Skip to content

Skip to table of contents

ਬਾਗ਼ ਵਿਚ ਕਸ਼ਟ

ਬਾਗ਼ ਵਿਚ ਕਸ਼ਟ

ਅਧਿਆਇ 117

ਬਾਗ਼ ਵਿਚ ਕਸ਼ਟ

ਜਦੋਂ ਯਿਸੂ ਪ੍ਰਾਰਥਨਾ ਕਰਨੀ ਸਮਾਪਤ ਕਰਦਾ ਹੈ, ਤਾਂ ਉਹ ਅਤੇ ਉਸ ਦੇ 11 ਵਫ਼ਾਦਾਰ ਰਸੂਲ ਯਹੋਵਾਹ ਲਈ ਵਡਿਆਈ ਦੇ ਗੀਤ ਗਾਉਂਦੇ ਹਨ। ਫਿਰ ਉਹ ਉਪਰਲੇ ਕਮਰੇ ਤੋਂ ਉਤਰਦੇ ਹਨ, ਰਾਤ ਦੇ ਠੰਢੇ ਹਨ੍ਹੇਰੇ ਵਿਚ ਨਿਕਲ ਜਾਂਦੇ ਹਨ, ਅਤੇ ਕਿਦਰੋਨ ਘਾਟੀ ਪਾਰ ਕਰ ਕੇ ਬੈਤਅਨੀਆ ਵੱਲ ਚੱਲ ਪੈਂਦੇ ਹਨ। ਪਰੰਤੂ ਰਾਹ ਵਿਚ ਉਹ ਇਕ ਮਨ ਪਸੰਦ ਥਾਂ, ਗਥਸਮਨੀ ਦੇ ਬਾਗ਼ ਵਿਖੇ ਰੁਕਦੇ ਹਨ। ਇਹ ਜ਼ੈਤੂਨ ਪਹਾੜ ਉੱਤੇ ਜਾਂ ਨੇੜੇ ਸਥਿਤ ਹੈ। ਯਿਸੂ ਅਕਸਰ ਇੱਥੇ ਆਪਣੇ ਰਸੂਲਾਂ ਨਾਲ ਜ਼ੈਤੂਨ ਦਿਆਂ ਦਰਖ਼ਤਾਂ ਵਿਚਕਾਰ ਮਿਲਦਾ ਸੀ।

ਅੱਠਾਂ ਰਸੂਲਾਂ ਨੂੰ​— ਸ਼ਾਇਦ ਬਾਗ਼ ਦੇ ਮੁੱਖ ਦੁਆਰ ਦੇ ਨੇੜੇ​— ਛੱਡਦੇ ਹੋਏ, ਉਹ ਉਨ੍ਹਾਂ ਨੂੰ ਹਿਦਾਇਤ ਦਿੰਦਾ ਹੈ: “ਤੁਸੀਂ ਐਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ।” ਫਿਰ ਉਹ ਬਾਕੀ ਤਿੰਨਾਂ​— ਪਤਰਸ, ਯਾਕੂਬ, ਅਤੇ ਯੂਹੰਨਾ​— ਨੂੰ ਨਾਲ ਲੈ ਕੇ ਬਾਗ਼ ਵਿਚ ਹੋਰ ਅੰਦਰ ਨੂੰ ਜਾਂਦਾ ਹੈ। ਯਿਸੂ ਦੁਖੀ ਅਤੇ ਡਾਢਾ ਵਿਆਕੁਲ ਹੁੰਦਾ ਹੈ। “ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ,” ਉਹ ਉਨ੍ਹਾਂ ਨੂੰ ਦੱਸਦਾ ਹੈ। “ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”

ਥੋੜ੍ਹਾ ਅੱਗੇ ਵੱਧ ਕੇ, ਯਿਸੂ ਜ਼ਮੀਨ ਉੱਤੇ ਆਪਣੇ ਮੂੰਹ ਦੇ ਭਾਰ ਡਿੱਗ ਕੇ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ: “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” ਉਸ ਦਾ ਕੀ ਮਤਲਬ ਹੈ? ਉਹ ਕਿਉਂ “ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ”? ਕੀ ਉਹ ਮਰਨ ਅਤੇ ਰਿਹਾਈ-ਕੀਮਤ ਦੇਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਹੱਟ ਰਿਹਾ ਹੈ?

ਨਹੀਂ, ਬਿਲਕੁਲ ਨਹੀਂ! ਯਿਸੂ ਮੌਤ ਤੋਂ ਬਚਣ ਲਈ ਬੇਨਤੀ ਨਹੀਂ ਕਰ ਰਿਹਾ ਹੈ। ਬਲੀਦਾਨ ਰੂਪੀ ਮੌਤ ਤੋਂ ਬਚਣ ਦਾ ਵਿਚਾਰ ਵੀ ਉਸ ਦੇ ਲਈ ਨਾਗਵਾਰ ਸੀ, ਜਿਸ ਦਾ ਸੁਝਾਉ ਇਕ ਵਾਰੀ ਪਤਰਸ ਨੇ ਦਿੱਤਾ ਸੀ। ਇਸ ਦੀ ਬਜਾਇ, ਉਹ ਕਸ਼ਟ ਵਿਚ ਹੈ ਕਿਉਂਕਿ ਉਹ ਡਰਦਾ ਹੈ ਕਿ ਜਿਸ ਢੰਗ ਨਾਲ ਉਹ ਜਲਦੀ ਹੀ ਮਰੇਗਾ​— ਇਕ ਨੀਚ ਅਪਰਾਧੀ ਵਾਂਗ​— ਇਹ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆ ਲਿਆਵੇਗਾ। ਹੁਣ ਉਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਥੋੜ੍ਹੇ ਘੰਟਿਆਂ ਵਿਚ ਇਕ ਸਭ ਤੋਂ ਭੈੜੇ ਵਿਅਕਤੀ​— ਅਰਥਾਤ ਪਰਮੇਸ਼ੁਰ ਦੇ ਕਾਫ਼ਰ​— ਦੇ ਤੌਰ ਤੇ ਸੂਲੀ ਤੇ ਚੜ੍ਹਾਇਆ ਜਾਵੇਗਾ! ਇਹੀ ਗੱਲ ਉਸ ਨੂੰ ਡਾਢਾ ਵਿਆਕੁਲ ਕਰਦੀ ਹੈ।

ਕਾਫ਼ੀ ਦੇਰ ਤਕ ਪ੍ਰਾਰਥਨਾ ਕਰਨ ਤੋਂ ਬਾਅਦ, ਯਿਸੂ ਮੁੜਦਾ ਹੈ ਅਤੇ ਤਿੰਨਾਂ ਰਸੂਲਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਪਤਰਸ ਨੂੰ ਸੰਬੋਧਿਤ ਕਰਦੇ ਹੋਏ, ਉਹ ਕਹਿੰਦਾ ਹੈ: “ਇਹ ਕੀ, ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਜਾਗੋ ਅਤੇ ਪ੍ਰਾਰ­ਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” ਪਰੰਤੂ, ਉਨ੍ਹਾਂ ਉੱਤੇ ਆਏ ਤਣਾਉ ਅਤੇ ਰਾਤ ਦੀ ਦੇਰੀ ਨੂੰ ਸਵੀਕਾਰ ਕਰਦੇ ਹੋਏ ਉਹ ਕਹਿੰਦਾ ਹੈ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”

ਫਿਰ ਯਿਸੂ ਦੂਜੀ ਵਾਰੀ ਜਾਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਪਰਮੇਸ਼ੁਰ ਉਸ ਤੋਂ “ਇਹ ਪਿਆਲਾ,” ਅਰਥਾਤ ਉਸ ਲਈ ਪਰਮੇਸ਼ੁਰ ਦਾ ਨਿਯੁਕਤ ਹਿੱਸਾ, ਜਾਂ ਉਹ ਦੀ ਉਸ ਲਈ ਇੱਛਾ ਹਟਾ ਲਵੇ। ਜਦੋਂ ਉਹ ਮੁੜਦਾ ਹੈ, ਤਾਂ ਉਹ ਫਿਰ ਤਿੰਨਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਲੱਗੇ ਹੋਣਾ ਚਾਹੀਦਾ ਸੀ ਕਿ ਉਹ ਪਰਤਾਵੇ ਵਿਚ ਨਾ ਪੈਣ। ਜਦੋਂ ਯਿਸੂ ਉਨ੍ਹਾਂ ਦੇ ਨਾਲ ਗੱਲ ਕਰਦਾ ਹੈ, ਤਾਂ ਉਹ ਨਹੀਂ ਜਾਣਦੇ ਹਨ ਕਿ ਜਵਾਬ ਵਿਚ ਕੀ ਕਹੀਏ।

ਆਖ਼ਰਕਾਰ, ਯਿਸੂ ਤੀਜੀ ਵਾਰੀ ਥੋੜ੍ਹੀ ਦੂਰ ਤੇ, ਲਗਭਗ ਇਕ ਢੀਮ ਦੀ ਮਾਰ ਤੇ, ਜਾ ਕੇ ਗੋਡੇ ਟੇਕਦਾ ਹੇ ਅਤੇ ਉੱਚੀ ਆਵਾਜ਼ ਨਾਲ ਰੋਂਦੇ ਹੋਏ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ।” ਯਿਸੂ ਤੀਖਣ ਰੂਪ ਨਾਲ ਸਖ਼ਤ ਪੀੜਾਂ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੀ ਇਕ ਅਪਰਾਧੀ ਦੇ ਤੌਰ ਤੇ ਮੌਤ ਉਸ ਦੇ ਪਿਤਾ ਦੇ ਨਾਂ ਉੱਤੇ ਨਿੰਦਿਆਂ ਲਿਆਵੇਗੀ। ਕਿਉਂ, ਇਕ ਕਾਫ਼ਰ​— ਅਰਥਾਤ ਜਿਹੜਾ ਪਰਮੇਸ਼ੁਰ ਨੂੰ ਫਿਟਕਾਰਦਾ ਹੈ​— ਦਾ ਦੋਸ਼ ਲਗਾਏ ਜਾਣਾ, ਲਗਭਗ ਸਹਿ ਨਹੀਂ ਹੁੰਦਾ ਹੈ!

ਫਿਰ ਵੀ, ਯਿਸੂ ਅੱਗੇ ਪ੍ਰਾਰਥਨਾ ਕਰਦਾ ਹੈ: “ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ।” ਯਿਸੂ ਆਗਿਆਕਾਰੀ ਨਾਲ ਆਪਣੀ ਇੱਛਾ ਨੂੰ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਕਰਦਾ ਹੈ। ਇਸ ਤੇ, ਇਕ ਦੂਤ ਸਵਰਗ ਤੋਂ ਪ੍ਰਗਟ ਹੁੰਦਾ ਹੈ ਅਤੇ ਉਸ ਨੂੰ ਹੌਸਲੇ ਵਾਲੇ ਕੁਝ ਸ਼ਬਦਾਂ ਨਾਲ ਬਲ ਦਿੰਦਾ ਹੈ। ਸੰਭਵ ਹੈ ਕਿ ਦੂਤ ਯਿਸੂ ਨੂੰ ਦੱਸਦਾ ਹੈ ਕਿ ਉਸ ਨੂੰ ਉਸ ਦੇ ਪਿਤਾ ਦੀ ਸਵੀਕ੍ਰਿਤੀ ਪ੍ਰਾਪਤ ਹੈ।

ਫਿਰ ਵੀ, ਯਿਸੂ ਦੇ ਮੋਢਿਆਂ ਉੱਤੇ ਕਿੰਨਾ ਹੀ ਭਾਰ ਹੈ! ਉਸ ਦਾ ਆਪਣਾ ਅਤੇ ਸਾਰੀ ਮਾਨਵਜਾਤੀ ਦਾ ਸਦੀਪਕ ਜੀਵਨ ਉਸ ਉੱਤੇ ਨਿਰਭਰ ਕਰਦਾ ਹੈ। ਭਾਵਾਤਮਿਕ ਤਣਾਉ ਬਹੁਤ ਜ਼ਿਆਦਾ ਹੈ। ਇਸ ਲਈ ਯਿਸੂ ਹੋਰ ਦਿਲੋਂ-ਮਨੋਂ ਪ੍ਰਾਰਥਨਾ ਕਰਦਾ ਹੈ, ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਬਣ ਕੇ ਜ਼ਮੀਨ ਤੇ ਡਿੱਗਦਾ ਹੈ। “ਭਾਵੇਂ ਕਿ ਇਹ ਵਿਰਲੇ ਹੀ ਹੋਣ ਵਾਲੀ ਘਟਨਾ ਹੈ,” ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਹੈ, “ਲਹੂ ਦਾ ਪਸੀਨਾ . . . ਬਹੁਤ ਹੀ ਭਾਵਾਤਮਿਕ ਦਸ਼ਾਵਾਂ ਵਿਚ ਆ ਸਕਦਾ ਹੈ।”

ਇਸ ਤੋਂ ਬਾਅਦ, ਯਿਸੂ ਆਪਣੇ ਰਸੂਲਾਂ ਕੋਲ ਤੀਜੀ ਵਾਰੀ ਮੁੜਦਾ ਹੈ, ਅਤੇ ਇਕ ਵਾਰੀ ਫਿਰ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਪਾਉਂਦਾ ਹੈ। ਉਹ ਵੱਡੇ ਸੋਗ ਦੇ ਕਾਰਨ ਥੱਕ ਗਏ ਹਨ। “ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ,” ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ। “ਬੱਸ ਹੈ, ਘੜੀ ਆ ਢੁੱਕੀ। ਵੇਖੋ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।”

ਜਦੋਂ ਕਿ ਉਹ ਅਜੇ ਬੋਲ ਰਿਹਾ ਹੁੰਦਾ ਹੈ, ਯਹੂਦਾ ਇਸਕਰਿਯੋਤੀ ਇਕ ਵੱਡੀ ਭੀੜ ਦੇ ਨਾਲ ਨਜ਼ਦੀਕ ਆਉਂਦਾ ਹੈ ਜਿਨ੍ਹਾਂ ਦਿਆਂ ਹੱਥਾਂ ਵਿਚ ਮਸਾਲਾਂ ਅਤੇ ਬੱਤੀਆਂ ਅਤੇ ਹਥਿਆਰ ਹਨ। ਮੱਤੀ 26:​30, 36-47; 16:​21-23; ਮਰਕੁਸ 14:​26, 32-43; ਲੂਕਾ 22:​39-47; ਯੂਹੰਨਾ 18:​1-3; ਇਬਰਾਨੀਆਂ 5:⁠7.

▪ ਉਪਰਲੇ ਕਮਰੇ ਤੋਂ ਨਿਕਲਣ ਦੇ ਬਾਅਦ, ਯਿਸੂ ਆਪਣੇ ਰਸੂਲਾਂ ਨੂੰ ਕਿੱਥੇ ਲੈ ਕੇ ਜਾਂਦਾ ਹੈ, ਅਤੇ ਉਹ ਉੱਥੇ ਕੀ ਕਰਦਾ ਹੈ?

▪ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਤਾਂ ਰਸੂਲ ਕੀ ਕਰ ਰਹੇ ਹੁੰਦੇ ਹਨ?

▪ ਯਿਸੂ ਕਿਉਂ ਕਸ਼ਟ ਵਿਚ ਹੈ, ਅਤੇ ਉਹ ਪਰਮੇਸ਼ੁਰ ਨੂੰ ਕਿਹੜੀ ਬੇਨਤੀ ਕਰਦਾ ਹੈ?

▪ ਯਿਸੂ ਦੇ ਪਸੀਨਾ ਦਾ ਲਹੂ ਦੀਆਂ ਬੂੰਦਾਂ ਬਣਨ ਤੋਂ ਕੀ ਸੰਕੇਤ ਹੁੰਦਾ ਹੈ?