Skip to content

Skip to table of contents

ਕਫ਼ਰਨਾਹੂਮ ਵਿਚ ਹੋਰ ਚਮਤਕਾਰ

ਕਫ਼ਰਨਾਹੂਮ ਵਿਚ ਹੋਰ ਚਮਤਕਾਰ

ਅਧਿਆਇ 23

ਕਫ਼ਰਨਾਹੂਮ ਵਿਚ ਹੋਰ ਚਮਤਕਾਰ

ਯਿਸੂ ਦਾ ਆਪਣੇ ਪਹਿਲੇ ਚਾਰ ਚੇਲਿਆਂ​—⁠ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ​—⁠ਨੂੰ ਸੱਦਣ ਤੋਂ ਬਾਅਦ ਵਾਲੇ ਸਬਤ ਤੇ ਉਹ ਸਾਰੇ ਕਫ਼ਰਨਾਹੂਮ ਦੇ ਇਕ ਸਥਾਨਕ ਯਹੂਦੀ ਸਭਾ-ਘਰ ਵਿਚ ਜਾਂਦੇ ਹਨ। ਉੱਥੇ ਯਿਸੂ ਉਨ੍ਹਾਂ ਨੂੰ ਸਿਖਾਉਣਾ ਸ਼ੁਰੂ ਕਰਦਾ ਹੈ, ਅਤੇ ਲੋਕੀ ਹੈਰਾਨ ਹੁੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਇਕ ਇਖ਼ਤਿਆਰ ਵਾਲੇ ਵਿਅਕਤੀ ਵਾਂਗ ਸਿੱਖਿਆ ਦਿੰਦਾ ਹੈ, ਨਾ ਕਿ ਗ੍ਰੰਥੀਆਂ ਵਾਂਗ।

ਇਸ ਸਬਤ ਤੇ ਇਕ ਪਿਸ਼ਾਚਗ੍ਰਸਤ ਆਦਮੀ ਹਾਜ਼ਰ ਹੁੰਦਾ ਹੈ। ਥੋੜ੍ਹੇ ਸਮੇਂ ਬਾਅਦ, ਉਹ ਉੱਚੀ ਆਵਾਜ਼ ਵਿਚ ਚਿਲਾਉਂਦਾ ਹੈ: “ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ!”

ਉਸ ਆਦਮੀ ਨੂੰ ਕਾਬੂ ਕਰਨ ਵਾਲਾ ਪਿਸ਼ਾਚ ਅਸਲ ਵਿਚ ਸ਼ਤਾਨ ਦੇ ਦੂਤਾਂ ਵਿੱਚੋਂ ਇਕ ਹੈ। ਪਿਸ਼ਾਚ ਨੂੰ ਝਿੜਕਦੇ ਹੋਏ ਯਿਸੂ ਕਹਿੰਦਾ ਹੈ: “ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ!”

ਖ਼ੈਰ, ਪਿਸ਼ਾਚ ਉਸ ਆਦਮੀ ਨੂੰ ਮਰੋੜ ਮਰਾੜਦਾ ਹੈ ਅਤੇ ਉੱਚੀ ਆਵਾਜ਼ ਵਿਚ ਚੀਕਦਾ ਹੈ। ਪਰੰਤੂ ਇਹ ਉਸ ਆਦਮੀ ਨੂੰ ਬਿਨਾਂ ਨੁਕਸਾਨ ਪਹੁੰਚਾਏ ਬਾਹਰ ਨਿਕਲ ਆਉਂਦਾ ਹੈ। ਹਰ ਕੋਈ ਬਹੁਤ ਅਚੰਭਾ ਕਰਦੇ ਹਨ! “ਭਈ ਇਹ ਕੀ ਹੈ?” ਉਹ ਪੁੱਛਦੇ ਹਨ। “ਉਹ ਤਾਂ ਭਰਿਸ਼ਟ ਆਤਮਿਆਂ ਨੂੰ ਇਖ਼ਤਿਆਰ ਨਾਲ ਹੁਕਮ ਕਰਦਾ ਹੈ ਅਤੇ ਓਹ ਉਸ ਦੀ ਮੰਨ ਲੈਂਦੇ ਹਨ!” ਇਸ ਬਾਰੇ ਖ਼ਬਰ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਫੈਲ ਜਾਂਦੀ ਹੈ।

ਯਹੂਦੀ ਸਭਾ-ਘਰ ਨੂੰ ਛੱਡ ਕੇ ਯਿਸੂ ਅਤੇ ਉਸ ਦੇ ਚੇਲੇ ਸ਼ਮਊਨ ਅਰਥਾਤ ਪਤਰਸ ਦੇ ਘਰ ਜਾਂਦੇ ਹਨ। ਉੱਥੇ ਪਤਰਸ ਦੀ ਸੱਸ ਬਹੁਤ ਤੇਜ਼ ਬੁਖ਼ਾਰ ਨਾਲ ਬੀਮਾਰ ਹੈ। ‘ਕ੍ਰਿਪਾ ਉਸ ਦੀ ਮਦਦ ਕਰੋ,’ ਉਹ ਮਿੰਨਤ ਕਰਦੇ ਹਨ। ਸੋ ਯਿਸੂ ਅੱਗੇ ਵਧਦਾ ਹੈ, ਅਤੇ ਉਸ ਨੂੰ ਹੱਥੋਂ ਫੜ ਕੇ ਉਠਾਉਂਦਾ ਹੈ। ਉਹ ਉਸੇ ਸਮੇਂ ਚੰਗੀ ਹੋ ਜਾਂਦੀ ਹੈ ਅਤੇ ਉਨ੍ਹਾਂ ਲਈ ਭੋਜਨ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ!

ਬਾਅਦ ਵਿਚ, ਜਦੋਂ ਸੂਰਜ ਡੁੱਬ ਜਾਂਦਾ ਹੈ ਤਾਂ ਸਾਰੇ ਪਾਸਿਆਂ ਤੋਂ ਲੋਕੀ ਆਪਣੇ ਬੀਮਾਰਾਂ ਨੂੰ ਲੈ ਕੇ ਪਤਰਸ ਦੇ ਘਰ ਆਉਣ ਲੱਗਦੇ ਹਨ। ਜਲਦੀ ਹੀ ਸਾਰਾ ਨਗਰ ਦਰਵਾਜ਼ੇ ਅੱਗੇ ਇਕੱਠਾ ਹੋ ਜਾਂਦਾ ਹੈ! ਅਤੇ ਯਿਸੂ ਉਨ੍ਹਾਂ ਦੇ ਸਾਰੇ ਬੀਮਾਰਾਂ ਨੂੰ ਚੰਗਾ ਕਰਦਾ ਹੈ, ਭਾਵੇਂ ਉਨ੍ਹਾਂ ਦੀਆਂ ਬੀਮਾਰੀਆਂ ਕਿਸੇ ਵੀ ਤਰ੍ਹਾਂ ਦੀਆਂ ਕਿਉਂ ਨਾ ਹੋਣ। ਉਹ ਪਿਸ਼ਾਚਗ੍ਰਸਤਾਂ ਨੂੰ ਵੀ ਸੁਤੰਤਰ ਕਰਦਾ ਹੈ। ਜਿਉਂ ਹੀ ਉਹ ਪਿਸ਼ਾਚ ਜਿਨ੍ਹਾਂ ਨੂੰ ਉਹ ਕੱਢਦਾ ਹੈ ਬਾਹਰ ਆਉਂਦੇ ਹਨ, ਉਹ ਚਿਲਾਉਂਦੇ ਹਨ: “ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ!” ਪਰੰਤੂ ਯਿਸੂ ਉਨ੍ਹਾਂ ਨੂੰ ਝਿੜਕਦਾ ਹੈ ਅਤੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਕਿਉਂ ਜੋ ਉਹ ਜਾਣਦੇ ਹਨ ਕਿ ਉਹ ਮਸੀਹ ਹੈ। ਮਰਕੁਸ 1:​21-34; ਲੂਕਾ 4:​31-41; ਮੱਤੀ 8:​14-17.

▪ ਯਿਸੂ ਦਾ ਆਪਣੇ ਪਹਿਲੇ ਚਾਰ ਚੇਲਿਆਂ ਨੂੰ ਸੱਦਣ ਤੋਂ ਬਾਅਦ ਵਾਲੇ ਸਬਤ ਤੇ ਯਹੂਦੀ ਸਭਾ-ਘਰ ਵਿਚ ਕੀ ਹੁੰਦਾ ਹੈ?

▪ ਯਿਸੂ ਯਹੂਦੀ ਸਭਾ-ਘਰ ਤੋਂ ਨਿਕਲ ਕੇ ਕਿੱਥੇ ਜਾਂਦਾ ਹੈ, ਅਤੇ ਉਹ ਉੱਥੇ ਕਿਹੜਾ ਚਮਤਕਾਰ ਕਰਦਾ ਹੈ?

▪ ਬਾਅਦ ਵਿਚ ਉਸੇ ਹੀ ਸ਼ਾਮ ਕੀ ਹੁੰਦਾ ਹੈ?