Skip to content

Skip to table of contents

ਤਿਆਰ ਰਹੋ!

ਤਿਆਰ ਰਹੋ!

ਅਧਿਆਇ 78

ਤਿਆਰ ਰਹੋ!

ਭੀੜ ਨੂੰ ਲੋਭ ਬਾਰੇ ਚੇਤਾਵਨੀ ਦੇਣ, ਅਤੇ ਆਪਣੇ ਚੇਲਿਆਂ ਨੂੰ ਭੌਤਿਕ ਚੀਜ਼ਾਂ ਵੱਲ ਅਨੁਚਿਤ ਧਿਆਨ ਦੇਣ ਬਾਰੇ ਚੌਕਸ ਕਰਨ ਤੋਂ ਬਾਅਦ, ਯਿਸੂ ਹੌਸਲਾ ਦਿੰਦਾ ਹੈ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” ਇਸ ਤਰ੍ਹਾਂ ਉਹ ਪ੍ਰਗਟ ਕਰਦਾ ਹੈ ਕਿ ਕੇਵਲ ਇਕ ਤੁਲਨਾਤਮਕ ਤੌਰ ਤੇ ਛੋਟੀ ਗਿਣਤੀ (ਬਾਅਦ ਵਿਚ 1,44,000 ਪਛਾਣੀ ਗਈ) ਹੀ ਸਵਰਗੀ ਰਾਜ ਵਿਚ ਹੋਵੇਗੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਿਹੜੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ, ਰਾਜ ਦੀ ਪਾਰਥਿਵ ਪਰਜਾ ਹੋਣਗੇ।

“ਰਾਜ,” ਕਿੰਨਾ ਹੀ ਅਦਭੁਤ ਤੋਹਫ਼ਾ! ਇਸ ਨੂੰ ਪ੍ਰਾਪਤ ਕਰਨ ਤੇ ਚੇਲਿਆਂ ਦੀ ਜੋ ਉਚਿਤ ਪ੍ਰਤਿਕ੍ਰਿਆ ਹੋਣੀ ਚਾਹੀਦੀ ਹੈ, ਉਸ ਨੂੰ ਵਰਣਨ ਕਰਦੇ ਹੋਏ, ਯਿਸੂ ਉਨ੍ਹਾਂ ਨੂੰ ਉਤੇਜਿਤ ਕਰਦਾ ਹੈ: “ਆਪਣਾ ਮਾਲ ਵੇਚ ਕੇ ਦਾਨ ਕਰੋ।” ਜੀ ਹਾਂ, ਦੂਸਰਿਆਂ ਨੂੰ ਅਧਿਆਤਮਿਕ ਤੌਰ ਤੇ ਲਾਭ ਪਹੁੰਚਾਉਣ ਦੇ ਲਈ ਉਨ੍ਹਾਂ ਨੂੰ ਆਪਣੇ ਮਾਲ-ਮਤਾ ਇਸਤੇਮਾਲ ਕਰਨੇ ਚਾਹੀਦੇ ਹਨ ਅਤੇ ਇਸ ਤਰ੍ਹਾਂ ਉਹ “ਧਨ ਜੋ ਘੱਟਦਾ ਨਹੀਂ ਸੁਰਗ ਵਿੱਚ” ਇਕੱਠਾ ਕਰਨ।

ਯਿਸੂ ਫਿਰ ਆਪਣੇ ਚੇਲਿਆਂ ਨੂੰ ਉਸ ਦੀ ਵਾਪਸੀ ਲਈ ਤਿਆਰ ਰਹਿਣ ਲਈ ਤਾੜਨਾ ਦਿੰਦਾ ਹੈ। ਉਹ ਕਹਿੰਦਾ ਹੈ: “ਤੁਹਾਡੇ ਲੱਕ ਬੰਨ੍ਹੇ ਅਰ ਦੀਵੇ ਬਲਦੇ ਰਹਿਣ। ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜ ਆਵੇਗਾ ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਓਹ ਝੱਟ ਉਸ ਦੇ ਲਈ ਖੋਲ੍ਹਣ। ਧੰਨ ਓਹ ਨੌਕਰ ਜਿਨ੍ਹਾਂ ਨੂੰ ਮਾਲਕ ਜਦ ਆਵੇ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆਣ ਕੇ ਉਨ੍ਹਾਂ ਦੀ ਟਹਿਲ ਕਰੇਗਾ।”

ਇਸ ਦ੍ਰਿਸ਼ਟਾਂਤ ਵਿਚ, ਆਪਣੇ ਮਾਲਕ ਦੀ ਵਾਪਸੀ ਤੇ ਨੌਕਰਾਂ ਦੀ ਤਿਆਰੀ ਇਸ ਗੱਲ ਤੋਂ ਦੇਖੀ ਜਾਂਦੀ ਹੈ ਕਿ ਉਹ ਆਪਣੇ ਲੰਬੇ ਚੋਗਿਆਂ ਨੂੰ ਉੱਪਰ ਖਿੱਚ ਕੇ ਆਪਣੇ ਕਮਰਬੰਦ ਦੇ ਹੇਠਾਂ ਬੰਨ੍ਹਦੇ ਹਨ ਅਤੇ ਤੇਲ ਨਾਲ ਚੰਗੀ ਤਰ੍ਹਾਂ ਭਰੇ ਹੋਏ ਦੀਵਿਆਂ ਦੀ ਰੌਸ਼ਨੀ ਵਿਚ ਦੇਰ ਰਾਤ ਤਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਨ। ਯਿਸੂ ਸਮਝਾਉਂਦਾ ਹੈ: ‘ਜੇ ਮਾਲਕ ਦੂਏ ਪਹਿਰ [ਲਗਭਗ ਸ਼ਾਮ ਦੇ ਨੌਂ ਵਜੇ ਤੋਂ ਅੱਧੀ ਰਾਤ ਤਕ] ਨੂੰ, ਯਾ ਤੀਏ ਪਹਿਰ [ਅੱਧੀ ਰਾਤ ਤੋਂ ਲਗਭਗ ਤੜਕੇ ਤਿੰਨ ਵਜੇ ਤਕ] ਨੂੰ ਆਵੇ, ਅਤੇ ਉਨ੍ਹਾਂ ਨੂੰ ਤਿਆਰ ਪਾਵੇ, ਤਾਂ ਉਹ ਖ਼ੁਸ਼ ਹਨ।’​—⁠ਨਿ ਵ.

ਮਾਲਕ ਆਪਣੇ ਨੌਕਰਾਂ ਨੂੰ ਅਸਾਧਾਰਣ ਤਰੀਕੇ ਨਾਲ ਇਨਾਮ ਦਿੰਦਾ ਹੈ। ਉਹ ਉਨ੍ਹਾਂ ਨੂੰ ਮੇਜ਼ ਤੇ ਬਿਠਾਉਂਦਾ ਹੈ ਅਤੇ ਉਨ੍ਹਾਂ ਦੀ ਟਹਿਲ ਕਰਨੀ ਸ਼ੁਰੂ ਕਰਦਾ ਹੈ। ਉਹ ਉਨ੍ਹਾਂ ਨਾਲ ਨੌਕਰਾਂ ਵਾਂਗ ਨਹੀਂ, ਪਰੰਤੂ ਨਿਸ਼ਠਾਵਾਨ ਮਿੱਤਰਾਂ ਵਾਂਗ ਵਰਤਾਉ ਕਰਦਾ ਹੈ। ਆਪਣੇ ਮਾਲਕ ਦੀ ਵਾਪਸੀ ਲਈ ਇੰਤਜ਼ਾਰ ਕਰਦੇ ਹੋਏ ਸਾਰੀ ਰਾਤ ਉਸ ਦੇ ਲਈ ਲਗਾਤਾਰ ਕੰਮ ਕਰਦੇ ਰਹਿਣ ਦਾ ਕਿੰਨਾ ਉੱਤਮ ਇਨਾਮ! ਯਿਸੂ ਸਮਾਪਤ ਕਰਦਾ ਹੈ: “ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”

ਪਤਰਸ ਹੁਣ ਪੁੱਛਦਾ ਹੈ: “ਪ੍ਰਭੁ ਜੀ ਤੂੰ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦਾ ਹੈਂ ਯਾ ਸਾਰਿਆਂ ਨੂੰ ਭੀ?”

ਸਿੱਧੇ ਤੌਰ ਤੇ ਜਵਾਬ ਦੇਣ ਦੀ ਬਜਾਇ, ਯਿਸੂ ਇਕ ਹੋਰ ਦ੍ਰਿਸ਼ਟਾਂਤ ਦਿੰਦਾ ਹੈ। “ਉਹ ਮਾਤਬਰ . . . ਮੁਖ਼ਤਿਆਰ ਕੌਣ ਹੈ,” ਉਹ ਪੁੱਛਦਾ ਹੈ, “ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਹ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।”

ਇਹ “ਮਾਲਕ” ਸਪੱਸ਼ਟ ਤੌਰ ਤੇ ਯਿਸੂ ਮਸੀਹ ਹੈ। “ਮੁਖ਼ਤਿਆਰ” ਇਕ ਸਮੂਹਕ ਦਲ ਦੇ ਤੌਰ ਤੇ ਚੇਲਿਆਂ ਦੇ “ਛੋਟੇ ਝੁੰਡ” ਨੂੰ ਚਿਤ੍ਰਿਤ ਕਰਦਾ ਹੈ, ਅਤੇ ‘ਨੌਕਰ ਚਾਕਰ’ ਇਸੇ 1,44,000 ਦੇ ਸਮੂਹ ਨੂੰ ਸੰਕੇਤ ਕਰਦਾ ਹੈ ਜਿਹੜੇ ਸਵਰਗੀ ਰਾਜ ਪ੍ਰਾਪਤ ਕਰਦੇ ਹਨ, ਪਰੰਤੂ ਇਹ ਅਭਿਵਿਅੰਜਨ ਵਿਅਕਤੀਗਤ ਤੌਰ ਤੇ ਉਨ੍ਹਾਂ ਦੇ ਕੰਮਾਂ ਨੂੰ ਉਜਾਗਰ ਕਰਦਾ ਹੈ। ਉਹ “ਮਾਲ ਮਤਾ” ਜਿਸ ਦੀ ਦੇਖਭਾਲ ਕਰਨ ਲਈ ਮਾਤਬਰ ਮੁਖ਼ਤਿਆਰ ਨੂੰ ਨਿਯੁਕਤ ਕੀਤਾ ਗਿਆ ਹੈ, ਧਰਤੀ ਉੱਤੇ ਮਾਲਕ ਦੇ ਸ਼ਾਹੀ ਹਿਤ ਹਨ, ਜਿਸ ਵਿਚ ਰਾਜ ਦੀ ਪਾਰਥਿਵ ਪਰਜਾ ਸ਼ਾਮਲ ਹੈ।

ਦ੍ਰਿਸ਼ਟਾਂਤ ਨੂੰ ਜਾਰੀ ਰੱਖਦੇ ਹੋਏ, ਯਿਸੂ ਇਸ ਸੰਭਾਵਨਾ ਵੱਲ ਇਸ਼ਾਰਾ ਕਰ ਕੇ ਸਮਝਾਉਂਦਾ ਹੈ ਕਿ ਮੁਖ਼ਤਿਆਰ, ਜਾਂ ਦਾਸ ਵਰਗ ਦੇ ਸਾਰੇ ਸਦੱਸ ਨਿਸ਼ਠਾਵਾਨ ਨਹੀਂ ਹੋਣਗੇ: “ਜੇ ਕਦੀ ਉਹ ਨੌਕਰ ਆਪਣੇ ਦਿਲ ਵਿਚ ਆਖੇ, ‘ਭਈ ਮੇਰਾ ਮਾਲਕ ਆਉਣ ਵਿਚ ਚਿਰ ਲਾਉਂਦਾ ਹੈ,’ ਅਤੇ ਗੋੱਲੇ ਗੋੱਲੀਆਂ ਨੂੰ ਮਾਰਨ, ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ, ਤਾਂ ਉਸ ਨੌਕਰ ਦਾ ਮਾਲਕ ਉਸ ਦਿਨ ਆ ਜਾਵੇਗਾ ਜਿਸ ਦਿਨ ਉਹ ਉਸ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ ਹੈ . . . , ਅਤੇ ਉਹ ਉਸ ਨੂੰ ਅਧਿਕਤਮ ਸਖ਼ਤੀ ਨਾਲ ਸਜਾ ਦੇਵੇਗਾ।”​—⁠ਨਿ ਵ.

ਯਿਸੂ ਟਿੱਪਣੀ ਕਰਦਾ ਹੈ ਕਿ ਉਸ ਦਾ ਆਉਣਾ ਯਹੂਦੀਆਂ ਲਈ ਇਕ ਅਗਨਮਈ ਸਮਾਂ ਲਿਆਇਆ ਹੈ, ਕਿਉਂਕਿ ਕੁਝ ਲੋਕ ਉਸ ਦੀਆਂ ਸਿੱਖਿਆਵਾਂ ਨੂੰ ਕਬੂਲ ਕਰਦੇ ਹਨ ਅਤੇ ਦੂਜੇ ਰੱਦ ਕਰਦੇ ਹਨ। ਤਿੰਨ ਵਰ੍ਹਿਆਂ ਤੋਂ ਜ਼ਿਆਦਾ ਸਮਾਂ ਪਹਿਲਾਂ, ਉਸ ਨੇ ਪਾਣੀ ਵਿਚ ਬਪਤਿਸਮਾ ਲਿਆ ਸੀ, ਪਰੰਤੂ ਹੁਣ ਮੌਤ ਵਿਚ ਉਸ ਦਾ ਬਪਤਿਸਮਾ ਸਮਾਪਤੀ ਦੇ ਲਾਗੇ ਆ ਰਿਹਾ ਹੈ, ਅਤੇ ਜਿਵੇਂ ਉਹ ਕਹਿੰਦਾ ਹੈ: “ਜਦ ਤਿਕੁਰ ਉਹ ਸੰਪੂਰਣ ਨਾ ਹੋਵੇ ਤਦ ਤੀਕੁਰ ਮੈਂ ਕੇਡਾ ਔਖਾ ਰਹਾਂਗਾ!”

ਆਪਣੇ ਚੇਲਿਆਂ ਨੂੰ ਇਹ ਟਿੱਪਣੀਆਂ ਨਿਰਦੇਸ਼ਿਤ ਕਰਨ ਤੋਂ ਬਾਅਦ, ਯਿਸੂ ਫਿਰ ਭੀੜ ਨੂੰ ਸੰਬੋਧਿਤ ਕਰਦਾ ਹੈ। ਉਸ ਦੀ ਸ਼ਨਾਖਤ ਦੇ ਸਪੱਸ਼ਟ ਸਬੂਤ ਅਤੇ ਇਸ ਦੀ ਮਹੱਤਤਾ ਨੂੰ ਕਬੂਲ ਕਰਨ ਤੋਂ ਉਨ੍ਹਾਂ ਦੇ ਜ਼ਿੱਦੀ ਇਨਕਾਰ ਤੇ ਉਹ ਸੋਗ ਕਰਦਾ ਹੈ। “ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ,” ਯਿਸੂ ਕਹਿੰਦਾ ਹੈ, “ਤੁਸੀਂ ਝੱਟ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰਾਂ ਹੁੰਦਾ ਹੈ। ਅਰ ਜਦ ਦੱਖਣ ਦੀ ਵਾਉ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। ਹੇ ਕਪਟੀਓ! ਧਰਤੀ ਅਤੇ ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ?” ਲੂਕਾ 12:​32-59.

▪ ‘ਛੋਟਾ ਝੁੰਡ’ ਕਿੰਨੇ ਵਿਅਕਤੀਆਂ ਦਾ ਬਣਿਆ ਹੈ, ਅਤੇ ਉਹ ਕੀ ਪ੍ਰਾਪਤ ਕਰਦੇ ਹਨ?

▪ ਯਿਸੂ ਆਪਣੇ ਸੇਵਕਾਂ ਦੇ ਤਿਆਰ ਰਹਿਣ ਦੀ ਲੋੜ ਉੱਤੇ ਕਿਸ ਤਰ੍ਹਾਂ ਜ਼ੋਰ ਦਿੰਦਾ ਹੈ?

▪ ਯਿਸੂ ਦੇ ਦ੍ਰਿਸ਼ਟਾਂਤ ਵਿਚ, “ਮਾਲਕ,” “ਮੁਖ਼ਤਿਆਰ,” ‘ਨੌਕਰ ਚਾਕਰ,’ ਅਤੇ “ਮਾਲ ਮਤਾ” ਕੌਣ ਹਨ?