Skip to content

Skip to table of contents

ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸ

ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸ

ਅਧਿਆਇ 122

ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸ

ਭਾਵੇਂ ਕਿ ਯਿਸੂ ਪਿਲਾਤੁਸ ਤੋਂ ਇਹ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਹੈ ਕਿ ਉਹ ਇਕ ਰਾਜਾ ਹੈ, ਉਹ ਵਿਆਖਿਆ ਕਰਦਾ ਹੈ ਕਿ ਉਸ ਦਾ ਰਾਜ ਰੋਮ ਲਈ ਕੋਈ ਖ਼ਤਰਾ ਨਹੀਂ ਹੈ। “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ,” ਯਿਸੂ ਕਹਿੰਦਾ ਹੈ। “ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” ਇਸ ਤਰ੍ਹਾਂ ਯਿਸੂ ਤਿੰਨ ਵਾਰੀ ਪੁਸ਼ਟੀ ਕਰਦਾ ਹੈ ਕਿ ਉਸ ਦਾ ਇਕ ਰਾਜ ਹੈ, ਭਾਵੇਂ ਕਿ ਇਹ ਇਕ ਪਾਰਥਿਵ ਸ੍ਰੋਤ ਤੋਂ ਨਹੀਂ ਹੈ।

ਫਿਰ ਵੀ, ਪਿਲਾਤੁਸ ਉਸ ਤੇ ਹੋਰ ਜ਼ੋਰ ਪਾਉਂਦਾ ਹੈ: “ਤਾਂ ਫੇਰ ਤੂੰ ਪਾਤਸ਼ਾਹ ਹੈਂ?” ਯਾਨੀ, ਕੀ ਤੂੰ ਇਕ ਰਾਜਾ ਹੈਂ ਭਾਵੇਂ ਕਿ ਤੇਰਾ ਰਾਜ ਇਸ ਜਗਤ ਤੋਂ ਨਹੀਂ ਹੈ?

ਯਿਸੂ ਪਿਲਾਤੁਸ ਨੂੰ ਇਹ ਦੱਸਦੇ ਹੋਏ ਕਿ ਉਸ ਨੇ ਠੀਕ ਸਿੱਟਾ ਕੱਢਿਆ ਹੈ, ਜਵਾਬ ਦਿੰਦਾ ਹੈ: “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ। ਮੈਂ ਇਸ ਲਈ ਜਨਮ ਲਿਆ ਹੈ, ਅਤੇ ਇਸ ਲਈ ਸੰਸਾਰ ਵਿਚ ਆਇਆ ਹਾਂ, ਕਿ ਮੈਂ ਸੱਚਾਈ ਉੱਤੇ ਗਵਾਹੀ ਦਿਆਂ। ਹਰੇਕ ਜੋ ਸੱਚਾਈ ਦੇ ਪੱਖ ਵਿਚ ਹੈ ਮੇਰੀ ਆਵਾਜ਼ ਸੁਣਦਾ ਹੈ।”​—⁠ਨਿ ਵ.

ਜੀ ਹਾਂ, ਧਰਤੀ ਉੱਤੇ ਯਿਸੂ ਦੀ ਹੋਂਦ ਦਾ ਨਿਰਾ ਉਦੇਸ਼ ਹੀ “ਸੱਚਾਈ” ਉੱਤੇ ਗਵਾਹੀ ਦੇਣਾ ਹੈ, ਖ਼ਾਸ ਕਰ ਕੇ ਆਪਣੇ ਰਾਜ ਬਾਰੇ ਸੱਚਾਈ। ਯਿਸੂ ਉਸ ਸੱਚਾਈ ਦੇ ਪ੍ਰਤੀ ਵਫ਼ਾਦਾਰ ਬਣੇ ਰਹਿਣ ਨੂੰ ਤਿਆਰ ਹੈ ਭਾਵੇਂ ਕਿ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਨਾਲ ਹੀ ਕਿਉਂ ਨਾ ਚੁਕਾਣੀ ਪਵੇ। ਭਾਵੇਂ ਕਿ ਪਿਲਾਤੁਸ ਪੁੱਛਦਾ ਹੈ: “ਸਚਿਆਈ ਹੁੰਦੀ ਕੀ ਹੈ?” ਉਹ ਹੋਰ ਵਿਆਖਿਆ ਲਈ ਇੰਤਜ਼ਾਰ ਨਹੀਂ ਕਰਦਾ ਹੈ। ਉਸ ਨੇ ਨਿਆਉਂ ਕਰਨ ਲਈ ਕਾਫ਼ੀ ਕੁਝ ਸੁਣ ਲਿਆ ਹੈ।

ਪਿਲਾਤੁਸ ਮਹਿਲ ਦੇ ਬਾਹਰ ਇੰਤਜ਼ਾਰ ਕਰ ਰਹੀ ਭੀੜ ਕੋਲ ਵਾਪਸ ਮੁੜ ਜਾਂਦਾ ਹੈ। ਸਪੱਸ਼ਟ ਹੈ ਕਿ ਯਿਸੂ ਨੂੰ ਆਪਣੇ ਇਕ ਪਾਸੇ ਰੱਖਦੇ ਹੋਏ, ਉਹ ਮੁੱਖ ਜਾਜਕਾਂ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਲੋਕਾਂ ਨੂੰ ਦੱਸਦਾ ਹੈ: “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।”

ਫ਼ੈਸਲੇ ਤੋਂ ਕ੍ਰੋਧਿਤ ਹੋ ਕੇ ਭੀੜ ਜ਼ੋਰ ਪਾਉਣਾ ਸ਼ੁਰੂ ਕਰ ਦਿੰਦੀ ਹੈ: “ਉਹ ਗਲੀਲ ਤੋਂ ਲੈਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ।”

ਯਹੂਦੀਆਂ ਦੀ ਤਰਕਹੀਣ ਕੱਟੜਤਾ ਨੇ ਪਿਲਾਤੁਸ ਨੂੰ ਜ਼ਰੂਰ ਹੈਰਾਨ ਕੀਤਾ ਹੋਣਾ ਹੈ। ਇਸ ਲਈ, ਜਿਉਂ ਹੀ ਮੁੱਖ ਜਾਜਕ ਅਤੇ ਬਜ਼ੁਰਗ ਚਿਲਾਉਣਾ ਜਾਰੀ ਰੱਖਦੇ ਹਨ, ਪਿਲਾਤੁਸ ਯਿਸੂ ਵੱਲ ਮੁੜ ਕੇ ਪੁੱਛਦਾ ਹੈ: “ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ?” ਫਿਰ ਵੀ, ਯਿਸੂ ਜਵਾਬ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਹੈ। ਗੁੱਸੇ-ਭਰੇ ਇਲਜ਼ਾਮਾਂ ਦੇ ਸਾਮ੍ਹਣੇ ਉਸ ਦਾ ਸ਼ਾਂਤ ਹਾਵ-ਭਾਵ ਪਿਲਾਤੁਸ ਨੂੰ ਹੈਰਾਨ ਕਰਦਾ ਹੈ।

ਇਹ ਜਾਣ ਕੇ ਕਿ ਯਿਸੂ ਗਲੀਲੀ ਹੈ, ਪਿਲਾਤੁਸ ਆਪਣੇ ਲਈ ਜ਼ਿੰਮੇਵਾਰੀ ਤੋਂ ਬਚਣ ਦਾ ਰਾਹ ਲੱਭ ਲੈਂਦਾ ਹੈ। ਗਲੀਲ ਦਾ ਸ਼ਾਸਕ, ਹੇਰੋਦੇਸ ਅੰਤਿਪਾਸ (ਹੇਰੋਦੇਸ ਮਹਾਨ ਦਾ ਪੁੱਤਰ), ਪਸਾਹ ਲਈ ਯਰੂਸ਼ਲਮ ਆਇਆ ਹੋਇਆ ਹੈ, ਇਸ ਲਈ ਪਿਲਾਤੁਸ ਯਿਸੂ ਨੂੰ ਉਸ ਕੋਲ ਭੇਜ ਦਿੰਦਾ ਹੈ। ਪਹਿਲਾਂ, ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਟਵਾਇਆ ਸੀ, ਅਤੇ ਫਿਰ ਜਦੋਂ ਹੇਰੋਦੇਸ ਨੇ ਯਿਸੂ ਦੇ ਕੀਤੇ ਚਮਤਕਾਰੀ ਕੰਮਾਂ ਬਾਰੇ ਸੁਣਿਆ ਤਾਂ ਉਹ ਡਰ ਗਿਆ ਸੀ, ਇਹ ਸੋਚਦੇ ਹੋਏ ਕਿ ਯਿਸੂ ਅਸਲ ਵਿਚ ਯੂਹੰਨਾ ਸੀ ਜਿਹੜਾ ਮੁਰਦਿਆਂ ਵਿੱਚੋਂ ਜੀ ਉਠਿਆ ਸੀ।

ਹੁਣ, ਹੇਰੋਦੇਸ ਯਿਸੂ ਨੂੰ ਦੇਖਣ ਦੀ ਸੰਭਾਵਨਾ ਤੇ ਬਹੁਤ ਖ਼ੁਸ਼ ਹੈ। ਇਹ ਇਸ ਲਈ ਨਹੀਂ ਕਿਉਂਕਿ ਉਹ ਯਿਸੂ ਦੀ ਭਲਾਈ ਬਾਰੇ ਚਿੰਤਿਤ ਹੈ ਜਾਂ ਕਿ ਉਹ ਇਹ ਜਾਣਨ ਦੀ ਸੱਚੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਕਿ ਉਸ ਦੇ ਵਿਰੁੱਧ ਲਗਾਏ ਗਏ ਇਲਜ਼ਾਮ ਸੱਚ ਹਨ ਜਾਂ ਨਹੀਂ। ਇਸ ਦੀ ਬਜਾਇ, ਉਹ ਸਿਰਫ਼ ਜਿਗਿਆਸੂ ਹੈ ਅਤੇ ਯਿਸੂ ਨੂੰ ਕੁਝ ਚਮਤਕਾਰ ਕਰਦੇ ਹੋਏ ਦੇਖਣ ਦੀ ਉਮੀਦ ਰੱਖਦਾ ਹੈ।

ਪਰੰਤੂ, ਯਿਸੂ ਹੇਰੋਦੇਸ ਦੀ ਜਿਗਿਆਸਾ ਨੂੰ ਸੰਤੁਸ਼ਟ ਨਹੀਂ ਕਰਦਾ ਹੈ। ਅਸਲ ਵਿਚ, ਜਿਉਂ-ਜਿਉਂ ਹੇਰੋਦੇਸ ਉਸ ਨੂੰ ਸਵਾਲ ਕਰਦਾ ਹੈ, ਉਹ ਇਕ ਵੀ ਸ਼ਬਦ ਨਹੀਂ ਕਹਿੰਦਾ ਹੈ। ਨਿਰਾਸ਼ ਹੋ ਕੇ ਹੇਰੋਦੇਸ ਅਤੇ ਉਸ ਦੇ ਸਿਪਾਹੀ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਉਹ ਉਸ ਨੂੰ ਇਕ ਚਮਕੀਲੀ ਪੁਸ਼ਾਕ ਪਹਿਨਾ ਕੇ ਉਸ ਦਾ ਮਖ਼ੌਲ ਉਡਾਉਂਦੇ ਹਨ। ਫਿਰ ਉਹ ਉਸ ਨੂੰ ਵਾਪਸ ਪਿਲਾਤੁਸ ਕੋਲ ਭੇਜ ਦਿੰਦੇ ਹਨ। ਨਤੀਜੇ ਵਜੋਂ, ਹੇਰੋਦੇਸ ਅਤੇ ਪਿਲਾਤੁਸ, ਜਿਹੜੇ ਪਹਿਲਾਂ ਵੈਰੀ ਸਨ, ਹੁਣ ਚੰਗੇ ਮਿੱਤਰ ਬਣ ਜਾਂਦੇ ਹਨ।

ਜਦੋਂ ਯਿਸੂ ਵਾਪਸ ਆਉਂਦਾ ਹੈ, ਤਾਂ ਪਿਲਾਤੁਸ ਮੁੱਖ ਜਾਜਕਾਂ, ਯਹੂਦੀ ਸ਼ਾਸਕਾਂ, ਅਤੇ ਲੋਕਾਂ ਨੂੰ ਇਕੱਠੇ ਸੱਦ ਕੇ ਕਹਿੰਦਾ ਹੈ: “ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ। ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।”

ਇਸ ਤਰ੍ਹਾਂ ਪਿਲਾਤੁਸ ਨੇ ਦੋ ਵਾਰੀ ਯਿਸੂ ਨੂੰ ਨਿਰਦੋਸ਼ ਐਲਾਨ ਕੀਤਾ ਹੈ। ਉਹ ਉਸ ਨੂੰ ਛੱਡਣ ਲਈ ਉਤਸੁਕ ਹੈ, ਕਿਉਂਕਿ ਉਹ ਅਹਿਸਾਸ ਕਰਦਾ ਹੈ ਕਿ ਸਿਰਫ਼ ਖ਼ਾਰ ਦੇ ਕਾਰਨ ਹੀ ਜਾਜਕਾਂ ਨੇ ਉਸ ਨੂੰ ਉਸ ਦੇ ਹੱਥ ਸੌਂਪਿਆ ਹੈ। ਜਿਉਂ ਹੀ ਪਿਲਾਤੁਸ ਯਿਸੂ ਨੂੰ ਛੱਡਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ, ਉਸ ਨੂੰ ਅਜਿਹਾ ਕਰਨ ਦੀ ਹੋਰ ਜ਼ਿਆਦਾ ਪ੍ਰੇਰਣਾ ਮਿਲਦੀ ਹੈ। ਜਦੋਂ ਉਹ ਆਪਣੀ ਨਿਆਉਂ-ਗੱਦੀ ਉੱਤੇ ਬੈਠਾ ਹੁੰਦਾ ਹੈ, ਤਾਂ ਉਸ ਦੀ ਪਤਨੀ ਉਸ ਨੂੰ ਇਹ ਕਹਿੰਦੀ ਹੋਈ ਇਕ ਸੁਨੇਹਾ ਭੇਜਦੀ ਹੈ: “ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫਨੇ ਵਿੱਚ (ਸਪੱਸ਼ਟ ਤੌਰ ਤੇ ਈਸ਼ਵਰੀ ਮੂਲ ਦਾ) ਉਸ ਦੇ ਕਾਰਨ ਵੱਡਾ ਦੁਖ ਡਿੱਠਾ।”

ਫਿਰ ਵੀ, ਪਿਲਾਤੁਸ ਇਸ ਨਿਰਦੋਸ਼ ਮਨੁੱਖ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ, ਭਾਵੇਂ ਕਿ ਉਹ ਜਾਣਦਾ ਹੈ ਕਿ ਉਸ ਨੂੰ ਇੰਜ ਕਰਨਾ ਚਾਹੀਦਾ ਹੈ? ਯੂਹੰਨਾ 18:​36-38; ਲੂਕਾ 23:​4-16; ਮੱਤੀ 27:​12-14, 18, 19; 14:​1, 2; ਮਰਕੁਸ 15:​2-5.

▪ ਯਿਸੂ ਆਪਣੇ ਰਾਜਤਵ ਸੰਬੰਧੀ ਸਵਾਲ ਦਾ ਕਿਸ ਤਰ੍ਹਾਂ ਜਵਾਬ ਦਿੰਦਾ ਹੈ?

▪ ਉਹ “ਸੱਚਾਈ” ਕੀ ਹੈ ਜਿਸ ਦੇ ਬਾਰੇ ਗਵਾਹੀ ਦੇਣ ਵਿਚ ਯਿਸੂ ਨੇ ਆਪਣਾ ਪਾਰਥਿਵ ਜੀਵਨ ਬਤੀਤ ਕੀਤਾ?

▪ ਪਿਲਾਤੁਸ ਦਾ ਕੀ ਫ਼ੈਸਲਾ ਹੁੰਦਾ ਹੈ, ਲੋਕਾਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ, ਅਤੇ ਪਿਲਾਤੁਸ ਯਿਸੂ ਨਾਲ ਕੀ ਕਰਦਾ ਹੈ?

▪ ਹੇਰੋਦੇਸ ਅੰਤਿਪਾਸ ਕੌਣ ਹੈ, ਉਹ ਯਿਸੂ ਨੂੰ ਦੇਖ ਕੇ ਕਿਉਂ ਇੰਨਾ ਖ਼ੁਸ਼ ਹੁੰਦਾ ਹੈ, ਅਤੇ ਉਹ ਯਿਸੂ ਨਾਲ ਕੀ ਕਰਦਾ ਹੈ?

▪ ਪਿਲਾਤੁਸ ਯਿਸੂ ਨੂੰ ਛੱਡਣ ਲਈ ਕਿਉਂ ਉਤਸੁਕ ਹੈ?