Skip to content

Skip to table of contents

ਯਹੂਦਿਯਾ ਵਿਚ ਦਇਆ ਦੀ ਇਕ ਮੁਹਿੰਮ

ਯਹੂਦਿਯਾ ਵਿਚ ਦਇਆ ਦੀ ਇਕ ਮੁਹਿੰਮ

ਅਧਿਆਇ 89

ਯਹੂਦਿਯਾ ਵਿਚ ਦਇਆ ਦੀ ਇਕ ਮੁਹਿੰਮ

ਕੁਝ ਹਫ਼ਤੇ ਪਹਿਲਾਂ, ਯਰੂਸ਼ਲਮ ਵਿਚ ਸਮਰਪਣ ਦੇ ਤਿਉਹਾਰ ਦੇ ਦੌਰਾਨ, ਯਹੂਦੀਆਂ ਨੇ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਉਹ ਉੱਤਰ ਵੱਲ ਯਾਤਰਾ ਕਰਦੇ ਹੋਏ ਸਪੱਸ਼ਟ ਤੌਰ ਤੇ ਉਸ ਇਲਾਕੇ ਵਿਚ ਗਿਆ ਜਿਹੜਾ ਗਲੀਲ ਦੀ ਝੀਲ ਤੋਂ ਜ਼ਿਆਦਾ ਦੂਰ ਨਹੀਂ ਸੀ।

ਹਾਲ ਹੀ ਵਿਚ, ਉਹ ਫਿਰ ਤੋਂ ਦੱਖਣ ਵੱਲ ਯਰੂਸ਼ਲਮ ਨੂੰ ਜਾ ਰਿਹਾ ਹੈ, ਅਤੇ ਰਾਹ ਵਿਚ ਯਰਦਨ ਨਦੀ ਦੇ ਪੂਰਬੀ ਜ਼ਿਲ੍ਹੇ, ਪੀਰਿਆ ਦੇ ਪਿੰਡਾਂ ਵਿਚ ਪ੍ਰਚਾਰ ਕਰਦਾ ਜਾ ਰਿਹਾ ਹੈ। ਧਨਵਾਨ ਮਨੁੱਖ ਅਤੇ ਲਾਜ਼ਰ ਦਾ ਦ੍ਰਿਸ਼ਟਾਂਤ ਦੱਸਣ ਤੋਂ ਬਾਅਦ, ਉਹ ਆਪਣੇ ਚੇਲਿਆਂ ਨੂੰ ਉਨ੍ਹਾਂ ਗੱਲਾਂ ਦੀ ਸਿੱਖਿਆ ਦੇਣੀ ਜਾਰੀ ਰੱਖਦਾ ਹੈ ਜਿਹੜੀਆਂ ਉਸ ਨੇ ਪਹਿਲਾਂ ਗਲੀਲ ਵਿਚ ਸਿਖਾਈਆਂ ਸਨ।

ਉਦਾਹਰਣ ਲਈ, ਉਹ ਕਹਿੰਦਾ ਹੈ ਕਿ ਪਰਮੇਸ਼ੁਰ ਦੇ “ਛੋਟਿਆਂ ਵਿੱਚੋਂ ਇੱਕ” ਨੂੰ ਠੋਕਰ ਖੁਆਉਣ ਨਾਲੋਂ ਇਕ ਵਿਅਕਤੀ ਲਈ ਇਹ ਜ਼ਿਆਦਾ ਚੰਗਾ ਹੋਵੇਗਾ “ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ।” ਵਿਆਖਿਆ ਕਰਦੇ ਹੋਏ ਉਹ ਮਾਫ਼ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੰਦਾ ਹੈ: “ਜੇ [ਇਕ ਭਾਈ] ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਗੁਨਾਹ ਕਰੇ ਅਤੇ ਸੱਤ ਵਾਰੀ ਤੇਰੀ ਵੱਲ ਮੁੜ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਹ ਨੂੰ ਮਾਫ਼ ਕਰ।”

ਜਦੋਂ ਚੇਲੇ ਬੇਨਤੀ ਕਰਦੇ ਹਨ, “ਸਾਡੀ ਨਿਹਚਾ ਵਧਾ,” ਤਾਂ ਯਿਸੂ ਜਵਾਬ ਦਿੰਦਾ ਹੈ: “ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨਿਹਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉੱਖੜ ਜਾਹ ਅਤੇ ਸਮੁੰਦਰ ਵਿੱਚ ਲੱਗ ਜਾਹ ਅਤੇ ਉਹ ਤੁਹਾਡੀ ਮੰਨ ਲੈਂਦਾ।” ਸੋ ਥੋੜ੍ਹੀ ਨਿਹਚਾ ਵੀ ਵੱਡੇ ਕੰਮ ਕਰ ਸਕਦੀ ਹੈ।

ਫਿਰ, ਯਿਸੂ ਹੂ-ਬਹੂ ਇਕ ਸਥਿਤੀ ਬਿਆਨ ਕਰਦਾ ਹੈ ਜਿਹੜੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਇਕ ਸੇਵਕ ਦੀ ਉਚਿਤ ਮਨੋਬਿਰਤੀ ਨੂੰ ਸਪੱਸ਼ਟ ਕਰਦੀ ਹੈ। “ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਚਾਕਰ ਹਲ ਵਾਹੁੰਦਾ ਯਾ ਭੇਡਾਂ ਚਾਰਦਾ ਹੋਵੇ,” ਯਿਸੂ ਕਹਿੰਦਾ ਹੈ, “ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਆ ਕੇ ਖਾਣ ਨੂੰ ਬੈਠ? ਸਗੋਂ ਉਹ ਨੂੰ ਇਹ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ, ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂ? ਭਲਾ, ਉਹ ਉਸ ਚਾਕਰ ਦਾ ਹਸਾਨ ਮੰਨਦਾ ਹੈ ਇਸ ਲਈ ਜੋ ਉਹ ਨੇ ਹੁਕਮ ਮੂਜਬ ਕੰਮ ਕੀਤੇ? ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।” ਇਸ ਲਈ, ਪਰਮੇਸ਼ੁਰ ਦੇ ਸੇਵਕਾਂ ਨੂੰ ਇਸ ਤਰ੍ਹਾਂ ਕਦੇ ਵੀ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰ ਕੇ ਉਸ ਤੇ ਇਕ ਅਹਿਸਾਨ ਕਰ ਰਹੇ ਹਨ। ਇਸ ਦੀ ਬਜਾਇ, ਉਨ੍ਹਾਂ ਨੂੰ ਉਸ ਦੇ ਘਰਾਣੇ ਦੇ ਭਰੋਸੇਯੋਗ ਸਦੱਸ ਹੋਣ ਦੇ ਨਾਤੇ ਉਸ ਦੀ ਉਪਾਸਨਾ ਕਰਨ ਦੇ ਆਪਣੇ ਵਿਸ਼ੇਸ਼-ਸਨਮਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

ਜ਼ਾਹਰ ਹੈ ਕਿ ਯਿਸੂ ਦੁਆਰਾ ਇਹ ਦ੍ਰਿਸ਼ਟਾਂਤ ਦੇਣ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਸੰਦੇਸ਼-ਵਾਹਕ ਉੱਥੇ ਪਹੁੰਚਦਾ ਹੈ। ਉਹ ਮਰਿਯਮ ਅਤੇ ਮਾਰਥਾ, ਲਾਜ਼ਰ ਦੀਆਂ ਭੈਣਾਂ ਦੁਆਰਾ ਭੇਜਿਆ ਗਿਆ ਸੀ, ਜੋ ਯਹੂਦਿਯਾ ਦੇ ਬੈਤਅਨੀਆ ਵਿਚ ਰਹਿੰਦੇ ਹਨ। “ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ,” ਸੰਦੇਸ਼-ਵਾਹਕ ਦੱਸਦਾ ਹੈ।

ਯਿਸੂ ਜਵਾਬ ਦਿੰਦਾ ਹੈ: “ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ­ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ।” ਜਿੱਥੇ ਉਹ ਹੈ ਉੱਥੇ ਦੋ ਦਿਨ ਹੋਰ ਠਹਿਰਨ ਤੋਂ ਬਾਅਦ, ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ।” ਪਰੰਤੂ, ਉਹ ਉਸ ਨੂੰ ਯਾਦ ਦਿਵਾਉਂਦੇ ਹਨ: “ਸੁਆਮੀ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ?”

“ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨ?” ਯਿਸੂ ਜਵਾਬ ਵਿਚ ਪੁੱਛਦਾ ਹੈ। “ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ। ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ।”

ਸਪੱਸ਼ਟ ਤੌਰ ਤੇ ਯਿਸੂ ਦਾ ਮਤਲਬ ਹੈ ਕਿ ‘ਦਿਨ ਭਰ ਦੇ ਘੰਟੇ,’ ਜਾਂ ਉਹ ਸਮਾਂ ਜੋ ਪਰਮੇਸ਼ੁਰ ਨੇ ਯਿਸੂ ਦੀ ਪਾਰਥਿਵ ਸੇਵਕਾਈ ਲਈ ਨਿਰਧਾਰਿਤ ਕੀਤਾ ਹੈ, ਅਜੇ ਬੀਤਿਆ ਨਹੀਂ ਹੈ ਅਤੇ ਜਦੋਂ ਤੱਕ ਉਹ ਨਾ ਬੀਤੇ, ਕੋਈ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਹੈ। ਉਸ ਨੂੰ ਬਾਕੀ ਬਚੇ ਹੋਏ “ਦਿਨ ਭਰ” ਦੇ ਥੋੜ੍ਹੇ ਸਮੇਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨ ਦੀ ਲੋੜ ਹੈ, ਕਿਉਂਕਿ ਉਸ ਤੋਂ ਬਾਅਦ “ਰਾਤ” ਆਵੇਗੀ ਜਦੋਂ ਉਸ ਦੇ ਵੈਰੀ ਉਸ ਨੂੰ ਮਾਰ ਦੇਣਗੇ।

ਯਿਸੂ ਅੱਗੇ ਕਹਿੰਦਾ ਹੈ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।”

ਸਪੱਸ਼ਟ ਤੌਰ ਤੇ ਇਹ ਸੋਚਦੇ ਹੋਏ ਕਿ ਲਾਜ਼ਰ ਨੀਂਦ ਵਿਚ ਆਰਾਮ ਕਰ ਰਿਹਾ ਹੈ ਅਤੇ ਕਿ ਇਹ ਇਕ ਸਕਾਰਾਤਮਕ ਨਿਸ਼ਾਨ ਹੈ ਕਿ ਉਹ ਰਾਜ਼ੀ ਹੋ ਜਾਵੇਗਾ, ਚੇਲੇ ਜਵਾਬ ਦਿੰਦੇ ਹਨ: “ਪ੍ਰਭੁ ਜੀ ਜੇ ਉਹ ਸੌਂ ਗਿਆ ਹੈ ਤਾਂ ਬਚ ਜਾਊ।”

ਫਿਰ ਯਿਸੂ ਉਨ੍ਹਾਂ ਨੂੰ ਨਿਧੜਕ ਹੋ ਕੇ ਦੱਸਦਾ ਹੈ: “ਲਾਜ਼ਰ ਮਰ ਗਿਆ ਹੈ। ਅਤੇ ਮੈਂ ਤੁਹਾਡੀ ਖਾਤਰ ਪਰਸਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ। ਪਰ ਆਓ, ਉਸ ਕੋਲ ਚੱਲੀਏ।”

ਇਹ ਅਹਿਸਾਸ ਕਰਦੇ ਹੋਏ ਕਿ ਯਿਸੂ ਯਹੂਦਿਯਾ ਵਿਚ ਮਾਰਿਆ ਜਾ ਸਕਦਾ ਹੈ, ਪਰ ਫਿਰ ਵੀ ਉਸ ਨੂੰ ਸਮਰਥਨ ਦੇਣ ਦੀ ਇੱਛਾ ਕਰਦੇ ਹੋਏ, ਥੋਮਾ ਆਪਣੇ ਸੰਗੀ ਚੇਲਿਆਂ ਨੂੰ ਉਤਸ਼ਾਹ ਦਿੰਦਾ ਹੈ: “ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।” ਇਸ ਲਈ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਂਦੇ ਹੋਏ, ਚੇਲੇ ਯਹੂਦਿਯਾ ਵਿਚ ਇਸ ਦਇਆ ਦੀ ਮੁਹਿੰਮ ਤੇ ਯਿਸੂ ਦਾ ਸਾਥ ਦਿੰਦੇ ਹਨ। ਲੂਕਾ 13:22; 17:​1-10; ਯੂਹੰਨਾ 10:​22, 31, 40-42; 11:​1-16.

▪ ਹਾਲ ਹੀ ਵਿਚ ਯਿਸੂ ਕਿੱਥੇ ਪ੍ਰਚਾਰ ਕਰ ਰਿਹਾ ਸੀ?

▪ ਯਿਸੂ ਕਿਹੜੀਆਂ ਸਿੱਖਿਆਵਾਂ ਦੁਹਰਾਉਂਦਾ ਹੈ, ਅਤੇ ਉਹ ਕਿਹੜੇ ਮੁੱਦੇ ਨੂੰ ਸਪੱਸ਼ਟ ਕਰਨ ਲਈ ਕਿਹੜੀ ਹੂ-ਬਹੂ ਸਥਿਤੀ ਦਾ ਵਰਣਨ ਕਰਦਾ ਹੈ?

▪ ਯਿਸੂ ਨੂੰ ਕਿਹੜੀ ਖ਼ਬਰ ਮਿਲਦੀ ਹੈ, ਅਤੇ ਉਸ ਦਾ “ਦਿਨ” ਅਤੇ “ਰਾਤ” ਤੋਂ ਕੀ ਮਤਲਬ ਹੈ?

▪ ਥੋਮਾ ਦਾ ਕੀ ਮਤਲਬ ਹੈ ਜਦੋਂ ਉਹ ਕਹਿੰਦਾ ਹੈ, ‘ਆਓ ਅਸੀਂ ਚੱਲੀਏ ਭਈ ਉਹ ਦੇ ਨਾਲ ਮਰੀਏ’?