Skip to content

Skip to table of contents

ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ

ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ

ਅਧਿਆਇ 109

ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ

ਯਿਸੂ ਨੇ ਇੰਨੀ ਪੂਰੀ ਤਰ੍ਹਾਂ ਨਾਲ ਆਪਣੇ ਵਿਰੋਧੀਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਕਿ ਉਹ ਉਸ ਨੂੰ ਅੱਗੇ ਹੋਰ ਕੁਝ ਪੁੱਛਣ ਤੋਂ ਡਰਦੇ ਹਨ। ਇਸ ਲਈ ਉਹ ਉਨ੍ਹਾਂ ਦੀ ਅਗਿਆਨਤਾ ਨੂੰ ਪ੍ਰਗਟ ਕਰਨ ਦੀ ਪਹਿਲ-ਕਦਮੀ ਕਰਦਾ ਹੈ। “ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ?” ਉਹ ਪੁੱਛਦਾ ਹੈ। “ਉਹ ਕਿਹ ਦਾ ਪੁੱਤ੍ਰ ਹੈ?”

“ਦਾਊਦ ਦਾ,” ਫ਼ਰੀਸੀ ਜਵਾਬ ਦਿੰਦੇ ਹਨ।

ਭਾਵੇਂ ਕਿ ਯਿਸੂ ਇਨਕਾਰ ਨਹੀਂ ਕਰਦਾ ਹੈ ਕਿ ਦਾਊਦ ਮਸੀਹ, ਜਾਂ ਮਸੀਹਾ ਦਾ ਸਰੀਰਕ ਪੂਰਵਜ ਹੈ, ਉਹ ਪੁੱਛਦਾ ਹੈ: “ਫੇਰ ਦਾਊਦ ਆਤਮਾ ਦੀ ਰਾਹੀਂ [ਜ਼ਬੂਰ 110 ਵਿਖੇ] ਕਿੱਕੁਰ ਉਹ ਨੂੰ ਪ੍ਰਭੁ ਆਖਦਾ ਹੈ, ਕਿ ਪ੍ਰਭੁ [“ਯਹੋਵਾਹ,” ਨਿ ਵ] ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹ ਨੂੰ ਪ੍ਰਭੁ ਆਖਦਾ ਹੈ ਤਾਂ ਉਹ ਉਸ ਦਾ ਪੁੱਤ੍ਰ ਕਿਸ ਤਰਾਂ ਹੋਇਆ?”

ਫ਼ਰੀਸੀ ਚੁੱਪ ਹਨ, ਕਿਉਂ ਜੋ ਉਹ ਮਸੀਹ, ਜਾਂ ਮਸਹ ਕੀਤੇ ਹੋਏ ਦੀ ਸੱਚੀ ਪਛਾਣ ਨਹੀਂ ਜਾਣਦੇ ਹਨ। ਮਸੀਹਾ ਸਿਰਫ਼ ਦਾਊਦ ਦੀ ਮਾਨਵੀ ਸੰਤਾਨ ਹੀ ਨਹੀਂ ਹੈ, ਜਿਵੇਂ ਕਿ ਸਪੱਸ਼ਟ ਹੈ ਕਿ ਫ਼ਰੀਸੀ ਵਿਸ਼ਵਾਸ ਕਰਦੇ ਹਨ, ਪਰੰਤੂ ਉਹ ਸਵਰਗ ਵਿਖੇ ਹੋਂਦ ਵਿਚ ਸੀ ਅਤੇ ਦਾਊਦ ਦਾ ਵਡੇਰਾ, ਜਾਂ ਪ੍ਰਭੂ ਸੀ।

ਹੁਣ ਭੀੜ ਅਤੇ ਆਪਣੇ ਚੇਲਿਆਂ ਵੱਲ ਮੁੜ ਕੇ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਬਾਰੇ ਚੇਤਾਵਨੀ ਦਿੰਦਾ ਹੈ। ਕਿਉਂ ਜੋ ਇਹ “ਮੂਸਾ ਦੀ ਗੱਦੀ ਉੱਤੇ ਬੈਠੇ” ਪਰਮੇਸ਼ੁਰ ਦੀ ਬਿਵਸਥਾ ਸਿਖਾਉਂਦੇ ਹਨ, ਯਿਸੂ ਜ਼ੋਰ ਦਿੰਦਾ ਹੈ: “ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ।” ਪਰੰਤੂ ਯਿਸੂ ਅੱਗੇ ਕਹਿੰਦਾ ਹੈ: “ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।”

ਉਹ ਪਖੰਡੀ ਹਨ, ਅਤੇ ਯਿਸੂ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਭਾਸ਼ਾ ਵਿਚ ਨਿੰਦਦਾ ਹੈ ਜਿਵੇਂ ਉਸ ਨੇ ਕੁਝ ਮਹੀਨੇ ਪਹਿਲਾਂ ਇਕ ਫ਼ਰੀਸੀ ਦੇ ਘਰ ਖਾਣਾ ਖਾਣ ਦੇ ਦੌਰਾਨ ਕੀਤਾ ਸੀ। ਉਹ ਕਹਿੰਦਾ ਹੈ: “ਓਹ ਆਪਣੇ ਸਭ ਕੰਮ ਲੋਕਾਂ ਦੇ ਵਿਖਲਾਵੇ ਲਈ ਕਰਦੇ ਹਨ।” ਅਤੇ ਉਹ ਉਦਾਹਰਣ ਦਿੰਦੇ ਹੋਏ ਟਿੱਪਣੀ ਕਰਦਾ ਹੈ:

“ਉਹ ਸ਼ਾਸਤਰ-ਰੱਖੇ ਹੋਏ ਤਵੀਤਾਂ ਨੂੰ ਚੌੜਾ ਕਰਦੇ ਹਨ ਜਿਨ੍ਹਾਂ ਨੂੰ ਉਹ ਰੱਖਿਆ ਸਾਧਨ ਦੇ ਤੌਰ ਤੇ ਪਹਿਨਦੇ ਹਨ।” (ਨਿ ਵ) ਇਨ੍ਹਾਂ ਤੁਲਨਾਤਮਕ ਤੌਰ ਤੇ ਛੋਟਿਆਂ ਤਵੀਤਾਂ ਵਿਚ, ਜਿਹੜੇ ਮੱਥੇ ਅਤੇ ਬਾਹਾਂ ਉੱਤੇ ਪਹਿਨੇ ਜਾਂਦੇ ਹਨ, ਬਿਵਸਥਾ ਦੇ ਚਾਰ ਹਿੱਸੇ ਰੱਖੇ ਜਾਂਦੇ ਹਨ: ਕੂਚ 13:​1-10, 11-16; ਅਤੇ ਬਿਵਸਥਾ ਸਾਰ 6:​4-9; 11:​13-21. ਪਰੰਤੂ ਫ਼ਰੀਸੀ ਇਹ ਦਿਖਲਾਵਾ ਕਰਨ ਲਈ ਕਿ ਉਹ ਬਿਵਸਥਾ ਦੇ ਸੰਬੰਧ ਵਿਚ ਜੋਸ਼ੀਲੇ ਹਨ, ਇਨ੍ਹਾਂ ਤਵੀਤਾਂ ਦੇ ਆਕਾਰ ਨੂੰ ਵਧਾ ਦਿੰਦੇ ਹਨ।

ਯਿਸੂ ਅੱਗੇ ਕਹਿੰਦਾ ਹੈ ਕਿ ਉਹ “ਆਪਣੀਆਂ ਝਾਲਰਾਂ ਵਧਾਉਂਦੇ ਹਨ।” ਗਿਣਤੀ 15:38-40 ਵਿਚ ਇਸਰਾਏਲੀਆਂ ਨੂੰ ਆਪਣੇ ਬਸਤਰਾਂ ਉੱਤੇ ਝਾਲਰਾਂ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ, ਪਰੰਤੂ ਫ਼ਰੀਸੀ ਆਪਣੀਆਂ ਝਾਲਰਾਂ ਨੂੰ ਹੋਰਨਾਂ ਨਾਲੋਂ ਵੱਡੀਆਂ ਬਣਾਉਂਦੇ ਹਨ। ਸਭ ਕੁਝ ਦਿਖਾਵੇ ਲਈ ਕੀਤਾ ਜਾਂਦਾ ਹੈ! ‘ਉਹ ਉੱਚੀਆਂ ਥਾਵਾਂ ਦੇ ਭੁੱਖੇ ਹਨ,’ ਯਿਸੂ ਐਲਾਨ ਕਰਦਾ ਹੈ।

ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਆਪਣੇ ਚੇਲੇ ਵੀ ਉੱਘੇ ਹੋਣ ਦੀ ਇਸ ਇੱਛਾ ਦੁਆਰਾ ਪ੍ਰਭਾਵਿਤ ਹੋਏ ਹਨ। ਇਸ ਲਈ ਉਹ ਸਲਾਹ ਦਿੰਦਾ ਹੈ: “ਪਰ ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੇ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।” ਚੇਲਿਆਂ ਨੂੰ ਅੱਵਲ ਹੋਣ ਦੀ ਆਪਣੀ ਇੱਛਾ ਨੂੰ ਛੱਡਣਾ ਪਵੇਗਾ! “ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ,” ਯਿਸੂ ਤਾੜਨਾ ਦਿੰਦਾ ਹੈ।

ਫਿਰ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਬਾਰ-ਬਾਰ ਪਖੰਡੀ ਆਖਦੇ ਹੋਏ, ਉਨ੍ਹਾਂ ਉੱਪਰ ਹਾਇ-ਹਾਇ ਦੀ ਇਕ ਲੜੀ ਐਲਾਨ ਕਰਦਾ ਹੈ। ਉਹ ‘ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹਨ,’ ਉਹ ਕਹਿੰਦਾ ਹੈ, ਅਤੇ “ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਂ ਕਰਦੇ ਹਨ।”

“ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ!” ਯਿਸੂ ਕਹਿੰਦਾ ਹੈ। ਉਹ ਫ਼ਰੀਸੀਆਂ ਵਿਚ ਅਧਿਆਤਮਿਕ ਕੀਮਤਾਂ ਦੀ ਘਾਟ ਦੀ ਨਿੰਦਿਆ ਕਰਦਾ ਹੈ, ਜੋ ਉਨ੍ਹਾਂ ਦੁਆਰਾ ਕੀਤੇ ਆਪਮਤਾ ਭਿੰਨਤਾ ਦੇ ਦੁਆਰਾ ਪ੍ਰਗਟ ਹੁੰਦੀ ਹੈ। ਉਦਾਹਰਣ ਲਈ, ਉਹ ਕਹਿੰਦੇ ਹਨ, “ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਹ ਪੂਰੀ ਕਰਨੀ ਪਊ।” ਉਪਾਸਨਾ ਦੀ ਥਾਂ ਦੀ ਅਧਿਆਤਮਿਕ ਕੀਮਤ ਦੀ ਬਜਾਇ, ਹੈਕਲ ਦੇ ਸੋਨੇ ਉੱਪਰ ਜ਼ਿਆਦਾ ਜ਼ੋਰ ਦੇਣ ਦੇ ਦੁਆਰਾ, ਉਹ ਆਪਣਾ ਨੈਤਿਕ ਅੰਨ੍ਹਾਪਨ ਪ੍ਰਗਟ ਕਰਦੇ ਹਨ।

ਫਿਰ, ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਸੀ, ਯਿਸੂ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ” ਅਣਗੌਲਿਆਂ ਕਰਨ ਲਈ ਅਤੇ ਮਹੱਤਵਹੀਣ ਬੂਟੀਆਂ ਦੇ ਦਸਵੰਧ, ਜਾਂ ਦਸਵੇਂ ਹਿੱਸੇ ਦੇਣ ਉੱਤੇ ਵੱਡੀ ਮਹੱਤਤਾ ਦੇਣ ਦੇ ਲਈ ਫ਼ਰੀਸੀਆਂ ਦੀ ਨਿੰਦਿਆ ਕਰਦਾ ਹੈ।

ਯਿਸੂ ਫ਼ਰੀਸੀਆਂ ਨੂੰ ‘ਅੰਨ੍ਹੇ ਆਗੂ’ ਆਖਦਾ ਹੈ, ‘ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹਨ!’ ਉਹ ਆਪਣੇ ਦਾਖ ਰਸ ਵਿੱਚੋਂ ਇਕ ਮੱਛਰ ਨੂੰ ਪੁਣ ਲੈਂਦੇ ਹਨ ਸਿਰਫ਼ ਇਸ ਕਰਕੇ ਨਹੀਂ ਕਿਉਂਕਿ ਇਹ ਇਕ ਕੀੜਾ ਹੈ ਸਗੋਂ ਇਸ ਕਰਕੇ ਕਿਉਂਕਿ ਇਹ ਰੀਤੀ ਅਨੁਸਾਰ ਅਸ਼ੁੱਧ ਹੈ। ਫਿਰ ਵੀ, ਉਨ੍ਹਾਂ ਦੀ ਬਿਵਸਥਾ ਦੇ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨਾ, ਇਕ ਊਠ ਨੂੰ ਨਿਗਲਣ ਦੇ ਬਰਾਬਰ ਹੈ, ਜਿਹੜਾ ਕਿ ਰੀਤੀ ਅਨੁਸਾਰ ਅਸ਼ੁੱਧ ਹੈ। ਮੱਤੀ 22:​41–23:24; ਮਰਕੁਸ 12:​35-40; ਲੂਕਾ 20:​41-47; ਲੇਵੀਆਂ 11:​4, 21-24.

▪ ਜਦੋਂ ਯਿਸੂ ਫ਼ਰੀਸੀਆਂ ਤੋਂ ਜ਼ਬੂਰ 110 ਵਿਚ ਦਾਊਦ ਦੀ ਕਹੀ ਗੱਲ ਬਾਰੇ ਸਵਾਲ ਕਰਦਾ ਹੈ ਤਾਂ ਉਹ ਕਿਉਂ ਚੁੱਪ ਹੋ ਜਾਂਦੇ ਹਨ?

▪ ਫ਼ਰੀਸੀ ਆਪਣੇ ਸ਼ਾਸਤਰ-ਰੱਖੇ ਹੋਏ ਤਵੀਤਾਂ ਅਤੇ ਆਪਣੇ ਬਸਤਰਾਂ ਦੀਆਂ ਝਾਲਰਾਂ ਨੂੰ ਕਿਉਂ ਵਧਾਉਂਦੇ ਹਨ?

▪ ਯਿਸੂ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੰਦਾ ਹੈ?

▪ ਫ਼ਰੀਸੀ ਕਿਹੜੀ ਆਪਮਤਾ ਭਿੰਨਤਾ ਕਰਦੇ ਹਨ, ਅਤੇ ਯਿਸੂ ਕਿਸ ਤਰ੍ਹਾਂ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨ ਦੇ ਲਈ ਉਨ੍ਹਾਂ ਦੀ ਨਿੰਦਿਆ ਕਰਦਾ ਹੈ?