Skip to content

Skip to table of contents

ਉਸ ਨੇ ਉਹ ਦਾ ਕੱਪੜਾ ਛੋਹਿਆ

ਉਸ ਨੇ ਉਹ ਦਾ ਕੱਪੜਾ ਛੋਹਿਆ

ਅਧਿਆਇ 46

ਉਸ ਨੇ ਉਹ ਦਾ ਕੱਪੜਾ ਛੋਹਿਆ

ਦਿਕਾਪੁਲਿਸ ਤੋਂ ਯਿਸੂ ਦੇ ਮੁੜਨ ਦੀ ਖ਼ਬਰ ਕਫ਼ਰਨਾਹੂਮ ਵਿਚ ਪਹੁੰਚ ਜਾਂਦੀ ਹੈ, ਅਤੇ ਇਕ ਵੱਡੀ ਭੀੜ ਝੀਲ ਦੇ ਕੰਢੇ ਉਸ ਦਾ ਸੁਆਗਤ ਕਰਨ ਲਈ ਇਕੱਠੀ ਹੁੰਦੀ ਹੈ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਉਸ ਨੇ ਤੁਫ਼ਾਨ ਨੂੰ ਥੰਮ੍ਹਿਆ ਸੀ ਅਤੇ ਪਿਸ਼ਾਚਗ੍ਰਸਤ ਆਦਮੀਆਂ ਨੂੰ ਚੰਗੇ ਕੀਤਾ ਸੀ। ਹੁਣ, ਜਿਉਂ ਹੀ ਉਹ ਕੰਢੇ ਉੱਤੇ ਕਦਮ ਰੱਖਦਾ ਹੈ, ਉਹ ਉਸ ਦੇ ਆਲੇ-ਦੁਆਲੇ ਉਤਸੁਕਤਾ ਅਤੇ ਆਸ ਨਾਲ ਇਕੱਠੇ ਹੋ ਜਾਂਦੇ ਹਨ।

ਯਿਸੂ ਨੂੰ ਉਤਸੁਕਤਾ ਨਾਲ ਦੇਖਣ ਵਾਲਿਆਂ ਵਿੱਚੋਂ ਇਕ ਆਦਮੀ ਜੈਰੁਸ ਹੈ, ਜੋ ਯਹੂਦੀ ਸਭਾ-ਘਰ ਦਾ ਸਰਦਾਰ ਹੈ। ਉਹ ਯਿਸੂ ਦੇ ਪੈਰਾਂ ਤੇ ਡਿੱਗਦਾ ਹੈ ਅਤੇ ਬਾਰ-ਬਾਰ ਬੇਨਤੀ ਕਰਦਾ ਹੈ: “ਮੇਰੀ ਛੋਟੀ ਕਾਕੀ ਮਰਨਾਊ ਹੈ, ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।” ਕਿਉਂਕਿ ਉਹ ਉਸ ਦੀ ਇੱਕੋ ਹੀ ਬੱਚੀ ਹੈ ਅਤੇ ਕੇਵਲ 12 ਵਰ੍ਹਿਆਂ ਦੀ ਹੈ, ਉਹ ਜੈਰੁਸ ਨੂੰ ਖ਼ਾਸ ਕਰਕੇ ਪਿਆਰੀ ਹੈ।

ਯਿਸੂ ਪ੍ਰਤਿਕ੍ਰਿਆ ਦਿਖਾਉਂਦਾ ਹੈ ਅਤੇ, ਭੀੜ ਸਮੇਤ, ਜੈਰੁਸ ਦੇ ਘਰ ਵੱਲ ਚੱਲ ਪੈਂਦਾ ਹੈ। ਅਸੀਂ ਲੋਕਾਂ ਦੀ ਉਤੇਜਨਾ ਦਾ ਅਨੁਮਾਨ ਲਗਾ ਸਕਦੇ ਹਾਂ ਜਿਉਂ ਹੀ ਉਹ ਇਕ ਹੋਰ ਚਮਤਕਾਰ ਦੀ ਉਮੀਦ ਰੱਖਦੇ ਹਨ। ਪਰੰਤੂ ਭੀੜ ਵਿਚ ਇਕ ਔਰਤ ਦਾ ਧਿਆਨ ਆਪਣੀ ਹੀ ਗੰਭੀਰ ਬੀਮਾਰੀ ਉੱਤੇ ਕੇਂਦ੍ਰਿਤ ਹੈ।

ਇਹ ਔਰਤ 12 ਵਰ੍ਹਿਆਂ ਦੇ ਲੰਬੇ ਸਮੇਂ ਤੋਂ ਲਹੂ ਦੇ ਪ੍ਰਵਾਹ ਦੀ ਬੀਮਾਰੀ ਤੋਂ ਦੁਖੀ ਹੈ। ਉਹ ਇਕ ਦੇ ਬਾਅਦ ਇਕ ਹਕੀਮ ਦੇ ਕੋਲ ਗਈ ਹੈ, ਅਤੇ ਉਸ ਨੇ ਆਪਣਾ ਸਾਰਾ ਪੈਸਾ ਇਲਾਜ ਉੱਤੇ ਖਰਚ ਕਰ ਦਿੱਤਾ ਹੈ। ਪਰੰਤੂ ਉਸ ਨੂੰ ਜ਼ਰਾ ਵੀ ਲਾਭ ਨਹੀਂ ਹੋਇਆ ਹੈ; ਬਲਕਿ ਉਸ ਦੀ ਸਮੱਸਿਆ ਹੋਰ ਬਿਗੜ ਗਈ ਹੈ।

ਜਿਵੇਂ ਕਿ ਸ਼ਾਇਦ ਤੁਸੀਂ ਸਮਝ ਸਕਦੇ ਹੋ, ਉਸ ਦੀ ਬੀਮਾਰੀ ਉਸ ਨੂੰ ਬਹੁਤ ਕਮਜ਼ੋਰ ਕਰਨ ਦੇ ਇਲਾਵਾ ਉਸ ਦੇ ਲਈ ਸ਼ਰਮਿੰਦਗੀ ਦਾ ਇਕ ਕਾਰਨ ਹੈ, ਅਤੇ ਅਪਮਾਨਜਨਕ ਹੈ। ਆਮ ਤੌਰ ਤੇ ਇਕ ਵਿਅਕਤੀ ਅਜਿਹੀ ਬੀਮਾਰੀ ਬਾਰੇ ਖੁਲ੍ਹੇਆਮ ਗੱਲ ਨਹੀਂ ਕਰਦਾ। ਇਸ ਤੋਂ ਇਲਾਵਾ, ਮੂਸਾ ਦੀ ਬਿਵਸਥਾ ਅਧੀਨ ਲਹੂ ਦਾ ਪ੍ਰਵਾਹ ਇਕ ਔਰਤ ਨੂੰ ਅਸ਼ੁੱਧ ਬਣਾ ਦਿੰਦਾ ਹੈ, ਅਤੇ ਜੋ ਕੋਈ ਉਸ ਨੂੰ ਜਾਂ ਉਸ ਦੇ ਲਹੂ-ਰੰਗੇ ਕੱਪੜਿਆਂ ਨੂੰ ਛੋਂਹਦਾ ਹੈ, ਉਸ ਲਈ ਨਹਾਉਣਾ ਅਤੇ ਸ਼ਾਮ ਤਕ ਅਸ਼ੁੱਧ ਰਹਿਣਾ ਜ਼ਰੂਰੀ ਹੈ।

ਔਰਤ ਨੇ ਯਿਸੂ ਦੇ ਚਮਤਕਾਰਾਂ ਬਾਰੇ ਸੁਣਿਆ ਹੈ ਅਤੇ ਉਹ ਹੁਣ ਉਸ ਨੂੰ ਲੱਭਦੀ ਹੈ। ਆਪਣੀ ਅਸ਼ੁੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਭੀੜ ਵਿੱਚੋਂ ਗੁਪਤ ਤਰੀਕਿਓਂ ਨਿਕਲਣ ਦਾ ਹਰ ਸੰਭਵ ਯਤਨ ਕਰਦੇ ਹੋਏ, ਆਪਣੇ ਆਪ ਨੂੰ ਇਹ ਕਹਿੰਦੀ ਹੈ: “ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ।” ਜਦੋਂ ਉਹ ਅਜਿਹਾ ਕਰਦੀ ਹੈ, ਤਾਂ ਉਹ ਉਸੇ ਸਮੇਂ ਮਹਿਸੂਸ ਕਰਦੀ ਹੈ ਕਿ ਉਸ ਦੇ ਲਹੂ ਦਾ ਪ੍ਰਵਾਹ ਰੁਕ ਗਿਆ ਹੈ!

“ਮੈਨੂੰ ਕਿਹ ਨੇ ਛੋਹਿਆ?” ਯਿਸੂ ਦੇ ਇਨ੍ਹਾਂ ਸ਼ਬਦਾਂ ਨਾਲ ਉਹ ਕਿੰਨੀ ਡਰੀ ਹੋਣੀ! ਉਹ ਕਿਵੇਂ ਜਾਣ ਸਕਦਾ ਹੈ? ‘ਸੁਆਮੀ ਜੀ,’ ਪਤਰਸ ਇਤਰਾਜ਼ ਕਰਦਾ ਹੈ, ‘ਭੀੜ ਤੈਨੂੰ ਘੇਰਦੀ ਅਰ ਉੱਤੇ ਡਿੱਗਦੀ ਹੈ, ਅਤੇ ਤੂੰ ਕਹਿੰਦਾ ਹੈਂ, “ਮੈਨੂੰ ਕਿਹ ਨੇ ਛੋਹਿਆ?”’

ਉਸ ਔਰਤ ਨੂੰ ਚਾਰੇ ਪਾਸੇ ਲੱਭਦੇ ਹੋਏ, ਯਿਸੂ ਵਿਆਖਿਆ ਕਰਦਾ ਹੈ: “ਕਿਸੇ ਨੇ ਮੈਨੂੰ ਛੋਹਿਆ ਕਿਉਂ ਜੋ ਮੈਨੂੰ ਮਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿੱਕਲੀ ਹੈ।” ਸੱਚ-ਮੁੱਚ, ਇਹ ਕੋਈ ਸਾਧਾਰਣ ਛੋਹ ਨਹੀਂ ਹੈ ਕਿਉਂਕਿ ਜੋ ਚੰਗਾਈ ਹੁੰਦੀ ਹੈ ਉਹ ਯਿਸੂ ਵਿੱਚੋਂ ਸ਼ਕਤੀ ਖਿੱਚਦੀ ਹੈ।

ਇਹ ਦੇਖਦੇ ਹੋਏ ਕਿ ਉਹ ਨਜ਼ਰ ਬਚਾ ਨਹੀਂ ਸਕੀ, ਉਹ ਔਰਤ ਡਰਦੀ ਅਤੇ ਕੰਬਦੀ ਹੋਈ ਯਿਸੂ ਦੇ ਅੱਗੇ ਆ ਡਿੱਗਦੀ ਹੈ। ਸਾਰੇ ਲੋਕਾਂ ਦੇ ਸਾਮ੍ਹਣੇ, ਉਹ ਆਪਣੀ ਬੀਮਾਰੀ ਅਤੇ ਕਿਸ ਤਰ੍ਹਾਂ ਉਹ ਹੁਣੇ-ਹੁਣੇ ਚੰਗੀ ਹੋਈ ਹੈ, ਬਾਰੇ ਸਾਰੀ ਸੱਚਾਈ ਦੱਸਦੀ ਹੈ।

ਉਸ ਦੇ ਪੂਰੇ ਇਕਬਾਲ ਤੋਂ ਪ੍ਰਭਾਵਿਤ ਹੋ ਕੇ ਯਿਸੂ ਦਇਆਪੂਰਵਕ ਉਸ ਨੂੰ ਹੌਸਲਾ ਦਿੰਦਾ ਹੈ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।” ਇਹ ਜਾਣ ਕੇ ਕਿੰਨਾ ਚੰਗਾ ਲੱਗਦਾ ਹੈ ਕਿ ਜਿਸ ਨੂੰ ਪਰਮੇਸ਼ੁਰ ਨੇ ਧਰਤੀ ਉੱਤੇ ਰਾਜ ਕਰਨ ਲਈ ਚੁਣਿਆ ਹੈ ਉਹ ਇੰਨਾ ਸਨੇਹੀ ਅਤੇ ਦਿਆਲੂ ਵਿਅਕਤੀ ਹੈ, ਜੋ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਸ਼ਕਤੀ ਰੱਖਦਾ ਹੈ! ਮੱਤੀ 9:​18-22; ਮਰਕੁਸ 5:​21-34; ਲੂਕਾ 8:​40-48; ਲੇਵੀਆਂ 15:​25-27.

▪ ਜੈਰੁਸ ਕੌਣ ਹੈ, ਅਤੇ ਉਹ ਯਿਸੂ ਕੋਲ ਕਿਉਂ ਆਉਂਦਾ ਹੈ?

▪ ਇਕ ਔਰਤ ਦੀ ਕਿਹੜੀ ਸਮੱਸਿਆ ਹੈ, ਅਤੇ ਉਸ ਲਈ ਯਿਸੂ ਕੋਲ ਮਦਦ ਵਾਸਤੇ ਆਉਣਾ ਕਿਉਂ ਇੰਨਾ ਮੁਸ਼ਕਲ ਹੈ?

▪ ਉਹ ਔਰਤ ਕਿਸ ਤਰ੍ਹਾਂ ਚੰਗੀ ਹੁੰਦੀ ਹੈ, ਅਤੇ ਯਿਸੂ ਕਿਸ ਤਰ੍ਹਾਂ ਉਸ ਨੂੰ ਹੌਸਲਾ ਦਿੰਦਾ ਹੈ?