Skip to content

Skip to table of contents

ਚੇਲੇ ਬਹਿਸ ਕਰਦੇ ਹਨ ਜਿਉਂ ਹੀ ਯਿਸੂ ਦੀ ਮੌਤ ਨੇੜੇ ਆਉਂਦੀ ਹੈ

ਚੇਲੇ ਬਹਿਸ ਕਰਦੇ ਹਨ ਜਿਉਂ ਹੀ ਯਿਸੂ ਦੀ ਮੌਤ ਨੇੜੇ ਆਉਂਦੀ ਹੈ

ਅਧਿਆਇ 98

ਚੇਲੇ ਬਹਿਸ ਕਰਦੇ ਹਨ ਜਿਉਂ ਹੀ ਯਿਸੂ ਦੀ ਮੌਤ ਨੇੜੇ ਆਉਂਦੀ ਹੈ

ਯਿਸੂ ਅਤੇ ਉਸ ਦੇ ਚੇਲੇ ਯਰਦਨ ਨਦੀ ਦੇ ਨੇੜੇ ਹਨ, ਜਿੱਥੇ ਉਹ ਪੀਰਿਆ ਜ਼ਿਲ੍ਹੇ ਤੋਂ ਯਹੂਦਿਯਾ ਵਿਚ ਲੰਘ ਜਾਂਦੇ ਹਨ। ਹੋਰ ਬਹੁਤ ਸਾਰੇ ਉਨ੍ਹਾਂ ਦੇ ਨਾਲ 33 ਸਾ.ਯੁ. ਦੇ ਪਸਾਹ ਲਈ, ਜਿਹੜਾ ਕਿ ਹਫ਼ਤੇ-ਕੁ ਸਮੇਂ ਬਾਅਦ ਹੋਣ ਵਾਲਾ ਹੈ, ਯਾਤਰਾ ਕਰ ਰਹੇ ਹਨ।

ਯਿਸੂ ਚੇਲਿਆਂ ਦੇ ਅੱਗੇ ਚੱਲ ਰਿਹਾ ਹੈ, ਅਤੇ ਉਹ ਉਸ ਦੇ ਦ੍ਰਿੜ੍ਹ ਇਰਾਦੇ ਉੱਤੇ ਹੈਰਾਨ ਹਨ। ਯਾਦ ਕਰੋ ਕਿ ਕੁਝ ਹਫ਼ਤੇ ਪਹਿਲਾਂ ਜਦੋਂ ਲਾਜ਼ਰ ਮਰਿਆ ਸੀ ਅਤੇ ਯਿਸੂ ਪੀਰਿਆ ਤੋਂ ਯਹੂਦਿਯਾ ਨੂੰ ਜਾਣ ਹੀ ਵਾਲਾ ਸੀ, ਤਾਂ ਥੋਮਾ ਨੇ ਦੂਜਿਆਂ ਨੂੰ ਉਤਸ਼ਾਹਿਤ ਕੀਤਾ ਸੀ: “ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।” ਨਾਲ ਹੀ ਯਾਦ ਕਰੋ ਕਿ ਯਿਸੂ ਵੱਲੋਂ ਲਾਜ਼ਰ ਨੂੰ ਪੁਨਰ-ਉਥਿਤ ਕਰਨ ਮਗਰੋਂ, ਮਹਾਸਭਾ ਨੇ ਯਿਸੂ ਨੂੰ ਮਰਵਾਉਣ ਲਈ ਯੋਜਨਾ ਬਣਾਈ ਸੀ। ਇਸ ਲਈ ਕੋਈ ਅਚੰਭੇ ਦੀ ਗੱਲ ਨਹੀਂ ਹੈ ਕਿ ਚੇਲਿਆਂ ਨੂੰ ਡਰ ਲੱਗਦਾ ਹੈ ਜਿਉਂ ਹੀ ਉਹ ਹੁਣ ਫਿਰ ਯਹੂਦਿਯਾ ਵਿਚ ਦਾਖ਼ਲ ਹੁੰਦੇ ਹਨ।

ਅੱਗੇ ਜੋ ਕੁਝ ਹੋਣ ਵਾਲਾ ਹੈ ਉਸ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ, ਯਿਸੂ ਉਨ੍ਹਾਂ 12 ਨੂੰ ਇਕ ਪਾਸੇ ਇੱਕਾਂਤ ਵਿਚ ਲੈ ਜਾ ਕੇ ਦੱਸਦਾ ਹੈ: “ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਓਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਪਰ ਉਹ ਤਿੰਨਾਂ ਦਿਨਾਂ ਪਿੱਛੋਂ ਫੇਰ ਜੀ ਉੱਠੇਗਾ।”

ਹਾਲ ਹੀ ਦੇ ਮਹੀਨਿਆਂ ਵਿਚ ਇਹ ਤੀਜੀ ਵਾਰੀ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਅਤੇ ਪੁਨਰ-ਉਥਾਨ ਬਾਰੇ ਦੱਸਿਆ ਹੈ। ਅਤੇ ਭਾਵੇਂ ਕਿ ਉਹ ਉਸ ਨੂੰ ਸੁਣਦੇ ਹਨ, ਉਹ ਸਮਝਣ ਵਿਚ ਅਸਫਲ ਹੋ ਜਾਂਦੇ ਹਨ। ਸ਼ਾਇਦ ਇਹ ਇਸ ਲਈ ਹੈ ਕਿਉਂਕਿ ਉਹ ਧਰਤੀ ਉੱਤੇ ਇਸਰਾਏਲ ਦੇ ਰਾਜ ਦੀ ਮੁੜ ਬਹਾਲੀ ਵਿਚ ਵਿਸ਼ਵਾਸ ਰੱਖਦੇ ਹਨ, ਅਤੇ ਉਹ ਮਸੀਹ ਦੇ ਨਾਲ ਇਕ ਪਾਰਥਿਵ ਰਾਜ ਵਿਚ ਮਹਿਮਾ ਅਤੇ ਸਨਮਾਨ ਦਾ ਆਨੰਦ ਮਾਣਨ ਲਈ ਉਤਸ਼ਾਹ ਨਾਲ ਉਡੀਕ ਕਰ ਰਹੇ ਹਨ।

ਪਸਾਹ ਲਈ ਜਾਣ ਵਾਲੇ ਯਾਤਰੀਆਂ ਵਿਚ ਯਾਕੂਬ ਅਤੇ ਯੂਹੰਨਾ ਦੀ ਮਾਤਾ, ਸਲੋਮੀ ਵੀ ਸ਼ਾਮਲ ਹੈ। ਯਿਸੂ ਨੇ ਇਨ੍ਹਾਂ ਆਦਮੀਆਂ ਨੂੰ “ਗਰਜਣ ਦੇ ਪੁੱਤ੍ਰ” ਸੱਦਿਆ ਹੈ, ਨਿਰਸੰਦੇਹ ਉਨ੍ਹਾਂ ਦੇ ਗਰਮ ਮਿਜ਼ਾਜ ਦੇ ਕਾਰਨ। ਕੁਝ ਸਮੇਂ ਤੋਂ ਇਨ੍ਹਾਂ ਦੋਹਾਂ ਨੇ ਮਸੀਹ ਦੇ ਰਾਜ ਵਿਚ ਉੱਘੇ ਹੋਣ ਦੀਆਂ ਇੱਛਾਵਾਂ ਨੂੰ ਆਪਣੇ ਮਨ ਵਿਚ ਰੱਖਿਆ ਹੈ, ਅਤੇ ਉਨ੍ਹਾਂ ਨੇ ਆਪਣੀਆਂ ਇੱਛਾਵਾਂ ਨੂੰ ਆਪਣੀ ਮਾਤਾ ਨੂੰ ਦੱਸਿਆ ਹੈ। ਉਹ ਹੁਣ ਉਨ੍ਹਾਂ ਦੇ ਨਿਮਿੱਤ ਯਿਸੂ ਕੋਲ ਆਉਂਦੀ ਹੈ, ਉਸ ਦੇ ਅੱਗੇ ਮੱਥਾ ਟੇਕਦੀ ਹੈ ਅਤੇ ਕਿਰਪਾ ਪਾਉਣ ਦੀ ਬੇਨਤੀ ਕਰਦੀ ਹੈ।

“ਤੂੰ ਕੀ ਚਾਹੁੰਦੀ ਹੈਂ?” ਯਿਸੂ ਪੁੱਛਦਾ ਹੈ।

ਉਹ ਜਵਾਬ ਦਿੰਦੀ ਹੈ: “ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਏਹ ਦੋਵੇਂ ਪੁੱਤ੍ਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ।”

ਬੇਨਤੀ ਦਾ ਸ੍ਰੋਤ ਜਾਣਦੇ ਹੋਏ, ਯਿਸੂ ਯਾਕੂਬ ਅਤੇ ਯੂਹੰਨਾ ਨੂੰ ਕਹਿੰਦਾ ਹੈ: “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ ਕੀ ਤੁਸੀਂ ਪੀ ਸੱਕਦੇ ਹੋ?”

“ਅਸੀਂ ਪੀ ਸੱਕਦੇ ਹਾਂ,” ਉਹ ਜਵਾਬ ਦਿੰਦੇ ਹਨ। ਭਾਵੇਂ ਕਿ ਯਿਸੂ ਨੇ ਉਨ੍ਹਾਂ ਨੂੰ ਹੁਣੇ ਹੀ ਦੱਸਿਆ ਹੈ ਕਿ ਉਹ ਭਿਆਨਕ ਸਤਾਹਟ ਅਤੇ ਅੰਤ ਵਿਚ ਮੌਤ ਦਾ ਸਾਮ੍ਹਣਾ ਕਰਨ ਵਾਲਾ ਹੈ, ਉਹ ਸਪੱਸ਼ਟ ਤੌਰ ਤੇ ਨਹੀਂ ਸਮਝਦੇ ਹਨ ਕਿ ਉਸ ਦਾ ਇਹੋ ਹੀ ਮਤਲਬ ਹੈ ਜਦੋਂ ਉਹ ‘ਪਿਆਲੇ’ ਦਾ ਜ਼ਿਕਰ ਕਰਦਾ ਹੈ, ਜਿਹੜਾ ਉਹ ਪੀਣ ਵਾਲਾ ਹੈ।

ਫਿਰ ਵੀ, ਯਿਸੂ ਉਨ੍ਹਾਂ ਨੂੰ ਦੱਸਦਾ ਹੈ: “ਤੁਸੀਂ ਤਾਂ ਮੇਰਾ ਪਿਆਲਾ ਜਰੂਰ ਪੀਓਗੇ ਪਰ ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ।”

ਇੰਨੇ ਨੂੰ ਬਾਕੀ ਦੇ ਦਸ ਰਸੂਲ ਜਾਣ ਜਾਂਦੇ ਹਨ ਕਿ ਯਾਕੂਬ ਅਤੇ ਯੂਹੰਨਾ ਨੇ ਕੀ ਬੇਨਤੀ ਕੀਤੀ ਹੈ, ਅਤੇ ਉਹ ਗੁੱਸੇ ਹੁੰਦੇ ਹਨ। ਸਭ ਤੋਂ ਵੱਡਾ ਕੌਣ ਹੈ ਬਾਰੇ ਰਸੂਲਾਂ ਦਰਮਿਆਨ ਪਹਿਲਾਂ ਹੋਈ ਬਹਿਸ ਵਿਚ ਸ਼ਾਇਦ ਯਾਕੂਬ ਅਤੇ ਯੂਹੰਨਾ ਹੀ ਮੋਢੀ ਸਨ। ਉਨ੍ਹਾਂ ਦੀ ਮੌਜੂਦਾ ਬੇਨਤੀ ਪ੍ਰਗਟ ਕਰਦੀ ਹੈ ਕਿ ਉਨ੍ਹਾਂ ਨੇ ਇਸ ਵਿਸ਼ੇ ਉੱਤੇ ਦਿੱਤੀ ਗਈ ਯਿਸੂ ਦੀ ਸਲਾਹ ਨੂੰ ਲਾਗੂ ਨਹੀਂ ਕੀਤਾ ਹੈ। ਦੁੱਖ ਦੀ ਗੱਲ ਹੈ ਕਿ ਉੱਘੇ ਹੋਣ ਦੀ ਉਨ੍ਹਾਂ ਦੀ ਇੱਛਾ ਅਜੇ ਵੀ ਦ੍ਰਿੜ੍ਹ ਹੈ।

ਇਸ ਲਈ ਇਸ ਨਵੇਂ ਵਿਵਾਦ ਅਤੇ ਇਸ ਨਾਲ ਉਤਪੰਨ ਹੋਈ ਬੁਰੀ ਭਾਵਨਾ ਨਾਲ ਨਿਪਟਣ ਲਈ, ਯਿਸੂ 12 ਚੇਲਿਆਂ ਨੂੰ ਇਕੱਠੇ ਬੁਲਾਉਂਦਾ ਹੈ। ਉਨ੍ਹਾਂ ਨੂੰ ਪਿਆਰ ਭਰੇ ਢੰਗ ਨਾਲ ਸਲਾਹ ਦਿੰਦੇ ਹੋਏ, ਉਹ ਕਹਿੰਦਾ ਹੈ: “ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।”

ਯਿਸੂ ਨੇ ਉਨ੍ਹਾਂ ਲਈ ਇਕ ਉਦਾਹਰਣ ਕਾਇਮ ਕੀਤਾ ਹੈ, ਜਿਹੜਾ ਉਨ੍ਹਾਂ ਨੂੰ ਅਨੁਕਰਣ ਕਰਨਾ ਚਾਹੀਦਾ ਹੈ, ਜਿਵੇਂ ਕਿ ਉਹ ਸਮਝਾਉਂਦਾ ਹੈ: “ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” ਯਿਸੂ ਨੇ ਨਾ ਸਿਰਫ਼ ਦੂਜਿਆਂ ਦੀ ਟਹਿਲ ਕੀਤੀ ਹੈ ਬਲਕਿ ਮਨੁੱਖਜਾਤੀ ਲਈ ਆਪਣੀ ਜਾਨ ਦੇਣ ਤਕ ਵੀ ਟਹਿਲ ਕਰੇਗਾ! ਚੇਲਿਆਂ ਨੂੰ ਉਹੋ ਮਸੀਹ-ਸਮਾਨ ਮਿਜ਼ਾਜ ਦੀ ਲੋੜ ਹੈ, ਜੋ ਸੇਵਾ ਕਰਵਾਉਣ ਦੀ ਬਜਾਇ ਸੇਵਾ ਕਰਨ ਅਤੇ ਉੱਚੀ ਪਦਵੀ ਰੱਖਣ ਦੀ ਬਜਾਇ ਦੂਸਰਿਆਂ ਤੋਂ ਛੋਟੇ ਹੋਣ ਦੀ ਇੱਛਾ ਕਰੇ। ਮੱਤੀ 20:​17-28; ਮਰਕੁਸ 3:17; ­9:33-37; 10:​32-45; ਲੂਕਾ 18:​31-34; ਯੂਹੰਨਾ 11:⁠16.

▪ ਚੇਲਿਆਂ ਨੂੰ ਹੁਣ ਕਿਉਂ ਡਰ ਲੱਗਦਾ ਹੈ?

▪ ਅੱਗੇ ਜੋ ਹੋਣ ਵਾਲਾ ਹੈ, ਉਸ ਲਈ ਯਿਸੂ ਆਪਣੇ ਚੇਲਿਆਂ ਨੂੰ ਕਿਸ ਤਰ੍ਹਾਂ ਤਿਆਰ ਕਰਦਾ ਹੈ?

▪ ਯਿਸੂ ਨੂੰ ਕਿਹੜੀ ਬੇਨਤੀ ਕੀਤੀ ਜਾਂਦੀ ਹੈ, ਅਤੇ ਦੂਜੇ ਰਸੂਲ ਇਸ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ?

▪ ਯਿਸੂ ਆਪਣੇ ਰਸੂਲਾਂ ਦੇ ਦਰਮਿਆਨ ਸਮੱਸਿਆ ਨਾਲ ਕਿਸ ਤਰ੍ਹਾਂ ਨਿਪਟਦਾ ਹੈ?