Skip to content

Skip to table of contents

ਭੇਡ-ਵਾੜੇ ਅਤੇ ਅਯਾਲੀ

ਭੇਡ-ਵਾੜੇ ਅਤੇ ਅਯਾਲੀ

ਅਧਿਆਇ 80

ਭੇਡ-ਵਾੜੇ ਅਤੇ ਅਯਾਲੀ

ਯਿਸੂ ਸਮਰਪਣ ਦੇ ਤਿਉਹਾਰ, ਜਾਂ ਹਨੂਕਾਹ, ਉਹ ਤਿਉਹਾਰ ਜਿਹੜਾ ਯਹੋਵਾਹ ਨੂੰ ਹੈਕਲ ਦਾ ਦੁਬਾਰਾ ਸਮਰਪਣ ਕਰਨ ਲਈ ਮਨਾਇਆ ਜਾਂਦਾ ਹੈ, ਲਈ ਯਰੂਸ਼ਲਮ ਆਇਆ ਹੋਇਆ ਹੈ। ਲਗਭਗ 200 ਵਰ੍ਹੇ ਪਹਿਲਾਂ, 168 ਸਾ.ਯੁ.ਪੂ. ਵਿਚ, ਐੱਨਟੀਓਕਸ ਚੌਥਾ ਇਪਿਫ਼ੇਨੀਜ਼ ਨੇ ਯਰੂਸ਼ਲਮ ਉੱਤੇ ਕਬਜ਼ਾ ਕੀਤਾ ਅਤੇ ਹੈਕਲ ਅਤੇ ਇਸ ਦੀ ਜਗਵੇਦੀ ਨੂੰ ਅਪਵਿੱਤਰ ਕੀਤਾ। ਪਰੰਤੂ, ਤਿੰਨ ਵਰ੍ਹਿਆਂ ਬਾਅਦ ਯਰੂਸ਼ਲਮ ਨੂੰ ਫਿਰ ਤੋਂ ਕਬਜ਼ੇ ਵਿਚ ਲਿਆ ਗਿਆ ਅਤੇ ਹੈਕਲ ਦਾ ਫਿਰ ਤੋਂ ਸਮਰਪਣ ਕੀਤਾ ਗਿਆ। ਇਸ ਤੋਂ ਬਾਅਦ, ਇਕ ਸਾਲਾਨਾ ਪੁਨਰ-ਸਮਰਪਣ ਮਨਾਇਆ ਗਿਆ।

ਇਹ ਸਮਰਪਣ ਦਾ ਤਿਉਹਾਰ 25 ਕਿਸਲੇਵ ਨੂੰ ਮਨਾਇਆ ਜਾਂਦਾ ਹੈ, ਉਹ ਯਹੂਦੀ ਮਹੀਨਾ ਜਿਹੜਾ ਸਾਡੇ ਮੌਜੂਦਾ ਕਲੰਡਰ ਤੇ ਨਵੰਬਰ ਦੇ ਆਖ਼ਰੀ ਹਿੱਸੇ ਅਤੇ ਦਸੰਬਰ ਦੇ ਪਹਿਲੇ ਹਿੱਸੇ ਨਾਲ ਮੇਲ ਖਾਂਦਾ ਹੈ। ਇਸ ਤਰ੍ਹਾਂ, 33 ਸਾ.ਯੁ. ਦੇ ਅਤਿ ਮਹੱਤਵਪੂਰਣ ਪਸਾਹ ਨੂੰ ਕੇਵਲ ਸੌ ਤੋਂ ਜ਼ਿਆਦਾ ਕੁਝ ਦਿਨ ਬਾਕੀ ਹਨ। ਕਿਉਂਕਿ ਇਹ ਰੁੱਤ ਠੰਡੇ ਮੌਸਮ ਦੀ ਹੈ, ਰਸੂਲ ਯੂਹੰਨਾ ਇਸ ਨੂੰ “ਸਿਆਲ ਦੀ ਰੁੱਤ” ਆਖਦਾ ਹੈ।

ਯਿਸੂ ਹੁਣ ਇਕ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ ਜਿਸ ਵਿਚ ਉਹ ਤਿੰਨ ਭੇਡ-ਵਾੜਿਆਂ ਦਾ ਅਤੇ ਇਕ ਅੱਛੇ ਅਯਾਲੀ ਦੇ ਤੌਰ ਤੇ ਆਪਣੀ ਭੂਮਿਕਾ ਦਾ ਜ਼ਿਕਰ ਕਰਦਾ ਹੈ। ਪਹਿਲਾ ਭੇਡ-ਵਾੜਾ ਜਿਸ ਦਾ ਉਹ ਜ਼ਿਕਰ ਕਰਦਾ ਹੈ, ਉਸ ਦੀ ਪਛਾਣ ਮੂਸਾ ਦੀ ਬਿਵਸਥਾ ਨੇਮ ਦੇ ਪ੍ਰਬੰਧ ਨਾਲ ਕੀਤੀ ਗਈ ਹੈ। ਇਸ ਬਿਵਸਥਾ ਨੇ ਇਕ ਵਾੜ ਦੇ ਵਾਂਗ ਕੰਮ ਕੀਤਾ, ਯਹੂਦੀਆਂ ਨੂੰ ਉਨ੍ਹਾਂ ਲੋਕਾਂ ਦੇ ਭ੍ਰਿਸ਼ਟ ਕੰਮਾਂ ਤੋਂ ਅੱਡ ਕਰਦਿਆਂ ਹੋਇਆਂ ਜੋ ਪਰਮੇਸ਼ੁਰ ਦੇ ਨਾਲ ਇਸ ਖ਼ਾਸ ਨੇਮ ਵਿਚ ਨਹੀਂ ਹਨ। ਯਿਸੂ ਸਮਝਾਉਂਦਾ ਹੈ: “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀਂ ਨਹੀਂ ਵੜਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ ਉਹ ਚੋਰ ਅਤੇ ਡਾਕੂ ਹੈ। ਪਰ ਜਿਹੜਾ ਬੂਹੇ ਥਾਣੀਂ ਵੜਦਾ ਹੈ ਉਹ ਭੇਡਾਂ ਦਾ ਅਯਾਲੀ ਹੈ।”

ਕਈ ਆਏ ਅਤੇ ਇਨ੍ਹਾਂ ਨੇ ਮਸੀਹਾ, ਜਾਂ ਮਸੀਹ ਹੋਣ ਦਾ ਦਾਅਵਾ ਕੀਤਾ, ਪਰੰਤੂ ਇਹ ਉਹ ਸੱਚਾ ਅਯਾਲੀ ਨਹੀਂ ਸਨ ਜਿਸ ਦੇ ਬਾਰੇ ਯਿਸੂ ਅੱਗੇ ਬੋਲਦਾ ਹੈ: “ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। . . . ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।”

ਪਹਿਲੇ ਭੇਡ-ਵਾੜੇ ਦਾ “ਦਰਬਾਨ” ਯੂਹੰਨਾ ਬਪਤਿਸਮਾ ਦੇਣ ਵਾਲਾ ਸੀ। ਦਰਬਾਨ ਦੇ ਤੌਰ ਤੇ, ਯੂਹੰਨਾ ਨੇ ਉਨ੍ਹਾਂ ਪ੍ਰਤੀਕਾਤਮਕ ਭੇਡਾਂ ਜਿਨ੍ਹਾਂ ਨੂੰ ਯਿਸੂ ਚਾਰਨ ਲਈ ਬਾਹਰ ਲੈ ਜਾਵੇਗਾ, ਦੇ ਸਾਮ੍ਹਣੇ ਉਸ ਦੀ ਪਛਾਣ ਕਰਾਉਣ ਦੇ ਦੁਆਰਾ ਉਸ ਲਈ ‘ਖੋਲਿਆ।’ ਇਨ੍ਹਾਂ ਭੇਡਾਂ ਨੂੰ, ਜਿਨ੍ਹਾਂ ਨੂੰ ਯਿਸੂ ਨਾਂ ਦੁਆਰਾ ਬੁਲਾ ਕੇ ਬਾਹਰ ਲੈ ਜਾਂਦਾ ਹੈ, ਆਖ਼ਰਕਾਰ ਇਕ ਹੋਰ ਭੇਡ-ਵਾੜੇ ਵਿਚ ਦਾਖ਼ਲ ਕੀਤਾ ਜਾਂਦਾ ਹੈ, ਜਿਵੇਂ ਯਿਸੂ ਸਮਝਾਉਂਦਾ ਹੈ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਭੇਡਾਂ ਦਾ ਬੂਹਾ ਮੈਂ ਹਾਂ,” ਯਾਨੀ ਕਿ, ਇਕ ਨਵੇਂ ਭੇਡ-ਵਾੜੇ ਦਾ ਬੂਹਾ। ਜਦੋਂ ਯਿਸੂ ਆਪਣੇ ਚੇਲਿਆਂ ਨਾਲ ਉਹ ਨਵਾਂ ਨੇਮ ਸਥਾਪਤ ਕਰਦਾ ਹੈ ਅਤੇ ਅਗਲੇ ਪੰਤੇਕੁਸਤ ਦੇ ਦਿਨ ਸਵਰਗ ਤੋਂ ਉਨ੍ਹਾਂ ਉੱਤੇ ਪਵਿੱਤਰ ਆਤਮਾ ਵਹਾਉਂਦਾ ਹੈ, ਤਾਂ ਉਦੋਂ ਉਹ ਇਕ ਨਵੇਂ ਭੇਡ-ਵਾੜੇ ਵਿਚ ਦਾਖ਼ਲ ਕੀਤੇ ਜਾਂਦੇ ਹਨ।

ਆਪਣੀ ਭੂਮਿਕਾ ਬਾਰੇ ਹੋਰ ਸਮਝਾਉਂਦੇ ਹੋਏ, ਯਿਸੂ ਕਹਿੰਦਾ ਹੈ: “ਉਹ ਬੂਹਾ ਮੈਂ ਹਾਂ। ਮੇਰੇ ਥਾਣੀਂ ਜੇ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ। . . . ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ। . . . ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ। ਜਿਸ ਪਰਕਾਰ ਪਿਤਾ ਮੈਨੂੰ ਸਿਆਣ­ਦਾ ਹੈ ਅਰ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ।”

ਹਾਲ ਹੀ ਵਿਚ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਇਹ ਕਹਿੰਦੇ ਹੋਏ ਦਿਲਾਸਾ ਦਿੱਤਾ ਸੀ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” ਇਹ ਛੋਟਾ ਝੁੰਡ, ਜਿਸ ਦੀ ਗਿਣਤੀ ਆਖ਼ਰਕਾਰ 1,44,000 ਬਣਦੀ ਹੈ, ਇਸ ਨਵੇਂ, ਜਾਂ ਦੂਸਰੇ ਭੇਡ-ਵਾੜੇ ਵਿਚ ਆਉਂਦਾ ਹੈ। ਪਰੰਤੂ ਯਿਸੂ ਅੱਗੇ ਕਹਿੰਦਾ ਹੈ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।”

ਜਦੋਂ ਕਿ ‘ਹੋਰ ਭੇਡਾਂ,’ “ਇਸ ਬਾੜੇ ਦੀਆਂ ਨਹੀਂ” ਹਨ, ਉਹ ਜ਼ਰੂਰ ਇਕ ਹੋਰ ਵਾੜੇ, ਇਕ ਤੀਜੇ ਵਾੜੇ ਦੀਆਂ ਹੋਣਗੀਆਂ। ਇਨ੍ਹਾਂ ਆਖ਼ਰੀ ਦੋ ਵਾੜਿਆਂ, ਜਾਂ ਭੇਡਸ਼ਾਲਾਵਾਂ ਦੇ ਭਿੰਨ-ਭਿੰਨ ਟੀਚੇ ਹਨ। ਇਕ ਵਾੜੇ ਵਿਚ ‘ਛੋਟਾ ਝੁੰਡ’ ਮਸੀਹ ਦੇ ਨਾਲ ਸਵਰਗ ਵਿਚ ਰਾਜ ਕਰੇਗਾ, ਅਤੇ ਦੂਜੇ ਵਾੜੇ ਵਿਚ ‘ਹੋਰ ਭੇਡਾਂ’ ਪਰਾਦੀਸ ਧਰਤੀ ਉੱਤੇ ਜੀਉਣਗੀਆਂ। ਫਿਰ ਵੀ, ਦੋ ਵਾੜਿਆਂ ਦੇ ਵਿਚ ਹੋਣ ਦੇ ਬਾਵਜੂਦ, ਇਹ ਭੇਡਾਂ ਕੋਈ ਈਰਖਾ ਨਹੀਂ ਰੱਖਦੀਆਂ ਹਨ ਅਤੇ ਨਾ ਹੀ ਉਹ ਵੱਖਰੇ ਕੀਤੇ ਹੋਏ ਮਹਿਸੂਸ ਕਰਦੀਆਂ ਹਨ, ਕਿਉਂਕਿ ਜਿਵੇਂ ਯਿਸੂ ਕਹਿੰਦਾ ਹੈ, ਉਹ “ਇੱਕੋ ਅਯਾਲੀ” ਦੇ ਅਧੀਨ “ਇੱਕੋ ਇੱਜੜ” ਬਣ ਜਾਂਦੀਆਂ ਹਨ।

ਅੱਛਾ ਅਯਾਲੀ, ਯਿਸੂ ਮਸੀਹ ਰਜ਼ਾਮੰਦੀ ਨਾਲ ਭੇਡਾਂ ਦੇ ਦੋਨਾਂ ਵਾੜਿਆਂ ਲਈ ਆਪਣੀ ਜਾਨ ਦਿੰਦਾ ਹੈ। “ਮੈਂ ਆਪੇ ਉਸ ਨੂੰ ਦਿੰਦਾ ਹਾਂ,” ਉਹ ਕਹਿੰਦਾ ਹੈ। “ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਦੇਵਾਂ ਅਤੇ ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਫੇਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ।” ਜਦੋਂ ਯਿਸੂ ਇਹ ਕਹਿੰਦਾ ਹੈ, ਤਾਂ ਯਹੂਦੀਆਂ ਵਿਚ ਫੁੱਟ ਪੈ ਜਾਂਦੀ ਹੈ।

ਭੀੜ ਵਿੱਚੋਂ ਬਹੁਤੇ ਕਹਿੰਦੇ ਹਨ: “ਉਹ ਨੂੰ ਭੂਤ [“ਪਿਸ਼ਾਚ,” ਨਿ ਵ] ਚਿੰਬੜਿਆ ਹੋਇਆ ਹੈ ਅਤੇ ਉਹ ਕਮਲਾ ਹੈ! ਕਾਹਨੂੰ ਤੁਸੀਂ ਉਹ ਦੀ ਸੁਣਦੇ ਹੋ?” ਪਰੰਤੂ ਦੂਜੇ ਜਵਾਬ ਦਿੰਦੇ ਹਨ: “ਏਹ ਗੱਲਾਂ ਭੂਤ [“ਪਿਸ਼ਾਚ,” ਨਿ ਵ] ਦੇ ਗ੍ਰਿਸੇ ਹੋਏ ਦੀਆਂ ਨਹੀਂ ਹਨ।” ਫਿਰ, ਸਪੱਸ਼ਟ ਤੌਰ ਤੇ ਕੁਝ ਮਹੀਨੇ ਪਹਿਲਾਂ ਉਸ ਵੱਲੋਂ ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨ ਦਾ ਜ਼ਿਕਰ ਕਰਦੇ ਹੋਏ, ਉਹ ਅੱਗੇ ਕਹਿੰਦੇ ਹਨ: “ਭੂਤ [“ਪਿਸ਼ਾਚ,” ਨਿ ਵ] ਭਲਾ, ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸੱਕਦਾ ਹੈ?” ਯੂਹੰਨਾ 10:​1-22; 9:​1-7; ਲੂਕਾ 12:32; ਪਰਕਾਸ਼ ਦੀ ਪੋਥੀ 14:​1, 3; 21:​3, 4; ਜ਼ਬੂਰ 37:⁠29.

▪ ਸਮਰਪਣ ਦਾ ਤਿਉਹਾਰ ਕੀ ਹੈ, ਅਤੇ ਇਹ ਕਦੋਂ ਮਨਾਇਆ ਜਾਂਦਾ ਹੈ?

▪ ਪਹਿਲਾ ਭੇਡ-ਵਾੜਾ ਕੀ ਹੈ, ਅਤੇ ਇਸ ਦਾ ਦਰਬਾਨ ਕੌਣ ਹੈ?

▪ ਅਯਾਲੀ ਲਈ ਦਰਬਾਨ ਕਿਸ ਤਰ੍ਹਾਂ ਖੋਲ੍ਹਦਾ ਹੈ, ਅਤੇ ਇਸ ਤੋਂ ਬਾਅਦ ਭੇਡਾਂ ਨੂੰ ਕਿੱਥੇ ਦਾਖ਼ਲ ਕੀਤਾ ਜਾਂਦਾ ਹੈ?

▪ ਅੱਛੇ ਅਯਾਲੀ ਦੇ ਦੋ ਵਾੜ ਕਿਨ੍ਹਾਂ ਦੇ ਬਣੇ ਹੋਏ ਹਨ, ਅਤੇ ਉਹ ਕਿੰਨੇ ਇੱਜੜ ਬਣ ਜਾਂਦੇ ਹਨ?