Skip to content

Skip to table of contents

ਜੈਰੁਸ ਦੇ ਘਰ ਨੂੰ ਛੱਡ ਕੇ ਨਾਸਰਤ ਨੂੰ ਦੁਬਾਰਾ ਯਾਤਰਾ ਕਰਨਾ

ਜੈਰੁਸ ਦੇ ਘਰ ਨੂੰ ਛੱਡ ਕੇ ਨਾਸਰਤ ਨੂੰ ਦੁਬਾਰਾ ਯਾਤਰਾ ਕਰਨਾ

ਅਧਿਆਇ 48

ਜੈਰੁਸ ਦੇ ਘਰ ਨੂੰ ਛੱਡ ਕੇ ਨਾਸਰਤ ਨੂੰ ਦੁਬਾਰਾ ਯਾਤਰਾ ਕਰਨਾ

ਇਹ ਦਿਨ ਯਿਸੂ ਲਈ ਬਹੁਤ ਵਿਅਸਤ ਰਿਹਾ ਹੈ​—⁠ਦਿਕਾਪੁਲਿਸ ਤੋਂ ਸਮੁੰਦਰੀ ਸਫਰ, ਲਹੂ ਦੇ ਪ੍ਰਵਾਹ ਤੋਂ ਪੀੜਿਤ ਔਰਤ ਨੂੰ ਚੰਗਾ ਕਰਨਾ, ਅਤੇ ਜੈਰੁਸ ਦੀ ਧੀ ਨੂੰ ਪੁਨਰ-ਉਥਿਤ ਕਰਨਾ। ਪਰੰਤੂ ਦਿਨ ਅਜੇ ਮੁੱਕਿਆ ਨਹੀਂ ਹੈ। ਸਪੱਸ਼ਟ ਹੈ ਕਿ ਜਿਉਂ ਹੀ ਯਿਸੂ ਜੈਰੁਸ ਦੇ ਘਰ ਤੋਂ ਨਿਕਲਦਾ ਹੈ, ਦੋ ਅੰਨ੍ਹੇ ਆਦਮੀ ਇਹ ਚਿਲਾਉਂਦੇ ਹੋਏ ਪਿੱਛੇ ਆਉਂਦੇ ਹਨ: “ਹੇ ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!”

ਯਿਸੂ ਨੂੰ ‘ਦਾਊਦ ਦਾ ਪੁੱਤ੍ਰ’ ਸੰਬੋਧਨ ਕਰਨ ਦੇ ਦੁਆਰਾ ਇਹ ਆਦਮੀ ਫਲਸਰੂਪ ਵਿਸ਼ਵਾਸ ਪ੍ਰਗਟ ਕਰ ਰਹੇ ਹਨ ਕਿ ਯਿਸੂ ਹੀ ਦਾਊਦ ਦੇ ਸਿੰਘਾਸਣ ਦਾ ਵਾਰਸ ਹੈ, ਅਤੇ ਇਸ ਲਈ ਉਹ ਵਾਅਦਾ ਕੀਤਾ ਹੋਇਆ ਮਸੀਹਾ ਹੈ। ਪਰ, ਯਿਸੂ ਮਦਦ ਲਈ ਉਨ੍ਹਾਂ ਦੀ ਚਿੱਲਾਹਟ ਨੂੰ ਨਜ਼ਰਅੰਦਾਜ਼ ਕਰਦਾ ਜਾਪਦਾ ਹੈ, ਸ਼ਾਇਦ ਉਨ੍ਹਾਂ ਦੀ ਦ੍ਰਿੜ੍ਹਤਾ ਨੂੰ ਪਰਖਣ ਲਈ। ਪਰੰਤੂ ਇਹ ਆਦਮੀ ਹੌਸਲਾ ਨਹੀਂ ਹਾਰਦੇ। ਉਹ ਯਿਸੂ ਦੇ ਮਗਰ-ਮਗਰ ਉੱਥੇ ਚਲੇ ਜਾਂਦੇ ਹਨ ਜਿੱਥੇ ਉਹ ਰਹਿ ਰਿਹਾ ਹੈ, ਅਤੇ ਜਦੋਂ ਉਹ ਅੰਦਰ ਦਾਖ਼ਲ ਹੁੰਦਾ ਹੈ, ਤਾਂ ਉਹ ਵੀ ਉਸ ਦੇ ਮਗਰ ਅੰਦਰ ਚਲੇ ਜਾਂਦੇ ਹਨ।

ਉੱਥੇ ਯਿਸੂ ਪੁੱਛਦਾ ਹੈ: “ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ?”

“ਹਾਂ, ਪ੍ਰਭੁ ਜੀ,” ਉਹ ਭਰੋਸੇ ਨਾਲ ਜਵਾਬ ਦਿੰਦੇ ਹਨ।

ਇਸ ਲਈ, ਉਨ੍ਹਾਂ ਦੀਆਂ ਅੱਖਾਂ ਨੂੰ ਛੋਂਹਦੇ ਹੋਏ ਯਿਸੂ ਕਹਿੰਦਾ ਹੈ: “ਜਿਹੀ ਤੁਹਾਡੀ ਨਿਹਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ।” ਅਚਾਨਕ ਉਹ ਦੇਖ ਸਕਦੇ ਹਨ! ਫਿਰ ਯਿਸੂ ਉਨ੍ਹਾਂ ਨੂੰ ਸਖ਼ਤੀ ਨਾਲ ਹੁਕਮ ਦਿੰਦਾ ਹੈ: “ਖ਼ਬਰਦਾਰ, ਕੋਈ ਨਾ ਜਾਣੇ!” ਪਰੰਤੂ ਖ਼ੁਸ਼ੀ ਦੇ ਮਾਰੇ, ਉਹ ਯਿਸੂ ਦੇ ਹੁਕਮ ਨੂੰ ਨਜ਼ਰਅੰਦਾਜ਼ ਕਰ ਕੇ ਸਾਰੇ ਪੇਂਡੂ ਇਲਾਕੇ ਵਿਚ ਉਸ ਦੇ ਬਾਰੇ ਗੱਲਾਂ ਕਰਦੇ ਹਨ।

ਜਿਉਂ ਹੀ ਇਹ ਆਦਮੀ ਚੱਲੇ ਜਾਂਦੇ ਹਨ, ਲੋਕੀ ਇਕ ਪਿਸ਼ਾਚਗ੍ਰਸਤ ਆਦਮੀ ਨੂੰ ਅੰਦਰ ਲਿਆਉਂਦੇ ਹਨ ਜਿਸ ਦੀ ਬੋਲਣ ਸ਼ਕਤੀ ਪਿਸ਼ਾਚ ਨੇ ਖੋਹ ਲਈ ਹੈ। ਯਿਸੂ ਪਿਸ਼ਾਚ ਨੂੰ ਕੱਢਦਾ ਹੈ, ਅਤੇ ਤੁਰੰਤ ਹੀ ਉਹ ਆਦਮੀ ਬੋਲਣਾ ਸ਼ੁਰੂ ਕਰ ਦਿੰਦਾ ਹੈ। ਭੀੜ ਇਨ੍ਹਾਂ ਚਮਤਕਾਰਾਂ ਉੱਤੇ ਅਚੰਭਾ ਕਰਦੀ ਹੋਈ ਕਹਿੰਦੀ ਹੈ: “ਇਸਰਾਏਲ ਵਿੱਚ ਇਸ ਪਰਕਾਰ ਕਦੀ ਨਹੀਂ ਵੇਖਿਆ।”

ਫ਼ਰੀਸੀ ਵੀ ਹਾਜ਼ਰ ਹਨ। ਉਹ ਚਮਤਕਾਰਾਂ ਨੂੰ ਇਨਕਾਰ ਨਹੀਂ ਕਰ ਸਕਦੇ ਹਨ, ਪਰੰਤੂ ਉਹ ਆਪਣੇ ਦੁਸ਼ਟ ਅਵਿਸ਼ਵਾਸ ਵਿਚ ਯਿਸੂ ਦੇ ਸ਼ਕਤੀਸ਼ਾਲੀ ਕੰਮਾਂ ਦੇ ਸ੍ਰੋਤ ਦੇ ਪ੍ਰਤੀ ਇਹ ਕਹਿੰਦੇ ਹੋਏ, ਆਪਣੇ ਇਲਜ਼ਾਮ ਨੂੰ ਦੁਹਰਾਉਂਦੇ ਹਨ: “ਉਹ ਤਾਂ ਭੂਤਾਂ [“ਪਿਸ਼ਾਚਾਂ,” ਨਿ ਵ] ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਹੈ।”

ਇਨ੍ਹਾਂ ਘਟਨਾਵਾਂ ਤੋਂ ਥੋੜ੍ਹੀ ਦੇਰ ਬਾਅਦ, ਯਿਸੂ ਆਪਣੇ ਜੱਦੀ ਨਗਰ ਨਾਸਰਤ ਨੂੰ ਮੁੜਦਾ ਹੈ, ਇਸ ਵਾਰੀ ਉਸ ਦੇ ਚੇਲੇ ਵੀ ਉਸ ਦੇ ਨਾਲ ਹਨ। ਲਗਭਗ ਇਕ ਵਰ੍ਹੇ ਪਹਿਲਾਂ, ਉਸ ਨੇ ਯਹੂਦੀ ਸਭਾ-ਘਰ ਵਿਚ ਜਾ ਕੇ ਉੱਥੇ ਸਿੱਖਿਆ ਦਿੱਤੀ ਸੀ। ਭਾਵੇਂ ਕਿ ਲੋਕਾਂ ਨੇ ਪਹਿਲਾਂ ਉਸ ਦੇ ਆਨੰਦਦਾਇਕ ਸ਼ਬਦਾਂ ਉੱਤੇ ਬਹੁਤ ਅਚੰਭਾ ਕੀਤਾ, ਉਨ੍ਹਾਂ ਨੇ ਬਾਅਦ ਵਿਚ ਉਸ ਦੀ ਸਿੱਖਿਆ ਤੋਂ ਬੁਰਾ ਮਨ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ, ਦਇਆਪੂਰਵਕ ਰੀਤੀ ਨਾਲ, ਯਿਸੂ ਆਪਣੇ ਸਾਬਕਾ ਗੁਆਂਢੀਆਂ ਦੀ ਮਦਦ ਕਰਨ ਲਈ ਇਕ ਵਾਰ ਫਿਰ ਕੋਸ਼ਿਸ਼ ਕਰਦਾ ਹੈ।

ਜਦੋਂ ਕਿ ਬਾਕੀ ਥਾਵਾਂ ਵਿਚ ਲੋਕੀ ਯਿਸੂ ਕੋਲ ਝੁੰਡਾਂ ਦੇ ਝੁੰਡ ਵਿਚ ਆਉਂਦੇ ਹਨ, ਸਪੱਸ਼ਟ ਤੌਰ ਤੇ ਉਹ ਇੱਥੇ ਇਸ ਤਰ੍ਹਾਂ ਨਹੀਂ ਕਰਦੇ ਹਨ। ਇਸ ਲਈ, ਸਬਤ ਦੇ ਦਿਨ ਤੇ, ਉਹ ਯਹੂਦੀ ਸਭਾ-ਘਰ ਵਿਚ ਸਿਖਾਉਣ ਲਈ ਜਾਂਦਾ ਹੈ। ਉਸ ਦੇ ਜ਼ਿਆਦਾਤਰ ਸੁਣਨ ਵਾਲੇ ਹੈਰਾਨ ਹੁੰਦੇ ਹਨ। “ਇਸ ਮਨੁੱਖ ਨੂੰ ਇਹ ਗਿਆਨ ਅਰ ਏਹ ਕਰਾਮਾਤਾਂ ਕਿੱਥੋਂ ਮਿਲੀਆਂ?” ਉਹ ਪੁੱਛਦੇ ਹਨ। “ਭਲਾ, ਇਹ ਤਰਖਾਣ ਦਾ ਪੁੱਤ੍ਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਾਈ ਯਾਕੂਬ ਅਰ ਯੂਸੁਫ਼ ਅਰ ਸ਼ਮਊਨ ਅਰ ਯਹੂਦਾ ਨਹੀਂ ਹਨ? ਅਤੇ ਉਹਦੀਆਂ ਸੱਭੇ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?”

‘ਯਿਸੂ ਸਾਡੇ ਵਾਂਗ ਹੀ ਇਕ ਸਥਾਨਕ ਆਦਮੀ ਹੈ,’ ਉਹ ਤਰਕ ਕਰਦੇ ਹਨ। ‘ਅਸੀਂ ਉਸ ਨੂੰ ਵੱਡੇ ਹੁੰਦੇ ਦੇਖਿਆ, ਅਤੇ ਅਸੀਂ ਉਸ ਦੇ ਪਰਿਵਾਰ ਨੂੰ ਜਾਣਦੇ ਹਾਂ। ਉਹ ਕਿਵੇਂ ਮਸੀਹਾ ਹੋ ਸਕਦਾ ਹੈ?’ ਸੋ ਸਾਰੇ ਸਬੂਤ​—⁠ਉਸ ਦੀ ਵੱਡੀ ਬੁੱਧ ਅਤੇ ਉਸ ਦੇ ਚਮਤਕਾਰ​—⁠ਦੇ ਬਾਵਜੂਦ ਉਹ ਉਸ ਨੂੰ ਰੱਦ ਕਰ ਦਿੰਦੇ ਹਨ। ਉਨ੍ਹਾਂ ਦੀ ਨਜ਼ਦੀਕੀ ਜਾਣ-ਪਛਾਣ ਦੇ ਕਾਰਨ, ਉਸ ਦੇ ਆਪਣੇ ਰਿਸ਼ਤੇਦਾਰਾਂ ਨੇ ਵੀ ਉਸ ਤੋਂ ਠੋਕਰ ਖਾਧੀ, ਜਿਸ ਵਜੋਂ ਯਿਸੂ ਇਹ ਸਮਾਪਤੀ ਕਰਦਾ ਹੈ: “ਨਬੀ ਦਾ ਆਪਣੇ ਦੇਸ ਅਤੇ ਆਪਣੇ ਅੰਗ ਸਾਕ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ।”

ਸੱਚ-ਮੁੱਚ, ਯਿਸੂ ਉਨ੍ਹਾਂ ਦੀ ਨਿਹਚਾ ਦੀ ਘਾਟ ਉੱਤੇ ਅਚੰਭਾ ਕਰਦਾ ਹੈ। ਇਸ ਲਈ ਕੁਝ ਬੀਮਾਰ ਲੋਕਾਂ ਉੱਤੇ ਆਪਣਾ ਹੱਥ ਰੱਖਣ ਅਤੇ ਉਨ੍ਹਾਂ ਨੂੰ ਚੰਗਾ ਕਰਨ ਤੋਂ ਇਲਾਵਾ ਉਹ ਉੱਥੇ ਹੋਰ ਕੋਈ ਚਮਤਕਾਰ ਨਹੀਂ ਕਰਦਾ ਹੈ। ਮੱਤੀ 9:​27-34; 13:​54-58; ਮਰਕੁਸ 6:​1-6; ਯਸਾਯਾਹ 9:⁠7.

▪ ਯਿਸੂ ਨੂੰ ‘ਦਾਊਦ ਦਾ ਪੁੱਤ੍ਰ’ ਸੰਬੋਧਨ ਕਰਨ ਦੇ ਦੁਆਰਾ, ਅੰਨ੍ਹੇ ਆਦਮੀ ਆਪਣੇ ਵਿਸ਼ਵਾਸ ਦੇ ਸੰਬੰਧ ਵਿਚ ਕੀ ਦਿਖਾਉਂਦੇ ਹਨ?

▪ ਫ਼ਰੀਸੀਆਂ ਨੇ ਯਿਸੂ ਦੇ ਚਮਤਕਾਰਾਂ ਦਾ ਕਿਹੜਾ ਸਪਸ਼ਟੀਕਰਣ ਅਪਣਾਇਆ ਹੈ?

▪ ਯਿਸੂ ਲਈ ਨਾਸਰਤ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਮੁੜਨਾ ਦਇਆਪੂਰਵਕ ਕਿਉਂ ਹੈ?

▪ ਨਾਸਰਤ ਵਿਚ ਯਿਸੂ ਨੂੰ ਕੀ ਸੁਆਗਤ ਮਿਲਦਾ ਹੈ, ਅਤੇ ਕਿਉਂ?