Skip to content

Skip to table of contents

ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚ

ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚ

ਅਧਿਆਇ 101

ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚ

ਜਦੋਂ ਯਿਸੂ ਯਰੀਹੋ ਤੋਂ ਨਿਕਲਦਾ ਹੈ, ਤਾਂ ਉਹ ਬੈਤਅਨੀਆ ਵੱਲ ਚੱਲ ਪੈਂਦਾ ਹੈ। ਇਹ ਸਫਰ ਲਗਭਗ ਸਾਰਾ ਦਿਨ ਲੈ ਲੈਂਦਾ ਹੈ, ਕਿਉਂਕਿ ਇਹ ਇਕ ਮੁਸ਼ਕਲ ਖੇਤਰ ਦੇ ਰਾਹੀਂ ਕੁਝ 19 ਕਿਲੋਮੀਟਰ ਦੀ ਚੜ੍ਹਾਈ ਹੈ। ਯਰੀਹੋ ਸਮੁੰਦਰ ਤਲ ਤੋਂ ਲਗਭਗ 250 ਮੀਟਰ ਨੀਵਾਂ ਹੈ, ਅਤੇ ਬੈਤਅਨੀਆ ਸਮੁੰਦਰ ਤਲ ਤੋਂ ਕੋਈ 760 ਮੀਟਰ ਉੱਚਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ, ਬੈਤਅਨੀਆ ਹੀ ਲਾਜ਼ਰ ਅਤੇ ਉਸ ਦੀਆਂ ਭੈਣਾਂ ਦਾ ਨਿਵਾਸ-ਸਥਾਨ ਹੈ। ਇਹ ਛੋਟਾ ਪਿੰਡ ਯਰੂਸ਼ਲਮ ਤੋਂ ਲਗਭਗ 3 ਕਿਲੋਮੀਟਰ ਦੂਰ ਹੈ, ਅਤੇ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਉੱਤੇ ਸਥਿਤ ਹੈ।

ਬਹੁਤ ਸਾਰੇ ਲੋਕ ਤਾਂ ਪਸਾਹ ਲਈ ਪਹਿਲਾਂ ਹੀ ਯਰੂਸ਼ਲਮ ਪਹੁੰਚ ਚੁੱਕੇ ਹਨ। ਉਹ ਆਪਣੇ ਆਪ ਨੂੰ ਰਸਮੀ ਤੌਰ ਤੇ ਸ਼ੁੱਧ ਕਰਨ ਲਈ ਅਗਾਉਂ ਆਏ ਹਨ। ਸ਼ਾਇਦ ਉਨ੍ਹਾਂ ਨੇ ਕਿਸੇ ਲੋਥ ਨੂੰ ਛੋਹਿਆ ਹੋਵੇ ਜਾਂ ਕੁਝ ਅਜਿਹਾ ਕੰਮ ਕੀਤਾ ਹੋਵੇ ਜਿਸ ਨਾਲ ਉਹ ਅਸ਼ੁੱਧ ਹੋ ਗਏ ਹਨ। ਇਸ ਲਈ ਉਹ ਪ੍ਰਵਾਨਣਯੋਗ ਢੰਗ ਨਾਲ ਪਸਾਹ ਮਨਾਉਣ ਵਾਸਤੇ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਵਿਧੀ ਦਾ ਅਨੁਕਰਣ ਕਰਦੇ ਹਨ। ਜਿਉਂ ਹੀ ਇਹ ਪਹਿਲਾਂ ਪਹੁੰਚਣ ਵਾਲੇ ਲੋਕ ਹੈਕਲ ਵਿਖੇ ਇਕੱਠੇ ਹੁੰਦੇ ਹਨ, ਬਹੁਤੇਰੇ ਲੋਕ ਯਿਸੂ ਬਾਰੇ ਅਨੁਮਾਨ ਲਗਾਉਂਦੇ ਹਨ ਕਿ ਉਹ ਪਸਾਹ ਲਈ ਆਵੇਗਾ ਜਾਂ ਨਹੀਂ।

ਯਰੂਸ਼ਲਮ ਯਿਸੂ ਦੇ ਬਾਰੇ ਵਾਦ-ਵਿਵਾਦ ਦਾ ਇਕ ਕੇਂਦਰ ਬਣਿਆ ਹੋਇਆ ਹੈ। ਇਹ ਸਭ ਨੂੰ ਪਤਾ ਹੈ ਕਿ ਧਾਰਮਿਕ ਆਗੂ ਉਸ ਨੂੰ ਮਾਰ ਦੇਣ ਵਾਸਤੇ ਉਸ ਨੂੰ ਫੜਨਾ ਚਾਹੁੰਦੇ ਹਨ। ਅਸਲ ਵਿਚ, ਉਨ੍ਹਾਂ ਨੇ ਹੁਕਮ ਦਿੱਤੇ ਹੋਏ ਹਨ ਕਿ ਜੇਕਰ ਕੋਈ ਉਸ ਦਾ ਅਤਾ-ਪਤਾ ਜਾਣ ਜਾਵੇ, ਤਾਂ ਉਹ ਉਨ੍ਹਾਂ ਨੂੰ ਇਸ ਦੀ ਖ਼ਬਰ ਕਰੇ। ਹਾਲ ਹੀ ਦਿਆਂ ਮਹੀਨਿਆਂ ਵਿਚ ਤਿੰਨ ਵਾਰੀ​— ਡੇਰਿਆਂ ਦੇ ਪਰਬ ਤੇ, ਸਮਰਪਣ ਦੇ ਪਰਬ ਤੇ, ਅਤੇ ਉਸ ਦੇ ਲਾਜ਼ਰ ਨੂੰ ਪੁਨਰ-ਉਥਿਤ ਕਰਨ ਮਗਰੋਂ​— ਇਨ੍ਹਾਂ ਆਗੂਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ, ਲੋਕੀ ਵਿਚਾਰ ਕਰਦੇ ਹਨ, ਕੀ ਯਿਸੂ ਲੋਕਾਂ ਸਾਮ੍ਹਣੇ ਇਕ ਵਾਰੀ ਫਿਰ ਆਵੇਗਾ? “ਤੁਸੀਂ ਕੀ ਸਮਝਦੇ ਹੋ?” ਉਹ ਇਕ ਦੂਜੇ ਨੂੰ ਪੁੱਛਦੇ ਹਨ।

ਐਨੇ ਨੂੰ, ਯਿਸੂ ਪਸਾਹ ਤੋਂ ਛੇ ਦਿਨ ਪਹਿਲਾਂ ਬੈਤਅਨੀਆ ਪਹੁੰਚ ਜਾਂਦਾ ਹੈ, ਜਿਹੜਾ ਕਿ ਯਹੂਦੀ ਕਲੰਡਰ ਦੇ ਅਨੁਸਾਰ ਨੀਸਾਨ 14 ਨੂੰ ਪੈਂਦਾ ਹੈ। ਯਿਸੂ ਸ਼ੁੱਕਰਵਾਰ ਸ਼ਾਮ ਨੂੰ ਕਿਸੇ ਸਮੇਂ ਬੈਤਅਨੀਆ ਪਹੁੰਚਦਾ ਹੈ, ਜਿਹੜਾ ਕਿ ਨੀਸਾਨ 8 ਦਾ ਸ਼ੁਰੂ ਹੈ। ਉਹ ਸਿਨੱਚਰਵਾਰ ਨੂੰ ਬੈਤਅਨੀਆ ਲਈ ਸਫਰ ਨਹੀਂ ਕਰ ਸਕਦਾ ਸੀ ਕਿਉਂਕਿ ਯਹੂਦੀ ਨਿਯਮ ਦੇ ਅਨੁਸਾਰ ਸਬਤ ਦੇ ਦਿਨ ਤੇ​— ਸ਼ੁੱਕਰਵਾਰ ਸੰਝ ਤੋਂ ਸਿਨੱਚਰਵਾਰ ਸੰਝ ਤਕ​— ਸਫਰ ਕਰਨਾ ਮਨ੍ਹਾ ਹੈ। ਸੰਭਵ ਹੈ ਕਿ ਯਿਸੂ ਲਾਜ਼ਰ ਦੇ ਘਰ ਜਾਂਦਾ ਹੈ, ਜਿਵੇਂ ਕਿ ਉਸ ਨੇ ਪਹਿਲਾਂ ਵੀ ਕੀਤਾ ਹੈ, ਅਤੇ ਸ਼ੁੱਕਰਵਾਰ ਰਾਤ ਉੱਥੇ ਬਿਤਾਉਂਦਾ ਹੈ।

ਪਰੰਤੂ, ਬੈਤਅਨੀਆ ਦਾ ਇਕ ਹੋਰ ਵਾਸੀ ਯਿਸੂ ਅਤੇ ਉਸ ਦੇ ਸਾਥੀਆਂ ਨੂੰ ਸਿਨੱਚਰਵਾਰ ਸ਼ਾਮ ਨੂੰ ਖਾਣੇ ਲਈ ਸੱਦਦਾ ਹੈ। ਇਹ ਆਦਮੀ ਸਾਬਕਾ ਕੋੜ੍ਹੀ ਸ਼ਮਊਨ ਹੈ, ਜਿਹੜਾ ਸ਼ਾਇਦ ਪਹਿਲਾਂ ਯਿਸੂ ਦੁਆਰਾ ਚੰਗਾ ਕੀਤਾ ਗਿਆ ਸੀ। ਆਪਣੇ ਉੱਦਮੀ ਸੁਭਾਅ ਦੇ ਅਨੁਸਾਰ, ਮਾਰਥਾ ਮਹਿਮਾਨਾਂ ਦੀ ਸੇਵਾ-ਟਹਿਲ ਕਰ ਰਹੀ ਹੈ। ਪਰੰਤੂ, ਆਪਣੇ ਸੁਭਾਅ ਦੇ ਅਨੁਸਾਰ, ਮਰਿਯਮ ਯਿਸੂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ, ਇਸ ਵਾਰੀ ਅਜਿਹੇ ਢੰਗ ਨਾਲ ਕਿ ਵਾਦ-ਵਿਵਾਦ ਸ਼ੁਰੂ ਹੋ ਜਾਂਦਾ ਹੈ।

ਮਰਿਯਮ ਇਕ ਸਿਲਖੜੀ ਦੀ ਬੋਤਲ, ਜਾਂ ਛੋਟੀ ਸ਼ੀਸ਼ੀ ਖੋਲ੍ਹਦੀ ਹੈ, ਜਿਸ ਵਿਚ ਲਗਭਗ ਅੱਧਾ ਕਿਲੋ ‘ਖਰਾ ਜਟਾ ਮਾਸੀ’ ਦਾ ਖੁਸ਼ਬੂਦਾਰ ਤੇਲ ਹੈ। ਇਹ ਬਹੁਤ ਕੀਮਤੀ ਹੈ। ਸੱਚ-ਮੁੱਚ, ਇਸ ਦੀ ਕੀਮਤ ਲਗਭਗ ਇਕ ਵਰ੍ਹੇ ਦੀ ਮਜ਼ਦੂਰੀ ਦੇ ਬਰਾਬਰ ਹੈ! ਜਦੋਂ ਮਰਿਯਮ ਤੇਲ ਨੂੰ ਯਿਸੂ ਦੇ ਸਿਰ ਅਤੇ ਪੈਰਾਂ ਉੱਤੇ ਡੋਲ੍ਹਦੀ ਹੈ ਅਤੇ ਉਸ ਦੇ ਪੈਰਾਂ ਨੂੰ ਆਪਣੇ ਵਾਲਾਂ ਨਾਲ ਪੂੰਝਦੀ ਹੈ, ਤਾਂ ਸਾਰਾ ਘਰ ਖੁਸ਼ਬੂ ਨਾਲ ਭਰ ਜਾਂਦਾ ਹੈ।

ਚੇਲੇ ਗੁੱਸੇ ਹੁੰਦੇ ਹਨ ਅਤੇ ਪੁੱਛਦੇ ਹਨ: “ਇਹ ਨੁਕਸਾਨ ਕਾਹ ਨੂੰ ਹੋਇਆ?” ਫਿਰ ਯਹੂਦਾ ਇਸਕਰਿਯੋਤੀ ਕਹਿੰਦਾ ਹੈ: “ਇਹ ਅਤਰ ਡੂਢ ਸੌ ਰੁਪਏ [“ਤਿੰਨ ਸੌ ਦੀਨਾਰ,” ਨਿ ਵ] ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ?” ਪਰੰਤੂ ਯਹੂਦਾ ਅਸਲ ਵਿਚ ਗਰੀਬਾਂ ਬਾਰੇ ਪਰਵਾਹ ਨਹੀਂ ਕਰਦਾ ਹੈ, ਕਿਉਂਕਿ ਉਹ ਚੇਲਿਆਂ ਕੋਲ ਰੱਖੇ ਹੋਏ ਪੈਸਿਆਂ ਵਾਲੇ ਬਕਸੇ ਵਿੱਚੋਂ ਚੋਰੀ ਕਰਦਾ ਹੁੰਦਾ ਸੀ।

ਯਿਸੂ ਮਰਿਯਮ ਦੀ ਤਰਫ਼ਦਾਰੀ ਕਰਦਾ ਹੈ। “ਇਹ ਨੂੰ ਛੱਡ ਦਿਓ,” ਉਹ ਹੁਕਮ ਦਿੰਦਾ ਹੈ। “ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸੱਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਫ਼ਨਾਉਣ ਦਫ਼ਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।”

ਯਿਸੂ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਤਅਨੀਆ ਵਿਚ ਹੈ, ਅਤੇ ਉਸ ਦੀ ਮੌਜੂਦ­ਗੀ ਦੀ ਖ਼ਬਰ ਆਲੇ-ਦੁਆਲੇ ਫੈਲ ਗਈ ਹੈ। ਇਸ ਕਰਕੇ, ਬਹੁਤੇਰੇ ਲੋਕ ਸ਼ਮਊਨ ਦੇ ਘਰ ਯਿਸੂ ਨੂੰ ਦੇਖਣ ਲਈ ਆਉਂਦੇ ਹਨ, ਪਰੰਤੂ ਉਹ ਲਾਜ਼ਰ ਨੂੰ ਵੀ ਦੇਖਣ ਆਉਂਦੇ ਹਨ, ਜੋ ਉੱਥੇ ਹੀ ਮੌਜੂਦ ਹੈ। ਇਸ ਲਈ ਮੁੱਖ ਜਾਜਕਾਂ ਨੇ ਨਾ ਸਿਰਫ਼ ਯਿਸੂ ਨੂੰ ਪਰ ਨਾਲ ਹੀ ਲਾਜ਼ਰ ਨੂੰ ਵੀ ਮਾਰ ਦੇਣ ਦੀ ਸਲਾਹ ਬਣਾਈ ਹੈ। ਇਹ ਇਸ ਕਰਕੇ ਹੈ ਕਿ ਬਹੁਤ ਲੋਕੀ ਯਿਸੂ ਉੱਤੇ ਨਿਹਚਾ ਕਰ ਰਹੇ ਹਨ ਕਿਉਂਕਿ ਉਹ ਲਾਜ਼ਰ ਨੂੰ ਜੀਉਂਦਾ ਦੇਖ ਰਹੇ ਹਨ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉਠਾਇਆ ਹੈ! ਸੱਚ-ਮੁੱਚ ਹੀ, ਇਹ ਧਾਰਮਿਕ ਆਗੂ ਕਿੰਨੇ ਦੁਸ਼ਟ ਹਨ! ਯੂਹੰਨਾ 11:​55–12:11; ਮੱਤੀ 26:​6-13; ਮਰਕੁਸ 14:​3-9; ਰਸੂਲਾਂ ਦੇ ਕਰਤੱਬ 1:⁠12.

▪ ਯਰੂਸ਼ਲਮ ਵਿਚ ਹੈਕਲ ਵਿਖੇ ਕਿਹੜੀ ਚਰਚਾ ਚੱਲ ਰਹੀ ਹੈ, ਅਤੇ ਕਿਉਂ?

▪ ਯਿਸੂ ਬੈਤਅਨੀਆ ਵਿਚ ਸਿਨੱਚਰਵਾਰ ਦੀ ਬਜਾਇ ਸ਼ੁੱਕਰਵਾਰ ਨੂੰ ਕਿਉਂ ਪਹੁੰਚਿਆ ਹੋਵੇਗਾ?

▪ ਜਦੋਂ ਯਿਸੂ ਬੈਤਅਨੀਆ ਵਿਚ ਪਹੁੰਚਦਾ ਹੈ, ਤਾਂ ਸੰਭਵ ਤੌਰ ਤੇ ਉਹ ਸਬਤ ਦਾ ਦਿਨ ਕਿੱਥੇ ਬਤੀਤ ਕਰਦਾ ਹੈ?

▪ ਮਰਿਯਮ ਦਾ ਕਿਹੜਾ ਕੰਮ ਵਾਦ-ਵਿਵਾਦ ਸ਼ੁਰੂ ਕਰ ਦਿੰਦਾ ਹੈ, ਅਤੇ ਯਿਸੂ ਕਿਸ ਤਰ੍ਹਾਂ ਉਸ ਦੀ ਤਰਫ਼ਦਾਰੀ ਕਰਦਾ ਹੈ?

▪ ਕਿਹੜੀ ਚੀਜ਼ ਮੁੱਖ ਜਾਜਕਾਂ ਦੀ ਵੱਡੀ ਦੁਸ਼ਟਤਾ ਨੂੰ ਸਪੱਸ਼ਟ ਕਰਦੀ ਹੈ?