Skip to content

Skip to table of contents

ਦ੍ਰਿਸ਼ਟਾਂਤਾਂ ਨਾਲ ਸਿੱਖਿਆ ਦੇਣਾ

ਦ੍ਰਿਸ਼ਟਾਂਤਾਂ ਨਾਲ ਸਿੱਖਿਆ ਦੇਣਾ

ਅਧਿਆਇ 43

ਦ੍ਰਿਸ਼ਟਾਂਤਾਂ ਨਾਲ ਸਿੱਖਿਆ ਦੇਣਾ

ਜ਼ਾਹਰ ਹੈ ਕਿ ਯਿਸੂ ਕਫ਼ਰਨਾਹੂਮ ਵਿਚ ਹੈ ਜਦੋਂ ਉਹ ਫ਼ਰੀਸੀਆਂ ਨੂੰ ਫਿਟ­ਕਾਰ­ਦਾ ਹੈ। ਬਾਅਦ ਵਿਚ ਉਸੇ ਹੀ ਦਿਨ, ਉਹ ਘਰ ਛੱਡ ਕੇ ਨੇੜੇ ਦੀ ਗਲੀਲ ਦੀ ਝੀਲ ਕੋਲ ਜਾਂਦਾ ਹੈ, ਜਿੱਥੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਇੱਥੇ ਉਹ ਇਕ ਬੇੜੀ ਤੇ ਚੜ੍ਹ ਕੇ ਬੇੜੀ ਨੂੰ ਠਿਲ੍ਹਦਾ ਹੈ ਅਤੇ ਕੰਢੇ ਤੇ ਬੈਠੇ ਲੋਕਾਂ ਨੂੰ ਸਵਰਗ ਦੇ ਰਾਜ ਬਾਰੇ ਸਿੱਖਿਆ ਦੇਣੀ ਸ਼ੁਰੂ ਕਰਦਾ ਹੈ। ਉਹ ਤਮਸੀਲਾਂ, ਜਾਂ ਦ੍ਰਿਸ਼ਟਾਂਤਾਂ ਦੀ ਇਕ ਲੜੀ ਦੁਆਰਾ ਇੰਜ ਕਰਦਾ ਹੈ, ਅਤੇ ਹਰ ਇਕ ਨੂੰ ਅਜਿਹੀਆਂ ਸਥਿਤੀਆਂ ਵਿਚ ਪੇਸ਼ ਕਰਦਾ ਹੈ ਜਿਨ੍ਹਾਂ ਤੋਂ ਲੋਕੀ ਜਾਣੂ ਹਨ।

ਪਹਿਲਾ, ਯਿਸੂ ਇਕ ਬੀਜਣ ਵਾਲੇ ਬਾਰੇ ਦੱਸਦਾ ਹੈ ਜੋ ਬੀ ਬੀਜਦਾ ਹੈ। ਕੁਝ ਬੀ ਰਾਹ ਦੇ ਕੰਢੇ ਡਿੱਗ ਪੈਂਦੇ ਹਨ ਅਤੇ ਪੰਛੀਆਂ ਦੁਆਰਾ ਖਾਧੇ ਜਾਂਦੇ ਹਨ। ਹੋਰ ਬੀ ਉਸ ਮਿੱਟੀ ਉੱਤੇ ਡਿੱਗ ਪੈਂਦੇ ਹਨ ਜਿਸ ਦੇ ਹੇਠਾਂ ਪਥਰੀਲੀ ਤਹਿ ਹੈ। ਕਿਉਂਕਿ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਹਨ, ਨਵੇਂ ਪੌਦੇ ਸਾੜੂ ਧੁੱਪ ਹੇਠ ਮੁਰਝਾ ਜਾਂਦੇ ਹਨ। ਹੋਰ ਬੀ ਕੰਡਿਆਂ ਦਰਮਿਆਨ ਡਿੱਗ ਪੈਂਦੇ ਹਨ, ਜੋ ਪੌਦਿਆਂ ਦੇ ਨਿਕਲਣ ਤੇ ਉਨ੍ਹਾਂ ਨੂੰ ਦਬਾ ਲੈਂਦੇ ਹਨ। ਅਖ਼ੀਰ ਵਿਚ, ਕੁਝ ਬੀ ਚੰਗੀ ਜ਼ਮੀਨ ਤੇ ਡਿੱਗ ਪੈਂਦੇ ਹਨ ਅਤੇ ਕੁਝ ਸੌ ਗੁਣਾ, ਕੁਝ ਸੱਠ ਗੁਣਾ, ਅਤੇ ਕੁਝ ਤੀਹ ਗੁਣਾ ਪੈਦਾ ਕਰਦੇ ਹਨ।

ਇਕ ਹੋਰ ਦ੍ਰਿਸ਼ਟਾਂਤ ਵਿਚ, ਯਿਸੂ ਪਰਮੇਸ਼ੁਰ ਦੇ ਰਾਜ ਨੂੰ ਇਕ ਆਦਮੀ ਨਾਲ ਤੁਲਨਾ ਕਰਦਾ ਹੈ ਜੋ ਬੀ ਬੀਜਦਾ ਹੈ। ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਹਨ, ਜਦ ਕਿ ਆਦਮੀ ਸੌਂਦਾ ਹੈ ਅਤੇ ਜਦੋਂ ਉਹ ਜਾਗਦਾ ਹੈ, ਬੀ ਉਗਦਾ ਜਾਂਦਾ ਹੈ। ਉਹ ਆਦਮੀ ਇਹ ਨਹੀਂ ਜਾਣਦਾ ਕਿ ਕਿਵੇਂ। ਇਹ ਆਪੇ ਹੀ ਵਧਦਾ ਹੈ ਅਤੇ ਕਣਕ ਪੈਦਾ ਕਰਦਾ ਹੈ। ਜਦੋਂ ਕਣਕ ਪੱਕ ਜਾਂਦੀ ਹੈ, ਤਾਂ ਆਦਮੀ ਇਸ ਦੀ ਵਾਢੀ ਕਰਦਾ ਹੈ।

ਯਿਸੂ ਇਕ ਤੀਜੇ ਦ੍ਰਿਸ਼ਟਾਂਤ ਵਿਚ ਇਕ ਆਦਮੀ ਦੇ ਬਾਰੇ ਦੱਸਦਾ ਹੈ ਜਿਹੜਾ ਸਹੀ ਕਿਸਮ ਦਾ ਬੀ ਬੀਜਦਾ ਹੈ, ਪਰੰਤੂ “ਜਦ ਲੋਕ ਸੌਂ ਰਹੇ ਸਨ,” ਤਾਂ ਇਕ ਵੈਰੀ ਆ ਕੇ ਕਣਕ ਵਿਚ ਜੰਗਲੀ ਬੂਟੀ ਬੀਜ ਜਾਂਦਾ ਹੈ। ਉਸ ਆਦਮੀ ਦੇ ਨੌਕਰ ਪੁੱਛਦੇ ਹਨ ਕਿ ਉਨ੍ਹਾਂ ਨੂੰ ਜੰਗਲੀ ਬੂਟੀ ਪੁੱਟ ਦੇਣੀ ਚਾਹੀਦੀ ਹੈ ਜਾਂ ਨਹੀਂ। ਪਰੰਤੂ ਉਹ ਜਵਾਬ ਦਿੰਦਾ ਹੈ: ‘ਨਹੀਂ, ਜੇ ਤੁਸੀਂ ਇਹ ਕਰੋਗੇ ਤਾਂ ਤੁਸੀਂ ਕੁਝ ਕਣਕ ਨੂੰ ਵੀ ਨਾਲ ਹੀ ਪੁੱਟ ਲਓਗੇ। ਵਾਢੀ ਤੋੜੀ ਦੋਹਾਂ ਨੂੰ ਰਲੇ-ਮਿਲੇ ਵਧਣ ਦਿਓ ਫਿਰ ਮੈਂ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਜੰਗਲੀ ਬੂਟੀ ਨੂੰ ਇਕੱਠਾ ਕਰ ਕੇ ਫੂਕ ਦਿਓ ਅਤੇ ਕਣਕ ਨੂੰ ਕੋਠੇ ਵਿੱਚ ਰੱਖ ਦਿਓ।’

ਕੰਢੇ ਤੇ ਬੈਠੀ ਹੋਈ ਭੀੜ ਦੇ ਲਈ ਆਪਣਾ ਭਾਸ਼ਣ ਜਾਰੀ ਰੱਖਦੇ ਹੋਏ, ਯਿਸੂ ਦੋ ਹੋਰ ਦ੍ਰਿਸ਼ਟਾਂਤ ਦਿੰਦਾ ਹੈ। ਉਹ ਸਮਝਾਉਂਦਾ ਹੈ ਕਿ “ਸੁਰਗ ਦਾ ਰਾਜ” ਰਾਈ ਦੇ ਇਕ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਬੀਜਦਾ ਹੈ। ਉਹ ਕਹਿੰਦਾ ਹੈ ਕਿ ਭਾਵੇਂ ਕਿ ਇਹ ਸਭ ਬੀਆਂ ਨਾਲੋਂ ਛੋਟਾ ਹੈ, ਇਹ ਸਾਰੀਆਂ ਸਬਜ਼ੀਆਂ ਨਾਲੋਂ ਵੱਡਾ ਬਣ ਜਾਂਦਾ ਹੈ। ਇਹ ਇਕ ਰੁੱਖ ਬਣ ਜਾਂਦਾ ਹੈ ਜਿਸ ਉੱਤੇ ਪੰਛੀ ਆਉਂਦੇ ਹਨ ਅਤੇ ਇਸ ਦੀਆਂ ਟਾਹਣੀਆਂ ਉੱਤੇ ਵਸੇਰਾ ਕਰਦੇ ਹਨ।

ਅੱਜ ਕੁਝ ਲੋਕੀ ਇਤਰਾਜ਼ ਕਰਦੇ ਹਨ ਕਿ ਰਾਈ ਦੇ ਦਾਣੇ ਨਾਲੋਂ ਵੀ ਛੋਟੇ ਬੀਜ ਹੁੰਦੇ ਹਨ। ਪਰੰਤੂ ਯਿਸੂ ਬਨਸਪਤੀ-ਵਿਗਿਆਨ ਬਾਰੇ ਸਬਕ ਨਹੀਂ ਦੇ ਰਿਹਾ ਹੈ। ਉਸ ਦੇ ਦਿਨਾਂ ਦੇ ਗਲੀਲੀ ਲੋਕ ਜਿਨ੍ਹਾਂ ਬੀਆਂ ਤੋਂ ਜਾਣੂ ਹਨ, ਉਨ੍ਹਾਂ ਵਿਚ ਰਾਈ ਦਾ ਦਾਣਾ ਸੱਚ-ਮੁੱਚ ਹੀ ਸਭ ਤੋਂ ਛੋਟਾ ਹੈ। ਇਸ ਲਈ ਉਹ ਲੋਕ ਅਸਾਧਾਰਣ ਵ੍ਰਿਧੀ ਦੇ ਵਿਸ਼ੇ ਨੂੰ ਸਮਝ ਜਾਂਦੇ ਹਨ ਜਿਸ ਨੂੰ ਯਿਸੂ ਦ੍ਰਿਸ਼ਟਾਂਤ ਦੁਆਰਾ ਸਮਝਾ ਰਿਹਾ ਹੈ।

ਅਖ਼ੀਰ ਵਿਚ, ਯਿਸੂ ‘ਸੁਰਗ ਦੇ ਰਾਜ’ ਦੀ ਤੁਲਨਾ ਖ਼ਮੀਰ ਨਾਲ ਕਰਦਾ ਹੈ ਜਿਸ ਨੂੰ ਇਕ ਔਰਤ ਲੈ ਕੇ ਤਿੰਨ ਸੇਰ ਆਟੇ ਵਿਚ ਮਿਲਾਉਂਦੀ ਹੈ। ਉਹ ਕਹਿੰਦਾ ਹੈ ਕਿ ਥੋੜ੍ਹੇ ਸਮੇਂ ਬਾਅਦ ਇਹ ਸਾਰੇ ਗੁੰਨ੍ਹੇ ਹੋਏ ਆਟੇ ਵਿਚ ਸਮਾ ਜਾਂਦਾ ਹੈ।

ਇਹ ਪੰਜ ਦ੍ਰਿਸ਼ਟਾਂਤ ਦੇਣ ਤੋਂ ਬਾਅਦ, ਯਿਸੂ ਭੀੜ ਨੂੰ ਤੋਰ ਕੇ ਉਸ ਘਰ ਨੂੰ ਮੁੜ ਆਉਂਦਾ ਹੈ ਜਿੱਥੇ ਉਹ ਠਹਿਰਿਆ ਹੋਇਆ ਹੈ। ਜਲਦੀ ਹੀ ਉਸ ਦੇ 12 ਰਸੂਲ ਅਤੇ ਹੋਰ ਲੋਕੀ ਉਸ ਕੋਲ ਉੱਥੇ ਆ ਜਾਂਦੇ ਹਨ।

ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਲਾਭ ਲੈਣਾ

ਝੀਲ ਦੇ ਕੰਢੇ ਉੱਤੇ ਭੀੜ ਨੂੰ ਦਿੱਤੇ ਉਸ ਦੇ ਭਾਸ਼ਣ ਤੋਂ ਬਾਅਦ ਜਦੋਂ ਚੇਲੇ ਯਿਸੂ ਕੋਲ ਆਉਂਦੇ ਹਨ, ਤਾਂ ਉਹ ਸਿੱਖਿਆ ਦੇਣ ਦੇ ਉਸ ਦੇ ਨਵੇਂ ਢੰਗ ਬਾਰੇ ਜਿਗਿਆਸੂ ਹਨ। ਜੀ ਹਾਂ, ਉਨ੍ਹਾਂ ਨੇ ਉਸ ਨੂੰ ਦ੍ਰਿਸ਼ਟਾਂਤ ਇਸਤੇਮਾਲ ਕਰਦਿਆਂ ਹੋਇਆਂ ਪਹਿਲਾਂ ਵੀ ਸੁਣਿਆ ਹੈ, ਪਰੰਤੂ ਕਦੀ ਵੀ ਇੰਨੇ ਵਿਆਪਕ ਰੂਪ ਵਿਚ ਨਹੀਂ। ਇਸ ਲਈ ਉਹ ਪੁੱਛਦੇ ਹਨ: “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?”

ਉਸ ਦਾ ਅਜਿਹਾ ਕਰਨ ਦਾ ਇਕ ਕਾਰਨ ਨਬੀ ਦੇ ਬਚਨਾਂ ਨੂੰ ਪੂਰਾ ਕਰਨਾ ਹੈ: “ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ।” ਪਰੰਤੂ ਇਸ ਨਾਲੋਂ ਹੋਰ ਵੀ ਜ਼ਿਆਦਾ ਕੁਝ ਹੈ। ਉਸ ਦੇ ਦ੍ਰਿਸ਼ਟਾਂਤਾਂ ਦਾ ਇਸਤੇਮਾਲ, ਲੋਕਾਂ ਦੇ ਦਿਲ ਦੇ ਰਵੱਈਏ ਨੂੰ ਪ੍ਰਗਟ ਕਰਨ ਵਿਚ ਮਦਦ ਕਰਨ ਦਾ ਕੰਮ ਕਰਦਾ ਹੈ।

ਅਸਲ ਵਿਚ, ਜ਼ਿਆਦਾਤਰ ਲੋਕੀ ਸਿਰਫ਼ ਇਕ ਪ੍ਰਭਾਵਸ਼ਾਲੀ ਕਹਾਣੀ ਸੁਣਾਉਣ ਵਾਲੇ ਦੇ ਤੌਰ ਤੇ ਅਤੇ ਚਮਤਕਾਰ ਕਰਨ ਵਾਲੇ ਦੇ ਤੌਰ ਤੇ ਯਿਸੂ ਵਿਚ ਦਿਲਚਸਪੀ ਰੱਖਦੇ ਹਨ, ਨਾ ਕਿ ਪ੍ਰਭੂ ਦੇ ਤੌਰ ਤੇ ਜਿਸ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਸ ਦੀ ਨਿਰਸੁਆਰਥ ਨਾਲ ਪੈਰਵੀ ਕੀਤੀ ਜਾਣੀ ਚਾਹੀਦੀ ਹੈ। ਉਹ ਚੀਜ਼ਾਂ ਦੇ ਪ੍ਰਤੀ ਆਪਣੇ ਵਿਚਾਰਾਂ ਅਤੇ ਆਪਣੇ ਜੀਉਣ ਦੇ ਢੰਗ ਨੂੰ ਬਦਲਣਾ ਨਹੀਂ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਹਨ ਕਿ ਸੰਦੇਸ਼ ਉਸ ਹੱਦ ਤਕ ਪ੍ਰਵੇਸ਼ ਕਰੇ।

ਇਸ ਲਈ ਯਿਸੂ ਕਹਿੰਦਾ ਹੈ: “ਮੈਂ ਇਸ ਲਈ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਓਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ . . . ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ।”

ਯਿਸੂ ਅੱਗੇ ਕਹਿੰਦਾ ਹੈ, “ਪਰ ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ। ਕਿਉਂਕਿ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।”

ਜੀ ਹਾਂ, 12 ਰਸੂਲ ਅਤੇ ਜੋ ਉਨ੍ਹਾਂ ਦੇ ਨਾਲ ਹਨ ਗ੍ਰਹਿਣਸ਼ੀਲ ਦਿਲ ਰੱਖਦੇ ਹਨ। ਇਸ ਲਈ ਯਿਸੂ ਕਹਿੰਦਾ ਹੈ: “ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।” ਕਿਉਂਕਿ ਉਨ੍ਹਾਂ ਵਿਚ ਸਮਝਣ ਦੀ ਇੱਛਾ ਹੈ, ਯਿਸੂ ਆਪਣੇ ਚੇਲਿਆਂ ਨੂੰ ਬੀ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ ਦਿੰਦਾ ਹੈ।

“ਬੀ ਪਰਮੇਸ਼ੁਰ ਦਾ ਬਚਨ ਹੈ,” ਯਿਸੂ ਕਹਿੰਦਾ ਹੈ, ਅਤੇ ਜ਼ਮੀਨ ਦਿਲ ਹੈ। ਉਸ ਬੀ ਦੇ ਬਾਰੇ ਜਿਹੜਾ ਪੱਕੇ ਰਾਹ ਦੇ ਕੰਢੇ ਬੀਜਿਆ ਗਿਆ ਸੀ, ਉਹ ਵਿਆਖਿਆ ਕਰਦਾ ਹੈ: “ਸ਼ਤਾਨ ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ।”

ਦੂਜੇ ਪਾਸੇ, ਉਹ ਬੀ ਜਿਹੜਾ ਉਸ ਮਿੱਟੀ ਉੱਤੇ ਬੀਜਿਆ ਗਿਆ ਹੈ ਜਿਸ ਦੇ ਹੇਠਾਂ ਪਥਰੀਲੀ ਤਹਿ ਹੈ, ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਦਰਸਾਉਂਦਾ ਹੈ ਜੋ ਆਨੰਦ ਨਾਲ ਬਚਨ ਕਬੂਲ ਕਰ ਲੈਂਦੇ ਹਨ। ਪਰ, ਕਿਉਂਕਿ ਬਚਨ ਅਜਿਹੇ ਦਿਲਾਂ ਵਿਚ ਚੰਗੀ ਜੜ੍ਹ ਨਹੀਂ ਫੜ ਸਕਦਾ ਹੈ, ਅਜਿਹੇ ਲੋਕੀ ਪਿੱਛੇ ਹਟ ਜਾਂਦੇ ਹਨ, ਜਦੋਂ ਪਰਤਾਵੇ ਜਾਂ ਸਤਾਹਟ ਦਾ ਸਮਾਂ ਆਉਂਦਾ ਹੈ।

ਅਜਿਹੇ ਬੀ ਬਾਰੇ ਜਿਹੜਾ ਕੰਡਿਆਂ ਦਰਮਿਆਨ ਡਿੱਗਿਆ ਹੈ, ਯਿਸੂ ਅੱਗੇ ਕਹਿੰਦਾ ਹੈ ਕਿ ਇਹ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਬਚਨ ਸੁਣਿਆ। ਫਿਰ ਵੀ, ਇਹ ਲੋਕ ਇਸ ਜੀਵਨ ਦੀਆਂ ਚਿੰਤਾਵਾਂ ਅਤੇ ਧਨ-ਦੌਲਤ ਅਤੇ ਸੁਖ ਵਿਲਾਸ ਵਿਚ ਫਸ ਜਾਂਦੇ ਹਨ, ਇਸ ਤਰ੍ਹਾਂ ਉਹ ਪੂਰੀ ਤਰ੍ਹਾਂ ਨਾਲ ਦੱਬੇ ਜਾਂਦੇ ਹਨ ਅਤੇ ਕੁਝ ਵੀ ਸੰਪੂਰਣ ਨਹੀਂ ਕਰਦੇ ਹਨ।

ਅਖ਼ੀਰ ਵਿਚ, ਚੰਗੀ ਜ਼ਮੀਨ ਉੱਤੇ ਬੀਜੇ ਗਏ ਬੀ ਬਾਰੇ, ਯਿਸੂ ਕਹਿੰਦਾ ਹੈ ਕਿ ਇਹ ਉਹ ਲੋਕੀ ਹਨ ਜਿਹੜੇ, ਬਚਨ ਨੂੰ ਚੰਗੇ ਅਤੇ ਵਧੀਆ ਦਿਲ ਨਾਲ ਸੁਣਨ ਮਗਰੋਂ, ਉਸ ਨੂੰ ਫੜੀ ਰੱਖਦੇ ਹਨ ਅਤੇ ਧੀਰਜ ਨਾਲ ਫਲ ਉਤਪੰਨ ਕਰਦੇ ਹਨ।

ਕਿੰਨੇ ਧੰਨ ਹਨ ਇਹ ਚੇਲੇ ਜਿਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਦੀ ਵਿਆਖਿਆ ਲੈਣ ਲਈ ਉਸ ਨੂੰ ਭਾਲਿਆ! ਯਿਸੂ ਇਰਾਦਾ ਰੱਖਦਾ ਹੈ ਕਿ ਦੂਜਿਆਂ ਨੂੰ ਸੱਚਾਈ ਪ੍ਰਦਾਨ ਕਰਨ ਲਈ ਉਸ ਦੇ ਦ੍ਰਿਸ਼ਟਾਂਤਾਂ ਨੂੰ ਸਮਝਿਆ ਜਾਵੇ। “ਕੀ ਦੀਵਾ ਟੋਪੇ ਦੇ ਹੇਠ ਯਾ ਮੰਜੇ ਦੇ ਹੇਠ ਰੱਖਣ ਨੂੰ ਲਿਆਉਂਦੇ ਹਨ?” ਉਹ ਪੁੱਛਦਾ ਹੈ। ਨਹੀਂ, “ਦੀਵਟ ਉੱਤੇ ਰੱਖਣ ਨੂੰ।” ਇਸ ਲਈ ਯਿਸੂ ਅੱਗੇ ਕਹਿੰਦਾ ਹੈ: “ਇਸ ਕਰਕੇ ਚੌਕਸ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ।”

ਹੋਰ ਹਿਦਾਇਤ ਨਾਲ ਵਰੋਸਾਏ ਗਏ

ਬੀਜਣ ਵਾਲੇ ਦੇ ਦ੍ਰਿਸ਼ਟਾਂਤ ਬਾਰੇ ਯਿਸੂ ਦੀ ਵਿਆਖਿਆ ਪ੍ਰਾਪਤ ਕਰਨ ਤੋਂ ਬਾਅਦ, ਚੇਲੇ ਹੋਰ ਜਾਣਨਾ ਚਾਹੁੰਦੇ ਹਨ। ਉਹ ਬੇਨਤੀ ਕਰਦੇ ਹਨ, “ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ੍ਹ ਕੇ ਸਾਨੂੰ ਦੱਸ।”

ਚੇਲਿਆਂ ਦਾ ਰਵੱਈਆ ਝੀਲ ਦੇ ਕੰਢੇ ਤੇ ਬੈਠੀ ਹੋਈ ਬਾਕੀ ਭੀੜ ਨਾਲੋਂ ਕਿੰਨਾ ਫਰਕ ਹੈ! ਉਨ੍ਹਾਂ ਲੋਕਾਂ ਵਿਚ ਦ੍ਰਿਸ਼ਟਾਂਤਾਂ ਦੇ ਪਿੱਛੇ ਮਤਲਬ ਨੂੰ ਜਾਣਨ ਦੀ ਸੁਹਿਰਦ ਇੱਛਾ ਨਹੀਂ ਹੈ, ਉਹ ਸਿਰਫ਼ ਇਨ੍ਹਾਂ ਵਿਚ ਦੱਸੀਆਂ ਗਈਆਂ ਗੱਲਾਂ ਦੀ ਬਾਹਰੀ ਰੂਪ-ਰੇਖਾ ਨਾਲ ਹੀ ਸੰਤੁਸ਼ਟ ਹਨ। ਝੀਲ ਦੇ ਕੰਢੇ ਤੇ ਬੈਠੇ ਹੋਏ ਹਾਜ਼ਰੀਨਾਂ ਨੂੰ ਆਪਣੇ ਜਿਗਿਆਸੂ ਚੇਲਿਆਂ ਨਾਲ ਭਿੰਨਤਾ ਦਰਸਾਉਂਦੇ ਹੋਏ, ਜੋ ਉਸ ਕੋਲ ਘਰ ਵਿਚ ਆਏ ਹਨ, ਯਿਸੂ ਕਹਿੰਦਾ ਹੈ:

“ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ।” ਚੇਲੇ ਯਿਸੂ ਨੂੰ ਸੁ­ਹਿਰਦ ਰੁਚੀ ਅਤੇ ਧਿਆਨ ਮਿਣ ਕੇ ਦੇ ਰਹੇ ਹਨ, ਅਤੇ ਇਸ ਲਈ ਉਹ ਹੋਰ ਹਿਦਾਇਤ ਪ੍ਰਾਪਤ ਕਰਨ ਨਾਲ ਵਰੋਸਾਏ ਗਏ ਹਨ। ਇਸ ਤਰ੍ਹਾਂ, ਆਪਣੇ ਚੇਲਿਆਂ ਦੀ ਪੁੱਛ-ਗਿੱਛ ਦੇ ਜਵਾਬ ਵਿਚ ਯਿਸੂ ਵਿਆਖਿਆ ਕਰਦਾ ਹੈ:

“ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ। ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤ੍ਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤ੍ਰ ਹਨ। ਅਤੇ ਜਿਸ ਵੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ। ਵਾਢੀ ਦਾ ਵੇਲਾ ਜੁਗ ਦਾ ਅੰਤ [“ਰੀਤੀ-ਵਿਵਸਥਾ ਦੀ ਸਮਾਪਤੀ,” ਨਿ ਵ] ਹੈ ਅਰ ਵੱਢਣ ਵਾਲੇ ਦੂਤ ਹਨ।”

ਆਪਣੇ ਦ੍ਰਿਸ਼ਟਾਂਤ ਦੇ ਹਰ ਪਹਿਲੂ ਦੀ ਪਛਾਣ ਕਰਾਉਣ ਤੋਂ ਬਾਅਦ, ਯਿਸੂ ਸਿੱਟਾ ਬਿਆਨ ਕਰਦਾ ਹੈ। ਉਹ ਆਖਦਾ ਹੈ ਕਿ ਰੀਤੀ-ਵਿਵਸਥਾ ਦੀ ਸਮਾਪਤੀ ਦੇ ਵੇਲੇ ਵੱਢਣ ਵਾਲੇ, ਜਾਂ ਦੂਤ, ਜੰਗਲੀ ਬੂਟੀ-ਸਮਾਨ ਨਕਲੀ ਮਸੀਹੀਆਂ ਨੂੰ ਸੱਚੇ ‘ਰਾਜ ਦੇ ਪੁੱਤ੍ਰਾਂ’ ਤੋਂ ਵੱਖਰਾ ਕਰਨਗੇ। ਫਿਰ “ਦੁਸ਼ਟ ਦੇ ਪੁੱਤ੍ਰ” ਵਿਨਾਸ਼ ਲਈ ਚਿੰਨ੍ਹਿਤ ਕੀਤੇ ਜਾਣਗੇ, ਪਰੰਤੂ ਪਰਮੇਸ਼ੁਰ ਦੇ ਰਾਜ ਦੇ ਪੁੱਤਰ, “ਧਰਮੀ ਲੋਕ,” ਆਪਣੇ ਪਿਤਾ ਦੇ ਰਾਜ ਵਿਚ ਪੂਰੇ ਉਜਾਲੇ ਨਾਲ ਚਮਕਣਗੇ।

ਫਿਰ ਯਿਸੂ ਆਪਣੇ ਜਿਗਿਆਸੂ ਚੇਲਿਆਂ ਨੂੰ ਤਿੰਨ ਹੋਰ ਦ੍ਰਿਸ਼ਟਾਂਤਾਂ ਦੀ ਬਰਕਤ ਦਿੰਦਾ ਹੈ। ਪਹਿਲਾ, ਉਹ ਕਹਿੰਦਾ ਹੈ: “ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।”

ਉਹ ਅੱਗੇ ਕਹਿੰਦਾ ਹੈ, “ਫੇਰ ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।”

ਯਿਸੂ ਆਪ ਹੀ ਉਸ ਆਦਮੀ ਵਰਗਾ ਹੈ ਜਿਹੜਾ ਇਕ ਲੁਕੇ ਹੋਏ ਧਨ ਨੂੰ ਲੱਭਦਾ ਹੈ ਅਤੇ ਉਸ ਵਪਾਰੀ ਵਰਗਾ ਹੈ ਜਿਹੜਾ ਇਕ ਭਾਰੇ ਮੁੱਲ ਦੇ ਮੋਤੀ ਨੂੰ ਲੱਭਦਾ ਹੈ। ਉਹ ਸਭ ਕੁਝ ਵੇਚ ਦਿੰਦਾ ਹੈ, ਜਿਵੇਂ ਕਿ, ਇਕ ਦੀਨ ਮਨੁੱਖ ਬਣਨ ਲਈ ਸਵਰਗ ਵਿਚ ਆਪਣੀ ਸਤਕਾਰਯੋਗ ਸਥਿਤੀ ਨੂੰ ਤਿਆਗ ਦਿੰਦਾ ਹੈ। ਫਿਰ, ਧਰਤੀ ਉੱਤੇ ਇਕ ਮਨੁੱਖ ਦੇ ਤੌਰ ਤੇ, ਉਹ ਬਦਨਾਮੀ ਅਤੇ ਨਫ਼ਰਤ ਭਰੀ ਸਤਾਹਟ ਸਹਿੰਦੇ ਹੋਏ, ਪਰਮੇਸ਼ੁਰ ਦੇ ਰਾਜ ਦਾ ਸ਼ਾਸਕ ਬਣਨ ਦੇ ਯੋਗ ਸਾਬਤ ਹੁੰਦਾ ਹੈ।

ਯਿਸੂ ਦੇ ਅਨੁਯਾਈਆਂ ਅੱਗੇ ਵੀ ਇਹ ਚੁਣੌਤੀ ਰੱਖੀ ਗਈ ਹੈ ਕਿ ਮਸੀਹ ਦੇ ਨਾਲ ਸੰਗੀ ਸ਼ਾਸਕ ਬਣਨ ਦਾ ਜਾਂ ਰਾਜ ਦੀ ਇਕ ਪਾਰਥਿਵ ਪਰਜਾ ਬਣਨ ਦਾ ਮਹਾਨ ਇਨਾਮ ਪ੍ਰਾਪਤ ਕਰਨ ਲਈ ਉਹ ਆਪਣਾ ਸਭ ਕੁਝ ਵੇਚ ਦੇਣ। ਕੀ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਹਿੱਸਾ ਲੈਣ ਨੂੰ ਜੀਵਨ ਵਿਚ ਕਿਸੇ ਵੀ ਹੋਰ ਵਸਤੂ ਨਾਲੋਂ ਜ਼ਿਆਦਾ ਬਹੁਮੁੱਲੀ ਸਮਝਾਂਗੇ, ਜਿਵੇਂ ਕਿ ਇਕ ਅਨਮੋਲ ਧਨ ਜਾਂ ਇਕ ਕੀਮਤੀ ਮੋਤੀ?

ਆਖ਼ਰ ਵਿਚ, ਯਿਸੂ ‘ਸੁਰਗ ਦੇ ਰਾਜ’ ਨੂੰ ਇਕ ਜਾਲ ਦੇ ਨਾਲ ਤੁਲਨਾ ਕਰਦਾ ਹੈ ਜਿਹੜਾ ਭਾਂਤ-ਭਾਂਤ ਦੀਆਂ ਮੱਛੀਆਂ ਇਕੱਠੀਆਂ ਕਰਦਾ ਹੈ। ਜਦੋਂ ਮੱਛੀਆਂ ਵੱਖਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ ਜਾਂਦਾ ਹੈ ਪਰੰਤੂ ਚੰਗੀਆਂ ਨੂੰ ਰੱਖਿਆ ਜਾਂਦਾ ਹੈ। ਸੋ, ਯਿਸੂ ਕਹਿੰਦਾ ਹੈ, ਰੀਤੀ-ਵਿਵਸਥਾ ਦੀ ਸਮਾਪਤੀ ਵਿਚ ਇਸ ਤਰ੍ਹਾਂ ਹੀ ਹੋਵੇਗਾ; ਦੁਸ਼ਟਾਂ ਨੂੰ ਸਤਿਆਨਾਸ਼ ਲਈ ਅਲੱਗ ਰੱਖਦੇ ਹੋਏ ਦੂਤ ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਿਆਂ ਕਰਨਗੇ।

ਯਿਸੂ ਆਪਣੇ ਚੇਲਿਆਂ ਨੂੰ “ਮਨੁੱਖਾਂ ਦੇ ਸ਼ਿਕਾਰੀ” ਬਣਨ ਲਈ ਸੱਦਾ ਦਿੰਦੇ ਹੋਏ, ਖ਼ੁਦ ਆਪ ਹੀ ਇਸ ਮਾਹੀਗੀਰੀ ਯੋਜਨਾ ਨੂੰ ਸ਼ੁਰੂ ਕਰਦਾ ਹੈ। ਦੂਤਾਂ ਦੀ ਨਿਗਰਾਨੀ ਦੇ ਅਧੀਨ, ਮਾਹੀਗੀਰੀ ਦਾ ਕੰਮ ਸਦੀਆਂ ਤਕ ਚੱਲਦਾ ਆਇਆ ਹੈ। ਆਖ਼ਰਕਾਰ “ਜਾਲ” ਨੂੰ ਖਿੱਚਣ ਦਾ ਸਮਾਂ ਆਉਂਦਾ ਹੈ, ਜੋ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਸਮੇਤ, ਉਨ੍ਹਾਂ ਸੰਗਠਨਾਂ ਨੂੰ ਦਰਸਾਉਂਦਾ ਹੈ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ।

ਭਾਵੇਂ ਕਿ ਨਿਕੰਮੀਆਂ ਮੱਛੀਆਂ ਵਿਨਾਸ਼ ਵਿਚ ਸੁੱਟੀਆਂ ਜਾਂਦੀਆਂ ਹਨ, ਅਸੀਂ ਧੰਨਵਾਦੀ ਹੋ ਸਕਦੇ ਹਾਂ ਕਿ “ਚੰਗੀਆਂ ਮੱਛੀਆਂ” ਰੱਖੀਆਂ ਗਈਆਂ ਹਨ। ਯਿਸੂ ਦੇ ਚੇਲਿਆਂ ਵਾਂਗ ਹੋਰ ਜ਼ਿਆਦਾ ਗਿਆਨ ਅਤੇ ਸਮਝ ਦੇ ਲਈ ਸੁਹਿਰਦ ਇੱਛਾ ਦਿਖਾਉਣ ਦੇ ਦੁਆਰਾ, ਅਸੀਂ ਨਾ ਕੇਵਲ ਹੋਰ ਹਿਦਾਇਤਾਂ ਨਾਲ ਸਗੋਂ ਸਦੀਪਕ ਜੀਵਨ ਦੀ ਪਰਮੇਸ਼ੁਰ ਦੀ ਬਰਕਤ ਨਾਲ ਵੀ ਵਰੋਸਾਏ ਜਾਵਾਂਗੇ। ਮੱਤੀ 13:​1-52; ਮਰਕੁਸ 4:​1-34; ਲੂਕਾ 8:​4-18; ਜ਼ਬੂਰ 78:2; ਯਸਾਯਾਹ 6:​9, 10.

▪ ਯਿਸੂ ਕਦੋਂ ਅਤੇ ਕਿੱਥੇ ਭੀੜ ਨਾਲ ਦ੍ਰਿਸ਼ਟਾਂਤਾਂ ਵਿਚ ਗੱਲ ਕਰਦਾ ਹੈ?

▪ ਯਿਸੂ ਹੁਣ ਭੀੜ ਨੂੰ ਕਿਹੜੇ ਪੰਜ ਦ੍ਰਿਸ਼ਟਾਂਤ ਦੱਸਦਾ ਹੈ?

▪ ਯਿਸੂ ਕਿਉਂ ਕਹਿੰਦਾ ਹੈ ਕਿ ਰਾਈ ਦਾ ਦਾਣਾ ਸਾਰੇ ਬੀਆਂ ਨਾਲੋਂ ਛੋਟਾ ਹੈ?

▪ ਯਿਸੂ ਦ੍ਰਿਸ਼ਟਾਂਤਾਂ ਵਿਚ ਕਿਉਂ ਗੱਲ ਕਰਦਾ ਹੈ?

▪ ਯਿਸੂ ਦੇ ਚੇਲੇ ਆਪਣੇ ਆਪ ਨੂੰ ਭੀੜ ਨਾਲੋਂ ਕਿਸ ਤਰ੍ਹਾਂ ਵੱਖਰਾ ਦਿਖਾਉਂਦੇ ਹਨ?

▪ ਯਿਸੂ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਕੀ ਵਿਆਖਿਆ ਦਿੰਦਾ ਹੈ?

▪ ਚੇਲੇ ਝੀਲ ਦੇ ਕੰਢੇ ਤੇ ਬੈਠੀ ਹੋਈ ਭੀੜ ਨਾਲੋਂ ਕਿਸ ਤਰ੍ਹਾਂ ਫ਼ਰਕ ਹਨ?

▪ ਬੀਜਣ ਵਾਲਾ, ਖੇਤ, ਚੰਗਾ ਬੀ, ਵੈਰੀ, ਵਾਢੀ, ਅਤੇ ਵੱਢਣ ਵਾਲੇ ਕਿਸ ਨੂੰ ਦਰਸਾਉਂਦੇ ਹਨ?

▪ ਯਿਸੂ ਤਿੰਨ ਹੋਰ ਕਿਹੜੇ ਦ੍ਰਿਸ਼ਟਾਂਤ ਦਿੰਦਾ ਹੈ, ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?