Skip to content

Skip to table of contents

ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ

ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ

ਅਧਿਆਇ 71

ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ

ਇਕ ਸਮੇਂ ਦੇ ਅੰਨ੍ਹੇ ਭਿਖਾਰੀ ਦੇ ਮਾਪੇ ਡਰ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਫ਼ਰੀਸੀਆਂ ਦੇ ਸਾਮ੍ਹਣੇ ਸੱਦਿਆ ਜਾਂਦਾ ਹੈ। ਉਹ ਜਾਣਦੇ ਹਨ ਕਿ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਹਰ ਕੋਈ ਜਿਹੜਾ ਯਿਸੂ ਉੱਤੇ ਨਿਹਚਾ ਪ੍ਰਗਟ ਕਰੇਗਾ, ਉਸ ਨੂੰ ਯਹੂਦੀ ਸਭਾ-ਘਰ ਵਿੱਚੋਂ ਕੱਢਿਆ ਜਾਵੇਗਾ। ਬਰਾਦਰੀ ਵਿਚ ਦੂਜਿਆਂ ਦੇ ਨਾਲ ਭਾਈਬੰਦੀ ਤੋਂ ਅਜਿਹਾ ਵੱਖ ਕੀਤਾ ਜਾਣਾ, ਖ਼ਾਸ ਕਰ ਕੇ ਇਕ ਗਰੀਬ ਪਰਿਵਾਰ ਉੱਤੇ ਡਾਢੀ ਮੁਸੀਬਤ ਲਿਆ ਸਕਦਾ ਹੈ। ਇਸ ਲਈ ਮਾਪੇ ਚੌਕਸ ਹਨ।

“ਕੀ ਇਹ ਤੁਹਾਡਾ ਪੁੱਤ੍ਰ ਹੈ ਜਿਹ ਨੂੰ ਤੁਸੀਂ ਆਖਦੇ ਹੋ ਭਈ ਉਹ ਅੰਨ੍ਹਾ ਜੰਮਿਆ ਸੀ?” ਫ਼ਰੀਸੀ ਪੁੱਛਦੇ ਹਨ। “ਫੇਰ ਹੁਣ ਉਹ ਕਿੱਕੁਰ ਵੇਖਦਾ ਹੈ?”

“ਅਸੀਂ ਜਾਣਦੇ ਹਾਂ ਜੋ ਇਹ ਸਾਡਾ ਪੁੱਤ੍ਰ ਹੈ ਅਤੇ ਇਹ ਭੀ ਕਿ ਉਹ ਅੰਨ੍ਹਾ ਜੰਮਿਆ ਸੀ,” ਮਾਪੇ ਪੁਸ਼ਟੀ ਕਰਦੇ ਹਨ। “ਪਰ ਸਾਨੂੰ ਪਤਾ ਨਹੀਂ ਜੋ ਉਹ ਹੁਣ ਕਿੱਕੂੰ ਵੇਖਦਾ ਹੈ ਅਤੇ ਇਹ ਭੀ ਨਹੀਂ ਸਾਨੂੰ ਪਤਾ ਹੈ ਭਈ ਕਿਹ ਨੇ ਉਹ ਦੀਆਂ ਅੱਖਾਂ ਖੋਲ੍ਹੀਆਂ।” ਯਕੀਨਨ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਉਹ ਸਭ ਕੁਝ ਜ਼ਰੂਰ ਦੱਸਿਆ ਹੋਵੇਗਾ ਜੋ ਵਾਪਰਿਆ ਸੀ, ਪਰੰਤੂ ਸਿਆਣਪ ਨਾਲ ਮਾਪੇ ਆਖਦੇ ਹਨ: “ਉਸੇ ਕੋਲੋਂ ਪੁੱਛ ਲਓ, ਉਹ ਸਿਆਣਾ ਹੈ, ਉਹ ਆਪਣੀ ਗੱਲ ਆਪੇ ਦੱਸੂ।”

ਇਸ ਲਈ, ਫ਼ਰੀਸੀ ਫਿਰ ਉਸ ਆਦਮੀ ਨੂੰ ਸੱਦਦੇ ਹਨ। ਇਸ ਵਾਰੀ ਉਹ ਇਹ ਸੰਕੇਤ ਕਰਦੇ ਹੋਏ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਨੇ ਯਿਸੂ ਨੂੰ ਦੋਸ਼ੀ ਠਹਿਰਾਉਣ ਵਾਲੇ ਸਬੂਤ ਇਕੱਠੇ ਕੀਤੇ ਹਨ। “ਪਰਮੇਸ਼ੁਰ ਦੀ ਵਡਿਆਈ ਕਰ,” ਉਹ ਮੰਗ ਕਰਦੇ ਹਨ। “ਅਸੀਂ ਜਾਣਦੇ ਹਾਂ ਜੋ ਇਹ ਮਨੁੱਖ ਪਾਪੀ ਹੈ।”

ਇਕ ਸਮੇਂ ਦਾ ਅੰਨ੍ਹਾ ਉਨ੍ਹਾਂ ਦੇ ਦੋਸ਼ ਨੂੰ ਇਨਕਾਰ ਨਾ ਕਰਦੇ ਹੋਏ, ਕਹਿੰਦਾ ਹੈ: “ਭਈ ਉਹ ਪਾਪੀ ਹੈ ਕਿ ਨਹੀਂ ਸੋ ਮੈਂ ਨਹੀਂ ਜਾਣਦਾ।” ਪਰੰਤੂ ਉਹ ਅੱਗੇ ਕਹਿੰਦਾ ਹੈ: “ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੋ ਅੰਨ੍ਹਾ ਸੀ ਹੁਣ ਵੇਖਦਾ ਹਾਂ।”

ਉਸ ਦੇ ਬਿਆਨ ਵਿਚ ਨੁਕਸ ਭਾਲਣ ਦੀ ਕੋਸ਼ਿਸ਼ ਕਰਦੇ ਹੋਏ, ਫ਼ਰੀਸੀ ਫਿਰ ਪੁੱਛਦੇ ਹਨ: “ਉਨ ਤੇਰੇ ਨਾਲ ਕੀ ਕੀਤਾ? ਕਿਸ ਤਰਾਂ ਤੇਰੀਆਂ ਅੱਖਾਂ ਖੋਲ੍ਹੀਆਂ?”

“ਮੈਂ ਤਾਂ ਹੁਣੇ ਤੁਹਾਨੂੰ ਦੱਸਿਆ ਸੀ,” ਉਹ ਆਦਮੀ ਸ਼ਿਕਵਾ ਕਰਦਾ ਹੈ, “ਅਤੇ ਤੁਸਾਂ ਸੁਣਿਆ ਹੀ ਨਾ। ਕਿਉਂ ਫੇਰ ਸੁਣਨਾ ਚਾਹੁੰਦੇ ਹੋ?” ਤਾਅਨੇ ਨਾਲ, ਉਹ ਪੁੱਛਦਾ ਹੈ: “ਭਲਾ, ਤੁਸੀਂ ਭੀ ਉਹ ਦੇ ਚੇਲੇ ਹੋਣਾ ਚਾਹੁੰਦੇ ਹੋ?”

ਇਹ ਜਵਾਬ ਫ਼ਰੀਸੀਆਂ ਨੂੰ ਕ੍ਰੋਧਿਤ ਕਰ ਦਿੰਦਾ ਹੈ। “ਉਹ ਦਾ ਚੇਲਾ ਤੂੰਏਂ ਹੈਂ,” ਉਹ ਦੋਸ਼ ਲਾਉਂਦੇ ਹਨ, “ਪਰ ਅਸੀਂ ਮੂਸਾ ਦੇ ਚੇਲੇ ਹਾਂਗੇ। ਅਸੀਂ ਜਾਣਦੇ ਹਾਂ ਜੋ ਪਰਮੇਸ਼ੁਰ ਨੇ ਮੂਸਾ ਦੇ ਨਾਲ ਗੱਲਾਂ ਕੀਤੀਆਂ ਹਨ ਪਰ ਇਹ ਨੂੰ ਨਹੀਂ ਜਾਣਦੇ ਭਈ ਕਿੱਥੋਂ ਹੈ।”

ਹੈਰਾਨੀ ਪ੍ਰਗਟ ਕਰਦੇ ਹੋਏ, ਨਿਮਰ ਭਿਖਾਰੀ ਜਵਾਬ ਦਿੰਦਾ ਹੈ: “ਇਹੋ ਤਾਂ ਅਚਰਜ ਦੀ ਗੱਲ ਹੈ ਜੋ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ ਅਤੇ ਉਸ ਨੇ ਮੇਰੀਆਂ ਅੱਖੀਆਂ ਖੋਲ੍ਹ ਦਿੱਤੀਆਂ!” ਇਸ ਤੋਂ ਕੀ ਨਤੀਜਾ ਕੱਢਣਾ ਚਾਹੀਦਾ ਹੈ? ਭਿਖਾਰੀ ਸਵੀਕ੍ਰਿਤ ਆਧਾਰ-ਵਾਕ ਵੱਲ ਸੰਕੇਤ ਕਰਦਾ ਹੈ: “ਅਸੀਂ ਤਾਂ ਜਾਣਦੇ ਹਾਂਗੇ ਜੋ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ ਪਰ ਜੇ ਕੋਈ ਪਰਮੇਸ਼ੁਰ ਦਾ ਭਗਤ ਹੋਵੇ ਅਤੇ ਉਹ ਦੀ ਮਰਜ਼ੀ ਉੱਤੇ ਚੱਲੇ ਤਾਂ ਉਹ ਦੀ ਸੁਣਦਾ ਹੈ। ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ!” ਇਸ ਲਈ, ਸਿੱਟਾ ਸਪੱਸ਼ਟ ਹੋਣਾ ਚਾਹੀਦਾ ਹੈ: “ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ।”

ਫ਼ਰੀਸੀਆਂ ਕੋਲ ਅਜਿਹੇ ਸਿੱਧੇ, ਸਪੱਸ਼ਟ ਤਰਕ ਲਈ ਕੋਈ ਜਵਾਬ ਨਹੀਂ ਹੈ। ਉਹ ਸੱਚਾਈ ਦਾ ਸਾਮ੍ਹਣਾ ਨਹੀਂ ਕਰ ਸਕਦੇ ਹਨ, ਅਤੇ ਇਸ ਲਈ ਉਹ ਉਸ ਆਦਮੀ ਨੂੰ ਬੁਰਾ ਭਲਾ ਕਹਿੰਦੇ ਹਨ: “ਤੂੰ ਤਾਂ ਨਿਰਾ ਪੁਰਾ ਪਾਪਾਂ ਵਿੱਚ ਜੰਮਿਆ ਹੈਂ, ਫੇਰ ਸਾਨੂੰ ਸਿਖਲਾਉਂਦਾ ਹੈਂ?” ਇਸ ਤੇ, ਉਹ ਉਸ ਆਦਮੀ ਨੂੰ ਬਾਹਰ ਸੁੱਟ ਦਿੰਦੇ ਹਨ, ਪ੍ਰਤੱਖ ਰੂਪ ਵਿਚ ਉਸ ਨੂੰ ਯਹੂਦੀ ਸਭਾ-ਘਰ ਵਿੱਚੋਂ ਛੇਕ ਦਿੰਦੇ ਹਨ।

ਜਦੋਂ ਯਿਸੂ ਨੂੰ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ, ਤਾਂ ਉਹ ਉਸ ਆਦਮੀ ਨੂੰ ਲੱਭ ਕੇ ਕਹਿੰਦਾ ਹੈ: “ਕੀ ਤੂੰ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਕਰਦਾ ਹੈਂ?”

ਜਵਾਬ ਵਿਚ, ਇਕ ਸਮੇਂ ਦਾ ਅੰਨ੍ਹਾ ਭਿਖਾਰੀ ਪੁੱਛਦਾ ਹੈ: “ਪ੍ਰਭੁ ਜੀ, ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਹਚਾ ਕਰਾਂ?”

“ਉਹ ਜੋ ਤੇਰੇ ਸੰਗ ਗੱਲਾਂ ਕਰਦਾ ਹੈ ਸੋਈ ਹੈ,” ਯਿਸੂ ਜਵਾਬ ਦਿੰਦਾ ਹੈ।

ਤੁਰੰਤ, ਉਹ ਆਦਮੀ ਯਿਸੂ ਦੇ ਅੱਗੇ ਮੱਥਾ ਟੇਕਦਾ ਹੈ ਅਤੇ ਕਹਿੰਦਾ ਹੈ: “ਪ੍ਰਭੁ ਜੀ ਮੈਂ ਨਿਹਚਾ ਕਰਦਾ ਹਾਂ!”

ਫਿਰ ਯਿਸੂ ਸਮਝਾਉਂਦਾ ਹੈ: “ਮੈਂ ਨਿਆਉਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਓਹ ਵੇਖਣ ਅਤੇ ਜਿਹੜੇ ਵੇਖਦੇ ਹਨ ਓਹ ਅੰਨ੍ਹੇ ਹੋ ਜਾਣ।”

ਇਸ ਤੇ, ਫ਼ਰੀਸੀ ਜੋ ਸੁਣ ਰਹੇ ਹਨ, ਪੁੱਛਦੇ ਹਨ: “ਭਲਾ, ਅਸੀਂ ਭੀ ਅੰਨ੍ਹੇ ਹਾਂ?” ਜੇਕਰ ਉਹ ਕਬੂਲ ਕਰਨ ਕਿ ਉਹ ਮਾਨਸਿਕ ਤੌਰ ਤੇ ਅੰਨ੍ਹੇ ਹਨ, ਤਾਂ ਉਨ੍ਹਾਂ ਦਾ ਯਿਸੂ ਦੇ ਪ੍ਰਤੀ ਵਿਰੋਧ ਲਈ ਇਕ ਬਹਾਨਾ ਹੁੰਦਾ। ਜਿਸ ਤਰ੍ਹਾਂ ਯਿਸੂ ਉਨ੍ਹਾਂ ਨੂੰ ਦੱਸਦਾ ਹੈ: “ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਹਾਡਾ ਪਾਪ ਨਾ ਹੁੰਦਾ।” ਫਿਰ ਵੀ, ਉਹ ਕਠੋਰਤਾ ਨਾਲ ਜ਼ੋਰ ਦਿੰਦੇ ਹਨ ਕਿ ਉਹ ਅੰਨ੍ਹੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਅਧਿਆਤਮਿਕ ਚਾਨਣ ਦੀ ਲੋੜ ਹੈ। ਇਸ ਲਈ ਯਿਸੂ ਟਿੱਪਣੀ ਕਰਦਾ ਹੈ: “ਹੁਣ ਜੋ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।” ਯੂਹੰਨਾ 9:​19-41.

▪ ਇਕ ਸਮੇਂ ਦੇ ਅੰਨ੍ਹੇ ਭਿਖਾਰੀ ਦੇ ਮਾਪੇ ਕਿਉਂ ਡਰ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਫ਼ਰੀਸੀਆਂ ਦੇ ਸਾਮ੍ਹਣੇ ਸੱਦਿਆ ਜਾਂਦਾ ਹੈ, ਅਤੇ ਇਸ ਲਈ ਉਹ ਕਿਵੇਂ ਚੌਕਸੀ ਨਾਲ ਜਵਾਬ ਦਿੰਦੇ ਹਨ?

▪ ਇਕ ਸਮੇਂ ਦੇ ਅੰਨ੍ਹੇ ਨੂੰ ਫ਼ਰੀਸੀ ਕਿਸ ਤਰ੍ਹਾਂ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ?

▪ ਉਸ ਆਦਮੀ ਦੀ ਕਿਹੜੀ ਤਰਕਪੂਰਣ ਦਲੀਲ ਫ਼ਰੀਸੀਆਂ ਨੂੰ ਗੁੱਸਾ ਚੜ੍ਹਾਉਂਦੀ ਹੈ?

▪ ਫ਼ਰੀਸੀਆਂ ਕੋਲ ਯਿਸੂ ਦੇ ਪ੍ਰਤੀ ਵਿਰੋਧ ਕਰਨ ਲਈ ਕੋਈ ਬਹਾਨਾ ਕਿਉਂ ਨਹੀਂ ਹੈ?