Skip to content

Skip to table of contents

ਜਦੋਂ ਲਾਜ਼ਰ ਪੁਨਰ-ਉਥਿਤ ਕੀਤਾ ਜਾਂਦਾ ਹੈ

ਜਦੋਂ ਲਾਜ਼ਰ ਪੁਨਰ-ਉਥਿਤ ਕੀਤਾ ਜਾਂਦਾ ਹੈ

ਅਧਿਆਇ 91

ਜਦੋਂ ਲਾਜ਼ਰ ਪੁਨਰ-ਉਥਿਤ ਕੀਤਾ ਜਾਂਦਾ ਹੈ

ਯਿਸੂ ਆਪਣੇ ਨਾਲ ਆਉਣ ਵਾਲੇ ਲੋਕਾਂ ਸਮੇਤ ਹੁਣ ਲਾਜ਼ਰ ਦੀ ਸਮਾਰਕ ਕਬਰ ਵਿਖੇ ਪਹੁੰਚਦਾ ਹੈ। ਅਸਲ ਵਿਚ, ਇਹ ਇਕ ਗੁਫ਼ਾ ਹੈ ਜਿਸ ਦੇ ਦਰਵਾਜ਼ੇ ਤੇ ਇਕ ਪੱਥਰ ਰੱਖਿਆ ਹੋਇਆ ਹੈ। “ਇਸ ਪੱਥਰ ਨੂੰ ਹਟਾ ਦਿਓ,” ਯਿਸੂ ਕਹਿੰਦਾ ਹੈ।

ਮਾਰਥਾ ਇਤਰਾਜ਼ ਕਰਦੀ ਹੈ, ਅਜੇ ਵੀ ਨਾ ਸਮਝਦੀ ਹੋਈ ਕਿ ਯਿਸੂ ਕੀ ਕਰਨ ਦਾ ਇਰਾਦਾ ਰੱਖਦਾ ਹੈ। “ਪ੍ਰਭੁ ਜੀ,” ਉਹ ਕਹਿੰਦੀ ਹੈ, “ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ।”

ਪਰੰਤੂ ਯਿਸੂ ਪੁੱਛਦਾ ਹੈ: “ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ?”

ਇਸ ਲਈ ਪੱਥਰ ਹਟਾ ਦਿੱਤਾ ਜਾਂਦਾ ਹੈ। ਫਿਰ ਯਿਸੂ ਆਪਣੀਆਂ ਅੱਖਾਂ ਉਤਾਹਾਂ ਚੁੱਕ ਕੇ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ। ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ।” ਯਿਸੂ ਖੁਲ੍ਹੇਆਮ ਪ੍ਰਾਰਥਨਾ ਕਰਦਾ ਹੈ ਤਾਂਕਿ ਲੋਕੀ ਜਾਣਨਗੇ ਕਿ ਜੋ ਕੁਝ ਉਹ ਕਰਨ ਲੱਗਾ ਹੈ ਉਹ ਪਰਮੇਸ਼ੁਰ ਤੋਂ ਪ੍ਰਾਪਤ ਸ਼ਕਤੀ ਦੁਆਰਾ ਕੀਤਾ ਜਾਵੇਗਾ। ਫਿਰ ਉਹ ਉੱਚੀ ਆਵਾਜ਼ ਵਿਚ ਪੁਕਾਰਦਾ ਹੈ: “ਲਾਜ਼ਰ, ਬਾਹਰ ਆ!”

ਇਸ ਤੇ, ਲਾਜ਼ਰ ਬਾਹਰ ਆ ਜਾਂਦਾ ਹੈ। ਉਸ ਦੇ ਹੱਥ ਅਤੇ ਪੈਰ ਅਜੇ ਵੀ ਕਫ਼ਨ ਵਿਚ ਲਪੇਟੇ ਹੋਏ ਹਨ, ਅਤੇ ਉਸ ਦਾ ਚਿਹਰਾ ਇਕ ਕੱਪੜੇ ਨਾਲ ਢੱਕਿਆ ਹੋਇਆ ਹੈ। “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ,” ਯਿਸੂ ਕਹਿੰਦਾ ਹੈ।

ਚਮਤਕਾਰ ਨੂੰ ਦੇਖ ਕੇ, ਮਰਿਯਮ ਅਤੇ ਮਾਰਥਾ ਨੂੰ ਦਿਲਾਸਾ ਦੇਣ ਲਈ ਆਏ ਹੋਏ ਯਹੂਦੀਆਂ ਵਿੱਚੋਂ ਬਹੁਤੇਰੇ ਲੋਕ ਯਿਸੂ ਉੱਤੇ ਨਿਹਚਾ ਰੱਖਦੇ ਹਨ। ਪਰੰਤੂ, ਬਾਕੀ ਜਾ ਕੇ ਫ਼ਰੀਸੀਆਂ ਨੂੰ ਦੱਸਦੇ ਹਨ ਕਿ ਕੀ ਵਾਪਰਿਆ ਹੈ। ਉਹ ਅਤੇ ਮੁੱਖ ਜਾਜਕ ਤੁਰੰਤ ਯਹੂਦੀ ਉੱਚ ਅਦਾਲਤ, ਅਰਥਾਤ ਮਹਾਸਭਾ ਦੀ ਇਕ ਸਭਾ ਲਈ ਪ੍ਰਬੰਧ ਕਰਦੇ ਹਨ।

ਮਹਾਸਭਾ ਵਿਚ ਮੌਜੂਦਾ ਪਰਧਾਨ ਜਾਜਕ, ਕਯਾਫ਼ਾ, ਅਤੇ ਨਾਲ ਹੀ ਫ਼ਰੀਸੀ ਅਤੇ ਸਦੂਕੀ, ਮੁੱਖ ਜਾਜਕ, ਅਤੇ ਸਾਬਕਾ ਪਰਧਾਨ ਜਾਜਕ ਸ਼ਾਮਲ ਹੁੰਦੇ ਹਨ। ਇਹ ਵਿਰਲਾਪ ਕਰਦੇ ਹਨ: “ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।”

ਭਾਵੇਂ ਕਿ ਧਾਰਮਿਕ ਆਗੂ ਮੰਨਦੇ ਹਨ ਕਿ ਯਿਸੂ “ਬਹੁਤ ਨਿਸ਼ਾਨ ਵਿਖਾਉਂਦਾ ਹੈ,” ਉਹ ਕੇਵਲ ਇੱਕੋ ਹੀ ਗੱਲ ਬਾਰੇ ਚਿੰਤਿਤ ਹਨ, ਅਰਥਾਤ ਉਨ੍ਹਾਂ ਦੀ ਆਪਣੀ ਪਦਵੀ ਅਤੇ ਅਧਿਕਾਰ। ਲਾਜ਼ਰ ਦੇ ਜੀ ਉਠਾਏ ਜਾਣ ਤੋਂ ਖ਼ਾਸ ਕਰ ਕੇ ਸਦੂਕੀਆਂ ਨੂੰ ਸ਼ਕਤੀਸ਼ਾਲੀ ਧੱਕਾ ਲੱਗਦਾ ਹੈ, ਕਿਉਂਕਿ ਉਹ ਪੁਨਰ-ਉਥਾਨ ਵਿਚ ਵਿਸ਼ਵਾਸ ਨਹੀਂ ਕਰਦੇ ਹਨ।

ਕਯਾਫ਼ਾ, ਜੋ ਸ਼ਾਇਦ ਇਕ ਸਦੂਕੀ ਹੈ, ਹੁਣ ਇਹ ਕਹਿੰਦੇ ਹੋਏ ਬੋਲ ਉਠਦਾ ਹੈ: “ਤੁਸੀਂ ਕੁਝ ਨਹੀਂ ਜਾਣਦੇ। ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।”

ਪਰਮੇਸ਼ੁਰ ਨੇ ਕਯਾਫ਼ਾ ਨੂੰ ਇਹ ਕਹਿਣ ਲਈ ਪ੍ਰਭਾਵਿਤ ਕੀਤਾ, ਕਿਉਂਕਿ ਰਸੂਲ ਯੂਹੰਨਾ ਨੇ ਬਾਅਦ ਵਿਚ ਲਿਖਿਆ: “ਪਰ ਇਹ [ਕਯਾਫ਼ਾ] ਨੇ ਆਪਣੀ ਵੱਲੋਂ ਨਹੀਂ ਕਿਹਾ।” ਅਸਲ ਵਿਚ ਕਯਾਫ਼ਾ ਦਾ ਕਹਿਣ ਦਾ ਇਹ ਮਤਲਬ ਸੀ ਕਿ ਆਪਣੇ ਅਧਿਕਾਰ ਅਤੇ ਪ੍ਰਭਾਵ ਦੀਆਂ ਪਦਵੀਆਂ ਨੂੰ ਹੋਰ ਕਮਜ਼ੋਰ ਹੋਣ ਤੋਂ ਰੋਕਣ ਦੇ ਲਈ ਯਿਸੂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਫਿਰ ਵੀ, ਯੂਹੰਨਾ ਦੇ ਅਨੁਸਾਰ, ‘ਕਯਾਫ਼ਾ ਨੇ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਨਿਰਾ ਉਸੇ ਕੌਮ ਦੇ ਬਦਲੇ ਮਰਨ ਨੂੰ ਨਹੀਂ ਸੀ, ਸਗੋਂ ਇਸ ਲਈ ਜੋ ਪਰਮੇਸ਼ੁਰ ਦੇ ਬਾਲਕ ਇਕੱਠੇ ਕੀਤੇ ਜਾਣ।’ ਅਤੇ, ਦਰਅਸਲ, ਇਹ ਪਰਮੇਸ਼ੁਰ ਦਾ ਮਕਸਦ ਹੈ ਕਿ ਉਸ ਦਾ ਪੁੱਤਰ ਸਾਰਿਆਂ ਲਈ ਇਕ ਰਿਹਾਈ-ਕੀਮਤ ਦੇ ਤੌਰ ਤੇ ਮਰੇ।

ਕਯਾਫ਼ਾ ਹੁਣ ਯਿਸੂ ਨੂੰ ਮਾਰਨ ਲਈ ਯੋਜਨਾ ਬਣਾਉਣ ਦੇ ਵਾਸਤੇ ਮਹਾਸਭਾ ਉੱਤੇ ਪ੍ਰਭਾਵ ਪਾਉਣ ਵਿਚ ਸਫਲ ਹੋ ਜਾਂਦਾ ਹੈ। ਪਰੰਤੂ ਯਿਸੂ, ਸੰਭਵ ਤੌਰ ਤੇ ਨਿਕੁਦੇਮੁਸ ਜੋ ਮਹਾਸਭਾ ਦਾ ਇਕ ਸਦੱਸ ਹੈ ਅਤੇ ਉਸ ਨਾਲ ਮਿੱਤਰਤਾ ਰੱਖਦਾ ਹੈ, ਦੇ ਦੁਆਰਾ ਇਨ੍ਹਾਂ ਯੋਜਨਾਵਾਂ ਬਾਰੇ ਜਾਣ ਜਾਂਦਾ ਹੈ ਅਤੇ ਉੱਥੋਂ ਚੱਲੇ ਜਾਂਦਾ ਹੈ। ਯੂਹੰਨਾ 11:​38-54.

▪ ਲਾਜ਼ਰ ਨੂੰ ਪੁਨਰ-ਉਥਿਤ ਕਰਨ ਤੋਂ ਪਹਿਲਾਂ ਯਿਸੂ ਖੁਲ੍ਹੇਆਮ ਕਿਉਂ ਪ੍ਰਾਰਥਨਾ ਕਰਦਾ ਹੈ?

▪ ਇਸ ਪੁਨਰ-ਉਥਾਨ ਨੂੰ ਦੇਖਣ ਵਾਲੇ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਂਦੇ ਹਨ?

▪ ਮਹਾਸਭਾ ਦੇ ਸਦੱਸਾਂ ਦੀ ਦੁਸ਼ਟਤਾ ਨੂੰ ਕਿਹੜੀ ਚੀਜ਼ ਜ਼ਾਹਰ ਕਰਦੀ ਹੈ?

▪ ਕਯਾਫ਼ਾ ਦਾ ਕੀ ਇਰਾਦਾ ਸੀ, ਪਰੰਤੂ ਪਰਮੇਸ਼ੁਰ ਨੇ ਉਸ ਨੂੰ ਕੀ ਭਵਿੱਖਬਾਣੀ ਕਰਨ ਲਈ ਇਸਤੇਮਾਲ ਕੀਤਾ?