Skip to content

Skip to table of contents

ਧਨਵਾਨ ਮਨੁੱਖ ਅਤੇ ਲਾਜ਼ਰ

ਧਨਵਾਨ ਮਨੁੱਖ ਅਤੇ ਲਾਜ਼ਰ

ਅਧਿਆਇ 88

ਧਨਵਾਨ ਮਨੁੱਖ ਅਤੇ ਲਾਜ਼ਰ

ਯਿਸੂ ਭੌਤਿਕ ਮਾਯਾ ਦੇ ਉਚਿਤ ਇਸਤੇਮਾਲ ਬਾਰੇ ਆਪਣੇ ਚੇਲਿਆਂ ਨਾਲ ਗੱਲਾਂ ਕਰ ਰਿਹਾ ਸੀ, ਇਹ ਵਿਆਖਿਆ ਕਰਦੇ ਹੋਏ ਕਿ ਅਸੀਂ ਇਨ੍ਹਾਂ ਦੇ ਅਤੇ ਨਾਲ ਹੀ ਪਰਮੇਸ਼ੁਰ ਦੇ ਨੌਕਰ ਨਹੀਂ ਹੋ ਸਕਦੇ ਹਾਂ। ਫ਼ਰੀਸੀ ਵੀ ਸੁਣ ਰਹੇ ਹਨ, ਅਤੇ ਉਹ ਯਿਸੂ ਉੱਤੇ ਤਾਅਨੇ ਮਾਰਨੇ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹ ਪੈਸੇ ਦੇ ਪ੍ਰੇਮੀ ਹਨ। ਇਸ ਲਈ ਉਹ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ।”

ਹੁਣ ਸਮਾਂ ਆ ਗਿਆ ਹੈ ਕਿ ਸੰਸਾਰੀ ਵਸਤਾਂ, ਰਾਜਨੀਤਿਕ ਸ਼ਕਤੀ, ਅਤੇ ਧਾਰਮਿਕ ਨਿਯੰਤ੍ਰਣ ਅਤੇ ਪ੍ਰਭਾਵ ਵਿਚ ਧਨਵਾਨ ਲੋਕਾਂ ਉੱਤੇ ਪਾਸਾ ਪਲਟਾਇਆ ਜਾਵੇ। ਉਹ ਨੀਵੇਂ ਕੀਤੇ ਜਾਣਗੇ। ਪਰੰਤੂ, ਆਪਣੀਆਂ ਅਧਿਆਤਮਿਕ ਲੋੜਾਂ ਨੂੰ ਪਛਾਣਨ ਵਾਲੇ ਲੋਕ ਉੱਚੇ ਕੀਤੇ ਜਾਣਗੇ। ਯਿਸੂ ਅਜਿਹੀ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ ਜਦੋਂ ਉਹ ਫ਼ਰੀਸੀਆਂ ਨੂੰ ਅੱਗੇ ਕਹਿੰਦਾ ਹੈ:

“ਤੁਰੇਤ ਅਰ ਨਬੀ ਯੂਹੰਨਾ [ਬਪਤਿਸਮਾ ਦੇਣ ਵਾਲੇ] ਤੀਕੁਰ ਸਨ। ਉਸ ਵੇਲੇ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਤੁਰੇਤ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਸਹਿਜ ਹੈ।”

ਗ੍ਰੰਥੀ ਅਤੇ ਫ਼ਰੀਸੀ ਮੂਸਾ ਦੀ ਬਿਵਸਥਾ ਦੇ ਪ੍ਰਤੀ ਆਪਣੇ ਅਖਾਉਤੀ ਲਗਾਉ ਉੱਤੇ ਘਮੰਡ ਕਰਦੇ ਹਨ। ਯਾਦ ਕਰੋ ਕਿ ਜਦੋਂ ਯਿਸੂ ਨੇ ਯਰੂਸ਼ਲਮ ਵਿਚ ਚਮਤਕਾਰੀ ਢੰਗ ਨਾਲ ਇਕ ਆਦਮੀ ਨੂੰ ਦ੍ਰਿਸ਼ਟੀ ਦਿੱਤੀ ਤਾਂ ਉਨ੍ਹਾਂ ਨੇ ਸ਼ੇਖੀ ਮਾਰੀ ਸੀ: “ਅਸੀਂ ਮੂਸਾ ਦੇ ਚੇਲੇ ਹਾਂਗੇ। ਅਸੀਂ ਜਾਣਦੇ ਹਾਂ ਜੋ ਪਰਮੇਸ਼ੁਰ ਨੇ ਮੂਸਾ ਦੇ ਨਾਲ ਗੱਲਾਂ ਕੀਤੀਆਂ ਹਨ।” ਪਰੰਤੂ ਹੁਣ ਮੂਸਾ ਦੀ ਬਿਵਸਥਾ ਨੇ ਨਿਮਰ ਲੋਕਾਂ ਨੂੰ ਪਰਮੇਸ਼ੁਰ ਦੇ ਮਨੋਨੀਤ ਰਾਜਾ, ਯਿਸੂ ਮਸੀਹ ਵੱਲ ਲੈ ਜਾਣ ਦੇ ਆਪਣੇ ਨਿਯਤ ਉਦੇਸ਼ ਨੂੰ ਪੂਰਾ ਕੀਤਾ ਹੈ। ਇਸ ਲਈ ਯੂਹੰਨਾ ਦੀ ਸੇਵਕਾਈ ਦੇ ਸ਼ੁਰੂ ਹੋਣ ਨਾਲ ਹਰ ਕਿਸਮ ਦੇ ਵਿਅਕਤੀ, ਖ਼ਾਸ ਕਰ ਕੇ ਨਿਮਰ ਅਤੇ ਗਰੀਬ ਲੋਕ, ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਜਤਨ ਕਰ ਰਹੇ ਹਨ।

ਜਦੋਂ ਕਿ ਮੂਸਾ ਦੀ ਬਿਵਸਥਾ ਹੁਣ ਪੂਰੀ ਹੋ ਚੁੱਕੀ ਹੈ, ਇਸ ਨੂੰ ਨਿਭਾਉਣ ਦੀ ਬੰਦਸ਼ ਹਟਾਈ ਜਾਵੇਗੀ। ਬਿਵਸਥਾ ਵਿਭਿੰਨ ਆਧਾਰਾਂ ਉੱਤੇ ਤਲਾਕ ਦੀ ਇਜਾਜ਼ਤ ਦਿੰਦੀ ਹੈ, ਪਰੰਤੂ ਹੁਣ ਯਿਸੂ ਕਹਿੰਦਾ ਹੈ: “ਹਰੇਕ ਜੋ ਆਪਣੀ ਤੀਵੀਂ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜ਼ਨਾਹ ਕਰਦਾ ਹੈ ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀਂ ਨੂੰ ਵਿਆਹੇ ਉਹ ਜ਼ਨਾਹ ਕਰਦਾ ਹੈ।” ਅਜਿਹੀਆਂ ਘੋਸ਼ਣਾਵਾਂ ਨੇ ਫ਼ਰੀਸੀਆਂ ਨੂੰ ਕਿੰਨੀ ਖਿਝ ਚੜ੍ਹਾਈ ਹੋਵੇਗੀ, ਖ਼ਾਸ ਕਰ ਕੇ ਜਦੋਂ ਕਿ ਉਹ ਕਈ ਆਧਾਰਾਂ ਉੱਤੇ ਤਲਾਕ ਦੀ ਇਜਾਜ਼ਤ ਦਿੰਦੇ ਹਨ!

ਫ਼ਰੀਸੀਆਂ ਦੇ ਪ੍ਰਤੀ ਆਪਣੀਆਂ ਟਿੱਪਣੀਆਂ ਜਾਰੀ ਰੱਖਦੇ ਹੋਏ, ਯਿਸੂ ਇਕ ਦ੍ਰਿਸ਼ਟਾਂਤ ਦੱਸਦਾ ਹੈ ਜਿਸ ਵਿਚ ਦੋ ਆਦਮੀ ਚਿਤ੍ਰਿਤ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਰੁਤਬਾ, ਜਾਂ ਦਸ਼ਾ, ਆਖ਼ਰਕਾਰ ਨਾਟਕੀ ਢੰਗ ਨਾਲ ਬਦਲ ਜਾਂਦੀ ਹੈ। ਕੀ ਤੁਸੀਂ ਨਿਸ਼ਚਿਤ ਕਰ ਸਕਦੇ ਹੋ ਕਿ ਇਹ ਆਦਮੀ ਕਿਨ੍ਹਾਂ ਨੂੰ ਦਰਸਾਉਂਦੇ ਹਨ ਅਤੇ ਉਨ੍ਹਾਂ ਦੀਆਂ ਦਸ਼ਾਵਾਂ ਦੇ ਉਲਟਾਉ ਦਾ ਕੀ ਮਤਲਬ ਹੈ?

“ਇੱਕ ਧਨਵਾਨ ਮਨੁੱਖ ਸੀ,” ਯਿਸੂ ਸਮਝਾਉਂਦਾ ਹੈ, “ਜੋ ਬੈਂਗਣੀ ਅਰ ਬਰੀਕ ਕੱਪੜਾ ਪਹਿਨਦਾ ਅਤੇ ਨਿੱਤ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। ਅਰ ਲਾਜ਼ਰ ਨਾਉਂ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹ ਦੀ ਡਿਉੜ੍ਹੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਅਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹ ਦੇ ਫੋੜਿਆਂ ਨੂੰ ਚੱਟਦੇ ਸਨ।”

ਯਿਸੂ ਇੱਥੇ ਯਹੂਦੀ ਧਾਰਮਿਕ ਆਗੂਆਂ ਨੂੰ, ਨਾ ਕੇਵਲ ਫ਼ਰੀਸੀਆਂ ਅਤੇ ਗ੍ਰੰਥੀਆਂ ਨੂੰ, ਪਰੰਤੂ ਸਦੂਕੀਆਂ ਅਤੇ ਮੁੱਖ ਜਾਜਕਾਂ ਨੂੰ ਵੀ ਦਰਸਾਉਣ ਲਈ ਧਨਵਾਨ ਮਨੁੱਖ ਦਾ ਇਸਤੇਮਾਲ ਕਰਦਾ ਹੈ। ਉਹ ਅਧਿਆਤਮਿਕ ਵਿਸ਼ੇਸ਼-ਸਨਮਾਨਾਂ ਅਤੇ ਮੌਕਿਆਂ ਵਿਚ ਧਨਵਾਨ ਹਨ, ਅਤੇ ਉਹ ਧਨਵਾਨ ਮਨੁੱਖ ਵਾਂਗ ਵਰਤਾਉ ਕਰਦੇ ਹਨ। ਉਨ੍ਹਾਂ ਦਾ ਸ਼ਾਹੀ ਬੈਂਗਣੀ ਬਸਤਰ ਉਨ੍ਹਾਂ ਦੀ ਅਨੁਕੂਲ ਸਥਿਤੀ ਨੂੰ ਦਰਸਾਉਂਦਾ ਹੈ, ਅਤੇ ਚਿੱਟਾ ਬਰੀਕ ਕੱਪੜਾ ਉਨ੍ਹਾਂ ਦੇ ਸਵੈ-ਸਤਵਾਦ ਨੂੰ ਚਿਤ੍ਰਿਤ ਕਰਦਾ ਹੈ।

ਇਹ ਘਮੰਡੀ ਧਨਵਾਨ-ਮਨੁੱਖ ਵਰਗ ਗਰੀਬ, ਆਮ ਲੋਕਾਂ ਨੂੰ ਅਤਿ ਨਫ਼ਰਤ ਨਾਲ ਵੇਖਦਾ ਹੈ, ਅਤੇ ਉਨ੍ਹਾਂ ਨੂੰ ਅਮਹਾਰੇੱਟਸ ਜਾਂ ਧਰਤੀ ਦੇ ਲੋਕ ਕਹਿ ਕੇ ਬੁਲਾਉਂਦਾ ਹੈ। ਇਸ ਤਰ੍ਹਾਂ ਕੰਗਾਲ ਲਾਜ਼ਰ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਧਾਰਮਿਕ ਆਗੂ ਉਚਿਤ ਅਧਿਆਤਮਿਕ ਭੋਜਨ ਅਤੇ ਵਿਸ਼ੇਸ਼-ਸਨਮਾਨ ਦੇਣ ਤੋਂ ਇਨਕਾਰ ਕਰਦੇ ਹਨ। ਇਸ ਲਈ, ਫੋੜਿਆਂ ਨਾਲ ਭਰੇ ਹੋਏ ਲਾਜ਼ਰ ਦੇ ਵਾਂਗ, ਆਮ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਬੀਮਾਰ ਅਤੇ ਸਿਰਫ਼ ਕੁੱਤਿਆਂ ਨਾਲ ਸੰਗਤ ਕਰਨ ਦੇ ਯੋਗ ਤੁੱਛ ਸਮਝਿਆ ਜਾਂਦਾ ਹੈ। ਫਿਰ ਵੀ, ਲਾਜ਼ਰ ਵਰਗ ਦੇ ਲੋਕ ਅਧਿਆਤਮਿਕ ਭੋਜਨ ਲਈ ਭੁੱਖੇ ਅਤੇ ਪਿਆਸੇ ਹਨ ਅਤੇ ਇਸ ਲਈ ਧਨਵਾਨ ਮਨੁੱਖ ਦੀ ਮੇਜ਼ ਤੋਂ ਅਧਿਆਤਮਿਕ ਭੋਜਨ ਦੇ ਜੋ ਕੁਝ ਥੋੜ੍ਹੇ ਟੁਕੜੇ ਸ਼ਾਇਦ ਡਿੱਗਣ ਉਨ੍ਹਾਂ ਨੂੰ ਪਾਉਣ ਦੀ ਕੋਸ਼ਿਸ਼ ਵਿਚ ਡਿਉਢੀ ਦੇ ਅੱਗੇ ਹਨ।

ਯਿਸੂ ਹੁਣ ਧਨਵਾਨ ਮਨੁੱਖ ਅਤੇ ਲਾਜ਼ਰ ਦੀ ਦਸ਼ਾ ਵਿਚ ਤਬਦੀਲੀਆਂ ਦਾ ਬਿਆਨ ਕਰਦਾ ਹੈ। ਇਹ ਤਬਦੀਲੀਆਂ ਕੀ ਹਨ, ਅਤੇ ਇਹ ਕੀ ਦਰ­ਸਾਉਂ­ਦੀਆਂ ਹਨ?

ਧਨਵਾਨ ਮਨੁੱਖ ਅਤੇ ਲਾਜ਼ਰ ਇਕ ਤਬਦੀਲੀ ਅਨੁਭਵ ਕਰਦੇ ਹਨ

ਧਨਵਾਨ ਮਨੁੱਖ ਉਨ੍ਹਾਂ ਧਾਰਮਿਕ ਆਗੂਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਅਧਿਆਤਮਿਕ ਵਿਸ਼ੇਸ਼-ਸਨਮਾਨ ਅਤੇ ਮੌਕਿਆਂ ਦੀ ਮਿਹਰ ਪ੍ਰਾਪਤ ਹੈ, ਅਤੇ ਲਾਜ਼ਰ ਆਮ ਲੋਕਾਂ ਨੂੰ ਚਿਤ੍ਰਿਤ ਕਰਦਾ ਹੈ ਜਿਹੜੇ ਅਧਿਆਤਮਿਕ ਭੋਜਨ ਲਈ ਭੁੱਖੇ ਹਨ। ਯਿਸੂ ਇਨ੍ਹਾਂ ਆਦਮੀਆਂ ਦੀਆਂ ਹਾਲਤਾਂ ਵਿਚ ਇਕ ਨਾਟਕੀ ਤਬਦੀਲੀ ਵਰਣਨ ਕਰਦੇ ਹੋਏ ਆਪਣੀ ਕਹਾਣੀ ਜਾਰੀ ਰੱਖਦਾ ਹੈ।

ਯਿਸੂ ਕਹਿੰਦਾ ਹੈ: “ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਹ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਰ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ।”

ਕਿਉਂ ਜੋ ਧਨਵਾਨ ਮਨੁੱਖ ਅਤੇ ਲਾਜ਼ਰ ਵਾਸਤਵਿਕ ਵਿਅਕਤੀ ਨਹੀਂ ਹਨ ਪਰੰਤੂ ਲੋਕਾਂ ਦੇ ਵਰਗਾਂ ਨੂੰ ਦਰਸਾਉਂਦੇ ਹਨ, ਤਾਂ ਤਰਕਸੰਗਤ ਤੌਰ ਤੇ ਉਨ੍ਹਾਂ ਦੀ ਮੌਤ ਵੀ ਪ੍ਰਤੀਕਾਤਮਕ ਹੈ। ਉਨ੍ਹਾਂ ਦੀ ਮੌਤ ਕਿਸ ਦਾ ਪ੍ਰਤੀਕ ਹੈ, ਜਾਂ ਕਿਸ ਚੀਜ਼ ਨੂੰ ਦਰਸਾਉਂਦੀ ਹੈ?

ਯਿਸੂ ਨੇ ਹੁਣੇ ਹੀ ਹਾਲਤਾਂ ਵਿਚ ਇਕ ਤਬਦੀਲੀ ਦੇ ਵੱਲ ਸੰਕੇਤ ਕਰਨਾ ਸਮਾਪਤ ਕੀਤਾ ਹੈ, ਇਹ ਕਹਿੰਦੇ ਹੋਏ ਕਿ ‘ਤੁਰੇਤ ਅਰ ਨਬੀ ਯੂਹੰਨਾ ਬਪ­ਤਿਸ­ਮਾ ਦੇਣ ਵਾਲੇ ਤੀਕੁਰ ਸਨ, ਪਰੰਤੂ ਉਸ ਵੇਲੇ ਤੋਂ ਪਰਮੇਸ਼ੁਰ ਦਾ ਰਾਜ ਸੁਣਾ­ਇਆ ਜਾਂਦਾ ਹੈ।’ ਇਸ ਲਈ, ਯੂਹੰਨਾ ਅਤੇ ਯਿਸੂ ਮਸੀਹ ਦੇ ਪ੍ਰਚਾਰ ਕਰਨ ਨਾਲ ਧਨਵਾਨ ਮਨੁੱਖ ਅਤੇ ਲਾਜ਼ਰ ਦੋਨੋਂ ਆਪਣੀਆਂ ਪੁਰਾਣੀਆਂ ਹਾਲਤਾਂ, ਜਾਂ ਦਸ਼ਾ ਦੇ ਪ੍ਰਤੀ ਮਰ ਜਾਂਦੇ ਹਨ।

ਜਿਹੜੇ ਨਿਮਰ, ਪਸ਼ਚਾਤਾਪੀ ਲਾਜ਼ਰ ਵਰਗ ਦੇ ਹਨ, ਉਹ ਆਪਣੀ ਪੁਰਾਣੀ ਅਧਿਆਤਮਿਕ ਤੌਰ ਤੇ ਵਾਂਝੀ ਦਸ਼ਾ ਦੇ ਪ੍ਰਤੀ ਮਰ ਜਾਂਦੇ ਹਨ ਅਤੇ ਈਸ਼ਵਰੀ ਮਿਹਰ ਦੀ ਇਕ ਸਥਿਤੀ ਵਿਚ ਆ ਜਾਂਦੇ ਹਨ। ਜਦੋਂ ਕਿ ਪਹਿਲਾਂ ਉਹ ਅਧਿਆਤਮਿਕ ਮੇਜ਼ ਤੋਂ ਡਿੱਗਣ ਵਾਲੇ ਥੋੜ੍ਹਿਆਂ ਟੁਕੜਿਆਂ ਲਈ ਧਾਰਮਿਕ ਆਗੂਆਂ ਵੱਲ ਦੇਖਦੇ ਸਨ, ਹੁਣ ਯਿਸੂ ਦੁਆਰਾ ਦਿੱਤੀ ਗਈ ਸ਼ਾਸਤਰ-ਸੰਬੰਧੀ ਸੱਚਾਈ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਿਆਂ ਕਰਦੀ ਹੈ। ਇਸ ਤਰ੍ਹਾਂ ਉਹ ਮਹਾਨ ਅਬਰਾਹਾਮ, ਯਹੋਵਾਹ ਪਰਮੇਸ਼ੁਰ ਦੀ ਗੋਦ ਵਿਚ, ਜਾਂ ਅਨੁਕੂਲ ਸਥਿਤੀ ਵਿਚ ਲਿਆਏ ਜਾਂਦੇ ਹਨ।

ਦੂਜੇ ਪਾਸੇ, ਉਹ ਜਿਹੜੇ ਧਨਵਾਨ-ਮਨੁੱਖ ਵਰਗ ਬਣਦੇ ਹਨ ਉਹ ਈਸ਼ਵਰੀ ਅ­ਪ੍ਰਸੰਨਤਾ ਦੇ ਅਧੀਨ ਆਉਂਦੇ ਹਨ ਕਿਉਂਕਿ ਉਨ੍ਹਾਂ ਨੇ ਯਿਸੂ ਦੁਆਰਾ ਸਿਖਾਏ ਗਏ ਰਾਜ ਨੂੰ ਕਬੂਲ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਹੈ। ਫਲਸਰੂਪ ਉਹ ਆਪਣੀ ਜਾਪਦੀ ਮਿਹਰ ਦੀ ਪੁਰਾਣੀ ਸਥਿਤੀ ਦੇ ਪ੍ਰਤੀ ਮਰ ਜਾਂਦੇ ਹਨ। ਅਸਲ ਵਿਚ, ਉਨ੍ਹਾਂ ਬਾਰੇ ਇੰਜ ਕਿਹਾ ਜਾਂਦਾ ਹੈ ਜਿਵੇਂ ਕਿ ਉਹ ਅਲੰਕਾਰਕ ਪੀੜਾਂ ਵਿਚ ਹਨ। ਹੁਣ ਸੁਣੋ, ਜਿਉਂ-ਜਿਉਂ ਧਨਵਾਨ ਮਨੁੱਖ ਬੋਲਦਾ ਹੈ:

“ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਘੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਢੀ ਕਰੇ ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ!” ਯਿਸੂ ਦੇ ਚੇਲਿਆਂ ਦੁਆਰਾ ਘੋਸ਼ਿਤ ਕੀਤੇ ਗਏ ਪਰਮੇਸ਼ੁਰ ਦੇ ਅਗਨ­ਮਈ ਨਿਆਉਂ ਦਾ ਸੁਨੇਹਾ ਧਨਵਾਨ ਮਨੁੱਖ ਵਰਗ ਦੇ ਹਰੇਕ ਵਿਅਕਤੀ ਨੂੰ ਪੀੜਿਤ ਕਰਦਾ ਹੈ। ਉਹ ਚਾਹੁੰਦੇ ਹਨ ਕਿ ਚੇਲੇ ਇਨ੍ਹਾਂ ਸੁਨੇਹਿਆਂ ਨੂੰ ਘੋਸ਼ਿਤ ਕਰਨ ਤੋਂ ਹਟ ਜਾਣ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਪੀੜਾਂ ਤੋਂ ਕੁਝੁ ਰਾਹਤ ਮਿਲੇ।

“ਪਰ ਅਬਰਾਹਾਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜੀਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਰ ਇਸੇ ਤਰਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਉਹ ਐੱਥੇ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈਂ। ਅਰ ਇਸ ਤੋਂ ਬਾਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਓਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਓਹ ਨਾ ਲੰਘ ਸੱਕਣ, ਨਾ ਓਧਰੋਂ ਕੋਈ ਸਾਡੇ ਕੋਲ ਏਸ ਪਾਸੇ ਆਉਣ।”

ਲਾਜ਼ਰ ਵਰਗ ਅਤੇ ਧਨਵਾਨ-ਮਨੁੱਖ ਵਰਗ ਦਰਮਿਆਨ ਅਜਿਹਾ ਨਾਟਕੀ ਬਦਲਾਉ ਵਾਪਰਨਾ ਕਿੰਨਾ ਹੀ ਨਿਆਂਪੂਰਣ ਅਤੇ ਉਚਿਤ ਹੈ! ਹਾਲਤਾਂ ਵਿਚ ਤਬਦੀਲੀ ਕੁਝ ਮਹੀਨਿਆਂ ਬਾਅਦ ਪੰਤੇਕੁਸਤ 33 ਸਾ.ਯੁ. ਵਿਚ ਵਾਪਰਦੀ ਹੈ, ਜਦੋਂ ਪੁਰਾਣੇ ਬਿਵਸਥਾ ਨੇਮ ਨੂੰ ਨਵੇਂ ਨੇਮ ਨਾਲ ਬਦਲ ਦਿੱਤਾ ਜਾਂਦਾ ਹੈ। ਇਹ ਤਦ ਪ੍ਰਤੱਖ ਰੂਪ ਵਿਚ ਸਪੱਸ਼ਟ ਕੀਤਾ ਜਾਂਦਾ ਹੈ ਕਿ ਚੇਲੇ, ਨਾ ਕਿ ਫ਼ਰੀਸੀ ਅਤੇ ਹੋਰ ਧਾਰਮਿਕ ਆਗੂ, ਪਰਮੇਸ਼ੁਰ ਦੁਆਰਾ ਮਿਹਰ ਪ੍ਰਾਪਤ ਹਨ। ਇਸ ਤਰ੍ਹਾਂ, ਉਹ “ਵੱਡੀ ਖੱਡ” ਜਿਹੜੀ ਪ੍ਰਤੀਕਾਤਮਕ ਧਨਵਾਨ ਮਨੁੱਖ ਨੂੰ ਯਿਸੂ ਦੇ ਚੇਲਿਆਂ ਤੋਂ ਵੱਖਰੀ ਕਰਦੀ ਹੈ, ਪਰਮੇਸ਼ੁਰ ਦੇ ਨਾ ਬਦਲਣਯੋਗ, ਧਰਮੀ ਨਿਆਉਂ ਨੂੰ ਦਰਸਾਉਂਦੀ ਹੈ।

ਫਿਰ ਧਨਵਾਨ ਮਨੁੱਖ “ਪਿਤਾ ਅਬਰਾਹਾਮ” ਨੂੰ ਬੇਨਤੀ ਕਰਦਾ ਹੈ: “[ਲਾਜ਼ਰ] ਨੂੰ ਮੇਰੇ ਪਿਉ ਦੇ ਘਰ ਭੇਜ। ਕਿਉਂਕਿ ਮੇਰੇ ਪੰਜ ਭਰਾ ਹਨ।” ਇਸ ਤਰ੍ਹਾਂ ਧਨਵਾਨ ਮਨੁੱਖ ਕਬੂਲ ਕਰਦਾ ਹੈ ਕਿ ਉਸ ਦਾ ਇਕ ਹੋਰ ਪਿਤਾ ਦੇ ਨਾਲ ਇਕ ਜ਼ਿਆਦਾ ਨਜ਼ਦੀਕੀ ਸੰਬੰਧ ਹੈ, ਜਿਹੜਾ ਅਸਲ ਵਿਚ ਸ਼ਤਾਨ ਅਰਥਾਤ ਇਬਲੀਸ ਹੈ। ਧਨਵਾਨ ਮਨੁੱਖ ਬੇਨਤੀ ਕਰਦਾ ਹੈ ਕਿ ਲਾਜ਼ਰ, ਪਰਮੇਸ਼ੁਰ ਦੇ ਨਿਆਉਂ ਵਾਲੇ ਸੁਨੇਹਿਆਂ ਨੂੰ ਹਲਕਾ ਕਰ ਦੇਵੇ ਤਾਂ ਜੋ ਉਸ ਦੇ “ਪੰਜ ਭਰਾ,” ਅਰਥਾਤ ਉਸ ਦੇ ਧਾਰਮਿਕ ਸਾਥੀ, “ਇਸ ਕਸ਼ਟ ਦੇ ਥਾਂ” ਵਿਚ ਨਾ ਸੁੱਟੇ ਜਾਣ।

“ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਓਹ ਉਨ੍ਹਾਂ ਦੀ ਸੁਣਨ।” ਜੀ ਹਾਂ, ਜੇ “ਪੰਜ ਭਰਾ” ਕਸ਼ਟ ਤੋਂ ਬਚਣਾ ਚਾਹੁਣਗੇ, ਤਾਂ ਉਨ੍ਹਾਂ ਨੂੰ ਸਿਰਫ਼ ਮੂਸਾ ਅਤੇ ਨਬੀਆਂ ਦੀਆਂ ਲਿਖਤਾਂ ਨੂੰ ਮੰਨਣਾ ਹੋਵੇਗਾ ਜਿਹੜੀਆਂ ਯਿਸੂ ਨੂੰ ਮਸੀਹਾ ਦੇ ਤੌਰ ਤੇ ਪਛਾਣ ਕਰਾਉਂਦੀਆਂ ਹਨ ਅਤੇ ਫਿਰ ਉਸ ਦੇ ਚੇਲੇ ਬਣਨਾ ਹੋਵੇਗਾ। ਪਰੰਤੂ ਧਨਵਾਨ ਮਨੁੱਖ ਇਤਰਾਜ਼ ਕਰਦਾ ਹੈ: “ਨਾ ਜੀ ਹੇ ਪਿਤਾ ਅਬਰਾਹਾਮ ਪਰ ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਓਹ ਤੋਬਾ ਕਰਨਗੇ।”

ਪਰੰਤੂ, ਉਸ ਨੂੰ ਕਿਹਾ ਜਾਂਦਾ ਹੈ: “ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਭੀ ਕੋਈ ਜੀ ਉੱਠੇ ਪਰ ਓਹ ਨਾ ਮੰਨਣਗੇ।” ਪਰਮੇਸ਼ੁਰ ਲੋਕਾਂ ਨੂੰ ਯਕੀਨ ਦਿਲਾਉਣ ਲਈ ਖ਼ਾਸ ਨਿਸ਼ਾਨ ਜਾਂ ਚਮਤਕਾਰ ਨਹੀਂ ਦੇਵੇਗਾ। ਜੇਕਰ ਉਨ੍ਹਾਂ ਨੇ ਉਸ ਦੀ ਮਿਹਰ ਪ੍ਰਾਪਤ ਕਰਨੀ ਹੈ ਤਾਂ ਉਨ੍ਹਾਂ ਨੂੰ ਸ਼ਾਸਤਰ ਪੜ੍ਹ ਕੇ ਲਾਗੂ ਕਰਨਾ ਚਾਹੀਦਾ ਹੈ। ਲੂਕਾ 16:​14-31; ਯੂਹੰਨਾ 9:​28, 29; ਮੱਤੀ 19:​3-9; ਗਲਾਤੀਆਂ 3:24; ਕੁਲੁੱਸੀਆਂ 2:14; ਯੂਹੰਨਾ 8:⁠44.

▪ ਧਨਵਾਨ ਮਨੁੱਖ ਅਤੇ ਲਾਜ਼ਰ ਦੀਆਂ ਮੌਤਾਂ ਕਿਉਂ ਪ੍ਰਤੀਕਾਤਮਕ ਹੀ ਹਨ, ਅਤੇ ਉਨ੍ਹਾਂ ਦੀਆਂ ਮੌਤਾਂ ਦੁਆਰਾ ਕੀ ਚਿਤ੍ਰਿਤ ਕੀਤਾ ਜਾਂਦਾ ਹੈ?

▪ ਯੂਹੰਨਾ ਦੀ ਸੇਵਕਾਈ ਦੇ ਸ਼ੁਰੂ ਹੋਣ ਨਾਲ, ਯਿਸੂ ਕਿਹੜੀ ਤਬਦੀਲੀ ਦੇ ਹੋਣ ਦਾ ਸੰਕੇਤ ਦਿੰਦਾ ਹੈ?

▪ ਯਿਸੂ ਦੀ ਮੌਤ ਤੋਂ ਬਾਅਦ ਕੀ ਹਟਾਇਆ ਜਾਵੇਗਾ, ਅਤੇ ਤਲਾਕ ਦੇ ਮਾਮਲੇ ਉੱਤੇ ਇਸ ਦਾ ਕੀ ਅਸਰ ਹੋਵੇਗਾ?

▪ ਯਿਸੂ ਦੇ ਦ੍ਰਿਸ਼ਟਾਂਤ ਵਿਚ, ਧਨਵਾਨ ਮਨੁੱਖ ਦੁਆਰਾ ਅਤੇ ਲਾਜ਼ਰ ਦੁਆਰਾ ਕੌਣ ਦਰਸਾਏ ਜਾਂਦੇ ਹਨ?

▪ ਧਨਵਾਨ ਮਨੁੱਖ ਦੁਆਰਾ ਝੱਲੇ ਗਏ ਕਸ਼ਟ ਕੀ ਹਨ, ਅਤੇ ਉਹ ਇਨ੍ਹਾਂ ਨੂੰ ਕਿਸ ਚੀਜ਼ ਦੇ ਦੁਆਰਾ ਹਲਕੇ ਕੀਤੇ ਜਾਣ ਲਈ ਬੇਨਤੀ ਕਰਦਾ ਹੈ?

▪ “ਵੱਡੀ ਖੱਡ” ਕਿਸ ਚੀਜ਼ ਨੂੰ ਦਰਸਾਉਂਦੀ ਹੈ?

▪ ਧਨਵਾਨ ਮਨੁੱਖ ਦਾ ਅਸਲ ਪਿਤਾ ਕੌਣ ਹੈ, ਅਤੇ ਉਸ ਦੇ ਪੰਜ ਭਰਾ ਕੌਣ ਹਨ?