Skip to content

Skip to table of contents

ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ

ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ

ਅਧਿਆਇ 108

ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ

ਕਿਉਂਕਿ ਯਿਸੂ ਹੈਕਲ ਵਿਚ ਸਿੱਖਿਆ ਦੇ ਰਿਹਾ ਹੈ ਅਤੇ ਆਪਣੇ ਧਾਰਮਿਕ ਵੈਰੀਆਂ ਨੂੰ ਹੁਣੇ ਹੀ ਤਿੰਨ ਦ੍ਰਿਸ਼ਟਾਂਤ ਦੱਸ ਕੇ ਉਨ੍ਹਾਂ ਦੀ ਦੁਸ਼ਟਤਾ ਦਾ ਭੇਤ ਖੋਲ੍ਹਿਆ ਹੈ, ਫ਼ਰੀਸੀ ਗੁੱਸੇ ਹੁੰਦੇ ਹਨ ਅਤੇ ਉਸ ਨੂੰ ਅਜਿਹੀ ਕੋਈ ਗੱਲ ਕਹਿਣ ਵਿਚ ਫਸਾਉਣ ਦੀ ਸਲਾਹ ਕਰਦੇ ਹਨ ਜਿਸ ਲਈ ਉਹ ਉਸ ਨੂੰ ਗਿਰਫ਼ਤਾਰ ਕਰ ਸਕਣ। ਉਹ ਇਕ ਸਾਜ਼ਸ਼ ਘੜਦੇ ਹਨ ਅਤੇ ਆਪਣੇ ਚੇਲਿਆਂ ਨੂੰ, ਹੇਰੋਦੇਸ ਦੇ ਪੈਰੋਕਾਰਾਂ ਦੇ ਨਾਲ, ਭੇਜਦੇ ਹਨ ਤਾਂਕਿ ਉਸ ਦੀ ਗ਼ਲਤੀ ਫੜਨ ਦੀ ਕੋਸ਼ਿਸ਼ ਕਰਨ।

ਇਹ ਆਦਮੀ ਕਹਿੰਦੇ ਹਨ: “ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?”

ਯਿਸੂ ਝੂਠੀ ਪ੍ਰਸ਼ੰਸਾ ਤੋਂ ਧੋਖਾ ਨਹੀਂ ਖਾਂਦਾ ਹੈ। ਉਹ ਨੂੰ ਅਹਿਸਾਸ ਹੈ ਕਿ ਜੇ ਉਹ ਕਹਿੰਦਾ ਹੈ, ‘ਨਹੀਂ, ਜਜ਼ੀਯਾ ਦੇਣਾ ਕਾਨੂੰਨੀ ਜਾਂ ਜੋਗ ਨਹੀਂ ਹੈ,’ ਤਾਂ ਉਹ ਰੋਮ ਦੇ ਵਿਰੁੱਧ ਬਗਾਵਤ ਦਾ ਦੋਸ਼ੀ ਹੋਵੇਗਾ। ਫਿਰ ਵੀ ਜੇਕਰ ਉਹ ਕਹਿੰਦਾ ਹੈ, ‘ਹਾਂ, ਤੁਹਾਨੂੰ ਇਹ ਜਜ਼ੀਯਾ ਦੇਣਾ ਚਾਹੀਦਾ ਹੈ,’ ਤਾਂ ਯਹੂਦੀ, ਜਿਹੜੇ ਰੋਮ ਦੇ ਪ੍ਰਤੀ ਆਪਣੀ ਅਧੀਨਗੀ ਤੋਂ ਘਿਰਣਾ ਕਰਦੇ ਹਨ, ਉਸ ਨਾਲ ਨਫ਼ਰਤ ਕਰਨਗੇ। ਇਸ ਲਈ ਉਹ ਜਵਾਬ ਦਿੰਦਾ ਹੈ: “ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ? ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ।”

ਜਦੋਂ ਉਹ ਇਕ ਸਿੱਕਾ ਉਸ ਕੋਲ ਲਿਆਉਂਦੇ ਹਨ, ਤਾਂ ਉਹ ਪੁੱਛਦਾ ਹੈ: “ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?”

“ਕੈਸਰ ਦੀ,” ਉਹ ਜਵਾਬ ਦਿੰਦੇ ਹਨ।

“ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” ਖ਼ੈਰ, ਜਦੋਂ ਉਨ੍ਹਾਂ ਆਦਮੀਆਂ ਨੇ ਯਿਸੂ ਦਾ ਵਧੀਆ ਜਵਾਬ ਸੁਣਿਆ, ਤਾਂ ਉਹ ਬਹੁਤ ਹੈਰਾਨ ਹੋਏ। ਅਤੇ ਉਹ ਉਸ ਨੂੰ ਇਕੱਲਿਆਂ ਛੱਡ ਕੇ ਉੱਥੋਂ ਚੱਲੇ ਜਾਂਦੇ ਹਨ।

ਫ਼ਰੀਸੀਆਂ ਨੂੰ ਯਿਸੂ ਦੇ ਵਿਰੁੱਧ ਕੁਝ ਸਾਬਤ ਕਰਨ ਵਿਚ ਅਸਫਲ ਦੇਖ ਕੇ, ਸਦੂਕੀ ਜਿਹੜੇ ਕਹਿੰਦੇ ਹਨ ਕਿ ਕੋਈ ਪੁਨਰ-ਉਥਾਨ ਨਹੀਂ ਹੈ, ਉਸ ਕੋਲ ਆ ਕੇ ਪੁੱਛਦੇ ਹਨ: “ਗੁਰੂ ਜੀ ਮੂਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ। ਸੋ ਸਾਡੇ ਵਿੱਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ। ਇਸੇ ਤਰਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ। ਅਰ ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ। ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂਕਿ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?”

ਜਵਾਬ ਵਿਚ ਯਿਸੂ ਕਹਿੰਦਾ ਹੈ: “ਕੀ ਤੁਸੀਂ ਇਸ ਕਰਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ, ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ? ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਓਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ ਪਰ ਸੁਰਗੀ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਉਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜੀਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।”

ਭੀੜ ਫਿਰ ਯਿਸੂ ਦੇ ਜਵਾਬ ਤੋਂ ਹੈਰਾਨ ਹੁੰਦੀ ਹੈ। ਗ੍ਰੰਥੀਆਂ ਵਿੱਚੋਂ ਕਈਆਂ ਨੇ ਸਵੀਕਾਰ ਕੀਤਾ: “ਗੁਰੂ ਜੀ ਤੈਂ ਭਲਾ ਕਿਹਾ।”

ਜਦੋਂ ਫ਼ਰੀਸੀਆਂ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਵਾ ਦਿੱਤਾ ਹੈ, ਤਾਂ ਉਹ ਇਕ ਸਮੂਹ ਵਿਚ ਇਕੱਠੇ ਹੋ ਕੇ ਉਸ ਕੋਲ ਆਉਂਦੇ ਹਨ। ਉਸ ਨੂੰ ਹੋਰ ਪਰਤਾਉਣ ਲਈ, ਉਨ੍ਹਾਂ ਵਿੱਚੋਂ ਇਕ ਗ੍ਰੰਥੀ ਪੁੱਛਦਾ ਹੈ: “ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?”

ਯਿਸੂ ਜਵਾਬ ਦਿੰਦਾ ਹੈ: “ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ [“ਯਹੋਵਾਹ,” ਨਿ ਵ] ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ। ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।” ਅਸਲ ਵਿਚ, ਯਿਸੂ ਅੱਗੇ ਕਹਿੰਦਾ ਹੈ: “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”

“ਠੀਕ ਗੁਰੂ ਜੀ, ਤੈਂ ਸਤ ਆਖਿਆ,” ਗ੍ਰੰਥੀ ਸਹਿਮਤ ਹੁੰਦਾ ਹੈ। “ਉਹ ਇੱਕੋ ਹੈ ਅਤੇ ਉਹ ਦੇ ਬਿਨਾ ਹੋਰ ਕੋਈ ਨਹੀਂ। ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ।”

ਇਹ ਸਮਝਦੇ ਹੋਏ ਕਿ ਗ੍ਰੰਥੀ ਨੇ ਬੁੱਧੀਮਤਾ ਨਾਲ ਜਵਾਬ ਦਿੱਤਾ ਹੈ, ਯਿਸੂ ਉਸ ਨੂੰ ਕਹਿੰਦਾ ਹੈ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ।”

ਹੁਣ ਤਿੰਨ ਦਿਨਾਂ ਲਈ​— ਐਤਵਾਰ, ਸੋਮਵਾਰ, ਅਤੇ ਮੰਗਲਵਾਰ​— ਯਿਸੂ ਹੈਕਲ ਵਿਚ ਸਿੱਖਿਆ ਦਿੰਦਾ ਆਇਆ ਹੈ। ਲੋਕੀ ਉਸ ਨੂੰ ਆਨੰਦ ਨਾਲ ਸੁਣਦੇ ਹਨ, ਫਿਰ ਵੀ ਧਾਰਮਿਕ ਆਗੂ ਉਸ ਨੂੰ ਮਾਰ ਸੁੱਟਣਾ ਚਾਹੁੰਦੇ ਹਨ, ਪਰੰਤੂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਜੇ ਤਕ ਨਿਸਫਲ ਹੋਈਆਂ ਹਨ। ਮੱਤੀ 22:​15-40; ਮਰਕੁਸ 12:​13-34; ਲੂਕਾ 20:​20-40.

▪ ਯਿਸੂ ਨੂੰ ਫਸਾਉਣ ਲਈ ਫ਼ਰੀਸੀ ਕਿਹੜੀ ਸਾਜ਼ਸ਼ ਘੜਦੇ ਹਨ, ਅਤੇ ਇਸ ਦਾ ਨਤੀਜਾ ਕੀ ਹੋਵੇਗਾ ਜੇਕਰ ਉਹ ਹਾਂ ਜਾਂ ਨਾ ਵਿਚ ਜਵਾਬ ਦਿੰਦਾ ਹੈ?

▪ ਉਸ ਨੂੰ ਫਸਾਉਣ ਲਈ ਸਦੂਕੀਆਂ ਦੀਆਂ ਕੋਸ਼ਿਸ਼ਾਂ ਨੂੰ ਯਿਸੂ ਕਿਸ ਤਰ੍ਹਾਂ ਨਾਕਾਮ ਬਣਾਉਂਦਾ ਹੈ?

▪ ਯਿਸੂ ਨੂੰ ਪਰਤਾਉਣ ਲਈ ਫ਼ਰੀਸੀ ਹੋਰ ਕਿਹੜੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ?

▪ ਯਰੂਸ਼ਲਮ ਵਿਚ ਆਪਣੀ ਆਖ਼ਰੀ ਸੇਵਕਾਈ ਦੇ ਦੌਰਾਨ, ਯਿਸੂ ਕਿੰਨੇ ਦਿਨ ਹੈਕਲ ਵਿਚ ਸਿੱਖਿਆ ਦਿੰਦਾ ਹੈ, ਅਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ?