿਵਸਥਾ ਤੋੜਦੇ ਹਨ?

▪ ਯਿਸੂ ਕਿਹੜੀਆਂ ਗੱਲਾਂ ਪ੍ਰਗਟ ਕਰਦਾ ਹੈ ਜੋ ਇਕ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ?