Skip to content

Skip to table of contents

ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼

ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼

ਅਧਿਆਇ 102

ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼

ਅਗਲੀ ਸਵੇਰ, ਐਤਵਾਰ, ਨੀਸਾਨ 9, ਨੂੰ ਯਿਸੂ ਆਪਣੇ ਚੇਲਿਆਂ ਨਾਲ ਬੈਤਅਨੀਆ ਤੋਂ ਨਿਕਲਦਾ ਹੈ ਅਤੇ ਜ਼ੈਤੂਨ ਦੇ ਪਹਾੜ ਉੱਤੋਂ ਹੁੰਦੇ ਹੋਏ ਯਰੂਸ਼ਲਮ ਵੱਲ ਵਧਦਾ ਹੈ। ਥੋੜ੍ਹੇ ਹੀ ਸਮੇਂ ਵਿਚ ਉਹ ਜ਼ੈਤੂਨ ਦੇ ਪਹਾੜ ਉੱਪਰ ਸਥਿਤ ਬੈਤਫ਼ਗਾ ਕੋਲ ਪਹੁੰਚ ਜਾਂਦੇ ਹਨ। ਯਿਸੂ ਆਪਣੇ ਦੋ ਚੇਲਿਆਂ ਨੂੰ ਹਿਦਾਇਤਾਂ ਦਿੰਦਾ ਹੈ:

“ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਰ ਉਹ ਦੇ ਨਾਲ ਬੱਚੇ ਨੂੰ ਪਾਓਗੇ ਸੋ ਖੋਲ੍ਹ ਕੇ ਮੇਰੇ ਕੋਲ ਲਿਆਓ। ਅਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਭਈ ਪ੍ਰਭੁ ਨੂੰ ਇਨ੍ਹਾਂ ਦੀ ਲੋੜ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਘੱਲ ਦੇਵੇਗਾ।”

ਭਾਵੇਂ ਕਿ ਪਹਿਲਾਂ ਚੇਲੇ ਇਹ ਨਹੀਂ ਸਮਝ ਸਕੇ ਕਿ ਇਹ ਹਿਦਾਇਤਾਂ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਦੇ ਨਾਲ ਕੋਈ ਸੰਬੰਧ ਰੱਖਦੀਆਂ ਹਨ, ਬਾਅਦ ਵਿਚ ਉਹ ਇਹ ਸਮਝ ਜਾਂਦੇ ਹਨ ਕਿ ਇਨ੍ਹਾਂ ਦਾ ਸੰਬੰਧ ਹੈ। ਜ਼ਕਰਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਰਾਜਾ ਇਕ ਗਧੇ ਉੱਤੇ, ਜੀ ਹਾਂ, “ਗਧੇ ਦੇ ਜੁਆਨ ਬੱਚੇ ਉੱਤੇ,” ਬੈਠ ਕੇ ਯਰੂਸ਼ਲਮ ਵਿਚ ਆਵੇਗਾ। ਇਸੇ ਤਰ੍ਹਾਂ ਰਾਜਾ ਸੁਲੇਮਾਨ ਵੀ ਮਸਹ ਹੋਣ ਲਈ ਗਧੇ ਦੇ ਬੱਚੇ ਉੱਤੇ ਬੈਠ ਕੇ ਆਇਆ ਸੀ।

ਜਦੋਂ ਚੇਲੇ ਬੈਤਫ਼ਗਾ ਵਿਚ ਦਾਖ਼ਲ ਹੁੰਦੇ ਹਨ ਅਤੇ ਗਧੇ ਅਤੇ ਉਸ ਦੀ ਮਾਂ ਨੂੰ ਖੋਲ੍ਹਦੇ ਹਨ, ਤਾਂ ਕੋਲ ਖੜ੍ਹੇ ਕੁਝ ਵਿਅਕਤੀ ਕਹਿੰਦੇ ਹਨ: “ਇਹ ਕੀ ਕਰਦੇ ਹੋ?” ਪਰ ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਜਾਨਵਰ ਪ੍ਰਭੂ ਲਈ ਹਨ, ਤਾਂ ਆਦਮੀਆਂ ਨੇ ਚੇਲਿਆਂ ਨੂੰ ਉਨ੍ਹਾਂ ਨੂੰ ਯਿਸੂ ਕੋਲ ਲੈ ਜਾਣ ਦਿੱਤਾ। ਚੇਲਿਆਂ ਨੇ ਆਪਣੇ ਬਾਹਰੀ ਕੱਪੜੇ ਉਤਾਰ ਕੇ ਗਧੀ ਅਤੇ ਉਸ ਦੇ ਬੱਚੇ ਉੱਤੇ ਪਾ ਦਿੱਤੇ, ਪਰ ਯਿਸੂ ਬੱਚੇ ਉੱਤੇ ਸਵਾਰ ਹੁੰਦਾ ਹੈ।

ਜਿਉਂ ਹੀ ਯਿਸੂ ਯਰੂਸ਼ਲਮ ਵੱਲ ਜਾਂਦਾ ਹੈ, ਭੀੜ ਵਧਦੀ ਜਾਂਦੀ ਹੈ। ਜ਼ਿਆਦਾਤਰ ਲੋਕ ਆਪਣੇ ਬਾਹਰੀ ਕੱਪੜੇ ਰਾਹ ਉੱਤੇ ਵਿਛਾ ਦਿੰਦੇ ਹਨ, ਜਦ ਕਿ ਬਾਕੀ ਲੋਕ ਦਰਖ਼­ਤਾਂ ਦੀਆਂ ਟਾਹਣੀਆਂ ਕੱਟ ਕੇ ਉਨ੍ਹਾਂ ਨੂੰ ਵਿਛਾ ਦਿੰਦੇ ਹਨ। “ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦੇ ਨਾਮ ਉੱਤੇ ਆਉਂਦਾ ਹੈ!” ਉਹ ਉੱਚੀ ਆਵਾਜ਼ ਵਿਚ ਕਹਿੰਦੇ ਹਨ। “ਸੁਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਵਡਿਆਈ!”

ਭੀੜ ਵਿਚ ਕੁਝ ਫ਼ਰੀਸੀ ਇਨ੍ਹਾਂ ਘੋਸ਼ਣਾਵਾਂ ਦੁਆਰਾ ਪਰੇਸ਼ਾਨ ਹੋ ਜਾਂਦੇ ਹਨ ਅਤੇ ਯਿਸੂ ਨੂੰ ਸ਼ਿਕਾਇਤ ਕਰਦੇ ਹਨ: “ਗੁਰੂ ਜੀ ਆਪਣਿਆਂ ਚੇਲਿਆਂ ਨੂੰ ਵਰਜ!” ਪਰੰਤੂ ਯਿਸੂ ਜਵਾਬ ਦਿੰਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ!”

ਜਿਉਂ ਹੀ ਯਿਸੂ ਯਰੂਸ਼ਲਮ ਦੇ ਨੇੜੇ ਆਉਂਦਾ ਹੈ, ਉਹ ਸ਼ਹਿਰ ਨੂੰ ਦੇਖ ਕੇ ਉਸ ਉੱਤੇ ਇਹ ਕਹਿੰਦੇ ਹੋਏ ਰੋਣ ਲੱਗਦਾ ਹੈ: “ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਓਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ।” ਆਪਣੀ ਜਾਣ-ਬੁੱਝ ਕੇ ਕੀਤੀ ਅਣਆਗਿਆਕਾਰੀ ਦੇ ਕਾਰਨ, ਯਰੂਸ਼ਲਮ ਨੂੰ ਮੁੱਲ ਚੁਕਾਉਣਾ ਪਵੇਗਾ, ਜਿਵੇਂ ਕਿ ਯਿਸੂ ਪੂਰਵ-ਸੂਚਨਾ ਦਿੰਦਾ ਹੈ:

“ਤੇਰੇ ਵੈਰੀ [ਸੈਨਾਪਤੀ ਤੀਤੁਸ ਦੇ ਅਧੀਨ ਰੋਮੀ] ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਅਤੇ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣ­ਗੇ।” ਯਿਸੂ ਦੁਆਰਾ ਪੂਰਵ-ਸੂਚਿਤ ਕੀਤੀ ਗਈ ਯਰੂਸ਼ਲਮ ਦੀ ਇਹ ਤਬਾਹੀ ਅਸਲ ਵਿਚ 37 ਵਰ੍ਹਿਆਂ ਬਾਅਦ, ਸੰਨ 70 ਸਾ.ਯੁ. ਵਿਚ ਪੂਰੀ ਹੁੰਦੀ ਹੈ।

ਸਿਰਫ਼ ਕੁਝ ਹੀ ਹਫ਼ਤੇ ਪਹਿਲਾਂ, ਭੀੜ ਵਿੱਚੋਂ ਬਹੁਤਿਆਂ ਨੇ ਯਿਸੂ ਨੂੰ ਲਾਜ਼ਰ ਨੂੰ ਪੁਨਰ-ਉਥਿਤ ਕਰਦੇ ਹੋਏ ਦੇਖਿਆ ਸੀ। ਹੁਣ ਉਹ ਉਸ ਚਮਤਕਾਰ ਬਾਰੇ ਦੂਜਿਆਂ ਨੂੰ ਦੱਸਦੇ ਜਾਂਦੇ ਹਨ। ਇਸ ਲਈ ਜਦੋਂ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੁੰਦਾ ਹੈ, ਤਾਂ ਸਾਰੇ ਸ਼ਹਿਰ ਵਿਚ ਹਫੜਾ-ਦਫੜੀ ਮਚ ਜਾਂਦੀ ਹੈ। “ਇਹ ਕੌਣ ਹੈ?” ਲੋਕੀ ਜਾਣਨਾ ਚਾਹੁੰਦੇ ਹਨ। ਅਤੇ ਭੀੜ ਕਹਿੰਦੀ ਜਾਂਦੀ ਹੈ: “ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ!” ਜੋ ਕੁਝ ਵਾਪਰ ਰਿਹਾ ਹੈ ਨੂੰ ਦੇਖ ਕੇ, ਫ਼ਰੀਸੀ ਸੋਗ ਕਰਦੇ ਹਨ ਕਿ ਉਨ੍ਹਾਂ ਕੋਲੋਂ ਕੁਝ ਨਹੀਂ ਹੋ ਰਿਹਾ ਹੈ, ਕਿਉਂਕਿ, ਜਿਵੇਂ ਉਹ ਕਹਿੰਦੇ ਹਨ: “ਜਗਤ ਉਹ ਦੇ ਪਿੱਛੇ ਲੱਗ ਤੁਰਿਆ!”

ਜਿਵੇਂ ਕਿ ਯਰੂਸ਼ਲਮ ਦੀਆਂ ਯਾਤਰਾਵਾਂ ਤੇ ਉਸ ਦੀ ਰੀਤ ਰਹੀ ਹੈ, ਯਿਸੂ ਹੈਕਲ ਵਿਚ ਸਿਖਾਉਣ ਲਈ ਜਾਂਦਾ ਹੈ। ਉੱਥੇ ਅੰਨ੍ਹੇ ਅਤੇ ਲੰਙੇ ਉਸ ਕੋਲ ਆਉਂਦੇ ਹਨ, ਅਤੇ ਉਹ ਉਨ੍ਹਾਂ ਨੂੰ ਚੰਗਾ ਕਰਦਾ ਹੈ! ਜਦੋਂ ਮੁੱਖ ਜਾਜਕ ਅਤੇ ਗ੍ਰੰਥੀ ਯਿਸੂ ਨੂੰ ਇਹ ਅਦਭੁਤ ਕੰਮ ਕਰਦੇ ਹੋਏ ਦੇਖਦੇ ਹਨ ਅਤੇ ਜਦੋਂ ਉਹ ਮੁੰਡਿਆਂ ਨੂੰ ਹੈਕਲ ਵਿਚ ਉੱਚੀ ਆਵਾਜ਼ ਵਿਚ, “ਦਾਊਦ ਦੇ ਪੁੱਤ੍ਰ ਨੂੰ ‘ਹੋਸੰਨਾ’” ਆਖਦੇ ਹੋਏ ਸੁਣਦੇ ਹਨ ਤਾਂ ਉਹ ਬਹੁਤ ਗੁੱਸੇ ਹੋ ਜਾਂਦੇ ਹਨ। “ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ?” ਉਹ ਰੋਸ ਪ੍ਰਗਟ ਕਰਦੇ ਹਨ।

“ਹਾਂ,” ਯਿਸੂ ਜਵਾਬ ਦਿੰਦਾ ਹੈ। “ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?”

ਯਿਸੂ ਸਿਖਾਉਣਾ ਜਾਰੀ ਰੱਖਦਾ ਹੈ, ਅਤੇ ਉਹ ਹੈਕਲ ਵਿਚ ਪਈਆਂ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ। ਜਲਦੀ ਹੀ ਦੇਰ ਹੋਣ ਲੱਗਦੀ ਹੈ। ਇਸ ਲਈ, ਉਹ 12 ਚੇਲਿਆਂ ਨਾਲ ਨਿਕਲ ਕੇ ਤਿੰਨ-ਕੁ ਕਿਲੋਮੀਟਰ ਸਫਰ ਕਰ ਕੇ ਬੈਤਅਨੀਆ ਵਾਪਸ ਚਲਾ ਜਾਂਦਾ ਹੈ। ਉੱਥੇ ਉਹ ਸੰਭਵ ਹੈ ਆਪਣੇ ਦੋਸਤ ਲਾਜ਼ਰ ਦੇ ਘਰ ਵਿਚ ਐਤਵਾਰ ਦੀ ਰਾਤ ਬਿਤਾਉਂਦਾ ਹੈ। ਮੱਤੀ 21:​1-11, 14-17; ਮਰਕੁਸ 11:​1-11; ਲੂਕਾ 19:​29-44; ਯੂਹੰਨਾ 12:​12-19; ਜ਼ਕਰਯਾਹ 9:⁠9.

▪ ਕਦੋਂ ਅਤੇ ਕਿਸ ਢੰਗ ਨਾਲ ਯਿਸੂ ਯਰੂਸ਼ਲਮ ਵਿਚ ਇਕ ਰਾਜਾ ਦੇ ਤੌਰ ਤੇ ਪ੍ਰਵੇਸ਼ ਕਰਦਾ ਹੈ?

▪ ਭੀੜ ਵੱਲੋਂ ਯਿਸੂ ਦੀ ਵਡਿਆਈ ਕਰਨਾ ਕਿੰਨਾ ਜ਼ਰੂਰੀ ਹੈ?

▪ ਯਿਸੂ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਜਦੋਂ ਉਹ ਯਰੂਸ਼ਲਮ ਨੂੰ ਦੇਖਦਾ ਹੈ, ਅਤੇ ਉਹ ਕਿਹੜੀ ਭਵਿੱਖਬਾਣੀ ਬੋਲਦਾ ਹੈ?

▪ ਜਦੋਂ ਯਿਸੂ ਹੈਕਲ ਵਿਖੇ ਜਾਂਦਾ ਹੈ ਤਾਂ ਕੀ ਹੁੰਦਾ ਹੈ?