Skip to content

Skip to table of contents

ਗਲੀਲ ਦੀ ਝੀਲ ਵਿਖੇ

ਗਲੀਲ ਦੀ ਝੀਲ ਵਿਖੇ

ਅਧਿਆਇ 130

ਗਲੀਲ ਦੀ ਝੀਲ ਵਿਖੇ

ਰਸੂਲ ਹੁਣ ਗਲੀਲ ਨੂੰ ਮੁੜਦੇ ਹਨ, ਜਿਵੇਂ ਕਿ ਯਿਸੂ ਨੇ ਉਨ੍ਹਾਂ ਨੂੰ ਕਰਨ ਲਈ ਪਹਿਲਾਂ ਹਿਦਾਇਤ ਦਿੱਤੀ ਸੀ। ਪਰੰਤੂ ਉਹ ਅਨਿਸ਼ਚਿਤ ਹਨ ਕਿ ਉਨ੍ਹਾਂ ਨੂੰ ਉੱਥੇ ਕੀ ਕਰਨਾ ਚਾਹੀਦਾ ਹੈ। ਥੋੜ੍ਹੇ ਸਮੇਂ ਬਾਅਦ, ਪਤਰਸ ਥੋਮਾ, ਨਥਾਨਿਏਲ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ, ਅਤੇ ਦੋ ਹੋਰ ਰਸੂਲਾਂ ਨੂੰ ਦੱਸਦਾ ਹੈ: “ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ।”

“ਅਸੀਂ ਭੀ ਤੇਰੇ ਨਾਲ ਚੱਲਦੇ ਹਾਂ,” ਉਹ ਛੇ ਜਵਾਬ ਦਿੰਦੇ ਹਨ।

ਸਾਰੀ ਰਾਤ ਦੇ ਦੌਰਾਨ, ਉਹ ਕੁਝ ਵੀ ਫੜਨ ਤੋਂ ਅਸਫਲ ਹੁੰਦੇ ਹਨ। ਪਰੰਤੂ, ਹੁਣ ਜਿਉਂ ਹੀ ਰੌਸ਼ਨੀ ਹੋਣ ਲੱਗਦੀ ਹੈ, ਯਿਸੂ ਕੰਢੇ ਤੇ ਪ੍ਰਗਟ ਹੁੰਦਾ ਹੈ, ਪਰੰਤੂ ਰਸੂਲ ਨਹੀਂ ਪਛਾਣਦੇ ਹਨ ਕਿ ਇਹ ਯਿਸੂ ਹੈ। ਉਹ ਚਿਲਾਉਂਦਾ ਹੈ: “ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ?”

“ਨਹੀਂ!” ਉਹ ਪਾਣੀ ਦੇ ਉਸ ਪਾਰੋਂ ਚਿਲਾਉਂਦੇ ਹਨ।

“ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ,” ਉਹ ਕਹਿੰਦਾ ਹੈ। ਅਤੇ ਜਦੋਂ ਉਹ ਇੰਜ ਕਰਦੇ ਹਨ, ਤਾਂ ਉਹ ਇੰਨੀਆਂ ਸਾਰੀਆਂ ਮੱਛੀਆਂ ਦੇ ਕਾਰਨ ਆਪਣੇ ਜਾਲ ਨੂੰ ਖਿੱਚਣ ਵਿਚ ਅਸਮਰੱਥ ਹੁੰਦੇ ਹਨ।

“ਇਹ ਤਾਂ ਪ੍ਰਭੁ ਹੈ!” ਯੂਹੰਨਾ ਚਿਲਾਉਂਦਾ ਹੈ।

ਇਹ ਸੁਣਦੇ ਹੀ, ਪਤਰਸ ਆਪਣਾ ਉਪਰਲਾ ਕੱਪੜਾ ਕੱਸਦਾ ਹੈ, ਕਿਉਂ ਜੋ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ, ਅਤੇ ਸਮੁੰਦਰ ਵਿਚ ਛਾਲ ਮਾਰਦਾ ਹੈ। ਫਿਰ ਉਹ ਕੰਢੇ ਵੱਲ ਲਗਭਗ 90 ਮੀਟਰ ਤੈਰਦਾ ਹੈ। ਦੂਜੇ ਰਸੂਲ ਮੱਛੀਆਂ ਨਾਲ ਭਰਿਆ ਜਾਲ ਖਿੱਚਦੇ ਹੋਏ ਛੋਟੀ ਕਿਸ਼ਤੀ ਵਿਚ ਪਿੱਛੇ-ਪਿੱਛੇ ਆਉਂਦੇ ਹਨ।

ਜਦੋਂ ਉਹ ਕੰਢੇ ਉੱਤੇ ਪਹੁੰਚਦੇ ਹਨ, ਤਾਂ ਉੱਥੇ ਕੋਲਿਆਂ ਦੀ ਅੱਗ ਬਾਲੀ ਹੋਈ ਹੈ, ਜਿਸ ਉੱਤੇ ਮੱਛੀਆਂ ਰੱਖੀਆਂ ਹੋਈਆਂ ਹਨ, ਅਤੇ ਰੋਟੀਆਂ ਵੀ ਹਨ। “ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ,” ਯਿਸੂ ਕਹਿੰਦਾ ਹੈ। ਪਤਰਸ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਨੂੰ ਕੰਢੇ ਉੱਤੇ ਖਿੱਚ ਲਿਆਉਂਦਾ ਹੈ। ਇਸ ਵਿਚ 153 ਵੱਡੀਆਂ ਮੱਛੀਆਂ ਹਨ!

“ਆਓ ਭੋਜਨ ਛਕੋ,” ਯਿਸੂ ਸੱਦਾ ਦਿੰਦਾ ਹੈ।

ਉਨ੍ਹਾਂ ਵਿੱਚੋਂ ਕੋਈ ਵੀ ਪੁੱਛਣ ਦਾ ਹੌਸਲਾ ਨਹੀਂ ਕਰਦਾ ਹੈ ਕਿ “ਤੂੰ ਕੌਣ ਹੈਂ?” ਕਿਉਂਕਿ ਸਾਰੇ ਜਾਣਦੇ ਹਨ ਕਿ ਇਹ ਯਿਸੂ ਹੈ। ਇਹ ਪੁਨਰ-ਉਥਾਨ ਤੋਂ ਬਾਅਦ ਉਸ ਦਾ ਸੱਤਵਾਂ, ਅਤੇ ਰਸੂਲਾਂ ਨੂੰ ਸਮੂਹ ਦੇ ਤੌਰ ਤੇ ਉਸ ਦਾ ਤੀਜਾ ਪ੍ਰਗਟਾਵਾ ਹੈ। ਉਹ ਹੁਣ ਉਨ੍ਹਾਂ ਵਿੱਚੋਂ ਹਰੇਕ ਨੂੰ ਕੁਝ ਰੋਟੀ ਅਤੇ ਮੱਛੀ ਦੇ ਕੇ ਨਾਸ਼ਤਾ ਪਰੋਸਦਾ ਹੈ।

ਜਦੋਂ ਉਹ ਖਾ ਹਟੇ, ਤਾਂ ਯਿਸੂ ਸੰਭਵ ਹੈ ਬਹੁਤਾਤ ਵਿਚ ਫੜੀਆਂ ਹੋਈਆਂ ਮੱਛੀਆਂ ਵੱਲ ਦੇਖਦੇ ਹੋਏ, ਪਤਰਸ ਨੂੰ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵਧ ਪਿਆਰ ਕਰਦਾ ਹੈਂ?” ਨਿਰਸੰਦੇਹ ਉਹ ਦਾ ਮਤਲਬ ਹੈ, ਕੀ ਜਿਹੜਾ ਕੰਮ ਕਰਨ ਲਈ ਮੈਂ ਤੈਨੂੰ ਤਿਆਰ ਕੀਤਾ ਹੈ, ਉਸ ਨੂੰ ਕਰਨ ਦੀ ਬਜਾਇ ਤੂੰ ਮਾਹੀਗੀਰੀ ਦੇ ਧੰਦੇ ਨਾਲ ਜ਼ਿਆਦਾ ਲਗਾਓ ਰੱਖਦਾ ਹੈਂ?

“ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ,” ਪਤਰਸ ਜਵਾਬ ਦਿੰਦਾ ਹੈ।

“ਮੇਰੇ ਲੇਲਿਆਂ ਨੂੰ ਚਾਰ,” ਯਿਸੂ ਜਵਾਬ ਦਿੰਦਾ ਹੈ।

ਦੂਜੀ ਵਾਰੀ ਫਿਰ, ਉਹ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

“ਹਾਂ ਪ੍ਰਭੁ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ,” ਪਤਰਸ ਦਿਲੋਂ-ਮਨੋਂ ਜਵਾਬ ਦਿੰਦਾ ਹੈ।

“ਮੇਰੀਆਂ ਭੇਡਾਂ ਦੀ ਰੱਛਿਆ ਕਰ,” ਯਿਸੂ ਫਿਰ ਹੁਕਮ ਦਿੰਦਾ ਹੈ।

ਫਿਰ, ਤੀਜੀ ਵਾਰੀ ਉਹ ਪੁੱਛਦਾ ਹੈ: “ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ?”

ਹੁਣ ਪਤਰਸ ਉਦਾਸ ਹੋ ਜਾਂਦਾ ਹੈ। ਸ਼ਾਇਦ ਉਹ ਸੋਚ ਰਿਹਾ ਹੈ ਕਿ ਕਿਤੇ ਯਿਸੂ ਉਸ ਦੀ ਨਿਸ਼ਠਾ ਤੇ ਸ਼ੱਕ ਤਾਂ ਨਹੀਂ ਕਰ ਰਿਹਾ ਹੈ। ਕਿਉਂਕਿ ਹਾਲ ਹੀ ਵਿਚ ਜਦੋਂ ਯਿਸੂ ਆਪਣੇ ਜੀਵਨ ਲਈ ਮੁਕੱਦਮਾ ਲੜ ਰਿਹਾ ਸੀ, ਪਤਰਸ ਨੇ ਤਿੰਨ ਵਾਰੀ ਉਸ ਨੂੰ ਜਾਣਨ ਤੋਂ ਇਨਕਾਰ ਕੀਤਾ ਸੀ। ਇਸ ਲਈ ਪਤਰਸ ਕਹਿੰਦਾ ਹੈ: “ਪ੍ਰਭੁ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।”

“ਮੇਰੀਆਂ ਭੇਡਾਂ ਨੂੰ ਚਾਰ,” ਯਿਸੂ ਤੀਜੀ ਵਾਰੀ ਹੁਕਮ ਕਰਦਾ ਹੈ।

ਇਸ ਤਰ੍ਹਾਂ ਬਾਕੀਆਂ ਉੱਤੇ ਪ੍ਰਭਾਵ ਪਾਉਣ ਲਈ ਕਿ ਯਿਸੂ ਉਨ੍ਹਾਂ ਤੋਂ ਕਿਹੜਾ ਕੰਮ ਕਰਾਉਣ ਦੀ ਇੱਛਾ ਰੱਖਦਾ ਹੈ, ਉਹ ਪਤਰਸ ਨੂੰ ਇਕ ਵਸੀਲੇ ਦੇ ਤੌਰ ਤੇ ਇਸਤੇਮਾਲ ਕਰਦਾ ਹੈ। ਉਹ ਜਲਦੀ ਹੀ ਧਰਤੀ ਨੂੰ ਛੱਡ ਜਾਵੇਗਾ, ਅਤੇ ਉਹ ਉਨ੍ਹਾਂ ਤੋਂ ਚਾਹੁੰਦਾ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਵਿਚ ਅਗਵਾਈ ਕਰਨ ਜਿਹੜੇ ਪਰਮੇਸ਼ੁਰ ਦੇ ਭੇਡ-ਵਾੜੇ ਵਿਚ ਲਿਆਂਦੇ ਜਾਣਗੇ।

ਜਿਵੇਂ ਯਿਸੂ ਬੰਨ੍ਹਿਆ ਅਤੇ ਮਾਰਿਆ ਗਿਆ ਸੀ ਕਿਉਂਕਿ ਉਸ ਨੇ ਉਹ ਕੰਮ ਕੀਤਾ ਜਿਹੜਾ ਉਸ ਨੂੰ ਪਰਮੇਸ਼ੁਰ ਨੇ ਕਰਨ ਲਈ ਨਿਯੁਕਤ ਕੀਤਾ ਸੀ, ਉਸੇ ਤਰ੍ਹਾਂ, ਹੁਣ ਉਹ ਇਹ ਪ੍ਰਗਟ ਕਰਦਾ ਹੈ ਕਿ ਪਤਰਸ ਵੀ ਅਜਿਹੇ ਅਨੁਭਵ ਦਾ ਦੁੱਖ ਭੋਗੇਗਾ। “ਜਾਂ ਤੂੰ ਜੁਆਨ ਸੈਂ,” ਯਿਸੂ ਉਸ ਨੂੰ ਦੱਸਦਾ ਹੈ, “ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ। ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ।” ਪਤਰਸ ਦੀ ਭਾਵੀ ਸ਼ਹੀਦੀ ਮੌਤ ਦੇ ਬਾਵਜੂਦ, ਯਿਸੂ ਉਸ ਨੂੰ ਜ਼ੋਰ ਦਿੰਦਾ ਹੈ: “ਮੇਰੇ ਮਗਰ ਹੋ ਤੁਰ।”

ਪਤਰਸ ਮੁੜਦੇ ਹੋਏ ਯੂਹੰਨਾ ਨੂੰ ਦੇਖ ਕੇ ਪੁੱਛਦਾ ਹੈ: “ਪ੍ਰਭੁ ਜੀ ਐਸ ਦੇ ਨਾਲ ਕੀ ਬੀਤੇਗੀ?”

“ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ,” ਯਿਸੂ ਜਵਾਬ ਦਿੰਦਾ ਹੈ, “ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ।” ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਚੇਲੇ ਇਹ ਮਤਲਬ ਕੱਢ ਲੈਂਦੇ ਹਨ ਕਿ ਰਸੂਲ ਯੂਹੰਨਾ ਕਦੀ ਨਹੀਂ ਮਰੇਗਾ। ਲੇਕਿਨ, ਜਿਵੇਂ ਰਸੂਲ ਯੂਹੰਨਾ ਨੇ ਬਾਅਦ ਵਿਚ ਵਿਆਖਿਆ ਕੀਤੀ, ਯਿਸੂ ਨੇ ਇਹ ਨਹੀਂ ਕਿਹਾ ਕਿ ਉਹ ਮਰੇਗਾ ਨਹੀਂ, ਬਲਕਿ ਯਿਸੂ ਨੇ ਸਿਰਫ਼ ਕਿਹਾ: “ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?”

ਯੂਹੰਨਾ ਨੇ ਬਾਅਦ ਵਿਚ ਇਕ ਮਹੱਤਵਪੂਰਣ ਟਿੱਪਣੀ ਵੀ ਕੀਤੀ: “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” ਯੂਹੰਨਾ 21:​1-25; ਮੱਤੀ 26:32; 28:​7, 10.

▪ ਉਨ੍ਹਾਂ ਨੂੰ ਗਲੀਲ ਵਿਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਰਸੂਲਾਂ ਦੀ ਅਨਿਸ਼ਚਿਤਤਾ ਕਿਵੇਂ ਦੇਖੀ ਜਾਂਦੀ ਹੈ?

▪ ਗਲੀਲ ਦੀ ਝੀਲ ਵਿਖੇ ਰਸੂਲ ਯਿਸੂ ਨੂੰ ਕਿਸ ਤਰ੍ਹਾਂ ਪਛਾਣਦੇ ਹਨ?

▪ ਆਪਣੇ ਪੁਨਰ-ਉਥਾਨ ਤੋਂ ਬਾਅਦ ਯਿਸੂ ਹੁਣ ਤੱਕ ਕਿੰਨੀ ਵਾਰੀ ਪ੍ਰਗਟ ਹੋਇਆ ਹੈ?

▪ ਯਿਸੂ ਉਸ ਕੰਮ ਤੇ ਕਿਸ ਤਰ੍ਹਾਂ ਜ਼ੋਰ ਦਿੰਦਾ ਹੈ ਜੋ ਉਹ ਚਾਹੁੰਦਾ ਹੈ ਕਿ ਚੇਲੇ ਕਰਨ?

▪ ਯਿਸੂ ਕਿਸ ਤਰ੍ਹਾਂ ਸੰਕੇਤ ਕਰਦਾ ਹੈ ਕਿ ਪਤਰਸ ਕਿਸ ਢੰਗ ਨਾਲ ਮਰੇਗਾ?

▪ ਯੂਹੰਨਾ ਬਾਰੇ ਯਿਸੂ ਦੀ ਕਿਹੜੀ ਟਿੱਪਣੀ ਬਹੁਤ ਚੇਲਿਆਂ ਦੁਆਰਾ ਗ਼ਲਤ ਸਮਝੀ ਗਈ ਸੀ?