Skip to content

Skip to table of contents

ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ

ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ

ਅਧਿਆਇ 112

ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ

ਜਿਉਂ-ਜਿਉਂ ਮੰਗਲਵਾਰ, ਨੀਸਾਨ 11, ਦਾ ਦਿਨ ਖ਼ਤਮ ਹੋਣ ਨੂੰ ਆਉਂਦਾ ਹੈ, ਯਿਸੂ ਆਪਣੇ ਰਸੂਲਾਂ ਨੂੰ ਜ਼ੈਤੂਨ ਦੇ ਪਹਾੜ ਉੱਤੇ ਸਿੱਖਿਆ ਦੇਣੀ ਸਮਾਪਤ ਕਰਦਾ ਹੈ। ਇਹ ਕਿੰਨਾ ਹੀ ਵਿਅਸਤ ਅਤੇ ਕਠਿਨ ਦਿਨ ਰਿਹਾ ਹੈ! ਸ਼ਾਇਦ ਹੁਣ ਰਾਤ ਵਾਸਤੇ ਬੈਤਅਨੀਆ ਨੂੰ ਮੁੜਦੇ ਹੋਏ, ਉਹ ਆਪਣੇ ਰਸੂਲਾਂ ਨੂੰ ਦੱਸਦਾ ਹੈ: “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ [“ਸੂਲੀ,” ਨਿ ਵ] ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”

ਸਪੱਸ਼ਟ ਤੌਰ ਤੇ ਯਿਸੂ ਅਗਲੇ ਦਿਨ ਬੁੱਧਵਾਰ, ਨੀਸਾਨ 12, ਆਪਣੇ ਰਸੂਲਾਂ ਨਾਲ ਸ਼ਾਂਤ ਇਕਾਂਤ ਵਿਚ ਬਿਤਾਉਂਦਾ ਹੈ। ਇਕ ਦਿਨ ਪਹਿਲਾਂ, ਉਸ ਨੇ ਧਾਰਮਿਕ ਆਗੂਆਂ ਨੂੰ ਖੁਲ੍ਹੇਆਮ ਝਿੜਕਿਆ ਸੀ, ਅਤੇ ਉਸ ਨੂੰ ਅਹਿਸਾਸ ਹੈ ਕਿ ਉਹ ਉਸ ਨੂੰ ਮਾਰਨ ਦੇ ਲਈ ਭਾਲ ਰਹੇ ਹਨ। ਇਸ ਲਈ ਬੁੱਧਵਾਰ ਦੇ ਦਿਨ ਉਹ ਆਪਣੇ ਆਪ ਨੂੰ ਖੁਲ੍ਹੇਆਮ ਨਹੀਂ ਦਿਖਾਉਂਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਕਿ ਅਗਲੀ ਸ਼ਾਮ ਨੂੰ ਉਸ ਦੇ ਆਪਣੇ ਰਸੂਲਾਂ ਨਾਲ ਪਸਾਹ ਮਨਾਉਣ ਦੇ ਵਿਚ ਕੋਈ ਰੁਕਾਵਟ ਆਵੇ।

ਇਸ ਸਮੇਂ ਦੇ ਦੌਰਾਨ, ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਪਰਧਾਨ ਜਾਜਕ ਕਯਾਫ਼ਾ ਦੇ ਵਿਹੜੇ ਵਿਚ ਇਕੱਠੇ ਹੋ ਗਏ ਹਨ। ਯਿਸੂ ਦੇ ਇਕ ਦਿਨ ਪਹਿਲਾਂ ਦੇ ਹਮਲੇ ਤੋਂ ਖਿੱਝ ਕੇ ਉਹ ਚਲਾਕ ਜੁਗਤ ਨਾਲ ਉਸ ਨੂੰ ਫੜਨ ਅਤੇ ਉਸ ਨੂੰ ਮਰਵਾਉਣ ਦੀ ਯੋਜਨਾ ਬਣਾ ਰਹੇ ਹਨ। ਫਿਰ ਵੀ, ਉਹ ਕਹਿ ਰਹੇ ਹਨ: “ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਏ।” ਉਹ ਲੋਕਾਂ ਤੋਂ ਡਰਦੇ ਹਨ, ਜਿਨ੍ਹਾਂ ਦੀ ਕਿਰਪਾ ਦਾ ਯਿਸੂ ਆਨੰਦ ਮਾਣਦਾ ਹੈ।

ਜਦ ਧਾਰਮਿਕ ਆਗੂ ਦੁਸ਼ਟਤਾਪੂਰਵਕ ਯਿਸੂ ਨੂੰ ਮਾਰ ਸੁੱਟਣ ਦੀ ਸਾਜ਼ਸ਼ ਕਰ ਰਹੇ ਹੁੰਦੇ ਹਨ, ਤਾਂ ਉਨ੍ਹਾਂ ਕੋਲ ਇਕ ਮੁਲਾਕਾਤੀ ਆਉਂਦਾ ਹੈ। ਉਨ੍ਹਾਂ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਯਿਸੂ ਦੇ ਆਪਣੇ ਰਸੂਲਾਂ ਵਿੱਚੋਂ ਇਕ, ਯਹੂਦਾ ਇਸਕਰਿਯੋਤੀ ਹੈ, ਉਹ ਜਿਸ ਵਿਚ ਸ਼ਤਾਨ ਨੇ ਆਪਣੇ ਸੁਆਮੀ ਨੂੰ ਫੜਵਾਉਣ ਦਾ ਨੀਚ ਵਿਚਾਰ ਬੈਠਾ ਦਿੱਤਾ ਹੈ! ਉਹ ਕਿੰਨੇ ਖ਼ੁਸ਼ ਹੁੰਦੇ ਹਨ ਜਦੋਂ ਯਹੂਦਾ ਪੁੱਛਦਾ ਹੈ: “ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ?” ਉਹ ਖ਼ੁਸ਼ੀ ਨਾਲ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਸਹਿਮਤ ਹੋ ਜਾਂਦੇ ਹਨ, ਜੋ ਕਿ ਮੂਸਾ ਦੀ ਬਿਵਸਥਾ ਨੇਮ ਅਨੁਸਾਰ ਇਕ ਦਾਸ ਦੀ ਕੀਮਤ ਹੈ। ਉਸ ਸਮੇਂ ਤੋਂ ਯਹੂਦਾ ਯਿਸੂ ਨੂੰ ਉਨ੍ਹਾਂ ਕੋਲ ਫੜਵਾਉਣ ਦੇ ਇਕ ਚੰਗੇ ਮੌਕੇ ਦੀ ਭਾਲ ਕਰਦਾ ਹੈ, ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।

ਨੀਸਾਨ 13, ਬੁੱਧਵਾਰ ਸੰਝ ਨੂੰ ਸ਼ੁਰੂ ਹੁੰਦਾ ਹੈ। ਯਿਸੂ ਸ਼ੁੱਕਰਵਾਰ ਨੂੰ ਯਰੀਹੋ ਤੋਂ ਇੱਥੇ ਪਹੁੰਚਿਆ ਸੀ, ਇਸ ਲਈ ਇਹ ਛੇਵੀਂ ਅਤੇ ਆਖ਼ਰੀ ਰਾਤ ਹੈ ਜਿਹੜੀ ਉਹ ਬੈਤਅਨੀਆ ਵਿਚ ਬਿਤਾਉਂਦਾ ਹੈ। ਅਗਲੇ ਦਿਨ, ਵੀਰਵਾਰ, ਪਸਾਹ ਲਈ ਆਖ਼ਰੀ ਤਿਆਰੀਆਂ ਕਰਨ ਦੀ ਜ਼ਰੂਰਤ ਪਵੇਗੀ, ਜਿਹੜਾ ਕਿ ਸੰਝ ਹੋਣ ਤੇ ਸ਼ੁਰੂ ਹੁੰਦਾ ਹੈ। ਉਦੋਂ ਹੀ ਪਸਾਹ ਦਾ ਲੇਲਾ ਮਾਰਿਆ ਅਤੇ ਫਿਰ ਪੂਰੇ ਦਾ ਪੂਰਾ ਭੁੱਨਿਆ ਜਾਣਾ ਚਾਹੀਦਾ ਹੈ। ਉਹ ਇਹ ਤਿਉਹਾਰ ਕਿੱਥੇ ਮਨਾਉਣਗੇ, ਅਤੇ ਤਿਆਰੀਆਂ ਕੌਣ ਕਰੇਗਾ?

ਯਿਸੂ ਨੇ ਅਜਿਹੇ ਵੇਰਵੇ ਨਹੀਂ ਦੱਸੇ ਹਨ, ਸ਼ਾਇਦ ਇਸ ਲਈ ਕਿ ਕਿਤੇ ਯਹੂਦਾ ਮੁੱਖ ਜਾਜਕਾਂ ਨੂੰ ਸੂਚਿਤ ਨਾ ਕਰ ਦੇਵੇ ਤਾਂਕਿ ਉਹ ਯਿਸੂ ਨੂੰ ਪਸਾਹ ਦੇ ਤਿਉਹਾਰ ਦੇ ਦੌਰਾਨ ਫੜ ਸਕਣ। ਪਰੰਤੂ ਹੁਣ, ਸੰਭਵ ਹੈ ਕਿ ਵੀਰਵਾਰ ਦੁਪਹਿਰ ਦੇ ਮੁੱਢਲੇ ਹਿੱਸੇ ਵਿਚ ਯਿਸੂ ਪਤਰਸ ਅਤੇ ਯੂਹੰਨਾ ਨੂੰ ਇਹ ਕਹਿੰਦੇ ਹੋਏ ਬੈਤਅਨੀਆ ਤੋਂ ਭੇਜਦਾ ਹੈ: “ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ।”

“ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤਿਆਰ ਕਰੀਏ?” ਉਹ ਪੁੱਛਦੇ ਹਨ।

“ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ,” ਯਿਸੂ ਵਿਆਖਿਆ ਕਰਦਾ ਹੈ, “ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ। ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ? ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿੱਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ।”

ਨਿਰਸੰਦੇਹ ਉਸ ਘਰ ਦਾ ਮਾਲਕ ਯਿਸੂ ਦਾ ਇਕ ਚੇਲਾ ਹੈ, ਜੋ ਸ਼ਾਇਦ ਆਸ ਰੱਖ ਰਿਹਾ ਸੀ ਕਿ ਇਸ ਖ਼ਾਸ ਮੌਕੇ ਤੇ ਯਿਸੂ ਉਸ ਦੇ ਘਰ ਨੂੰ ਇਸਤੇਮਾਲ ਕਰਨ ਦੀ ਫ਼ਰਮਾਇਸ਼ ਕਰੇਗਾ। ਹਰ ਹਾਲਤ ਵਿਚ, ਜਦੋਂ ਪਤਰਸ ਅਤੇ ਯੂਹੰਨਾ ਯਰੂਸ਼ਲਮ ਵਿਚ ਪਹੁੰਚਦੇ ਹਨ, ਤਾਂ ਉਹ ਸਭ ਕੁਝ ਉਵੇਂ ਹੀ ਪਾਉਂਦੇ ਹਨ ਜਿਵੇਂ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ। ਇਸ ਲਈ ਉਹ ਦੋਨੋਂ ਨਿਸ਼ਚਿਤ ਕਰਦੇ ਹਨ ਕਿ ਲੇਲਾ ਤਿਆਰ ਹੈ ਅਤੇ ਪਸਾਹ ਮਨਾਉਣ ਵਾਲੇ 13 ਵਿਅਕਤੀਆਂ, ਅਰਥਾਤ ਯਿਸੂ ਅਤੇ ਉਸ ਦੇ 12 ਰਸੂਲਾਂ, ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਮੱਤੀ 26:​1-5, ­14-19; ਮਰਕੁਸ 14:​1, 2, 10-16; ਲੂਕਾ 22:​1-13; ਕੂਚ 21:⁠32.

▪ ਸਪੱਸ਼ਟ ਤੌਰ ਤੇ ਯਿਸੂ ਬੁੱਧਵਾਰ ਨੂੰ ਕੀ ਕਰਦਾ ਹੈ, ਅਤੇ ਕਿਉਂ?

▪ ਪਰਧਾਨ ਜਾਜਕ ਦੇ ਘਰ ਕਿਹੜੀ ਸਭਾ ਰੱਖੀ ਜਾਂਦੀ ਹੈ, ਅਤੇ ਕਿਹੜੇ ਮਕਸਦ ਲਈ ਯਹੂਦਾ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰਦਾ ਹੈ?

▪ ਯਿਸੂ ਵੀਰਵਾਰ ਨੂੰ ਯਰੂਸ਼ਲਮ ਵਿਚ ਕਿਨ੍ਹਾਂ ਨੂੰ ਭੇਜਦਾ ਹੈ, ਅਤੇ ਕਿਹੜੇ ਮਕਸਦ ਲਈ?

▪ ਭੇਜੇ ਗਏ ਇਹ ਵਿਅਕਤੀ ਕੀ ਪਾਉਂਦੇ ਹਨ ਜੋ ਇਕ ਵਾਰੀ ਫਿਰ ਯਿਸੂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ?