Skip to content

Skip to table of contents

ਨਿਕੁਦੇਮੁਸ ਨੂੰ ਸਿੱਖਿਆ ਦੇਣਾ

ਨਿਕੁਦੇਮੁਸ ਨੂੰ ਸਿੱਖਿਆ ਦੇਣਾ

ਅਧਿਆਇ 17

ਨਿਕੁਦੇਮੁਸ ਨੂੰ ਸਿੱਖਿਆ ਦੇਣਾ

ਜਦੋਂ ਉਹ 30 ਸਾ.ਯੁ. ਦੇ ਪਸਾਹ ਵਿਚ ਹਾਜ਼ਰ ਹੁੰਦਾ ਹੈ, ਯਿਸੂ ਮਾਅਰਕੇ ਵਾਲੇ ਨਿਸ਼ਾਨ ਜਾਂ ਚਮਤਕਾਰ ਸੰਪੰਨ ਕਰਦਾ ਹੈ। ਨਤੀਜੇ ਵਜੋਂ, ਬਹੁਤ ਲੋਕੀ ਉਸ ਤੇ ਆਪਣੀ ਨਿਹਚਾ ਰੱਖਦੇ ਹਨ। ਨਿਕੁਦੇਮੁਸ ਜੋ ਮਹਾਸਭਾ, ਅਰਥਾਤ ਯਹੂਦੀ ਉੱਚ ਅਦਾਲਤ, ਦਾ ਇਕ ਸਦੱਸ ਹੈ, ਪ੍ਰਭਾਵਿਤ ਹੁੰਦਾ ਹੈ ਅਤੇ ਹੋਰ ਜਾਣਨਾ ਚਾਹੁੰਦਾ ਹੈ। ਇਸ ਲਈ ਉਹ ਹਨੇਰੇ ਵਿਚ ਯਿਸੂ ਕੋਲ ਆਉਂਦਾ ਹੈ, ਸ਼ਾਇਦ ਡਰਦੇ ਹੋਏ ਕਿ ਜੇ ਕਿਸੇ ਨੇ ਉਸ ਨੂੰ ਦੇਖ ਲਿਆ ਤਾਂ ਬਾਕੀ ਯਹੂਦੀ ਆਗੂਆਂ ਵਿਚ ਉਸ ਦਾ ਨਾਂ ਖਰਾਬ ਹੋ ਜਾਵੇਗਾ।

“ਸੁਆਮੀ ਜੀ,” ਉਹ ਕਹਿੰਦਾ ਹੈ, “ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ ਕਿਉਂਕਿ ਏਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ੁਰ ਉਹ ਦੇ ਨਾਲ ਨਾ ਹੋਵੇ।” ਜਵਾਬ ਵਿਚ, ਯਿਸੂ ਨਿਕੁਦੇਮੁਸ ਨੂੰ ਦੱਸਦਾ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ‘ਨਵੇਂ ਸਿਰਿਓਂ ਜੰਮੇ।’

ਪਰੰਤੂ, ਇਕ ਵਿਅਕਤੀ ਕਿਸ ਤਰ੍ਹਾਂ ਨਵੇਂ ਸਿਰਿਓਂ ਜੰਮ ਸਕਦਾ ਹੈ? “ਕੀ ਇਹ ਹੋ ਸੱਕਦਾ ਹੈ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰ ਜਾਵੇ ਅਤੇ ਜੰਮੇ?” ਨਿਕੁਦੇਮੁਸ ਪੁੱਛਦਾ ਹੈ।

ਨਹੀਂ, ਨਵੇਂ ਸਿਰਿਓਂ ਜੰਮਣ ਦਾ ਮਤਲਬ ਇਹ ਨਹੀਂ ਹੈ। “ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ,” ਯਿਸੂ ਸਮਝਾਉਂਦਾ ਹੈ, “ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ।” ਜਦੋਂ ਯਿਸੂ ਦਾ ਬਪਤਿਸ­ਮਾ ਹੋਇਆ ਸੀ ਅਤੇ ਉਸ ਤੇ ਪਵਿੱਤਰ ਆਤਮਾ ਉਤਰੀ ਸੀ, ਤਾਂ ਉਹ ਇਸ ਤਰ੍ਹਾਂ “ਜਲ ਅਰ ਆਤਮਾ ਤੋਂ” ਜੰਮਿਆ ਸੀ। ਨਾਲ ਹੀ ਸਵਰਗ ਤੋਂ ਇਹ ਘੋਸ਼ਣਾ ਕਰਨ ਦੇ ਨਾਲ ਕਿ ‘ਇਹ ਮੇਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ,’ ਪਰਮੇਸ਼ੁਰ ਨੇ ਘੋਸ਼ਣਾ ਕੀਤੀ ਕਿ ਉਸ ਨੇ ਇਕ ਆਤਮਿਕ ਪੁੱਤਰ ਉਤਪੰਨ ਕੀਤਾ ਹੈ ਜਿਸ ਦੀ ਸਵਰਗੀ ਰਾਜ ਵਿਚ ਦਾਖ਼ਲ ਹੋਣ ਦੀ ਉਮੀਦ ਹੈ। ਬਾਅਦ ਵਿਚ, 33 ਸਾ.ਯੁ. ਦੇ ਪੰਤੇਕੁਸਤ ਤੇ, ਬਾਕੀ ਬਪਤਿਸਮਾ-ਪ੍ਰਾਪਤ ਵਿਅਕਤੀ ਪਵਿੱਤਰ ਆਤਮਾ ਪ੍ਰਾਪਤ ਕਰਨਗੇ ਅਤੇ ਇਸ ਤਰ੍ਹਾਂ ਉਹ ਵੀ ਪਰਮੇਸ਼ੁਰ ਦੇ ਆਤਮਿਕ ਪੁੱਤਰਾਂ ਦੇ ਤੌਰ ਤੇ ਨਵੇਂ ਸਿਰਿਓਂ ਜੰਮਣਗੇ।

ਪਰੰਤੂ ਪਰਮੇਸ਼ੁਰ ਦੇ ਖ਼ਾਸ ਮਾਨਵੀ ਪੁੱਤਰ ਦੀ ਭੂਮਿਕਾ ­ਮਹੱਤਵਪੂਰਣ ਹੈ। “ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ,” ਯਿਸੂ ਨਿਕੁਦੇਮੁਸ ਨੂੰ ਦੱਸਦਾ ਹੈ, “ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇ। ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ।” ਜੀ ਹਾਂ, ਜਿਵੇਂ ਜ਼ਹਿਰੀਲੇ ਸੱਪਾਂ ਦੁਆਰਾ ਡੰਗੇ ਗਏ ਇਸਰਾਏਲੀਆਂ ਨੇ ਬਚਣ ਵਾਸਤੇ ਪਿੱਤਲ ਦੇ ਸੱਪ ਵੱਲ ਦੇਖਣਾ ਸੀ, ਇਸੇ ਤਰ੍ਹਾਂ ਸਾਰੀ ਮਨੁੱਖਜਾਤੀ ਨੂੰ ਆਪਣੀ ਮਰਨਾਊ ਦਸ਼ਾ ਤੋਂ ਬਚਣ ਲਈ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰਨ ਦੀ ਲੋੜ ਹੈ।

ਇਸ ਵਿਚ ਯਹੋਵਾਹ ਦੀ ਪ੍ਰੇਮਪੂਰਣ ਭੂਮਿਕਾ ਤੇ ਜ਼ੋਰ ਦਿੰਦੇ ਹੋਏ, ਯਿਸੂ ਨਿਕੁਦੇਮੁਸ ਨੂੰ ਅੱਗੇ ਦੱਸਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਇਸ ਤਰ੍ਹਾਂ, ਆਪਣੀ ਸੇਵਕਾਈ ਨੂੰ ਸ਼ੁਰੂ ਕਰਨ ਦੇ ਸਿਰਫ਼ ਛੇ ਮਹੀਨਿਆਂ ਮਗਰੋਂ ਇੱਥੇ ਯਰੂਸ਼ਲਮ ਵਿਚ, ਯਿਸੂ ਸਪੱਸ਼ਟ ਕਰਦਾ ਹੈ ਕਿ ਉਹ ਯਹੋਵਾਹ ਪਰਮੇਸ਼ੁਰ ਵੱਲੋਂ ਮਨੁੱਖਜਾਤੀ ਦੇ ਬਚਾਉ ਲਈ ਸਾਧਨ ਹੈ।

ਯਿਸੂ ਨਿਕੁਦੇਮੁਸ ਨੂੰ ਸਮਝਾਉਂਦੇ ਹੋਏ ਅੱਗੇ ਕਹਿੰਦਾ ਹੈ: “ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ,” ਅਰਥਾਤ, ਨੁਕਸਾਨਦੇਹ ਢੰਗ ਨਾਲ ਨਿਆਂ ਕਰਦੇ ਹੋਏ, ਜਾਂ ਦੋਸ਼ੀ ਠਹਿਰਾਉਂਦੇ ਹੋਏ ਮਨੁੱਖੀ ਨਸਲ ਨੂੰ ਵਿਨਾਸ਼ ਦੀ ਸਜ਼ਾ ਸੁਣਾਵੇ। ਇਸ ਦੀ ਬਜਾਇ, ਯਿਸੂ ਕਹਿੰਦਾ ਹੈ, ਉਹ ਭੇਜਿਆ ਗਿਆ ਸੀ “ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।”

ਨਿਕੁਦੇਮੁਸ ਡਰਦੇ ਹੋਏ ਹਨੇਰੇ ਵਿਚ ਯਿਸੂ ਕੋਲ ਆਇਆ ਹੈ। ਇਸ ਲਈ ਇਹ ਦਿਲਚਸਪੀ ਦੀ ਗੱਲ ਹੈ ਕਿ ਯਿਸੂ ਇਹ ਕਹਿੰਦੇ ਹੋਏ ਉਸ ਨਾਲ ਆਪਣੀ ਵਾਰਤਾਲਾਪ ਸਮਾਪਤ ਕਰਦਾ ਹੈ: “ਦੋਸ਼ੀ ਟਹਿਰਨ ਦਾ ਇਹ ਕਾਰਨ ਹੈ ਕਿ ਚਾਨਣ [ਜਿਸ ਨੂੰ ਯਿਸੂ ਨੇ ਆਪਣੇ ਜੀਵਨ ਅਤੇ ਸਿੱਖਿਆਵਾਂ ਵਿਚ ਮਾਨਵੀਕਰਿਤ ਕੀਤਾ] ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ। ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ। ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।” ਯੂਹੰਨਾ 2:​23–3:21; ਮੱਤੀ 3:​16, 17; ਰਸੂਲਾਂ ਦੇ ਕਰਤੱਬ 2:​1-4; ਗਿਣਤੀ 21:⁠9.

▪ ਨਿਕੁਦੇਮੁਸ ਦੀ ਮੁਲਾਕਾਤ ਨੂੰ ਕਿਹੜੀ ਚੀਜ਼ ਉਕਸਾਉਂਦੀ ਹੈ, ਅਤੇ ਉਹ ਰਾਤ ਵੇਲੇ ਕਿਉਂ ਆਉਂਦਾ ਹੈ?

▪ ‘ਨਵੇਂ ਸਿਰਿਓਂ ਜੰਮਣ’ ਦਾ ਕੀ ਮਤਲਬ ਹੈ?

▪ ਯਿਸੂ ਸਾਡੀ ਮੁਕਤੀ ਵਿਚ ਆਪਣੀ ਭੂਮਿਕਾ ਨੂੰ ਕਿਸ ਤਰ੍ਹਾਂ ਦ੍ਰਿਸ਼ਟਾਂਤ ਦੇ ਕੇ ਸਮਝਾਉਂਦਾ ਹੈ?

▪ ਇਸ ਦਾ ਕੀ ਮਤਲਬ ਹੈ ਕਿ ਯਿਸੂ ਜਗਤ ਦਾ ਨਿਆਂ ਕਰਨ ਨੂੰ ਨਹੀਂ ਆਇਆ ਸੀ?