Skip to content

Skip to table of contents

ਪੁਨਰ-ਉਥਾਨ ਦੀ ਆਸ਼ਾ

ਪੁਨਰ-ਉਥਾਨ ਦੀ ਆਸ਼ਾ

ਅਧਿਆਇ 90

ਪੁਨਰ-ਉਥਾਨ ਦੀ ਆਸ਼ਾ

ਆਖ਼ਰਕਾਰ ਯਿਸੂ ਯਰੂਸ਼ਲਮ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਇਕ ਪਿੰਡ, ਬੈਤਅਨੀਆ ਦੇ ਬਾਹਰ ਪਹੁੰਚਦਾ ਹੈ। ਲਾਜ਼ਰ ਦੀ ਮੌਤ ਅਤੇ ਦੱਬੇ ਜਾਣ ਨੂੰ ਅਜੇ ਕੇਵਲ ਥੋੜ੍ਹੇ ਦਿਨ ਹੀ ਹੋਏ ਹਨ। ਉਸ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਅਜੇ ਵੀ ਸੋਗ ਕਰ ਰਹੀਆਂ ਹਨ, ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਉਨ੍ਹਾਂ ਦੇ ਘਰ ਬਹੁਤ ਲੋਕ ਆਏ ਹਨ।

ਉਹ ਸੋਗ ਕਰ ਰਹੀਆਂ ਹੁੰਦੀਆਂ ਹਨ ਕਿ ਕੋਈ ਆਣ ਕੇ ਮਾਰਥਾ ਨੂੰ ਸੂਚਨਾ ਦਿੰਦਾ ਹੈ ਕਿ ਯਿਸੂ ਆ ਰਿਹਾ ਹੈ। ਇਸ ਲਈ, ਸਪੱਸ਼ਟ ਤੌਰ ਤੇ ਆਪਣੀ ਭੈਣ ਨੂੰ ਬਿਨਾਂ ਕੁਝ ਦੱਸੇ, ਉਹ ਉਸ ਨੂੰ ਮਿਲਣ ਲਈ ਸਭ ਕੁਝ ਛੱਡ ਕੇ ਜਲਦੀ ਨਾਲ ਦੌੜੀ ਜਾਂਦੀ ਹੈ। ਯਿਸੂ ਕੋਲ ਆ ਕੇ, ਮਾਰਥਾ ਉਹੀ ਗੱਲ ਦੁਹਰਾ­ਉਂਦੀ ਹੈ ਜੋ ਉਸ ਨੇ ਅਤੇ ਉਸ ਦੀ ਭੈਣ ਨੇ ਬੀਤੇ ਚਾਰ ਦਿਨਾਂ ਦੌਰਾਨ ਕਈ ਵਾਰੀ ਕਿਹਾ ਹੋਵੇਗਾ: “ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।”

ਫਿਰ ਵੀ, ਮਾਰਥਾ ਆਸ਼ਾ ਪ੍ਰਗਟ ਕਰਦੀ ਹੈ, ਇਹ ਸੰਕੇਤ ਕਰਦੀ ਹੋਈ ਕਿ ਸ਼ਾਇਦ ਯਿਸੂ ਅਜੇ ਵੀ ਉਸ ਦੇ ਭਰਾ ਲਈ ਕੁਝ ਕਰ ਸਕਦਾ ਹੈ। ‘ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ,’ ਉਹ ਕਹਿੰਦੀ ਹੈ।

“ਤੇਰਾ ਭਰਾ ਜੀ ਉੱਠੇਗਾ,” ਯਿਸੂ ਵਾਅਦਾ ਕਰਦਾ ਹੈ।

ਮਾਰਥਾ ਸਮਝਦੀ ਹੈ ਕਿ ਯਿਸੂ ਭਵਿੱਖ ਵਿਚ ਹੋਣ ਵਾਲੇ ਪਾਰਥਿਵ ਪੁਨਰ-ਉਥਾਨ ਬਾਰੇ ਗੱਲ ਕਰ ਰਿਹਾ ਹੈ, ਜਿਸ ਨੂੰ ਅਬਰਾਹਾਮ ਅਤੇ ਪਰਮੇਸ਼ੁਰ ਦੇ ਹੋਰ ਸੇਵਕ ਵੀ ਉਤਸ਼ਾਹ ਨਾਲ ਉਡੀਕਦੇ ਸਨ। ਇਸ ਲਈ ਉਹ ਜਵਾਬ ਦਿੰਦੀ ਹੈ: “ਮੈਂ ਜਾਣਦੀ ਹਾਂ ਜੋ ਕਿਆਮਤ [“ਪੁਨਰ-ਉਥਾਨ,” ਨਿ ਵ] ਨੂੰ ਅੰਤ ਦੇ ਦਿਨ ਉਹ ਜੀ ਉੱਠੂ।”

ਪਰੰਤੂ, ਯਿਸੂ ਤੁਰੰਤ ਰਾਹਤ ਲਈ ਆਸ਼ਾ ਦਿੰਦੇ ਹੋਏ ਜਵਾਬ ਦਿੰਦਾ ਹੈ: “ਕਿਆਮਤ [“ਪੁਨਰ-ਉਥਾਨ,” ਨਿ ਵ] ਅਤੇ ਜੀਉਣ ਮੈਂ ਹਾਂ।” ਉਹ ਮਾਰਥਾ ਨੂੰ ਯਾਦ ਦਿਵਾਉਂਦੇ ਹੋਏ ਕਿ ਪਰਮੇਸ਼ੁਰ ਨੇ ਉਸ ਨੂੰ ਮੌਤ ਉੱਪਰ ਸ਼ਕਤੀ ਦਿੱਤੀ ਹੈ, ਇਹ ਕਹਿੰਦਾ ਹੈ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।”

ਯਿਸੂ ਮਾਰਥਾ ਨੂੰ ਇਹ ਨਹੀਂ ਕਹਿ ਰਿਹਾ ਹੈ ਕਿ ਵਫ਼ਾਦਾਰ ਵਿਅਕਤੀ ਜੋ ਉਦੋਂ ਜੀਉਂਦੇ ਸਨ ਕਦੀ ਨਹੀਂ ਮਰਨਗੇ। ਨਹੀਂ, ਪਰੰਤੂ ਉਹ ਇਹ ਕਹਿ ਰਿਹਾ ਹੈ ਕਿ ਉਸ ਉੱਤੇ ਨਿਹਚਾ ਕਰਨਾ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ। ਅੰਤ ਦੇ ਦਿਨ ਵਿਚ ਪੁਨਰ-ਉਥਿਤ ਹੋਣ ਦੇ ਨਤੀਜੇ ਵਜੋਂ ਅਧਿਕਤਰ ਲੋਕ ਅਜਿਹੇ ਜੀਵਨ ਦਾ ਆਨੰਦ ਮਾਣਨਗੇ। ਪਰੰਤੂ ਦੂਜੇ ਜਿਹੜੇ ਵਫ਼ਾਦਾਰ ਹਨ, ਧਰਤੀ ਉੱਤੇ ਇਸ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚ ਨਿਕਲਣਗੇ, ਅਤੇ ਇਨ੍ਹਾਂ ਲਈ ਯਿਸੂ ਦੇ ਸ਼ਬਦ ਬਹੁਤ ਸਾਬਦਿਕ ਰੂਪ ਵਿਚ ਸੱਚ ਹੋਣਗੇ। ਉਹ ਕਦੀ ਨਹੀਂ ਮਰਨਗੇ! ਇਸ ਮਾਅਰਕੇ ਵਾਲੀ ਟਿੱਪਣੀ ਦੇ ਬਾਅਦ, ਯਿਸੂ ਮਾਰਥਾ ਨੂੰ ਪੁੱਛਦਾ ਹੈ, “ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ?”

“ਹਾਂ, ਪ੍ਰਭੁ,” ਉਹ ਜਵਾਬ ਦਿੰਦੀ ਹੈ। “ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ।”

ਫਿਰ ਮਾਰਥਾ ਜਲਦੀ ਨਾਲ ਆਪਣੀ ਭੈਣ ਨੂੰ ਸੱਦਣ ਲਈ ਵਾਪਸ ਮੁੜਦੀ ਹੈ, ਅਤੇ ਉਸ ਨੂੰ ਇਕੱਲ ਵਿਚ ਕਹਿੰਦੀ ਹੈ: “ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ।” ਤੁਰੰਤ ਮਰਿਯਮ ਘਰੋਂ ਚੱਲ ਪੈਂਦੀ ਹੈ। ਜਦੋਂ ਬਾਕੀ ਲੋਕ ਉਸ ਨੂੰ ਜਾਂਦੇ ਹੋਏ ਦੇਖਦੇ ਹਨ, ਤਾਂ ਉਹ ਮਗਰ-ਮਗਰ ਜਾਂਦੇ ਹਨ, ਇਹ ਅਨੁਮਾਨ ਲਗਾਉਂਦੇ ਹੋਏ ਕਿ ਉਹ ਸਮਾਰਕ ਕਬਰ ਵੱਲ ਜਾ ਰਹੀ ਹੈ।

ਯਿਸੂ ਕੋਲ ਆਉਂਦੇ ਹੀ, ਮਰਿਯਮ ਉਸ ਦੇ ਪੈਰਾਂ ਉੱਤੇ ਡਿੱਗ ਕੇ ਰੋਣ ਲੱਗਦੀ ਹੈ। “ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ,” ਉਹ ਕਹਿੰਦੀ ਹੈ। ਜਦੋਂ ਯਿਸੂ ਮਰਿਯਮ ਅਤੇ ਉਸ ਦੇ ਮਗਰ ਆਉਣ ਵਾਲੀ ਭੀੜ ਨੂੰ ਰੋਂਦੇ ਹੋਏ ਦੇਖਦਾ ਹੈ ਤਾਂ ਉਹ ਅਤਿਅੰਤ ਪ੍ਰਭਾਵਿਤ ਹੁੰਦਾ ਹੈ। “ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ?” ਉਹ ਪੁੱਛਦਾ ਹੈ।

“ਪ੍ਰਭੁ ਜੀ ਆ ਵੇਖ,” ਉਹ ਜਵਾਬ ਦਿੰਦੇ ਹਨ।

ਯਿਸੂ ਵੀ ਰੋਣ ਲੱਗ ਪੈਂਦਾ ਹੈ, ਜਿਸ ਤੇ ਯਹੂਦੀ ਕਹਿੰਦੇ ਹਨ: “ਵੇਖੋ ਇਹ ਉਸ ਨਾਲ ਕੇਡਾ ਹਿਤ ਕਰਦਾ ਸੀ!”

ਕਈ ਚੇਤੇ ਕਰਦੇ ਹਨ ਕਿ ਯਿਸੂ ਨੇ ਕੁਝ ਮਹੀਨੇ ਪਹਿਲਾਂ ਡੇਰਿਆਂ ਦੇ ਪਰਬ ਤੇ ਇਕ ਨੌਜਵਾਨ ਜਮਾਂਦਰੂ ਅੰਨ੍ਹੇ ਨੂੰ ਚੰਗਾ ਕੀਤਾ ਸੀ, ਅਤੇ ਉਹ ਪੁੱਛਦੇ ਹਨ: “ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਐੱਨਾ ਭੀ ਨਾ ਕਰ ਸੱਕਿਆ ਜੋ ਇਹ ਮਨੁੱਖ ਨਾ ਮਰਦਾ?” ਯੂਹੰਨਾ 5:21; 6:40; 9:​1-7; 11:​17-37.

▪ ਯਿਸੂ ਆਖ਼ਰਕਾਰ ਕਦੋਂ ਬੈਤਅਨੀਆ ਦੇ ਲਾਗੇ ਪਹੁੰਚਦਾ ਹੈ, ਅਤੇ ਉੱਥੇ ਕੀ ਸਥਿਤੀ ਹੈ?

▪ ਮਾਰਥਾ ਕੋਲ ਪੁਨਰ-ਉਥਾਨ ਉੱਤੇ ਵਿਸ਼ਵਾਸ ਕਰਨ ਦਾ ਕੀ ਆਧਾਰ ਹੈ?

▪ ਯਿਸੂ ਲਾਜ਼ਰ ਦੀ ਮੌਤ ਦੁਆਰਾ ਕਿਵੇਂ ਪ੍ਰਭਾਵਿਤ ਹੁੰਦਾ ਹੈ?