Skip to content

Skip to table of contents

ਦੁਖੀਆਂ ਲਈ ਦਇਆ

ਦੁਖੀਆਂ ਲਈ ਦਇਆ

ਅਧਿਆਇ 57

ਦੁਖੀਆਂ ਲਈ ਦਇਆ

ਫ਼ਰੀਸੀਆਂ ਨੂੰ ਉਨ੍ਹਾਂ ਦੀਆਂ ਸਵਾਰਥੀ ਪਰੰਪਰਾਵਾਂ ਲਈ ਨਿੰਦਿਆ ਕਰਨ ਮਗਰੋਂ, ਯਿਸੂ ਆਪਣੇ ਚੇਲਿਆਂ ਨਾਲ ਚਲਾ ਜਾਂਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਥੋੜ੍ਹੀ ਦੇਰ ਪਹਿਲਾਂ, ਉਨ੍ਹਾਂ ਦੇ ਨਾਲ ਆਰਾਮ ਕਰਨ ਦੀ ਉਸ ਦੀ ਕੋਸ਼ਿਸ਼ ਵਿਚ ਵਿਘਨ ਪੈ ਗਿਆ ਸੀ ਜਦੋਂ ਭੀੜ ਨੇ ਉਨ੍ਹਾਂ ਨੂੰ ਆ ਲੱਭਿਆ ਸੀ। ਹੁਣ, ਉਹ ਆਪਣੇ ਚੇਲਿਆਂ ਨਾਲ ਉੱਤਰ ਵੱਲ ਕਈ ਕਿਲੋਮੀਟਰ ਦੂਰ, ਸੂਰ ਅਤੇ ਸੈਦਾ ਦੇ ਖੇਤਰ ਲਈ ਰਵਾਨਾ ਹੁੰਦਾ ਹੈ। ਸਪੱਸ਼ਟ ਤੌਰ ਤੇ ਇਹ ਯਿਸੂ ਦਾ ਆਪਣੇ ਚੇਲਿਆਂ ਨਾਲ ਇਸਰਾਏਲ ਦੀਆਂ ਸਰਹੱਦਾਂ ਤੋਂ ਪਰੇ ਜਾਣ ਦਾ ਇੱਕੋ ਇਕ ਸਫਰ ਹੈ।

ਠਹਿਰਨ ਲਈ ਇਕ ਘਰ ਲੱਭਣ ਤੋਂ ਬਾਅਦ, ਯਿਸੂ ਇਹ ਜ਼ਾਹਰ ਕਰਦਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਨੂੰ ਉਨ੍ਹਾਂ ਦੇ ਠਿਕਾਣੇ ਦਾ ਪਤਾ ਲੱਗੇ। ਫਿਰ ਵੀ, ਇਸ ਗ਼ੈਰ-ਇਸਰਾਏਲੀ ਇਲਾਕੇ ਵਿਚ ਵੀ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ ਹੈ। ਇੱਥੇ ਸੁਰਿਯਾ ਦੇ ਫੈਨੀਕੇ ਵਿਚ ਪੈਦਾ ਹੋਈ ਇਕ ਯੂਨਾਨੀ ਔਰਤ, ਉਸ ਨੂੰ ਲੱਭ ਲੈਂਦੀ ਹੈ ਅਤੇ ਬੇਨਤੀ ਕਰਨ ਲੱਗਦੀ ਹੈ: “ਹੇ ਪ੍ਰਭੁ ਦਾਊਦ ਦੇ ਪੁੱਤ੍ਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬਦ ਰੂਹ ਦੇ ਸਾਯੇ ਨਾਲ ਬੁਰਾ ਹਾਲ ਹੈ।” ਪਰੰਤੂ, ਯਿਸੂ ਜਵਾਬ ਵਿਚ ਇਕ ਵੀ ਸ਼ਬਦ ਨਹੀਂ ਕਹਿੰਦਾ ਹੈ।

ਆਖ਼ਰਕਾਰ, ਉਸ ਦੇ ਚੇਲੇ ਯਿਸੂ ਨੂੰ ਕਹਿੰਦੇ ਹਨ: “ਉਸ ਨੂੰ ਵਿਦਿਆ ਕਰ ਕਿਉਂ ਜੋ ਉਹ ਸਾਡੇ ਮਗਰ ਡੰਡ ਪਾਉਂਦੀ ਹੈ।” ਉਸ ਨੂੰ ਨਜ਼ਰਅੰਦਾਜ਼ ਕਰਨ ਦਾ ਆਪਣਾ ਕਾਰਨ ਸਮਝਾਉਂਦੇ ਹੋਏ, ਯਿਸੂ ਕਹਿੰਦਾ ਹੈ: “ਮੈਂ ਇਸਰਾਏਲ ਦੇ ਪਰਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨਾ ਹੋਰਨਾਂ ਕੋਲ ਨਹੀਂ ਘੱਲਿਆ ਗਿਆ।”

ਫਿਰ ਵੀ, ਉਹ ਔਰਤ ਹੌਸਲਾ ਨਹੀਂ ਹਾਰਦੀ ਹੈ। ਉਹ ਯਿਸੂ ਕੋਲ ਆ ਕੇ ਉਸ ਦੇ ਅੱਗੇ ਮੱਥਾ ਟੇਕਦੀ ਹੈ। ਉਹ ਬੇਨਤੀ ਕਰਦੀ ਹੈ, “ਪ੍ਰਭੁ ਜੀ ਮੇਰੀ ਸਹਾਇਤਾ ਕਰੋ!”

ਉਸ ਔਰਤ ਦੀ ਤੀਬਰ ਬੇਨਤੀ ਨਾਲ ਯਿਸੂ ਦਾ ਦਿਲ ਕਿਸ ਤਰ੍ਹਾਂ ਪ੍ਰੇਰਿਤ ਹੋਇਆ ਹੋਣਾ! ਫਿਰ ਵੀ, ਉਹ ਦੁਬਾਰਾ ਆਪਣੀ ਪ੍ਰਮੁੱਖ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦਾ ਹੈ, ਅਰਥਾਤ ਪਰਮੇਸ਼ੁਰ ਦੇ ਇਸਰਾਏਲ ਦੇ ਲੋਕਾਂ ਦੀ ਸੇਵਾ ਕਰਨਾ। ਨਾਲ ਹੀ, ਇਹ ਜਾਪਦਾ ਹੈ ਕਿ ਉਸ ਦੀ ਨਿਹਚਾ ਨੂੰ ਪਰਖਣ ਲਈ, ਉਹ ਉਨ੍ਹਾਂ ਲੋਕਾਂ, ਜਿਨ੍ਹਾਂ ਦੀ ਨਾਗਰਿਕਤਾ ਭਿੰਨ ਹੈ, ਦੇ ਪ੍ਰਤੀ ਯਹੂਦੀਆਂ ਦੀ ਪੱਖਪਾਤ ਵਾਲੀ ਦ੍ਰਿਸ਼ਟੀ ਨੂੰ ਇਸਤੇਮਾਲ ਕਰਦੇ ਹੋਏ ਤਰਕ ਕਰਦਾ ਹੈ: “ਬਾਲਕਾਂ ਦੀ ਰੋਟੀ ਲੈ ਕੇ ਛੋਟੇ ਕੁੱਤਿਆਂ ਦੇ ਅੱਗੇ ਸੁੱਟਣੀ ਠੀਕ ਨਹੀਂ ਹੈ।”​—⁠ਨਿ ਵ.

ਆਪਣੀ ਦਇਆਵਾਨ ਆਵਾਜ਼ ਅਤੇ ਚਿਹਰੇ ਦੇ ਇਜ਼ਹਾਰ ਦੁਆਰਾ, ਯਿਸੂ ਸਪੱਸ਼ਟ ਤੌਰ ਤੇ ਗ਼ੈਰ-ਯਹੂਦੀਆਂ ਦੇ ਪ੍ਰਤੀ ਆਪਣੀਆਂ ਕੋਮਲ ਭਾਵਨਾਵਾਂ ਪ੍ਰਗਟ ਕਰਦਾ ਹੈ। ਗ਼ੈਰ-ਯਹੂਦੀਆਂ ਦਾ ਜ਼ਿਕਰ “ਛੋਟੇ ਕੁੱਤਿਆਂ,” ਜਾਂ ਕਤੂਰਿਆਂ ਦੇ ਤੌਰ ਤੇ ਕਰਨ ਦੇ ਦੁਆਰਾ, ਉਹ ਉਨ੍ਹਾਂ ਦੀ ਕੁੱਤਿਆਂ ਦੇ ਨਾਲ ਤੁਲਨਾ ਨੂੰ ਵੀ ਨਰਮ ਬਣਾਉਂਦਾ ਹੈ। ਨਾਰਾਜ਼ਗੀ ਦਿਖਾਉਣ ਦੀ ਬਜਾਇ, ਉਹ ਔਰਤ ਯਹੂਦੀਆਂ ਦੇ ਪੱਖਪਾਤ ਬਾਰੇ ਯਿਸੂ ਦੇ ਕੀਤੇ ਜ਼ਿਕਰ ਨੂੰ ਲੈ ਕੇ ਨਿਮਰ ਟਿੱਪਣੀ ਕਰਦੀ ਹੈ: “ਠੀਕ ਪ੍ਰਭੁ ਜੀ ਪਰ ਜਿਹੜੇ ਚੂਰੇ ਭੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਓਹ ਕਤੂਰੇ [“ਛੋਟੇ ਕੁੱਤੇ,” ਨਿ ਵ] ਭੀ ਖਾਂਦੇ ਹਨ।”

“ਹੇ ਬੀਬੀ ਤੇਰੀ ਨਿਹਚਾ ਵੱਡੀ ਹੈ,” ਯਿਸੂ ਜਵਾਬ ਦਿੰਦਾ ਹੈ। “ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਤਿਵੇਂ ਹੀ ਹੋਵੇ।” ਅਤੇ ਇਹੋ ਹੀ ਹੁੰਦਾ ਹੈ! ਜਦੋਂ ਉਹ ਵਾਪਸ ਆਪਣੇ ਘਰ ਮੁੜਦੀ ਹੈ, ਤਾਂ ਉਹ ਆਪਣੀ ਧੀ ਨੂੰ ਪੂਰੀ ਤਰ੍ਹਾਂ ਨਾਲ ਚੰਗੀ ਹੋਈ ਮੰਜੇ ਉੱਤੇ ਪਾਉਂਦੀ ਹੈ।

ਸੈਦਾ ਦੇ ਤੱਟਵਰਤੀ ਖੇਤਰ ਤੋਂ, ਯਿਸੂ ਅਤੇ ਉਸ ਦੇ ਚੇਲੇ ਦੇਸ਼ ਵਿੱਚੋਂ ਪਾਰ ਲੰਘ ਕੇ ਯਰਦਨ ਨਦੀ ਦੇ ਮੂਲ ਸਿਰੇ ਵੱਲ ਵਧਦੇ ਹਨ। ਉਹ ਸਪੱਸ਼ਟ ਰੂਪ ਵਿਚ ਗਲੀਲ ਦੀ ਝੀਲ ਦੇ ਉੱਪਰਲੇ ਕਿਸੇ ਹਿੱਸੇ ਤੋਂ ਯਰਦਨ ਨਦੀ ਪਾਰ ਕਰ ਕੇ ਝੀਲ ਦੇ ਪੂਰਬ ਵਿਚ ਦਿਕਾਪੁਲਿਸ ਦੇ ਖੇਤਰ ਵਿਚ ਦਾਖ਼ਲ ਹੁੰਦੇ ਹਨ। ਉੱਥੇ ਉਹ ਇਕ ਪਹਾੜ ਉੱਤੇ ਚੜ੍ਹ ਜਾਂਦੇ ਹਨ, ਪਰੰਤੂ ਭੀੜ ਉਨ੍ਹਾਂ ਨੂੰ ਲੱਭ ਲੈਂਦੀ ਹੈ ਅਤੇ ਆਪਣੇ ਲੰਙੇ, ਅਪੰਗ, ਅੰਨ੍ਹੇ, ਅਤੇ ਗੁੰਗੇ, ਅਤੇ ਬਥੇਰੇ ਹੋਰ ਬੀਮਾਰਾਂ ਅਤੇ ਭੰਗ ਅੰਗ ਵਾਲਿਆਂ ਨੂੰ ਯਿਸੂ ਕੋਲ ਲੈ ਆਉਂਦੀ ਹੈ। ਉਹ ਉਨ੍ਹਾਂ ਨੂੰ ਯਿਸੂ ਦੇ ਕਦਮਾਂ ਤੇ ਸੁੱਟ ਹੀ ਦਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਚੰਗਾ ਕਰਦਾ ਹੈ। ਲੋਕੀ ਹੈਰਾਨ ਹੁੰਦੇ ਹਨ, ਜਿਉਂ ਹੀ ਉਹ ਦੇਖਦੇ ਹਨ ਕਿ ਗੁੰਗੇ ਬੋਲ ਰਹੇ ਹਨ, ਲੰਙੇ ਚਲ ਰਹੇ ਹਨ, ਅਤੇ ਅੰਨ੍ਹੇ ਦੇਖ ਰਹੇ ਹਨ; ਅਤੇ ਉਹ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।

ਯਿਸੂ ਇਕ ਆਦਮੀ ਨੂੰ ਖ਼ਾਸ ਧਿਆਨ ਦਿੰਦਾ ਹੈ ਜਿਹੜਾ ਬੋਲਾ ਹੈ ਅਤੇ ਮਸਾਂ ਹੀ ਬੋਲ ਸਕਦਾ ਹੈ। ਬੋਲੇ ਅਕਸਰ ਆਸਾਨੀ ਨਾਲ ਬੌਂਦਲ ਜਾਂਦੇ ਹਨ, ਖ਼ਾਸ ਤੌਰ ਤੇ ਇਕ ਭੀੜ ਵਿਚ। ਸ਼ਾਇਦ ਯਿਸੂ ਇਸ ਆਦਮੀ ਦੀ ਖ਼ਾਸ ਬੇਚੈਨੀ ਨੂੰ ਦੇਖ ਲੈਂਦਾ ਹੈ। ਇਸ ਲਈ ਯਿਸੂ ਦਇਆਪੂਰਵਕ ਉਸ ਨੂੰ ਭੀੜ ਤੋਂ ਦੂਰ ਇਕਾਂਤ ਵਿਚ ਲੈ ਜਾਂਦਾ ਹੈ। ਜਦੋਂ ਉਹ ਇਕੱਲੇ ਹੁੰਦੇ ਹਨ, ਤਾਂ ਯਿਸੂ ਇਸ਼ਾਰੇ ਨਾਲ ਦੱਸਦਾ ਹੈ ਕਿ ਉਹ ਉਸ ਲਈ ਕੀ ਕਰਨ ਲੱਗਾ ਹੈ। ਉਹ ਆਪਣੀਆਂ ਉਂਗਲਾਂ ਆਦਮੀ ਦੇ ਕੰਨਾਂ ਵਿਚ ਪਾਉਂਦਾ ਹੈ ਅਤੇ, ਥੁੱਕਣ ਤੋਂ ਬਾਅਦ, ਉਸ ਦੀ ਜੀਭ ਨੂੰ ਛੋਂਹਦਾ ਹੈ। ਫਿਰ, ਸਵਰਗ ਵੱਲ ਦੇਖਦੇ ਹੋਏ, ਯਿਸੂ ਹਉਕਾ ਭਰ ਕੇ ਕਹਿੰਦਾ ਹੈ: “ਖੁੱਲ੍ਹ ਜਾਹ।” ਇਸ ਤੇ, ਉਸ ਆਦਮੀ ਦੀ ਸੁਣਨ ਸ਼ਕਤੀ ਮੁੜ ਬਹਾਲ ਹੋ ਜਾਂਦੀ ਹੈ, ਅਤੇ ਉਹ ਸਾਧਾਰਣ ਢੰਗ ਨਾਲ ਬੋਲਣ ਦੇ ਯੋਗ ਹੋ ਜਾਂਦਾ ਹੈ।

ਜਦੋਂ ਯਿਸੂ ਇਨ੍ਹਾਂ ਬਥੇਰੀਆਂ ਚੰਗਾਈਆਂ ਨੂੰ ਕਰਦਾ ਹੈ ਤਾਂ ਭੀੜ ਕਦਰ ਨਾਲ ਪ੍ਰਤਿ­ਕ੍ਰਿਆ ਦਿਖਾਉਂਦੀ ਹੈ। ਉਹ ਕਹਿੰਦੇ ਹਨ: “ਉਹ ਨੇ ਸੱਭੋ ਕੁਝ ਅੱਛਾ ਕੀਤਾ ਹੈ! ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ।” ਮੱਤੀ 15:​21-31; ਮਰਕੁਸ 7:​24-37.

▪ ਯਿਸੂ ਯੂਨਾਨੀ ਔਰਤ ਦੀ ਬੱਚੀ ਨੂੰ ਤੁਰੰਤ ਹੀ ਚੰਗਾ ਕਿਉਂ ਨਹੀਂ ਕਰਦਾ ਹੈ?

▪ ਉਸ ਤੋਂ ਬਾਅਦ, ਯਿਸੂ ਆਪਣੇ ਚੇਲਿਆਂ ਨੂੰ ਕਿੱਥੇ ਲੈ ਜਾਂਦਾ ਹੈ?

▪ ਯਿਸੂ ਕਿਸ ਤਰ੍ਹਾਂ ਉਸ ਬੋਲੇ ਆਦਮੀ ਨੂੰ ਦਇਆਪੂਰਵਕ ਚੰਗਾ ਕਰਦਾ ਹੈ ਜਿਹੜਾ ਮਸਾਂ ਹੀ ਬੋਲ ਸਕਦਾ ਹੈ?