Skip to content

Skip to table of contents

ਗਰਭਵਤੀ ਪਰੰਤੂ ਵਿਆਹੀ ਨਹੀਂ

ਗਰਭਵਤੀ ਪਰੰਤੂ ਵਿਆਹੀ ਨਹੀਂ

ਅਧਿਆਇ 4

ਗਰਭਵਤੀ ਪਰੰਤੂ ਵਿਆਹੀ ਨਹੀਂ

ਮਰਿਯਮ ਗਰਭ ਦੇ ਤੀਸਰੇ ਮਹੀਨੇ ਵਿਚ ਹੈ। ਤੁਹਾਨੂੰ ਯਾਦ ਹੋਵੇਗਾ ਕਿ ਉਸ ਨੇ ਆਪਣੇ ਗਰਭ ਦਾ ਮੁੱਢਲਾ ਭਾਗ ਇਲੀਸਬਤ ਨੂੰ ਮਿਲਣ ਵਿਚ ਬਿਤਾਇਆ ਸੀ, ਪਰੰਤੂ ਹੁਣ ਉਹ ਘਰ ਨਾਸਰਤ ਨੂੰ ਮੁੜ ਆਈ ਹੈ। ਉਸ ਦੀ ਦਸ਼ਾ ਜਲਦੀ ਹੀ ਉਸ ਦੇ ਜੱਦੀ ਨਗਰ ਵਿਚ ਆਮ ਖ਼ਬਰ ਬਣ ਜਾਵੇਗੀ। ਸੱਚ-ਮੁੱਚ, ਉਹ ਇਕ ਪਰੇਸ਼ਾਨੀ ਦੀ ਹਾਲਤ ਵਿਚ ਹੈ!

ਇਸ ਹਾਲਤ ਨੂੰ ਹੋਰ ਬਦਤਰ ਬਣਾਉਣ ਵਾਲੀ ਗੱਲ ਇਹ ਹੈ ਕਿ ਮਰਿਯਮ ਇਕ ਤਰਖਾਣ, ਯੂਸੁਫ਼ ਦੀ ਪਤਨੀ ਬਣਨ ਨੂੰ ਮੰਗੀ ਹੋਈ ਹੈ। ਅਤੇ ਉਹ ਜਾਣਦੀ ਹੈ ਕਿ ਇਸਰਾਏਲ ਨੂੰ ਦਿੱਤੀ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ, ਇਕ ਔਰਤ ਜੋ ਕਿਸੇ ਆਦਮੀ ਨਾਲ ਮੰਗੀ ਹੋਈ ਹੈ ਪਰੰਤੂ ਜੋ ਰਜ਼ਾਮੰਦੀ ਨਾਲ ਕਿਸੇ ਹੋਰ ਆਦਮੀ ਨਾਲ ਲਿੰਗੀ ਸੰਬੰਧ ਰੱਖਦੀ ਹੈ, ਨੂੰ ਪਥਰਾਉ ਕਰ ਕੇ ਮਾਰ ਦਿੱਤਾ ਜਾਂਦਾ ਹੈ। ਉਹ ਆਪਣੇ ਗਰਭ ਬਾਰੇ ਯੂਸੁਫ਼ ਨੂੰ ਕਿਸ ਤਰ੍ਹਾਂ ਸਮਝਾ ਸਕਦੀ ਹੈ?

ਕਿਉਂਕਿ ਮਰਿਯਮ ਨੂੰ ਗਏ ਤਿੰਨ ਮਹੀਨੇ ਬੀਤ ਗਏ ਹਨ, ਅਸੀਂ ਯਕੀਨ ਕਰ ਸਕਦੇ ਹਾਂ ਕਿ ਯੂਸੁਫ਼ ਉਸ ਨੂੰ ਦੇਖਣ ਲਈ ਉਤਸੁਕ ਹੈ। ਜਦੋਂ ਉਹ ਮਿਲਦੇ ਹਨ, ਤਾਂ ਸੰਭਵ ਹੈ ਕਿ ਮਰਿਯਮ ਉਸ ਨੂੰ ਖ਼ਬਰ ਦੱਸਦੀ ਹੈ। ਉਹ ਆਪਣੇ ਵੱਲੋਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੀ ਹੈ ਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੈ। ਪਰੰਤੂ, ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ, ਯੂਸੁਫ਼ ਲਈ ਇਸ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ।

ਯੂਸੁਫ਼ ਮਰਿਯਮ ਦੀ ਨੇਕਨਾਮੀ ਜਾਣਦਾ ਹੈ। ਅਤੇ ਸਪੱਸ਼ਟ ਹੈ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਫਿਰ ਵੀ, ਉਸ ਦੇ ਕੀਤੇ ਦਾਅਵੇ ਦੇ ਬਾਵਜੂਦ, ਅਸਲ ਵਿਚ ਇੰਜ ਜਾਪਦਾ ਹੈ ਕਿ ਉਹ ਕਿਸੇ ਆਦਮੀ ਤੋਂ ਗਰਭਵਤੀ ਹੋਈ ਹੈ। ਤਾਂ ਵੀ, ਯੂਸੁਫ਼ ਨਹੀਂ ਚਾਹੁੰਦਾ ਹੈ ਕਿ ਉਸ ਨੂੰ ਪਥਰਾਉ ਕਰ ਕੇ ਮਾਰ ਦਿੱਤਾ ਜਾਵੇ ਜਾਂ ਖੁਲ੍ਹੇਆਮ ਬਦਨਾਮ ਕੀਤਾ ਜਾਵੇ। ਇਸ ਲਈ ਉਹ ਉਸ ਨੂੰ ਚੁੱਪ ਚੁਪੀਤੇ ਤਲਾਕ ਦੇਣ ਦਾ ਮਨ ਬਣਾਉਂਦਾ ਹੈ। ਉਨ੍ਹਾਂ ਦਿਨਾਂ ਵਿਚ, ਮੰਗੇ ਹੋਏ ਵਿਅਕਤੀ ਵਿਆਹਿਆਂ ਵਾਂਗ ਹੀ ਸਮਝੇ ਜਾਂਦੇ ਸਨ ਅਤੇ ਮੰਗਣੀ ਦੇ ਖ਼ਾਤਮੇ ਲਈ ਇਕ ਤਲਾਕ ਜ਼ਰੂਰੀ ਸੀ।

ਬਾਅਦ ਵਿਚ, ਜਦੋਂ ਯੂਸੁਫ਼ ਇਨ੍ਹਾਂ ਮਾਮਲਿਆਂ ਤੇ ਅਜੇ ਵਿਚਾਰ ਕਰ ਰਿਹਾ ਹੁੰਦਾ ਹੈ, ਉਹ ਸੌਂ ਜਾਂਦਾ ਹੈ। ਯਹੋਵਾਹ ਦਾ ਦੂਤ ਇਕ ਸੁਪਨੇ ਵਿਚ ਉਸ ਨੂੰ ਪ੍ਰਗਟ ਹੁੰਦਾ ਹੈ ਅਤੇ ਕਹਿੰਦਾ ਹੈ: “ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”

ਜਦੋਂ ਯੂਸੁਫ਼ ਜਾਗਦਾ ਹੈ, ਤਾਂ ਉਹ ਕਿੰਨਾ ਸ਼ੁਕਰਗੁਜ਼ਾਰ ਹੁੰਦਾ ਹੈ! ਬਿਨਾਂ ਕਿਸੇ ਦੇਰ ਕੀਤੇ ਉਹ ਉਵੇਂ ਹੀ ਕਰਦਾ ਹੈ ਜਿਵੇਂ ਦੂਤ ਨੇ ਨਿਰਦੇਸ਼ਿਤ ਕੀਤਾ ਸੀ। ਉਹ ਮਰਿਯਮ ਨੂੰ ਆਪਣੇ ਘਰ ਲਿਆਉਂਦਾ ਹੈ। ਅਸਲ ਵਿਚ, ਇਹ ਜਨਤਕ ਕਾਰਵਾਈ, ਇਹ ਸੂਚਿਤ ਕਰਦੇ ਹੋਏ ਕਿ ਯੂਸੁਫ਼ ਅਤੇ ਮਰਿਯਮ ਹੁਣ ਸਰਕਾਰੀ ਤੌਰ ਤੇ ਵਿਆਹੇ ਹਨ, ਵਿਆਹ ਦੀ ਰੀਤ ਵਜੋਂ ਕੰਮ ਕਰਦੀ ਹੈ। ਪਰੰਤੂ ਯੂਸੁਫ਼ ਮਰਿਯਮ ਨਾਲ ਲਿੰਗੀ ਸੰਬੰਧ ਨਹੀਂ ਰੱਖਦਾ ਹੈ ਜਿੰਨਾ ਚਿਰ ਉਹ ਯਿਸੂ ਨਾਲ ਗਰਭਵਤੀ ਹੈ।

ਦੇਖੋ! ਮਰਿਯਮ ਬੱਚੇ ਨਾਲ ਭਾਰੀ ਹੈ, ਫਿਰ ਵੀ ਯੂਸੁਫ਼ ਉਸ ਨੂੰ ਗਧੇ ਤੇ ਬਿਠਾ ਰਿਹਾ ਹੈ। ਉਹ ਕਿੱਥੇ ਜਾ ਰਹੇ ਹਨ, ਅਤੇ ਉਹ ਸਫਰ ਕਿਉਂ ਕਰ ਰਹੇ ਹਨ ਜਦੋਂ ਕਿ ਮਰਿਯਮ ਲਗਭਗ ਜਨਮ ਦੇਣ ਨੂੰ ਤਿਆਰ ਹੈ? ਲੂਕਾ 1:​39-41, 56; ਮੱਤੀ 1:​18-25; ­ਬਿਵਸਥਾ ਸਾਰ 22:​23, 24.

▪ ਯੂਸੁਫ਼ ਦੇ ਮਨ ਦੀ ਕੀ ਦਸ਼ਾ ਹੈ ਜਦੋਂ ਉਸ ਨੂੰ ਮਰਿਯਮ ਦੇ ਗਰਭਵਤੀ ਹੋਣ ਦਾ ਪਤਾ ਲੱਗਦਾ ਹੈ, ਅਤੇ ਕਿਉਂ?

▪ ਯੂਸੁਫ਼ ਮਰਿਯਮ ਨੂੰ ਕਿਵੇਂ ਤਲਾਕ ਦੇ ਸਕਦਾ ਹੈ ਜਦੋਂ ਕਿ ਉਹ ਅਜੇ ਵਿਆਹੇ ਹੀ ਨਹੀਂ ਹਨ?

▪ ਕਿਹੜੀ ਜਨਤਕ ਕਾਰਵਾਈ ਯੂਸੁਫ਼ ਅਤੇ ਮਰਿਯਮ ਦੇ ਵਿਆਹ ਦੀਆਂ ਰੀਤਾਂ ਵਜੋਂ ਕੰਮ ਕਰਦੀ ਹੈ?