Skip to content

Skip to table of contents

ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ

ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ

ਅਧਿਆਇ 105

ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ

ਜਦੋਂ ਯਿਸੂ ਸੋਮਵਾਰ ਸ਼ਾਮ ਨੂੰ ਯਰੂਸ਼ਲਮ ਤੋਂ ਨਿਕਲਦਾ ਹੈ, ਤਾਂ ਉਹ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਤੇ ਸਥਿਤ ਬੈਤਅਨੀਆ ਨੂੰ ਮੁੜ ਆਉਂਦਾ ਹੈ। ਯਰੂਸ਼ਲਮ ਵਿਚ ਉਸ ਦੀ ਅੰਤਿਮ ਸੇਵਕਾਈ ਦੇ ਦੋ ਦਿਨ ਸਮਾਪਤ ਹੋ ਗਏ ਹਨ। ਨਿਰਸੰਦੇਹ, ਯਿਸੂ ਫਿਰ ਆਪਣੇ ਮਿੱਤਰ ਲਾਜ਼ਰ ਨਾਲ ਰਾਤ ਬਿਤਾਉਂਦਾ ਹੈ। ਸ਼ੁੱਕਰਵਾਰ ਨੂੰ ਯਰੀਹੋ ਤੋਂ ਆਉਣ ਤੋਂ ਬਾਅਦ, ਇਹ ਚੌਥੀ ਰਾਤ ਹੈ ਜਿਹੜੀ ਉਸ ਨੇ ਬੈਤਅਨੀਆ ਵਿਚ ਬਿਤਾਈ ਹੈ।

ਹੁਣ, ਨੀਸਾਨ 11 ਨੂੰ, ਮੰਗਲਵਾਰ ਤੜਕੇ ਹੀ, ਉਹ ਅਤੇ ਉਸ ਦੇ ਚੇਲੇ ਫਿਰ ਰਾਹ ਤੇ ਤੁਰ ਪੈਂਦੇ ਹਨ। ਇਹ ਯਿਸੂ ਦੀ ਸੇਵਕਾਈ ਦਾ ਇਕ ਮਹੱਤਵਪੂਰਣ ਦਿਨ, ਅਤੇ ਹੁਣ ਤਕ ਸਭ ਤੋਂ ਵਿਅਸਤ ਦਿਨ ਸਾਬਤ ਹੁੰਦਾ ਹੈ। ਹੈਕਲ ਵਿਚ ਉਸ ਦੇ ਦਿਖਾਈ ਦੇਣ ਦਾ ਇਹ ਆਖ਼ਰੀ ਦਿਨ ਹੈ। ਅਤੇ ਇਹ ਉਸ ਦੇ ਮੁਕੱਦਮੇ ਅਤੇ ਮੌਤ ਤੋਂ ਪਹਿਲਾਂ ਉਸ ਦੀ ਜਨਤਕ ਸੇਵਕਾਈ ਦਾ ਆਖ਼ਰੀ ਦਿਨ ਹੈ।

ਯਿਸੂ ਅਤੇ ਉਸ ਦੇ ਚੇਲੇ ਜ਼ੈਤੂਨ ਦੇ ਪਹਾੜ ਉੱਪਰੋਂ ਯਰੂਸ਼ਲਮ ਨੂੰ ਜਾਣ ਵਾਲਾ ਉਹੀ ਰਾਹ ਲੈਂਦੇ ਹਨ। ਬੈਤਅਨੀਆ ਤੋਂ ਆਉਣ ਵਾਲੇ ਉਸ ਰਾਹ ਦੇ ਕੰਢੇ, ਪਤਰਸ ਉਸ ਦਰਖ਼ਤ ਵੱਲ ਧਿਆਨ ਕਰਦਾ ਹੈ ਜਿਸ ਨੂੰ ਯਿਸੂ ਨੇ ਪਿਛਲੀ ਸਵੇਰ ਸਰਾਪ ਦਿੱਤਾ ਸੀ। ਉਹ ਬੋਲ ਉਠਦਾ ਹੈ, “ਸੁਆਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹ ਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ!”

ਪਰੰਤੂ ਯਿਸੂ ਨੇ ਦਰਖ਼ਤ ਨੂੰ ਨਸ਼ਟ ਕਿਉਂ ਕੀਤਾ? ਉਹ ਇਸ ਦਾ ਕਾਰਨ ਸੰਕੇਤ ਕਰਦਾ ਹੈ ਜਦੋਂ ਉਹ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ [ਜ਼ੈਤੂਨ ਦਾ ਪਹਾੜ ਜਿਸ ਉੱਤੇ ਉਹ ਖੜ੍ਹੇ ਹਨ] ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰ­ਥਨਾ ਕਰ ਕੇ ਮੰਗੋ ਸੋ ਪਾਓਗੇ।”

ਇਸ ਲਈ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਆਪਣੇ ਚੇਲਿਆਂ ਲਈ ਪਰਮੇਸ਼ੁਰ ਵਿਚ ਨਿਹਚਾ ਰੱਖਣ ਦੀ ਉਨ੍ਹਾਂ ਦੀ ਲੋੜ ਉੱਤੇ ਇਕ ਸਿੱਖਿਆਦਾਇਕ ਉਦਾਹਰਣ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਉਹ ਬਿਆਨ ਕਰਦਾ ਹੈ: “ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ।” ਖ਼ਾਸ ਕਰ ਕੇ ਜਲਦੀ ਆਉਣ ਵਾਲੇ ਭਿਆਨਕ ਪਰਤਾਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਉਨ੍ਹਾਂ ਦੇ ਲਈ ਕਿੰਨਾ ਹੀ ਮਹੱਤਵਪੂਰਣ ਇਕ ਸਬਕ ਹੈ! ਫਿਰ ਵੀ, ਹੰਜੀਰ ਦੇ ਦਰਖ਼ਤ ਦੇ ਸੁੱਕਣ ਅਤੇ ਨਿਹਚਾ ਦੇ ਗੁਣ ਵਿਚ ਇਕ ਹੋਰ ਸੰਬੰਧ ਹੈ।

ਇਸ ਹੰਜੀਰ ਦੇ ਦਰਖ਼ਤ ਵਾਂਗ, ਇਸਰਾਏਲ ਕੌਮ ਦੀ ਇਕ ਧੋਖੇ ਭਰੀ ਦਿੱਖ ਹੈ। ਭਾਵੇਂ ਕਿ ਇਹ ਕੌਮ ਪਰਮੇਸ਼ੁਰ ਦੇ ਨਾਲ ਇਕ ਨੇਮ-ਬੱਧ ਸੰਬੰਧ ਵਿਚ ਹੈ ਅਤੇ ਸ਼ਾਇਦ ਬਾਹਰੀ ਤੌਰ ਤੇ ਉਸ ਦੇ ਨਿਯਮਾਂ ਨੂੰ ਮੰਨਦੀ ਹੋਈ ਪ੍ਰਗਟ ਹੋਵੇ, ਇਹ ਚੰਗੇ ਫਲ ਉਤਪੰਨ ਕਰਨ ਤੋਂ ਬਾਂਝ, ਬਿਨਾਂ ਨਿਹਚਾ ਦੇ ਸਾਬਤ ਹੋਈ ਹੈ। ਨਿਹਚਾ ਦੀ ਘਾਟ ਦੇ ਕਾਰਨ, ਇਹ ਪਰਮੇਸ਼ੁਰ ਦੇ ਆਪਣੇ ਪੁੱਤਰ ਨੂੰ ਵੀ ਰੱਦ ਕਰਨ ਦੀ ਪ੍ਰਕ੍ਰਿਆ ਵਿਚ ਹੈ! ਇਸ ਲਈ, ਹੰਜੀਰ ਦੇ ਅਣ-ਉਪਜਾਊ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਸਪੱਸ਼ਟ ਰੂਪ ਵਿਚ ਦਿਖਾ ਰਿਹਾ ਹੈ ਕਿ ਇਸ ਅਫਲ, ਅਵਿਸ਼ਵਾਸੀ ਕੌਮ ਦਾ ਅੰਤਿਮ ਨਤੀਜਾ ਕੀ ਹੋਵੇਗਾ।

ਥੋੜ੍ਹੀ ਦੇਰ ਬਾਅਦ, ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਵਿਚ ਪ੍ਰਵੇਸ਼ ਕਰਦੇ ਹਨ, ਅਤੇ ਆਪਣੇ ਦਸਤੂਰ ਅਨੁਸਾਰ ਉਹ ਹੈਕਲ ਵਿਚ ਜਾਂਦੇ ਹਨ, ਜਿੱਥੇ ਯਿਸੂ ਸਿਖਾਉਣਾ ਸ਼ੁਰੂ ਕਰਦਾ ਹੈ। ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਨਿਰਸੰਦੇਹ ਸਰਾਫ਼ਾਂ ਦੇ ਵਿਰੁੱਧ ਪਿਛਲੇ ਦਿਨ ਯਿਸੂ ਦੀ ਕਾਰਵਾਈ ਨੂੰ ਮਨ ਵਿਚ ਰੱਖਦੇ ਹੋਏ, ਉਸ ਨੂੰ ਚੁਣੌਤੀ ਦਿੰਦੇ ਹਨ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?”

ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ?”

ਜਾਜਕ ਅਤੇ ਬਜ਼ੁਰਗ ਆਪਸ ਵਿਚ ਮਸ਼ਵਰਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਕਿਵੇਂ ਜਵਾਬ ਦੇਣਗੇ। “ਜੇ ਕਹੀਏ, ‘ਸੁਰਗ ਵੱਲੋਂ’ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।”

ਆਗੂ ਨਹੀਂ ਜਾਣਦੇ ਕਿ ਕੀ ਜਵਾਬ ਦਿੱਤਾ ਜਾਵੇ। ਇਸ ਲਈ ਉਹ ਯਿਸੂ ਨੂੰ ਜਵਾਬ ਦਿੰਦੇ ਹਨ: “ਅਸੀਂ ਨਹੀਂ ਜਾਣਦੇ।”

ਫਿਰ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।” ਮੱਤੀ 21:​19-27; ਮਰਕੁਸ 11:​19-33; ਲੂਕਾ 20:​1-8.

▪ ਮੰਗਲਵਾਰ, ਨੀਸਾਨ 11 ਬਾਰੇ ਕੀ ਮਹੱਤਵਪੂਰਣ ਹੈ?

▪ ਯਿਸੂ ਕਿਹੜੇ ਸਬਕ ਦਿੰਦਾ ਹੈ ਜਦੋਂ ਉਹ ਹੰਜੀਰ ਦੇ ਦਰਖ਼ਤ ਨੂੰ ਸੁਕਾ ਦਿੰਦਾ ਹੈ?

▪ ਯਿਸੂ ਉਨ੍ਹਾਂ ਨੂੰ ਕਿਸ ਤਰ੍ਹਾਂ ਜਵਾਬ ਦਿੰਦਾ ਹੈ ਜਿਹੜੇ ਪੁੱਛਦੇ ਹਨ ਕਿ ਉਹ ਕਿਹੜੇ ਇਖ਼ਤਿਆਰ ਨਾਲ ਕੰਮ ਕਰਦਾ ਹੈ?