Skip to content

Skip to table of contents

ਘਮੰਡੀ ਅਤੇ ਦੀਨ

ਘਮੰਡੀ ਅਤੇ ਦੀਨ

ਅਧਿਆਇ 39

ਘਮੰਡੀ ਅਤੇ ਦੀਨ

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਦਗੁਣ ਦੱਸਣ ਤੋਂ ਬਾਅਦ, ਯਿਸੂ ਉਨ੍ਹਾਂ ਘਮੰਡੀ, ਅਸਥਿਰ ਲੋਕਾਂ ਵੱਲ ਧਿਆਨ ਕਰਦਾ ਹੈ ਜਿਹੜੇ ਉਸ ਦੇ ਆਲੇ-ਦੁਆਲੇ ਹਨ। ਉਹ ਐਲਾਨ ਕਰਦਾ ਹੈ, ‘ਇਸ ਪੀੜ੍ਹੀ ਦੇ ਲੋਕ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ, ਅਸਾਂ ਤੁਹਾਡੇ ਲਈ ਬੌਂਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ, ਪਰ ਤੁਸੀਂ ਨਾ ਪਿੱਟੇ।’

ਯਿਸੂ ਦਾ ਕੀ ਮਤਲਬ ਹੈ? ਉਹ ਵਿਆਖਿਆ ਕਰਦਾ ਹੈ: “ਯੂਹੰਨਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਓਹ ਆਖਦੇ ਹਨ ਜੋ ਉਹ ਦੇ ਨਾਲ ਇੱਕ ਭੂਤ [“ਪਿਸ਼ਾਚ,” ਨਿ ਵ] ਹੈ। ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਅਤੇ ਓਹ ਆਖਦੇ ਹਨ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਰ ਪਾਪੀਆਂ ਦਾ ਯਾਰ।”

ਲੋਕਾਂ ਨੂੰ ਸੰਤੁਸ਼ਟ ਕਰਨਾ ਅਸੰਭਵ ਹੈ। ਉਨ੍ਹਾਂ ਨੂੰ ਕੁਝ ਵੀ ਖ਼ੁਸ਼ ਨਹੀਂ ਕਰਦਾ ਹੈ। ਦੂਤ ਦੇ ਐਲਾਨ ਦੇ ਅਨੁਸਾਰ ਕਿ “ਉਹ . . . ਨਾ ਮੈ ਨਾ ਮਧ ਪੀਵੇਗਾ” ਯੂਹੰਨਾ ਨੇ ਇਕ ਨਜ਼ੀਰ ਦੇ ਤੌਰ ਤੇ ਆਤਮ-ਤਿਆਗ ਦਾ ਇਕ ਸਦਾਚਾਰੀ ਜੀਵਨ ਬਤੀਤ ਕੀਤਾ ਹੈ। ਅਤੇ ਫਿਰ ਵੀ ਲੋਕੀ ਕਹਿੰਦੇ ਹਨ ਕਿ ਉਸ ਨੂੰ ਇਕ ਪਿਸ਼ਾਚ ਚਿੰਬੜਿਆ ਹੈ। ਦੂਜੇ ਪਾਸੇ, ਯਿਸੂ ਕੋਈ ਸਦਾਚਾਰਕ ਅਭਿਆਸ ਨਾ ਕਰਦੇ ਹੋਏ, ਹੋਰਨਾਂ ਆਦਮੀਆਂ ਵਾਂਗ ਜੀਵਨ ਬਤੀਤ ਕਰਦਾ ਹੈ, ਅਤੇ ਉਸ ਤੇ ਅਸੰਜਮ ਦਾ ਦੋਸ਼ ਲਗਾਇਆ ਜਾਂਦਾ ਹੈ।

ਲੋਕਾਂ ਨੂੰ ਖ਼ੁਸ਼ ਕਰਨਾ ਕਿੰਨਾ ਮੁਸ਼ਕਲ ਹੈ! ਉਹ ਅਜਿਹੇ ਸਾਥੀਆਂ ਵਾਂਗ ਹਨ ਜਿਨ੍ਹਾਂ ਵਿੱਚੋਂ ਕਈ ਨੱਚ ਕੇ ਪ੍ਰਤਿਕ੍ਰਿਆ ਵਿਖਾਉਣ ਤੋਂ ਇਨਕਾਰ ਕਰਦੇ ਹਨ ਜਦੋਂ ਬਾਕੀ ਬੱਚੇ ਬੌਂਸਰੀ ਵਜਾਉਂਦੇ ਹਨ ਜਾਂ ਜਦੋਂ ਉਨ੍ਹਾਂ ਦੇ ਸਾਥੀ ਵਿਰਲਾਪ ਕਰਦੇ ਹਨ ਤਾਂ ਉਹ ਸੋਗ ਨਾਲ ਪ੍ਰਤਿਕ੍ਰਿਆ ਵਿਖਾਉਣ ਤੋਂ ਇਨਕਾਰ ਕਰਦੇ ਹਨ। ਫਿਰ ਵੀ, ਯਿਸੂ ਕਹਿੰਦਾ ਹੈ: “ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ!” ਜੀ ਹਾਂ, ਸਬੂਤ​—⁠ਯਾਨੀ ਕਿ ਕਾਰਜ​—⁠ਸਪੱਸ਼ਟ ਕਰਦੇ ਹਨ ਕਿ ਯੂਹੰਨਾ ਅਤੇ ਯਿਸੂ ਦੋਹਾਂ ਦੇ ਵਿਰੁੱਧ ਦੋਸ਼ ਝੂਠੇ ਹਨ।

ਅੱਗੇ ਯਿਸੂ ਨਿੰਦਿਆ ਦੇ ਲਈ ਖ਼ੁਰਾਜ਼ੀਨ, ਬੈਤਸੈਦਾ, ਅਤੇ ਕਫ਼ਰਨਾਹੂਮ ਤਿੰਨਾਂ ਨਗਰਾਂ ਨੂੰ ਚੁਣਦਾ ਹੈ, ਜਿੱਥੇ ਉਸ ਨੇ ਆਪਣੇ ਜ਼ਿਆਦਾਤਰ ਸ਼ਕਤੀਸ਼ਾਲੀ ਕੰਮ ਕੀਤੇ ਹਨ। ਯਿਸੂ ਕਹਿੰਦਾ ਹੈ ਕਿ ਜੇ ਉਹ ਇਨ੍ਹਾਂ ਕੰਮਾਂ ਨੂੰ ਸੂਰ ਅਤੇ ਸੈਦਾ ਦੇ ਕਨਾਨੀ ਨਗਰਾਂ ਵਿਚ ਕਰਦਾ ਤਾਂ ਇਹ ਨਗਰ ਤੱਪੜ ਪਹਿਨ ਕੇ ਅਤੇ ਸੁਆਹ ਵਿਚ ਬੈਠ ਕੇ ਤੋਬਾ ਕਰਦੇ। ਕਫ਼ਰਨਾਹੂਮ ਨੂੰ ਰੱਦ ਕਰਦੇ ਹੋਏ, ਜਿਹੜਾ ਮਾਲੂਮ ਹੁੰਦਾ ਹੈ ਕਿ ਉਸ ਦੀ ਸੇਵਕਾਈ ਦੇ ਸਮੇਂ ਦੌਰਾਨ ਉਸ ਦੀ ਸਥਾਨਕ ਠਾਹਰ ਸੀ, ਯਿਸੂ ਐਲਾਨ ਕਰਦਾ ਹੈ: “ਨਿਆਉਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।”

ਅੱਗੇ ਯਿਸੂ ਖੁਲ੍ਹੇਆਮ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰਦਾ ਹੈ। ਉਹ ਅਜਿਹਾ ਇਸ ਲਈ ਕਰਨ ਨੂੰ ਪ੍ਰੇਰਿਤ ਹੁੰਦਾ ਹੈ ਕਿਉਂਕਿ ਪਰਮੇਸ਼ੁਰ ਬਹੁਮੁੱਲੀਆਂ ­ਅਧਿਆਤਮਿਕ ਸੱਚਾਈਆਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਦਾ ਹੈ ਪਰੰਤੂ ਇਨ੍ਹਾਂ ਅਦਭੁਤ ਚੀਜ਼ਾਂ ਨੂੰ ਦੀਨ ਲੋਕਾਂ ਤੇ, ਇਕ ਤਰੀਕਿਓਂ ਨਿਆਣਿਆਂ ਤੇ, ਪ੍ਰਗਟ ਕਰਦਾ ਹੈ।

ਆਖ਼ਰ ਵਿਚ, ਯਿਸੂ ਇਕ ਆਕਰਸ਼ਕ ਸੱਦਾ ਦਿੰਦਾ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”

ਯਿਸੂ ਕਿਸ ਤਰ੍ਹਾਂ ਆਰਾਮ ਪੇਸ਼ ਕਰਦਾ ਹੈ? ਉਹ ਇਹ ਉਨ੍ਹਾਂ ਰੀਤੀ-ਰਿਵਾਜਾਂ ਤੋਂ ਆਜ਼ਾਦ ਕਰਵਾਉਣ ਦੁਆਰਾ ਕਰੇਗਾ ਜਿਨ੍ਹਾਂ ਦਾ ਭਾਰ ਧਾਰਮਿਕ ਆਗੂਆਂ ਨੇ ਲੋਕਾਂ ਉੱਤੇ ਪਾਇਆ ਹੈ, ਜਿਸ ਵਿਚ, ਉਦਾਹਰਣ ਲਈ ਸਬਤ-ਰੱਖਣ ਦੇ ਪ੍ਰਤਿਬੰਧਕ ਨਿਯਮ ਵੀ ਸ਼ਾਮਲ ਹਨ। ਉਹ ਉਨ੍ਹਾਂ ਨੂੰ ਵੀ ਛੁਟਕਾਰੇ ਦਾ ਰਾਹ ਦਿਖਾਉਂਦਾ ਹੈ ਜੋ ਰਾਜਨੀਤਿਕ ਅਧਿਕਾਰੀਆਂ ਦੀ ਪ੍ਰਧਾਨਤਾ ਦੇ ਦੁਖਦਾਇਕ ਭਾਰ ਨੂੰ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਪੀੜਿਤ ਅੰਤਹਕਰਣ ਦੇ ਕਾਰਨ ਆਪਣੇ ਪਾਪਾਂ ਦੇ ਭਾਰ ਨੂੰ ਮਹਿਸੂਸ ਕਰਦੇ ਹਨ। ਉਹ ਅਜਿਹੇ ਪੀੜਿਤ ਲੋਕਾਂ ਤੇ ਇਹ ਪ੍ਰਗਟ ਕਰਦਾ ਹੈ ਕਿ ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਮਾਫ਼ ਹੋ ਸਕਦੇ ਹਨ ਅਤੇ ਉਹ ਕਿਸ ਤਰ੍ਹਾਂ ਪਰਮੇਸ਼ੁਰ ਨਾਲ ਇਕ ਬਹੁਮੁੱਲੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਨ।

ਯਿਸੂ ਜੋ ਹੌਲਾ ਜੂਲਾ ਪ੍ਰਸਤੁਤ ਕਰਦਾ ਹੈ ਉਹ ਪਰਮੇਸ਼ੁਰ ਦੇ ਪ੍ਰਤੀ ਸੰਪੂਰਣ ਸਮਰਪਣ ਹੈ, ਜਿਸ ਨਾਲ ਅਸੀਂ ਆਪਣੇ ਦਇਆਵਾਨ, ਦਿਆਲੂ ਸਵਰਗੀ ਪਿਤਾ ਦੀ ਸੇਵਾ ਕਰ ਸਕਦੇ ਹਾਂ। ਅਤੇ ਹਲਕਾ ਭਾਰ ਜੋ ਯਿਸੂ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਪ੍ਰਸਤੁਤ ਕਰਦਾ ਹੈ, ਉਹ ਹੈ ਜੀਵਨ ਲਈ ਪਰਮੇਸ਼ੁਰ ਦੀਆਂ ਜ਼ਰੂਰਤਾਂ ਨੂੰ ਮੰਨਣ ਦਾ ਹਲਕਾ ਭਾਰ ਜਿਹੜੀਆਂ ਬਾਈਬਲ ਵਿਚ ਦਰਜ ਕੀਤੀਆਂ ਗਈਆਂ ਉਸ ਦੀਆਂ ਆਗਿਆਵਾਂ ਹਨ। ਅਤੇ ਇਨ੍ਹਾਂ ਨੂੰ ਮੰਨਣਾ ਬਿਲਕੁਲ ਬੋਝਲ ਨਹੀਂ ਹੈ। ਮੱਤੀ 11:​16-30; ਲੂਕਾ 1:15; 7:​31-35; 1 ਯੂਹੰਨਾ 5:⁠3.

▪ ਯਿਸੂ ਦੀ ਪੀੜ੍ਹੀ ਦੇ ਘਮੰਡੀ, ਅਸਥਿਰ ਲੋਕ ਕਿਸ ਤਰ੍ਹਾਂ ਬੱਚਿਆਂ ਵਾਂਗ ਹਨ?

▪ ਯਿਸੂ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰਨ ਨੂੰ ਕਿਉਂ ਪ੍ਰੇਰਿਤ ਹੁੰਦਾ ਹੈ?

▪ ਕਿਹੜੇ ਤਰੀਕਿਓਂ ਲੋਕੀ ਭਾਰ ਹੇਠਾਂ ਦੱਬੇ ਹੋਏ ਹਨ, ਅਤੇ ਯਿਸੂ ਕੀ ਛੁਟਕਾਰਾ ਪ੍ਰਸਤੁਤ ਕਰਦਾ ਹੈ?