Skip to content

Skip to table of contents

ਯਹੋਵਾਹ ਦੀ ਉਪਾਸਨਾ ਲਈ ਜੋਸ਼

ਯਹੋਵਾਹ ਦੀ ਉਪਾਸਨਾ ਲਈ ਜੋਸ਼

ਅਧਿਆਇ 16

ਯਹੋਵਾਹ ਦੀ ਉਪਾਸਨਾ ਲਈ ਜੋਸ਼

ਯਿਸੂ ਦੇ ਮਤਰੇਏ ਭਰਾ​—⁠ਮਰਿਯਮ ਦੇ ਬਾਕੀ ਪੁੱਤਰ​—⁠ਯਾਕੂਬ, ਯੂਸੁਫ਼, ਸ਼ਮਊਨ, ਅਤੇ ਯਹੂਦਾ ਹਨ। ਇਸ ਤੋਂ ਪਹਿਲਾਂ ਕਿ ਉਹ ਸਾਰੇ ਲੋਕ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਗਲੀਲ ਦੀ ਝੀਲ ਦੇ ਨੇੜੇ ਇਕ ਨਗਰ, ਕਫ਼ਰਨਾਹੂਮ ਨੂੰ ਯਾਤਰਾ ਕਰਦੇ, ਉਹ ਸ਼ਾਇਦ ਆਪਣੇ ਘਰ ਨਾਸਰਤ ਵਿਚ ਰੁਕਦੇ ਹਨ ਤਾਂਕਿ ਪਰਿਵਾਰ ਆਪਣੀਆਂ ਚੀਜ਼ਾਂ ਲੈ ਸਕੇ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਪਵੇਗੀ।

ਪਰੰਤੂ ਯਿਸੂ ਆਪਣੀ ਸੇਵਕਾਈ ਕਾਨਾ ਵਿਚ, ਨਾਸਰਤ ਵਿਚ, ਜਾਂ ਗਲੀਲ ਦੀ ਕਿਸੇ ਹੋਰ ਪਹਾੜੀ ਥਾਂ ਤੇ ਜਾਰੀ ਰੱਖਣ ਦੀ ਬਜਾਇ, ਕਫ਼ਰਨਾਹੂਮ ਨੂੰ ਕਿਉਂ ਜਾਂਦਾ ਹੈ? ਇਕ ਗੱਲ ਇਹ ਹੈ ਕਿ ਕਫ਼ਰਨਾਹੂਮ ਜ਼ਿਆਦਾ ਉੱਘੇ ਤੌਰ ਤੇ ਸਥਿਤ ਹੈ ਅਤੇ ਸਪੱਸ਼ਟ ਤੌਰ ਤੇ ਇਕ ਵੱਡਾ ਨਗਰ ਹੈ। ਨਾਲੇ, ਯਿਸੂ ਦੇ ਜ਼ਿਆਦਾਤਰ ਪ੍ਰਾਪਤ ਨਵੇਂ ਚੇਲੇ ਕਫ਼ਰਨਾਹੂਮ ਜਾਂ ਇਸ ਦੇ ਲਾਗੇ ਦੇ ਰਹਿਣ ਵਾਲੇ ਹਨ, ਇਸ ਲਈ ਉਨ੍ਹਾਂ ਨੂੰ ਉਸ ਤੋਂ ਸਿਖਲਾਈ ਲੈਣ ਲਈ ਆਪਣੇ ਘਰਾਂ ਨੂੰ ਛੱਡਣ ਦੀ ਜ਼ਰੂਰਤ ਨਹੀਂ ਪਵੇਗੀ।

ਕਫ਼ਰਨਾਹੂਮ ਵਿਚ ਆਪਣੇ ਠਹਿਰਾਉ ਦੇ ਦੌਰਾਨ, ਯਿਸੂ ਕਈ ਅਦਭੁਤ ਕੰਮ ਕਰਦਾ ਹੈ, ਜਿਵੇਂ ਕੁਝ ਮਹੀਨੇ ਬਾਅਦ ਉਹ ਖ਼ੁਦ ਗਵਾਹੀ ਦਿੰਦਾ ਹੈ। ਪਰੰਤੂ ਜਲਦੀ ਹੀ ਯਿਸੂ ਅਤੇ ਉਸ ਦੇ ਸਾਥੀ ਫਿਰ ਰਾਹ ਤੇ ਤੁਰ ਪੈਂਦੇ ਹਨ। ਇਹ ਬਸੰਤ ਰੁੱਤ ਹੈ, ਅਤੇ ਉਹ 30 ਸਾ.ਯੁ. ਦੇ ਪਸਾਹ ਵਿਚ ਹਾਜ਼ਰ ਹੋਣ ਲਈ ਯਰੂਸ਼ਲਮ ਨੂੰ ਜਾ ਰਹੇ ਹਨ। ਉੱਥੇ ਰਹਿੰਦਿਆਂ, ਉਸ ਦੇ ਚੇਲੇ ਯਿਸੂ ਬਾਰੇ ਕੁਝ ਦੇਖਦੇ ਹਨ ਜੋ ਉਨ੍ਹਾਂ ਨੇ ਸ਼ਾਇਦ ਪਹਿਲਾਂ ਕਦੇ ਨਾ ਦੇਖਿਆ ਹੋਵੇ।

ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ, ਇਸਰਾਏਲੀਆਂ ਨੂੰ ਪਸ਼ੂਆਂ ਦੇ ਬਲੀਦਾਨ ਦੇਣ ਦੀ ਲੋੜ ਹੈ। ਇਸ ਲਈ ਉਨ੍ਹਾਂ ਦੀ ਸਹੂਲਤ ਵਾਸਤੇ, ਵਪਾਰੀ ਇਸ ਉਦੇਸ਼ ਨਾਲ ਯਰੂਸ਼ਲਮ ਵਿਚ ਪਸ਼ੂ ਜਾਂ ਪੰਛੀ ਵੇਚਦੇ ਹਨ। ਪਰੰਤੂ ਉਹ ਠੀਕ ਹੈਕਲ ਦੇ ਅੰਦਰ ਵੇਚਦੇ ਹਨ, ਅਤੇ ਉਹ ਲੋਕਾਂ ਕੋਲੋਂ ਜ਼ਿਆਦਾ ਪੈਸੇ ਲੈਂਦੇ ਹੋਏ ਉਨ੍ਹਾਂ ਨੂੰ ਠੱਗਦੇ ਹਨ।

ਕ੍ਰੋਧ ਨਾਲ ਭਰਿਆ, ਯਿਸੂ ਰੱਸੀ ਦਾ ਇਕ ਕੋਰੜਾ ਬਣਾਉਂਦਾ ਹੈ ਅਤੇ ਵਿਕਰੇਤਿਆਂ ਨੂੰ ਬਾਹਰ ਕੱਢਦਾ ਹੈ। ਉਹ ਸਰਾਫ਼ਾਂ ਦੀ ਰੋਕੜ ਖਿੰਡਾ ਦਿੰਦਾ ਅਤੇ ਉਨ੍ਹਾਂ ਦੇ ਤਖ਼ਤਪੋਸ਼ ਉਲਟਾ ਦਿੰਦਾ ਹੈ। “ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ!” ਉਹ ਉਨ੍ਹਾਂ ਘੁੱਗੀਆਂ ਵੇਚਣ ਵਾਲਿਆਂ ਤੇ ਚਿਲਾਉਂਦਾ ਹੈ। “ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!”

ਜਦੋਂ ਯਿਸੂ ਦੇ ਚੇਲੇ ਇਹ ਦੇਖਦੇ ਹਨ, ਤਾਂ ਉਹ ਪਰਮੇਸ਼ੁਰ ਦੇ ਪੁੱਤਰ ਬਾਰੇ ਇਹ ਭਵਿੱਖਬਾਣੀ ਯਾਦ ਕਰਦੇ ਹਨ: “ਤੇਰੇ ਘਰ ਦੇ ਲਈ ਜੋਸ਼ ਮੈਨੂੰ ਖਾ ਜਾਵੇਗਾ।” (ਨਿ ਵ) ਪਰੰਤੂ ਯਹੂਦੀ ਪੁੱਛਦੇ ਹਨ: “ਤੂੰ ਕਿਹੜੀ ਨਿਸ਼ਾਨ ਸਾਨੂੰ ਵਿਖਾਲਦਾ ਹੈਂ ਜੋ ਏਹ ਕੰਮ ਕਰਦਾ ਹੈਂ?” ਯਿਸੂ ਜਵਾਬ ਦਿੰਦਾ ਹੈ: “ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ।”

ਯਹੂਦੀ ਸਮਝਦੇ ਹਨ ਕਿ ਯਿਸੂ ਵਾਸਤਵਿਕ ਹੈਕਲ ਬਾਰੇ ਬੋਲ ਰਿਹਾ ਹੈ, ਅਤੇ ਇਸ ਲਈ ਉਹ ਪੁੱਛਦੇ ਹਨ: “ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾ?” ਪਰੰਤੂ, ਯਿਸੂ ਆਪਣੇ ਸਰੀਰ ਦੀ ਹੈਕਲ ਬਾਰੇ ਬੋਲ ਰਿਹਾ ਹੈ। ਅਤੇ ਤਿੰਨਾਂ ਵਰ੍ਹਿਆਂ ਬਾਅਦ, ਉਸ ਦੇ ਚੇਲੇ ਉਸ ਦੀ ਕਹੀ ਇਸ ਗੱਲ ਨੂੰ ਯਾਦ ਕਰਦੇ ਹਨ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉਠਾਇਆ ਜਾਂਦਾ ਹੈ। ਯੂਹੰਨਾ 2:​12-22; ਮੱਤੀ 13:55; ਲੂਕਾ 4:⁠23.

▪ ਕਾਨਾ ਵਿਖੇ ਵਿਆਹ ਤੋਂ ਬਾਅਦ, ਯਿਸੂ ਕਿਹੜੀਆਂ ਥਾਵਾਂ ਦੀ ਯਾਤਰਾ ਕਰਦਾ ਹੈ?

▪ ਯਿਸੂ ਕ੍ਰੋਧਿਤ ਕਿਉਂ ਹੈ, ਅਤੇ ਉਹ ਕੀ ਕਰਦਾ ਹੈ?

▪ ਯਿਸੂ ਦੇ ਚੇਲੇ ਉਸ ਦੇ ਕੰਮਾਂ ਨੂੰ ਦੇਖ ਕੇ ਕੀ ਯਾਦ ਕਰਦੇ ਹਨ?

▪ “ਇਸ ਹੈਕਲ” ਬਾਰੇ ਯਿਸੂ ਕੀ ਕਹਿੰਦਾ ਹੈ, ਅਤੇ ਉਸ ਦਾ ਮਤਲਬ ਕੀ ਹੈ?