Skip to content

Skip to table of contents

ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ

ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ

ਅਧਿਆਇ 19

ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ

ਯਹੂਦਿਯਾ ਤੋਂ ਗਲੀਲ ਨੂੰ ਜਾਂਦਿਆਂ, ਯਿਸੂ ਅਤੇ ਉਸ ਦੇ ਚੇਲੇ ਸਾਮਰਿਯਾ ਦੇ ਜ਼ਿਲ੍ਹੇ ਵਿੱਚੋਂ ਦੀ ਸਫਰ ਕਰਦੇ ਹਨ। ਲਗਭਗ ਦੁਪਹਿਰ ਵੇਲੇ, ਸਫਰ ਤੋਂ ਥੱਕੇ ਹੋਏ, ਉਹ ਸੁਖਾਰ ਦੇ ਨਗਰ ਨੇੜੇ ਇਕ ਖੂਹ ਤੇ ਆਰਾਮ ਕਰਨ ਨੂੰ ਰੁਕਦੇ ਹਨ। ਇਹ ਖੂਹ ਸਦੀਆਂ ਪਹਿਲਾਂ ਯਾਕੂਬ ਦੁਆਰਾ ਖੁਦਵਾਇਆ ਗਿਆ ਸੀ, ਅਤੇ ਇਹ ਆਧੁਨਿਕ-ਦਿਨ ਦੇ ਨਾਬਲੁਸ ਸ਼ਹਿਰ ਨੇੜੇ ਅੱਜ ਤੀਕ ਵੀ ਬਣਿਆ ਹੋਇਆ ਹੈ।

ਜਦੋਂ ਯਿਸੂ ਇੱਥੇ ਆਰਾਮ ਕਰਦਾ ਹੈ, ਉਸ ਦੇ ਚੇਲੇ ਕੁਝ ਭੋਜਨ ਖ਼ਰੀਦਣ ਲਈ ਨਗਰ ਵਿਚ ਜਾਂਦੇ ਹਨ। ਜਦੋਂ ਇਕ ਸਾਮਰੀ ਔਰਤ ਪਾਣੀ ਭਰਨ ਨੂੰ ਆਉਂਦੀ ਹੈ, ਤਾਂ ਉਹ ਬੇਨਤੀ ਕਰਦਾ ਹੈ: “ਮੈਨੂੰ ਜਲ ਪਿਆ।”

ਯਹੂਦੀ ਅਤੇ ਸਾਮਰੀ ਲੋਕ ਆਮ ਤੌਰ ਤੇ ਗਹਿਰੇ ਪੱਖਪਾਤ ਦੇ ਕਾਰਨ ਇਕ ਦੂਜੇ ਨਾਲ ਕੋਈ ਸੰਬੰਧ ਨਹੀਂ ਰੱਖਦੇ ਹਨ। ਇਸ ਲਈ, ਹੈਰਾਨਗੀ ਨਾਲ ਔਰਤ ਪੁੱਛਦੀ ਹੈ: “ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂ?”

“ਜੇ ਤੂੰ . . . ਜਾਣਦੀ,” ਯਿਸੂ ਜਵਾਬ ਦਿੰਦਾ ਹੈ, “ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।”

“ਮਹਾਰਾਜ,” ਉਹ ਜਵਾਬ ਦਿੰਦੀ ਹੈ, “ਤੇਰੇ ਕੋਲ ਕੋਈ ਡੋਲ ਭੀ ਨਹੀਂ ਹੈ ਅਤੇ ਨਾਲੇ ਖੂਹ ਭੀ ਡੂੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ? ਭਲਾ, ਤੂੰ ਸਾਡੇ ਪਿਤਾ ਯਾਕੂਬ ਤੋਂ ਵਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਹ ਨੇ ਆਪ, ਨਾਲੇ ਉਹ ਦੇ ਪੁੱਤ੍ਰਾਂ ਅਤੇ ਉਹ ਦੇ ਪਸੂਆਂ ਨੇ ਇਸ ਵਿੱਚੋਂ ਪੀਤਾ?”

“ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ,” ਯਿਸੂ ਕਹਿੰਦਾ ਹੈ। “ਪਰ ਜੇ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।”

“ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਐਥੇ ਤਾਈਂ ਭਰਨ ਨੂੰ ਆਇਆ ਕਰਾਂ,” ਔਰਤ ਜਵਾਬ ਦਿੰਦੀ ਹੈ।

ਯਿਸੂ ਹੁਣ ਉਸ ਨੂੰ ਕਹਿੰਦਾ ਹੈ: “ਜਾਹ ਆਪਣੇ ਪਤੀ ਨੂੰ ਐੱਥੇ ਸੱਦ ਲਿਆ।”

“ਮੇਰਾ ਪਤੀ ਹੈ ਨਹੀਂ,” ਉਹ ਜਵਾਬ ਦਿੰਦੀ ਹੈ।

ਯਿਸੂ ਉਸ ਦੇ ਬਿਆਨ ਨੂੰ ਤਸਦੀਕ ਕਰਦਾ ਹੈ। “ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ। ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ।”

“ਪ੍ਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਨਬੀ ਹੋ,” ਔਰਤ ਹੈਰਾਨਗੀ ਵਿਚ ਕਹਿੰਦੀ ਹੈ। ਆਪਣਾ ਅਧਿਆਤਮਿਕ ਰੁਝਾਨ ਪ੍ਰਗਟਾਉਂਦੀ ਹੋਈ, ਉਹ ਕਹਿੰਦੀ ਹੈ ਕਿ ਸਾਮਰੀਆਂ ਨੇ “ਇਸ ਪਰਬਤ [ਗਰੀਜਿਮ, ਜੋ ਲਾਗੇ ਹੀ ਸਥਿਤ ਹੈ] ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ [ਯਹੂਦੀ] ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ।”

ਫਿਰ ਵੀ, ਯਿਸੂ ਜ਼ੋਰ ਦਿੰਦਾ ਹੈ ਕਿ ਮਹੱਤਵਪੂਰਣ ਗੱਲ ਉਪਾਸਨਾ ਦਾ ਸਥਾਨ ਨਹੀਂ ਹੈ। “ਉਹ ਸਮਾ ਆਉਂਦਾ ਹੈ,” ਉਹ ਕਹਿੰਦਾ ਹੈ, “ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।”

ਔਰਤ ਗਹਿਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। “ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖ੍ਰਿਸਟੁਸ ਕਰਕੇ ਸੱਦੀਦਾ ਹੈ,” ਉਹ ਕਹਿੰਦੀ ਹੈ। “ਜਾਂ ਉਹ ਆਊਗਾ ਤਾਂ ਸਾਨੂੰ ਸੱਭੋ ਕੁਝ ਦੱਸੂ।”

“ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ,” ਯਿਸੂ ਘੋਸ਼ਣਾ ਕਰਦਾ ਹੈ। ਜ਼ਰਾ ਸੋਚੋ! ਇਹ ਔਰਤ ਜੋ ਦੁਪਹਿਰ ਵੇਲੇ ਪਾਣੀ ਭਰਨ ਲਈ ਆਉਂਦੀ ਹੈ, ਸ਼ਾਇਦ ਇਸ ਲਈ ਕਿ ਨਗਰ ਦੀਆਂ ਔਰਤਾਂ ਨਾਲ ਮਿਲਣ ਤੋਂ ਪਰਹੇਜ਼ ਕਰ ਸਕੇ ਜੋ ਉਸ ਨੂੰ ਉਸ ਦੇ ਜੀਵਨ ਦੇ ਢੰਗ ਕਾਰਨ ਨਫ਼ਰਤ ਕਰਦੀਆਂ ਹਨ, ਯਿਸੂ ਵੱਲੋਂ ਅਦਭੁਤ ਢੰਗ ਨਾਲ ਮਿਹਰ ਪ੍ਰਾਪਤ ਕਰਦੀ ਹੈ। ਯਿਸੂ ਉਸ ਨੂੰ ਉਹ ਗੱਲ ਸਾਫ਼-ਸਾਫ਼ ਦੱਸਦਾ ਹੈ ਜੋ ਉਸ ਨੇ ਕਦੀ ਕਿਸੇ ਦੇ ਅੱਗੇ ਖੁਲ੍ਹੇਆਮ ਕਬੂਲ ਨਹੀਂ ਕੀਤੀ। ਨਤੀਜਾ ਕੀ ਹੋਇਆ?

ਬਹੁਤ ਸਾਰੇ ਸਾਮਰੀ ਵਿਸ਼ਵਾਸ ਕਰਦੇ ਹਨ

ਸੁਖਾਰ ਤੋਂ ਖਾਣੇ ਨਾਲ ਮੁੜਨ ਤੇ, ਚੇਲੇ ਯਿਸੂ ਨੂੰ ਯਾਕੂਬ ਦੇ ਖੂਹ ਤੇ ਹੀ ਪਾਉਂਦੇ ਹਨ ਜਿੱਥੇ ਉਹ ਉਸ ਨੂੰ ਛੱਡ ਕੇ ਗਏ ਸਨ, ਅਤੇ ਜਿੱਥੇ ਉਹ ਹੁਣ ਇਕ ਸਾਮਰੀ ਔਰਤ ਨਾਲ ਗੱਲਾਂ ਕਰ ਰਿਹਾ ਹੈ। ਜਦੋਂ ਚੇਲੇ ਪਹੁੰਚਦੇ ਹਨ, ਤਾਂ ਉਹ ਆਪਣਾ ਪਾਣੀ ਦਾ ਘੜਾ ਛੱਡ ਕੇ ਨਗਰ ਦੇ ਵੱਲ ਚਲ ਪੈਂਦੀ ਹੈ।

ਯਿਸੂ ਨੇ ਜੋ ਗੱਲਾਂ ਉਸ ਨੂੰ ਦੱਸੀਆਂ ਉਨ੍ਹਾਂ ਵਿਚ ਗਹਿਰੀ ਦਿਲਚਸਪੀ ਰੱਖਦੀ ਹੋਈ, ਉਹ ਨਗਰ ਦੇ ਆਦਮੀਆਂ ਨੂੰ ਦੱਸਦੀ ਹੈ: “ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੋ ਮੈਨੂੰ ਦੱਸ ਦਿੱਤਾ!” ਫਿਰ, ਉਤਸੁਕਤਾ ਜਗਾਉਣ ਲਈ ਉਹ ਪੁੱਛਦੀ ਹੈ: “ਇਹ ਕਿਤੇ ਮਸੀਹ ਤਾਂ ਨਹੀਂ?” ਇਸ ਸਵਾਲ ਦਾ ਉਦੇਸ਼ ਪੂਰਾ ਹੁੰਦਾ ਹੈ​—⁠ਆਦਮੀ ਖ਼ੁਦ ਉਸ ਨੂੰ ਦੇਖਣ ਲਈ ਜਾਂਦੇ ਹਨ।

ਇਸ ਦੇ ਦੌਰਾਨ, ਚੇਲੇ ਯਿਸੂ ਨੂੰ ਭੋਜਨ ਖਾਣ ਵਾਸਤੇ ਕਹਿੰਦੇ ਹਨ ਜੋ ਉਹ ਨਗਰ ਤੋਂ ਲਿਆਏ ਹਨ। ਪਰੰਤੂ ਉਹ ਜਵਾਬ ਦਿੰਦਾ ਹੈ: “ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ।”

“ਕੀ ਕੋਈ ਇਹ ਦੇ ਖਾਣ ਲਈ ਕੁਝ ਲਿਆਇਆ ਹੈ?” ਚੇਲੇ ਇਕ ਦੂਜੇ ਨੂੰ ਪੁੱਛਦੇ ਹਨ। ਯਿਸੂ ਸਮਝਾਉਂਦਾ ਹੈ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ। ਕੀ ਤੁਸੀਂ ਨਹੀਂ ਆਖਦੇ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀ?” ਪਰੰਤੂ ਅਧਿਆਤਮਿਕ ਵਾਢੀ ਵੱਲ ਇਸ਼ਾਰਾ ਕਰਦੇ ਹੋਏ ਯਿਸੂ ਕਹਿੰਦਾ ਹੈ: “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ। ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ।”

ਸ਼ਾਇਦ ਯਿਸੂ ਸਾਮਰੀ ਔਰਤ ਨਾਲ ਆਪਣੀ ਮੁਲਾਕਾਤ ਦਾ ਮਹਾਨ ਅਸਰ ਪਹਿਲਾਂ ਤੋਂ ਹੀ ਦੇਖ ਸਕਦਾ ਹੈ​—⁠ਕਿ ਉਸ ਦੀ ਗਵਾਹੀ ਦੇ ਆਧਾਰ ਤੇ ਬਹੁਤ ਸਾਰੇ ਉਸ ਤੇ ਨਿਹਚਾ ਲਿਆ ਰਹੇ ਹਨ। ਉਹ ਨਗਰ ਦੇ ਲੋਕਾਂ ਨੂੰ ਗਵਾਹੀ ਦਿੰਦੀ ਹੋਈ ਕਹਿ ਰਹੀ ਹੈ: “ਜੋ ਕੁਝ ਮੈਂ ਕੀਤਾ ਹੈ ਉਸ ਨੇ ਸੱਭੋ ਮੈਨੂੰ ਦੱਸ ਦਿੱਤਾ।” ਇਸ ਲਈ ਜਦੋਂ ਸੁਖਾਰ ਦੇ ਲੋਕੀ ਉਸ ਕੋਲ ਖੂਹ ਤੇ ਆਉਂਦੇ ਹਨ, ਤਾਂ ਉਹ ਉਸ ਨੂੰ ਠਹਿਰਨ ਅਤੇ ਉਨ੍ਹਾਂ ਨਾਲ ਹੋਰ ਗੱਲਾਂ ਕਰਨ ਲਈ ਬੇਨਤੀ ਕਰਦੇ ਹਨ। ਯਿਸੂ ਉਨ੍ਹਾਂ ਦਾ ਸੱਦਾ ਕਬੂਲ ਕਰਦਾ ਹੈ ਅਤੇ ਦੋ ਦਿਨਾਂ ਲਈ ਠਹਿਰਦਾ ਹੈ।

ਜਿਉਂ ਹੀ ਸਾਮਰੀ ਲੋਕ ਯਿਸੂ ਦੀਆਂ ਗੱਲਾਂ ਸੁਣਦੇ ਹਨ, ਹੋਰ ਬਹੁਤ ਸਾਰੇ ਵਿਸ਼-​ਵਾਸ ਕਰਦੇ ਹਨ। ਫਿਰ ਉਹ ਔਰਤ ਨੂੰ ਆਖਦੇ ਹਨ: “ਹੁਣ ਜੋ ਅਸੀਂ ਨਿਹਚਾ ­ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।” ਯਕੀਨਨ ਇਹ ਸਾਮਰੀ ਔਰਤ ਇਕ ­ਉੱਤਮ ਉਦਾਹਰਣ ਮੁਹੱਈਆ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਉਤਸੁਕਤਾ ਜਗਾਉਣ ਦੇ ਦੁਆਰਾ ਮਸੀਹ ਬਾਰੇ ਗਵਾਹੀ ਦੇ ਸਕਦੇ ਹਾਂ ਤਾਂਕਿ ਸੁਣਨ ਵਾਲੇ ਅੱਗੇ ਹੋਰ ਖੋਜ ਕਰਨ!

ਯਾਦ ਕਰੋ ਕਿ ਵਾਢੀ ਨੂੰ ਹਾਲੇ ਚਾਰ ਮਹੀਨੇ ਹਨ​—⁠ਸਪੱਸ਼ਟ ਤੌਰ ਤੇ ਜੌਆਂ ਦੀ ਵਾਢੀ, ਜੋ ਫਲਸਤੀਨ ਵਿਚ ਬਸੰਤ ਰੁੱਤ ਵਿਚ ਹੁੰਦੀ ਹੈ। ਸੋ ਸੰਭਵ ਹੈ ਕਿ ਹੁਣ ਨਵੰਬਰ ਜਾਂ ਦਸੰਬਰ ਹੈ। ਇਸ ਦਾ ਮਤਲਬ ਹੈ ਕਿ 30 ਸਾ.ਯੁ. ਦੇ ਪਸਾਹ ਤੋਂ ਬਾਅਦ, ਯਿਸੂ ਅਤੇ ਉਸ ਦੇ ਚੇਲਿਆਂ ਨੇ ਯਹੂਦਿਯਾ ਵਿਚ ਸਿੱਖਿਆ ਦਿੰਦੇ ਅਤੇ ਬਪਤਿਸਮਾ ਦਿੰਦੇ ਹੋਏ ਅੱਠ-ਕੁ ਮਹੀਨੇ ਬਿਤਾਏ। ਉਹ ਹੁਣ ਆਪਣੇ ਜੱਦੀ ਇਲਾਕੇ ਗਲੀਲ ਲਈ ਨਿਕਲ ਪੈਂਦੇ ਹਨ। ਉੱਥੇ ਉਨ੍ਹਾਂ ਦੇ ਨਾਲ ਕੀ ਹੁੰਦਾ ਹੈ? ਯੂਹੰਨਾ 4:​3-43.

▪ ਸਾਮਰੀ ਔਰਤ ਕਿਉਂ ਹੈਰਾਨ ਹੁੰਦੀ ਹੈ ਕਿ ਯਿਸੂ ਨੇ ਉਸ ਨਾਲ ਗੱਲ ਕੀਤੀ?

▪ ਯਿਸੂ ਅੰਮ੍ਰਿਤ ਜਲ ਅਤੇ ਕਿੱਥੇ ਉਪਾਸਨਾ ਕਰਨੀ ਹੈ, ਦੇ ਬਾਰੇ ਉਸ ਨੂੰ ਕੀ ਸਿੱਖਿਆ ਦਿੰਦਾ ਹੈ?

▪ ਯਿਸੂ ਉਸ ਨੂੰ ਕਿਵੇਂ ਪ੍ਰਗਟ ਕਰਦਾ ਹੈ ਕਿ ਉਹ ਕੌਣ ਹੈ, ਅਤੇ ਇਹ ਇਜ਼ਹਾਰ ਇੰਨਾ ਹੈਰਾਨੀ ਭਰਿਆ ਕਿਉਂ ਹੈ?

▪ ਸਾਮਰੀ ਔਰਤ ਕੀ ਗਵਾਹੀ ਦਿੰਦੀ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ?

▪ ਯਿਸੂ ਦਾ ਭੋਜਨ ਵਾਢੀ ਨਾਲ ਕਿਸ ਤਰ੍ਹਾਂ ਸੰਬੰਧਿਤ ਹੈ?

▪ ਸੰਨ 30 ਸਾ.ਯੁ. ਦੇ ਪਸਾਹ ਤੋਂ ਬਾਅਦ ਯਹੂਦਿਯਾ ਵਿਚ ਯਿਸੂ ਦੀ ਸੇਵਕਾਈ ਦੀ ਲੰਬਾਈ ਦਾ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ?