Skip to content

Skip to table of contents

ਬਹੁਤ ਚੇਲੇ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ

ਬਹੁਤ ਚੇਲੇ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ

ਅਧਿਆਇ 55

ਬਹੁਤ ਚੇਲੇ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ

ਯਿਸੂ ਸਵਰਗ ਤੋਂ ਸੱਚੀ ਰੋਟੀ ਦੇ ਤੌਰ ਤੇ ਆਪਣੇ ਭਾਗ ਦੇ ਸੰਬੰਧ ਵਿਚ ਕਫ਼ਰਨਾਹੂਮ ਵਿਖੇ ਇਕ ਯਹੂਦੀ ਸਭਾ-ਘਰ ਵਿਚ ਸਿੱਖਿਆ ਦੇ ਰਿਹਾ ਹੈ। ਉਸ ਦੀ ਗੱਲ-ਬਾਤ ਸਪੱਸ਼ਟ ਤੌਰ ਤੇ ਉਦੋਂ ਲੋਕਾਂ ਨਾਲ ਸ਼ੁਰੂ ਕੀਤੇ ਗਏ ਚਰਚੇ ਦਾ ਹੀ ਵਿਸਤਾਰ ਹੈ, ਜਦੋਂ ਉਨ੍ਹਾਂ ਨੇ ਗਲੀਲ ਦੀ ਝੀਲ ਦੇ ਪੂਰਬੀ ਕੰਢੇ, ਜਿੱਥੇ ਉਨ੍ਹਾਂ ਨੇ ਚਮਤਕਾਰ ਦੁਆਰਾ ਪ੍ਰਦਾਨ ਕੀਤੀਆਂ ਰੋਟੀਆਂ ਤੇ ਮੱਛੀਆਂ ਖਾਧੀਆਂ ਸਨ, ਤੋਂ ਵਾਪਸ ਆ ਕੇ ਉਸ ਨੂੰ ਲਭਿਆ ਸੀ।

ਯਿਸੂ ਆਪਣੀਆਂ ਟਿੱਪਣੀਆਂ ਜਾਰੀ ਰੱਖਦੇ ਹੋਏ, ਕਹਿੰਦਾ ਹੈ: “ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।” ਸਿਰਫ਼ ਦੋ ਵਰ੍ਹੇ ਪਹਿਲਾਂ, 30 ਸਾ.ਯੁ. ਦੀ ਬਸੰਤ ਰੁੱਤ ਵਿਚ, ਯਿਸੂ ਨੇ ਨਿਕੁਦੇਮੁਸ ਨੂੰ ਦੱਸਿਆ ਕਿ ਪਰਮੇਸ਼ੁਰ ਨੇ ਜਗਤ ਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਪੁੱਤਰ ਇਕ ਮੁਕਤੀ ਦਾਤੇ ਦੇ ਤੌਰ ਤੇ ਦੇ ਦਿੱਤਾ। ਇਸ ਤਰ੍ਹਾਂ, ਯਿਸੂ ਹੁਣ ਦਿਖਾ ਰਿਹਾ ਹੈ ਕਿ ਮਨੁੱਖਜਾਤੀ ਦੇ ਸੰਸਾਰ ਦਾ ਕੋਈ ਵੀ ਵਿਅਕਤੀ, ਜਿਹੜਾ ਉਸ ਦੇ ਜਲਦੀ ਹੀ ਦਿੱਤੇ ਜਾਣ ਵਾਲੇ ਬਲੀਦਾਨ ਉੱਤੇ ਨਿਹਚਾ ਕਰਨ ਦੇ ਦੁਆਰਾ ਪ੍ਰਤੀਕਾਤਮਕ ਤੌਰ ਤੇ ਉਸ ਦਾ ਮਾਸ ਖਾਂਦਾ ਹੈ, ਸਦੀਪਕ ਜੀਵਨ ਪ੍ਰਾਪਤ ਕਰ ਸਕਦਾ ਹੈ।

ਪਰੰਤੂ, ਲੋਕੀ ਯਿਸੂ ਦੇ ਸ਼ਬਦਾਂ ਤੋਂ ਠੋਕਰ ਖਾਂਦੇ ਹਨ। “ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸੱਕਦਾ ਹੈ?” ਉਹ ਪੁੱਛਦੇ ਹਨ। ਯਿਸੂ ਚਾਹੁੰਦਾ ਹੈ ਕਿ ਉਸ ਦੇ ਸੁਣਨ ਵਾਲੇ ਇਸ ਗੱਲ ਨੂੰ ਸਮਝਣ ਕਿ ਉਹ ਇਕ ਅਲੰਕਾਰਕ ਢੰਗ ਨਾਲ ਉਸ ਦੇ ਮਾਸ ਨੂੰ ਖਾਣਗੇ। ਇਸ ਲਈ, ਇਸ ਉੱਤੇ ਜ਼ੋਰ ਦੇਣ ਲਈ, ਉਹ ਇਕ ਅਜਿਹੀ ਗੱਲ ਕਹਿੰਦਾ ਹੈ ਜਿਸ ਨੂੰ ਜੇਕਰ ਸ਼ਾਬਦਿਕ ਢੰਗ ਨਾਲ ਲਿਆ ਜਾਵੇ ਤਾਂ ਹੋਰ ਵੀ ਇਤਰਾਜ਼­ਯੋਗ ਹੈ।

“ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ,” ਯਿਸੂ ਐਲਾਨ ਕਰਦਾ ਹੈ, “ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਸ ਸੱਚ ਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੁ ਹੈ। ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ।”

ਸੱਚ-ਮੁੱਚ, ਜੇਕਰ ਯਿਸੂ ਆਦਮਖੋਰੀ ਦੀ ਸਲਾਹ ਦੇ ਰਿਹਾ ਸੀ ਤਾਂ ਉਸ ਦੀ ਸਿੱਖਿਆ ਬਹੁਤ ਜ਼ਿਆਦਾ ਘਿਣਾਉਣੀ ਜਾਪੇਗੀ। ਪਰੰਤੂ, ਨਿਸ਼ਚੇ ਹੀ, ਯਿਸੂ ਵਾਸਤਵਿਕ ਤੌਰ ਤੇ ਮਾਸ ਖਾਣ ਦੀ ਅਤੇ ਲਹੂ ਪੀਣ ਦੀ ਸਿੱਖਿਆ ਨਹੀਂ ਦੇ ਰਿਹਾ ਹੈ। ਉਹ ਸਿਰਫ਼ ਇਹ ਜ਼ੋਰ ਦੇ ਰਿਹਾ ਹੈ ਕਿ ਸਾਰੇ ਜੋ ਸਦੀਪਕ ਜੀਵਨ ਪਾਉਂਦੇ ਹਨ ਉਨ੍ਹਾਂ ਨੂੰ ਉਸ ਬਲੀਦਾਨ ਤੇ ਨਿਹਚਾ ਰੱਖਣੀ ਚਾਹੀਦੀ ਹੈ ਜਿਹੜਾ ਉਹ ਉਦੋਂ ਦੇਵੇਗਾ ਜਦੋਂ ਉਹ ਆਪਣੇ ਸੰਪੂਰਣ ਮਾਨਵੀ ਸਰੀਰ ਨੂੰ ਬਲੀਦਾਨ ਕਰਦਾ ਹੈ ਅਤੇ ਆਪਣੇ ਲਹੂ ਨੂੰ ਡੋਲ੍ਹਦਾ ਹੈ। ਫਿਰ ਵੀ, ਉਸ ਦੇ ਬਹੁਤ ਸਾਰੇ ਚੇਲੇ ਵੀ ਉਸ ਦੀ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਇਸ ਕਰਕੇ ਇਤਰਾਜ਼ ਕਰਦੇ ਹਨ: “ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?”

ਇਹ ਜਾਣਦੇ ਹੋਏ ਕਿ ਉਸ ਦੇ ਬਹੁਤ ਸਾਰੇ ਚੇਲੇ ਬੁੜਬੁੜਾ ਰਹੇ ਹਨ, ਯਿਸੂ ਕਹਿੰਦਾ ਹੈ: “ਇਸ ਤੋਂ ਤੁਹਾਨੂੰ ਠੋਕਰ ਲੱਗਦੀ ਹੈ? ਫੇਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ? . . . ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ। ਪਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜੋ ਨਿਹਚਾ ਨਹੀਂ ਕਰਦੇ।”

ਯਿਸੂ ਅੱਗੇ ਕਹਿੰਦਾ ਹੈ: “ਇਸ ਕਾਰਣ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖ਼ਸ਼ਿਆ ਨਾ ਗਿਆ ਹੋਵੇ।” ਇਸ ਤੇ ਉਸ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਜਾਂਦੇ ਹਨ ਅਤੇ ਉਸ ਦੇ ਮਗਰ ਨਹੀਂ ਚਲਦੇ ਹਨ। ਇਸ ਲਈ ਯਿਸੂ ਆਪਣੇ 12 ਰਸੂਲਾਂ ਵੱਲ ਮੁੜ ਕੇ ਪੁੱਛਦਾ ਹੈ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”

ਪਤਰਸ ਜਵਾਬ ਦਿੰਦਾ ਹੈ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।” ਨਿਸ਼ਠਾ ਦਾ ਕਿੰਨਾ ਉੱਤਮ ਪ੍ਰਗਟਾਵਾ, ਭਾਵੇਂ ਕਿ ਪਤਰਸ ਅਤੇ ਦੂਜੇ ਰਸੂਲਾਂ ਨੇ ਸ਼ਾਇਦ ਇਸ ਵਿਸ਼ੇ ਉੱਤੇ ਯਿਸੂ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਹੈ!

ਭਾਵੇਂ ਕਿ ਪਤਰਸ ਦੇ ਜਵਾਬ ਤੋਂ ਯਿਸੂ ਖ਼ੁਸ਼ ਹੋਇਆ, ਉਹ ਕਹਿੰਦਾ ਹੈ: “ਕੀ ਮੈਂ ਤੁਸਾਂ ਬਾਰਾਂ ਨੂੰ ਨਹੀਂ ਚੁਣਿਆ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ!” ਉਹ ਯਹੂਦਾ ਇਸਕਰਿਯੋਤੀ ਬਾਰੇ ਬੋਲ ਰਿਹਾ ਹੈ। ਸੰਭਵ ਹੈ ਕਿ ਇਸ ਸਮੇਂ ਤੇ ਯਿਸੂ, ਯਹੂਦਾ ਦੇ ਵਿਚ ਇਕ ਗ਼ਲਤ ਰਾਹ ਦੀ “ਸ਼ੁਰੂਆਤ,” ਜਾਂ ਆਰੰਭ ਨੂੰ ਤਾੜਦਾ ਹੈ।

ਯਿਸੂ ਨੇ ਹੁਣੇ ਹੀ ਉਸ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਦਾ ਪ੍ਰਤਿਰੋਧ ਕਰਨ ਦੁਆਰਾ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਅਤੇ ਸ਼ਾਇਦ ਉਹ ਤਰਕ ਕਰ ਰਹੇ ਹੋਣ, ‘ਇਹ ਕਿਵੇਂ ਮਸੀਹਾ ਹੋ ਸਕਦਾ ਹੈ ਜੇਕਰ ਉਹ ਮਸੀਹਾ ਦੇ ਅਧਿਕਾਰਪੂਰਣ ਸਥਾਨ ਨੂੰ ਕਬੂਲ ਨਹੀਂ ਕਰੇਗਾ?’ ਇਹ ਵਿਸ਼ਾ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੋਵੇਗਾ। ਯੂਹੰਨਾ 6:​51-71; 3:⁠16.

▪ ਯਿਸੂ ਕਿਨ੍ਹਾਂ ਲਈ ਆਪਣਾ ਮਾਸ ਦਿੰਦਾ ਹੈ, ਅਤੇ ਇਹ ਕਿਸ ਤਰ੍ਹਾਂ ‘ਉਸ ਦਾ ਮਾਸ ਖਾਂਦੇ’ ਹਨ?

▪ ਯਿਸੂ ਦੇ ਕਿਹੜੇ ਅਗਲੇ ਸ਼ਬਦਾਂ ਤੋਂ ਲੋਕਾਂ ਨੂੰ ਧੱਕਾ ਲੱਗਦਾ ਹੈ, ਪਰੰਤੂ ਉਹ ਕਿਹੜੀ ਗੱਲ ਉੱਤੇ ਜ਼ੋਰ ਦੇ ਰਿਹਾ ਹੈ?

▪ ਜਦੋਂ ਬਹੁਤ ਸਾਰੇ ਲੋਕ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ, ਤਾਂ ਪਤਰਸ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?