Skip to content

Skip to table of contents

ਪਿਸ਼ਾਚਗ੍ਰਸਤ ਮੁੰਡਾ ਚੰਗਾ ਕੀਤਾ ਗਿਆ

ਪਿਸ਼ਾਚਗ੍ਰਸਤ ਮੁੰਡਾ ਚੰਗਾ ਕੀਤਾ ਗਿਆ

ਅਧਿਆਇ 61

ਪਿਸ਼ਾਚਗ੍ਰਸਤ ਮੁੰਡਾ ਚੰਗਾ ਕੀਤਾ ਗਿਆ

ਜਦੋਂ ਯਿਸੂ, ਪਤਰਸ, ਯਾਕੂਬ, ਅਤੇ ਯੂਹੰਨਾ ਕਿਤੇ ਗਏ ਹੋਏ ਹਨ, ਸ਼ਾਇਦ ਹਰਮੋਨ ਪਹਾੜ ਦੀ ਟੀਸੀ ਉੱਤੇ, ਤਾਂ ਬਾਕੀ ਦੇ ਚੇਲੇ ਇਕ ਸਮੱਸਿਆ ਵਿਚ ਫਸ ਜਾਂਦੇ ਹਨ। ਵਾਪਸ ਆਉਣ ਤੇ, ਯਿਸੂ ਤੁਰੰਤ ਦੇਖ ਲੈਂਦਾ ਹੈ ਕਿ ਕੁਝ ਗੜਬੜ ਹੈ। ਉਸ ਦੇ ਚੇਲਿਆਂ ਦੁਆਲੇ ਇਕ ਭੀੜ ਇਕੱਠੀ ਹੋਈ ਹੈ, ਅਤੇ ਗ੍ਰੰਥੀ ਉਨ੍ਹਾਂ ਨਾਲ ਬਹਿਸ ਕਰ ਰਹੇ ਹਨ। ਯਿਸੂ ਨੂੰ ਦੇਖ ਕੇ ਲੋਕੀ ਬਹੁਤ ਹੈਰਾਨ ਹੁੰਦੇ ਹਨ ਅਤੇ ਉਸ ਨੂੰ ਪ੍ਰਣਾਮ ਕਰਨ ਲਈ ਦੌੜਦੇ ਹਨ। “ਤੁਸੀਂ ਇਨ੍ਹਾਂ ਨਾਲ ਕੀ ਝਗੜਾ ਕਰਦੇ ਹੋ?” ਉਹ ਪੁੱਛਦਾ ਹੈ।

ਭੀੜ ਵਿੱਚੋਂ ਨਿਕਲ ਕੇ ਇਕ ਆਦਮੀ ਯਿਸੂ ਅੱਗੇ ਗੋਡੇ ਟੇਕ ਕੇ ਵਿਆਖਿਆ ਕਰਦਾ ਹੈ: “ਗੁਰੂ ਜੀ, ਮੈਂ ਆਪਣਾ ਪੁੱਤ੍ਰ ਜਿਹ ਨੂੰ ਗੁੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ। ਅਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਸੁੱਕਦਾ ਜਾਂਦਾ ਹੈ ਅਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਓਹ ਉਸ ਨੂੰ ਕੱਢ ਦੇਣ ਪਰ ਓਹ ਨਾ ਕੱਢ ਸੱਕੇ।”

ਜ਼ਾਹਰ ਹੈ ਕਿ ਮੁੰਡੇ ਨੂੰ ਚੰਗਾ ਕਰਨ ਵਿਚ ਚੇਲਿਆਂ ਦੇ ਅਸਫਲ ਹੋਣ ਦਾ ਗ੍ਰੰਥੀ ਪੂਰਾ ਲਾਭ ਉਠਾ ਰਹੇ ਹਨ, ਅਤੇ ਸ਼ਾਇਦ ਉਨ੍ਹਾਂ ਦੇ ਯਤਨਾਂ ਦਾ ਮਖੌਲ ਉਡਾਉਂਦੇ ਹਨ। ਠੀਕ ਇਸੇ ਨਾਜ਼ੁਕ ਘੜੀ ਤੇ ਯਿਸੂ ਪਹੁੰਚਦਾ ਹੈ। “ਹੇ ਬੇ ਪਰਤੀਤ ਪੀਹੜੀ,” ਉਹ ਕਹਿੰਦਾ ਹੈ, “ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦ ਤੋੜੀ ਤੁਹਾਡੀ ਸਹਾਂਗਾ?”

ਜਾਪਦਾ ਹੈ ਕਿ ਯਿਸੂ ਆਪਣੀਆਂ ਟਿੱਪਣੀਆਂ ਹਰੇਕ ਹਾਜ਼ਰ ਵਿਅਕਤੀ ਨੂੰ ਸੰਬੋਧਿਤ ਕਰਦਾ ਹੈ, ਪਰੰਤੂ ਬਿਨਾਂ ਸ਼ੱਕ ਉਹ ਖ਼ਾਸ ਤੌਰ ਤੇ ਗ੍ਰੰਥੀਆਂ ਵੱਲ ਨਿਰਦੇਸ਼ਿਤ ਕੀਤੀਆਂ ਗਈਆਂ ਹਨ, ਜਿਹੜੇ ਉਸ ਦੇ ਚੇਲਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਸਨ। ਫਿਰ ਯਿਸੂ ਮੁੰਡੇ ਦੇ ਸੰਬੰਧ ਵਿਚ ਕਹਿੰਦਾ ਹੈ: “ਉਹ ਨੂੰ ਮੇਰੇ ਕੋਲ ਲਿਆਓ!” ਪਰੰਤੂ ਜਿਉਂ ਹੀ ਮੁੰਡਾ ਯਿਸੂ ਕੋਲ ਆਉਂਦਾ ਹੈ, ਉਹ ਪਿਸ਼ਾਚ ਜਿਸ ਨੇ ਉਸ ਨੂੰ ਵਸ ਵਿਚ ਕੀਤਾ ਹੋਇਆ ਸੀ, ਉਸ ਨੂੰ ਭੂਮੀ ਉੱਤੇ ਪਟਕਾਉਂਦਾ ਹੈ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਮਰੋੜਦਾ ਹੈ। ਮੁੰਡਾ ਭੂਮੀ ਉੱਤੇ ਲੁੜ੍ਹਕਦਾ ਹੈ ਅਤੇ ਮੂੰਹ ਵਿੱਚੋਂ ਝੱਗ ਛੱਡਦਾ ਹੈ।

“ਕਿੰਨੇ ਕੁ ਚਿਰ ਤੋਂ ਇਹ ਉਸ ਨੂੰ ਹੋਇਆ?” ਯਿਸੂ ਪੁੱਛਦਾ ਹੈ।

“ਛੋਟੇ ਹੁੰਦਿਆਂ ਹੀ ਤੋਂ,” ਪਿਤਾ ਜਵਾਬ ਦਿੰਦਾ ਹੈ। “ਕਈ ਵਾਰੀ [ਪਿਸ਼ਾਚ] ਨੇ ਇਹ ਨੂੰ ਅੱਗ ਵਿੱਚ ਅਰ ਪਾਣੀ ਵਿੱਚ ਭੀ ਸੁੱਟਿਆ ਹੈ ਭਈ ਇਹ ਦਾ ਨਾਸ ਕਰੇ।” ਫਿਰ ਪਿਤਾ ਬੇਨਤੀ ਕਰਦਾ ਹੈ: “ਜੇ ਤੁਸੀਂ ਕੁਝ ਕਰ ਸੱਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।”

ਸ਼ਾਇਦ ਕਈ ਵਰ੍ਹਿਆਂ ਤੋਂ, ਇਹ ਪਿਤਾ ਸਹਾਇਤਾ ਭਾਲ ਰਿਹਾ ਹੈ। ਅਤੇ ਹੁਣ, ਯਿਸੂ ਦੇ ਚੇਲਿਆਂ ਦੇ ਅਸਫਲ ਹੋਣ ਨਾਲ, ਉਹ ਬਹੁਤ ਨਿਰਾਸ਼ ਹੈ। ਉਸ ਆਦਮੀ ਦੀ ਨਿ­ਰਾਸ਼ਾ­ਜਨਕ ਬੇਨਤੀ ਨੂੰ ਗ੍ਰਹਿਣ ਕਰ ਕੇ ਯਿਸੂ ਹੌਸਲਾ ਦਿੰਦੇ ਹੋਏ ਕਹਿੰਦਾ ਹੈ: “ਜੇ ਤੁਸੀਂ ਕਰ ਸੱਕਦੇ ਹੋ! ਪਰਤੀਤ ਕਰਨ ਵਾਲੇ ਦੇ ਲਈ ਸੱਭੋ ਕੁਝ ਹੋ ਸੱਕਦਾ ਹੈ।”

“ਮੈਂ ਪਰਤੀਤ ਕਰਦਾ ਹਾਂ,” ਪਿਤਾ ਤੁਰੰਤ ਚਿਲਾਉਂਦਾ ਹੈ, ਪਰੰਤੂ ਉਹ ਬੇਨਤੀ ਕਰਦਾ ਹੈ: “ਤੁਸੀਂ ਮੇਰੀ ਬੇ ਪਰਤੀਤੀ ਦਾ ਉਪਾਉ ਕਰੋ!”

ਇਹ ਦੇਖਦੇ ਹੋਏ ਕਿ ਭੀੜ ਉਨ੍ਹਾਂ ਉੱਤੇ ਇਕੱਠੀ ਹੋ ਰਹੀ ਹੈ, ਯਿਸੂ ਪਿਸ਼ਾਚ ਨੂੰ ਝਿੜਕ­ਦਾ ਹੈ: “ਹੇ ਗੁੰਗੀ ਬੋਲੀ ਰੂਹ ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾਹ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ!” ਜਿਉਂ ਹੀ ਪਿਸ਼ਾਚ ਨਿਕਲਦਾ ਹੈ, ਉਹ ਫਿਰ ਮੁੰਡੇ ਨੂੰ ਚੀਕਾਂ ਮਾਰਣ ਲਈ ਮਜਬੂਰ ਕਰਦਾ ਹੈ ਅਤੇ ਉਸ ਨੂੰ ਬਹੁਤ ਮਰੋੜ ਮਰਾੜਦਾ ਹੈ। ਫਿਰ ਉਹ ਮੁੰਡਾ ਨਿਢਾਲ ਹੋ ਕੇ ਭੂਮੀ ਤੇ ਪੈ ਜਾਂਦਾ ਹੈ, ਕਿ ਕਈ ਲੋਕੀ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਨ: “ਉਹ ਮਰ ਗਿਆ!” ਪਰੰਤੂ ਯਿਸੂ ਮੁੰਡੇ ਨੂੰ ਹੱਥੋਂ ਫੜਦਾ ਹੈ ਅਤੇ ਉਹ ਉਠ ਜਾਂਦਾ ਹੈ।

ਪਹਿਲਾਂ, ਜਦੋਂ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ, ਤਾਂ ਉਨ੍ਹਾਂ ਨੇ ਪਿਸ਼ਾਚਾਂ ਨੂੰ ਕੱਢਿਆ ਸੀ। ਇਸ ਲਈ ਹੁਣ, ਜਦੋਂ ਉਹ ਇਕ ਘਰ ਵਿਚ ਦਾਖ਼ਲ ਹੁੰਦੇ ਹਨ, ਤਾਂ ਉਹ ਇਕਾਂਤ ਵਿਚ ਯਿਸੂ ਨੂੰ ਪੁੱਛਦੇ ਹਨ: “ਅਸੀਂ ਉਹ ਨੂੰ ਕਿਉਂ ਨਾ ਕੱਢ ਸੱਕੇ?”

ਇਹ ਸੰਕੇਤ ਕਰਦੇ ਹੋਏ ਕਿ ਇਹ ਉਨ੍ਹਾਂ ਦੀ ਨਿਹਚਾ ਦੀ ਘਾਟ ਦੇ ਕਾਰਨ ਸੀ, ਯਿਸੂ ਜਵਾਬ ਦਿੰਦਾ ਹੈ: “ਇਸ ਪਰਕਾਰ ਦੀ ਪ੍ਰਾਰਥਨਾ ਬਿਨਾ ਕਿਸੇ ਹੋਰ ਤਰਾਂ ਨਹੀਂ ਨਿੱਕਲ ਸੱਕਦੀ।” ਸਪੱਸ਼ਟ ਹੈ ਕਿ ਇਸ ਘਟਨਾ ਵਿਚ ਸ਼ਾਮਲ ਖ਼ਾਸ ਤੌਰ ਤੇ ­ਸ਼ਕਤੀਸ਼ਾਲੀ ਪਿਸ਼ਾਚ ਨੂੰ ਕੱਢਣ ਲਈ ਤਿਆਰੀ ਦੀ ਲੋੜ ਸੀ। ਦ੍ਰਿੜ੍ਹ ਨਿਹਚਾ ਦੇ ਨਾਲ-ਨਾਲ ਪਰਮੇਸ਼ੁਰ ਦੀ ਸ਼ਕਤੀ ਦੇਣ ਵਾਲੀ ਮਦਦ ਲਈ ਬੇਨਤੀ ਕਰਦੇ ਹੋਏ ਪ੍ਰਾਰਥਨਾ ਦੀ ਲੋੜ ਸੀ।

ਅਤੇ ਫਿਰ ਯਿਸੂ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।” ਨਿਹਚਾ ਕਿੰਨੀ ਸ਼ਕਤੀਸ਼ਾਲੀ ਹੋ ਸਕਦੀ ਹੈ!

ਯਹੋਵਾਹ ਦੀ ਸੇਵਾ ਵਿਚ ਤਰੱਕੀ ਨੂੰ ਰੋਕਣ ਵਾਲੀਆਂ ਰੁਕਾਵਟਾਂ ਅਤੇ ਮੁਸ਼ਕਲਾਂ ਸ਼ਾਇਦ ਇਕ ਵੱਡੇ ਵਾਸਤਵਿਕ ਪਹਾੜ ਵਾਂਗ ਅਲੰਘ ਅਤੇ ਸਥਾਈ ਜਾਪਣ। ਫਿਰ ਵੀ, ਯਿਸੂ ਦਿਖਾ ਰਿਹਾ ਹੈ ਕਿ ਜੇਕਰ ਅਸੀਂ ਆਪਣੇ ਦਿਲਾਂ ਅੰਦਰ ਨਿਹਚਾ ਨੂੰ ਵਿਕਸਿਤ ਕਰੀਏ, ਅਤੇ ਇਸ ਨੂੰ ਵੱਧਣ ਲਈ ਸਿੰਜੀਏ ਅਤੇ ਉਭਾਰੀਏ, ਤਾਂ ਇਹ ਪ੍ਰੌੜ੍ਹਤਾ ਵੱਲ ਵਧੇਗਾ ਅਤੇ ਸਾਨੂੰ ਪਹਾੜ ਸਮਾਨ ਰੁਕਾਵਟਾਂ ਅਤੇ ਮੁਸ਼ਕਲਾਂ ਉੱਤੇ ਕਾਬੂ ਪਾਉਣ ਦੇ ਯੋਗ ਬਣਾਵੇਗਾ। ਮਰਕੁਸ 9:​14-29; ਮੱਤੀ 17:​19, 20; ਲੂਕਾ 9:​37-43.

▪ ਯਿਸੂ ਕਿਹੜੀ ਸਥਿਤੀ ਦਾ ਸਾਮ੍ਹਣਾ ਕਰਦਾ ਹੈ ਜਦੋਂ ਉਹ ਹਰਮੋਨ ਪਹਾੜ ਤੋਂ ਮੁੜਦਾ ਹੈ?

▪ ਯਿਸੂ ਪਿਸ਼ਾਚਗ੍ਰਸਤ ਮੁੰਡੇ ਦੇ ਪਿਤਾ ਨੂੰ ਕੀ ਹੌਸਲਾ ਦਿੰਦਾ ਹੈ?

▪ ਚੇਲੇ ਪਿਸ਼ਾਚ ਨੂੰ ਕੱਢਣ ਦੇ ਯੋਗ ਕਿਉਂ ਨਹੀਂ ਸਨ?

▪ ਯਿਸੂ ਦੇ ਅਨੁਸਾਰ ਨਿਹਚਾ ਕਿੰਨੀ ਸ਼ਕਤੀਸ਼ਾਲੀ ਬਣ ਸਕਦੀ ਹੈ?