Skip to content

Skip to table of contents

ਮਾਫ਼ੀ ਦੇ ਸੰਬੰਧ ਵਿਚ ਇਕ ਸਬਕ

ਮਾਫ਼ੀ ਦੇ ਸੰਬੰਧ ਵਿਚ ਇਕ ਸਬਕ

ਅਧਿਆਇ 64

ਮਾਫ਼ੀ ਦੇ ਸੰਬੰਧ ਵਿਚ ਇਕ ਸਬਕ

ਇੰਜ ਜਾਪਦਾ ਹੈ ਕਿ ਯਿਸੂ ਆਪਣੇ ਚੇਲਿਆਂ ਨਾਲ ਅਜੇ ਵੀ ਕਫ਼ਰਨਾਹੂਮ ਵਿਖੇ ਉਸੇ ਘਰ ਵਿਚ ਹੈ। ਉਹ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਭਾਈਆਂ ਦਰਮਿਆਨ ਮੁਸ਼ਕਲਾਂ ਨੂੰ ਸੁਲਝਾਉਣਾ ਹੈ, ਇਸ ਲਈ ਪਤਰਸ ਪੁੱਛਦਾ ਹੈ: “ਪ੍ਰਭੁ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ?” ਕਿਉਂਕਿ ਯਹੂਦੀ ਧਾਰਮਿਕ ਗੁਰੂ ਤਿੰਨ ਵਾਰੀ ਤਕ ਮਾਫ਼ ਕਰਨ ਦਾ ਸੁਝਾਉ ਦਿੰਦੇ ਹਨ, ਸ਼ਾਇਦ ਪਤਰਸ ਵਿਚਾਰ ਕਰਦਾ ਹੈ ਕਿ “ਸੱਤ ਵਾਰ ਤੀਕਰ?” ਦਾ ਸੁਝਾਉ ਦੇਣਾ ਬਹੁਤ ਉਦਾਰ ਹੋਣਾ ਹੈ।

ਪਰੰਤੂ ਅਜਿਹਾ ਲੇਖਾ ਰੱਖਣ ਦਾ ਵਿਚਾਰ ਹੀ ਗ਼ਲਤ ਹੈ। ਯਿਸੂ ਪਤਰਸ ਨੂੰ ਸੁਧਾਰਦਾ ਹੈ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।” ਉਹ ਦਿਖਾ ਰਿਹਾ ਹੈ ਕਿ ਇਸ ਉੱਤੇ ਕੋਈ ਸੀਮਾ ਨਹੀਂ ਹੋਣੀ ਚਾਹੀਦੀ ਹੈ ਕਿ ਪਤਰਸ ਆਪਣੇ ਭਾਈ ਨੂੰ ਕਿੰਨੀ ਵਾਰੀ ਮਾਫ਼ ਕਰਦਾ ਹੈ।

ਇਹ ਗੱਲ ਚੇਲਿਆਂ ਦੇ ਮਨ ਵਿਚ ਬਿਠਾਉਣ ਲਈ ਕਿ ਖਿਮਾਸ਼ੀਲ ਹੋਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਯਿਸੂ ਉਨ੍ਹਾਂ ਨੂੰ ਇਕ ਦ੍ਰਿਸ਼ਟਾਂਤ ਦੱਸਦਾ ਹੈ। ਇਹ ਇਕ ਰਾਜੇ ਦੇ ਬਾਰੇ ਹੈ ਜਿਹੜਾ ਆਪਣਿਆਂ ਨੌਕਰਾਂ ਨਾਲ ਹਿਸਾਬ ਨਿਬੇੜਨਾ ਚਾਹੁੰਦਾ ਹੈ। ਇਕ ਨੌਕਰ ਉਸ ਕੋਲ ਲਿਆਇਆ ਜਾਂਦਾ ਹੈ ਜਿਹੜਾ 6,00,00,000 ਦੀਨਾਰ ਦਾ ਭਾਰੀ ਕਰਜ਼ਦਾਰ ਹੈ। ਕਿਸੇ ਵੀ ਤਰੀਕੇ ਤੋਂ ਉਹ ਇਸ ਨੂੰ ਅਦਾ ਨਹੀਂ ਕਰ ਸਕਦਾ ਹੈ। ਇਸ ਲਈ, ਜਿਵੇਂ ਯਿਸੂ ਸਮਝਾਉਂਦਾ ਹੈ, ਰਾਜਾ ਹੁਕਮ ਦਿੰਦਾ ਹੈ ਕਿ ਉਸ ਨੂੰ ਅਤੇ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਨੂੰ ਵੇਚ ਕੇ ਕਰਜ਼ ਅਦਾ ਕੀਤਾ ਜਾਵੇ।

ਇਸ ਤੇ ਉਹ ਨੌਕਰ ਆਪਣੇ ਸੁਆਮੀ ਦੇ ਪੈਰਾਂ ਤੇ ਡਿੱਗ ਪੈਂਦਾ ਹੈ ਅਤੇ ਬੇਨਤੀ ਕਰਦਾ ਹੈ: “ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ ਭਰ ਦਿਆਂਗਾ।”

ਉਸ ਉੱਤੇ ਤਰਸ ਖਾ ਕੇ ਸੁਆਮੀ ਦਇਆਪੂਰਵਕ ਨੌਕਰ ਦਾ ਭਾਰੀ ਕਰਜ਼ ਮਾਫ਼ ਕਰ ਦਿੰਦਾ ਹੈ। ਪਰੰਤੂ ਜਿਉਂ ਹੀ ਉਸ ਨੇ ਇੰਜ ਕੀਤਾ, ਯਿਸੂ ਅੱਗੇ ਕਹਿੰਦਾ ਹੈ, ਇਹ ਨੌਕਰ ਜਾ ਕੇ ਆਪਣੇ ਇਕ ਸੰਗੀ ਨੌਕਰ ਨੂੰ ਲੱਭਦਾ ਹੈ ਜੋ ਉਸ ਦੇ ਸਿਰਫ਼ 100 ਦੀਨਾਰ ਦਾ ਦੇਣਦਾਰ ਹੈ। ਇਹ ਆਦਮੀ ਆਪਣੇ ਸੰਗੀ ਨੌਕਰ ਨੂੰ ਗਲੇ ਤੋਂ ਫੜ ਕੇ ਉਸ ਨੂੰ ਦਬਾਉਂਦੇ ਹੋਏ ਕਹਿੰਦਾ ਹੈ: “ਜੋ ਮੇਰਾ ਨਿੱਕਲਦਾ ਹੈ ਸੋ ਦਿਹ!”

ਪਰੰਤੂ ਸੰਗੀ ਨੌਕਰ ਕੋਲ ਪੈਸੇ ਨਹੀਂ ਹੈ। ਇਸ ਲਈ ਉਹ ਉਸ ਨੌਕਰ ਦੇ ਪੈਰਾਂ ਤੇ ਡਿੱਗ ਕੇ ਬੇਨਤੀ ਕਰਦਾ ਹੈ, ਜਿਸ ਦਾ ਉਹ ਕਰਜ਼ਦਾਰ ਹੈ: “ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ ਭਰ ਦਿਆਂਗਾ।” ਆਪਣੇ ਸੁਆਮੀ ਤੋਂ ਭਿੰਨ, ਇਹ ਨੌਕਰ ਦਇਆਵਾਨ ਨਹੀਂ ਹੈ, ਅਤੇ ਉਹ ਆਪਣੇ ਸੰਗੀ ਨੌਕਰ ਨੂੰ ਕੈਦਖ਼ਾਨੇ ਵਿਚ ਸੁੱਟਵਾ ਦਿੰਦਾ ਹੈ।

ਖ਼ੈਰ, ਯਿਸੂ ਅੱਗੇ ਕਹਿੰਦਾ ਹੈ, ਬਾਕੀ ਨੌਕਰਾਂ ਨੇ ਜਿਨ੍ਹਾਂ ਨੇ ਦੇਖਿਆ ਕਿ ਕੀ ਹੋਇਆ ਸੀ, ਜਾ ਕੇ ਸੁਆਮੀ ਨੂੰ ਦੱਸਿਆ। ਉਹ ਗੁੱਸੇ ਵਿਚ ਨੌਕਰ ਨੂੰ ਬੁਲਾ ਭੇਜਦਾ ਹੈ। “ਓਏ ਦੁਸ਼ਟ ਨੌਕਰ!” ਉਹ ਕਹਿੰਦਾ ਹੈ, “ਮੈਂ ਤੈਨੂੰ ਉਹ ਸਾਰਾ ਕਰਜ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ। ਫੇਰ ਜਿਹੀ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤਿਹੀ ਦਯਾ ਕਰਨੀ ਨਹੀਂ ਸੀ ਚਾਹੀਦੀ?” ਕ੍ਰੋਧ ਵਿਚ ਆ ਕੇ, ਸੁਆਮੀ ਉਸ ਨਿਰਦਈ ਨੌਕਰ ਨੂੰ ਜੇਲ੍ਹਰਾਂ ਦੇ ਹਵਾਲੇ ਕਰ ਦਿੰਦਾ ਹੈ ਜਦੋਂ ਤਕ ਉਹ ਸਾਰਾ ਕਰਜ਼ ਭਰ ਨਾ ਦੇਵੇ।

ਫਿਰ ਯਿਸੂ ਸਮਾਪਤ ਕਰਦਾ ਹੈ: “ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।”

ਮਾਫ਼ੀ ਦੇ ਸੰਬੰਧ ਵਿਚ ਕਿੰਨਾ ਉੱਤਮ ਸਬਕ! ਪਾਪ ਦੇ ਉਸ ਵੱਡੇ ਕਰਜ਼ ਦੀ ਤੁਲਨਾ ਵਿਚ, ਜੋ ਪਰਮੇਸ਼ੁਰ ਸਾਨੂੰ ਮਾਫ਼ ਕਰਦਾ ਹੈ, ਇਕ ਮਸੀਹੀ ਭਾਈ ਦੁਆਰਾ ਸਾਡੇ ਵਿਰੁੱਧ ਕੀਤਾ ਗਿਆ ਕੋਈ ਵੀ ਅਪਰਾਧ ਸੱਚ-ਮੁੱਚ ਕਿੰਨਾ ਛੋਟਾ ਹੈ। ਇਸ ਤੋਂ ਇਲਾਵਾ, ਯਹੋਵਾਹ ਪਰਮੇਸ਼ੁਰ ਨੇ ਸਾਨੂੰ ਹਜ਼ਾਰਾਂ ਵਾਰੀ ਮਾਫ਼ ਕੀਤਾ ਹੈ। ਅਕਸਰ, ਅਸੀਂ ਉਸ ਦੇ ਵਿਰੁੱਧ ਕੀਤੇ ਆਪਣੇ ਪਾਪਾਂ ਤੋਂ ਜਾਣੂ ਵੀ ਨਹੀਂ ਹੁੰਦੇ ਹਾਂ। ਇਸ ਲਈ, ਕੀ ਅਸੀਂ ਆਪਣੇ ਭਾਈ ਨੂੰ ਕਈ ਵਾਰੀ ਵੀ ਮਾਫ਼ ਨਹੀਂ ਕਰ ਸਕਦੇ, ਭਾਵੇਂ ਕਿ ਸਾਡੇ ਕੋਲ ਸ਼ਿਕਾਇਤ ਦਾ ਉਚਿਤ ਕਾਰਨ ਹੈ? ਯਾਦ ਕਰੋ, ਜਿਵੇਂ ਯਿਸੂ ਨੇ ਪਹਾੜੀ ਉਪਦੇਸ਼ ਵਿਚ ਸਿਖਾਇਆ ਸੀ, ਪਰਮੇਸ਼ੁਰ ‘ਸਾਡੇ ਕਰਜ਼ ਸਾਨੂੰ ਮਾਫ਼ ਕਰੇਗਾ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।’ ਮੱਤੀ 18:​21-35; 6:12; ਕੁਲੁੱਸੀਆਂ 3:⁠13.

▪ ਆਪਣੇ ਭਾਈ ਨੂੰ ਮਾਫ਼ ਕਰਨ ਬਾਰੇ ਪਤਰਸ ਦਾ ਸਵਾਲ ਕਿਸ ਗੱਲ ਤੋਂ ਪ੍ਰੇਰਿਤ ਹੁੰਦਾ ਹੈ, ਅਤੇ ਸ਼ਾਇਦ ਉਹ ਕਿਉਂ ਵਿਚਾਰ ਕਰਦਾ ਹੈ ਕਿ ਕਿਸੇ ਨੂੰ ਸੱਤ ਵਾਰ ਮਾਫ਼ ਕਰਨ ਦਾ ਉਸ ਦਾ ਸੁਝਾਉ ਉਦਾਰ ਹੋਣਾ ਹੈ?

▪ ਰਾਜੇ ਦੀ ਆਪਣੇ ਨੌਕਰ ਦੀ ਦਇਆ ਲਈ ਅਪੀਲ ਦੇ ਪ੍ਰਤੀ ਪ੍ਰਤਿਕ੍ਰਿਆ, ਉਸ ਨੌਕਰ ਦੀ ਇਕ ਸੰਗੀ ਨੌਕਰ ਦੀ ਅਪੀਲ ਦੇ ਪ੍ਰਤੀ ਪ੍ਰਤਿਕ੍ਰਿਆ ਤੋਂ ਕਿਵੇਂ ਭਿੰਨ ਹੈ?

▪ ਅਸੀਂ ਯਿਸੂ ਦੇ ਦ੍ਰਿਸ਼ਟਾਂਤ ਤੋਂ ਕੀ ਸਿੱਖਦੇ ਹਾਂ?