Skip to content

Skip to table of contents

ਯਿਸੂ ਦਾ ਜਨਮ—ਕਿੱਥੇ ਅਤੇ ਕਦੋਂ?

ਯਿਸੂ ਦਾ ਜਨਮ—ਕਿੱਥੇ ਅਤੇ ਕਦੋਂ?

ਅਧਿਆਇ 5

ਯਿਸੂ ਦਾ ਜਨਮ​—⁠ਕਿੱਥੇ ਅਤੇ ਕਦੋਂ?

ਰੋਮੀ ਸਾਮਰਾਜ ਦੇ ਸਮਰਾਟ, ਕੈਸਰ ਔਗੂਸਤੁਸ ਨੇ ਫ਼ਰਮਾਨ ਜਾਰੀ ਕੀਤਾ ਹੈ ਕਿ ਹਰ ਕੋਈ ਆਪਣੇ ਜਨਮ ਦੇ ਨਗਰ ਨੂੰ ਮੁੜ ਕੇ ਨਾਂ ਦਰਜ ਕਰਵਾਏ। ਇਸ ਲਈ ਯੂਸੁਫ਼ ਆਪਣੇ ਜਨਮ ਸਥਾਨ, ਬੈਤਲਹਮ ਦੇ ਨਗਰ ਨੂੰ ਯਾਤਰਾ ਕਰਦਾ ਹੈ।

ਬਹੁਤ ਸਾਰੇ ਲੋਕੀ ਆਪਣਾ ਨਾਂ ਦਰਜ ਕਰਵਾਉਣ ਲਈ ਬੈਤਲਹਮ ਵਿਚ ਆਏ ਹਨ, ਅਤੇ ਯੂਸੁਫ਼ ਅਤੇ ਮਰਿਯਮ ਨੂੰ ਰਹਿਣ ਲਈ ਸਿਰਫ਼ ਇੱਕੋ ਹੀ ਥਾਂ ਲੱਭੀ ਜੋ ਇਕ ਤਬੇਲਾ ਹੈ। ਇੱਥੇ, ਜਿੱਥੇ ਗਧੇ ਅਤੇ ਹੋਰ ਪਸ਼ੂ ਰੱਖੇ ਜਾਂਦੇ ਹਨ, ਯਿਸੂ ਦਾ ਜਨਮ ਹੁੰਦਾ ਹੈ। ਮਰਿਯਮ ਉਸ ਨੂੰ ਕੱਪੜੇ ਦੀਆਂ ਪੱਟੀਆਂ ਵਿਚ ਲਪੇਟਦੀ ਹੈ ਅਤੇ ਉਸ ਨੂੰ ਇਕ ਖੁਰਲੀ ਵਿਚ ਲਿਟਾ ਦਿੰਦੀ ਹੈ, ਉਹ ਥਾਂ ਜਿੱਥੇ ਪਸ਼ੂਆਂ ਲਈ ਚਾਰਾ ਰੱਖਿਆ ਜਾਂਦਾ ਹੈ।

ਯਕੀਨਨ ਇਹ ਪਰਮੇਸ਼ੁਰ ਦੇ ਨਿਰਦੇਸ਼ਨ ਤੇ ਹੀ ਕੈਸਰ ਔਗੂਸਤੁਸ ਨੇ ਨਾਂ ਦਰਜ ਕਰਵਾਉਣ ਦਾ ਆਪਣਾ ਨਿਯਮ ਬਣਾਇਆ ਸੀ। ਇਸ ਨੇ ਯਿਸੂ ਦੇ ਜਨਮ ਨੂੰ ਬੈਤਲਹਮ ਵਿਚ ਹੋਣਾ ਸੰਭਵ ਬਣਾਇਆ, ਉਹ ਨਗਰ ਜਿਸ ਨੂੰ ਸ਼ਾਸਤਰ ਵਿਚ ਬਹੁਤ ਸਮੇਂ ਪਹਿਲਾਂ ਹੀ ਪੂਰਵ–ਸੂਚਿਤ ਕੀਤਾ ਗਿਆ ਸੀ ਕਿ ਇਹੋ ਹੀ ਵਾਅਦਾ ਕੀਤੇ ਹੋਏ ਰਾਜੇ ਦਾ ਜਨਮ ਸਥਾਨ ਹੋਵੇਗਾ।

ਇਹ ਰਾਤ ਕਿੰਨੀ ਹੀ ਮਹੱਤਵਪੂਰਣ ਹੈ! ਬਾਹਰ ਮੈਦਾਨ ਵਿਚ ਚਰਵਾਹਿਆਂ ਦੇ ਇਕ ਸਮੂਹ ਦੇ ਆਲੇ-ਦੁਆਲੇ ਇਕ ਉੱਜਲ ਰੌਸ਼ਨੀ ਚਮਕਦੀ ਹੈ। ਇਹ ਯਹੋਵਾਹ ਦਾ ਤੇਜ ਹੈ! ਅਤੇ ਯਹੋਵਾਹ ਦਾ ਦੂਤ ਉਨ੍ਹਾਂ ਨੂੰ ਦੱਸਦਾ ਹੈ: “ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ, ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ। ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ­ਵਿੱਚ ­ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।” ਅਚਾਨਕ ਹੀ ਅਨੇਕ ਹੋਰ ਦੂਤ ਪ੍ਰਗਟ ਹੁੰਦੇ ਹਨ ਅਤੇ ਗਾਉਣ ਲੱਗਦੇ ਹਨ: “ਪਰਮਧਾਮ ਵਿੱਚ ਪਰਮੇਸ਼ੁਰ ਦੀ ­ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।”

ਜਦੋਂ ਦੂਤ ਚਲੇ ਜਾਂਦੇ ਹਨ, ਤਾਂ ਚਰਵਾਹੇ ਇਕ ਦੂਜੇ ਨੂੰ ਕਹਿੰਦੇ ਹਨ: “ਆਓ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ।” ਉਹ ਜਲਦੀ-ਜਲਦੀ ਜਾਂਦੇ ਹਨ ਅਤੇ ਯਿਸੂ ਨੂੰ ਉੱਥੇ ਹੀ ਪਾਉਂਦੇ ਹਨ ਜਿੱਥੇ ਦੂਤ ਨੇ ਕਿਹਾ ਸੀ। ਜਦੋਂ ਚਰਵਾਹੇ ਦੂਤ ਦੀ ਦੱਸੀ ਹੋਈ ­ਗੱਲ ਬਿਆਨ ਕਰਦੇ ਹਨ, ਤਾਂ ਇਸ ਬਾਰੇ ਸੁਣਨ ਵਾਲੇ ਸਭ ਹੈਰਾਨ ਹੁੰਦੇ ਹਨ। ­ਮਰਿਯਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿਚ ਪ੍ਰਿਯ ਜਾਣ ਕੇ ਸੰਭਾਲ ਕੇ ਰੱਖਦੀ ਹੈ।

ਅੱਜ ਬਹੁਤ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ 25 ਦਸੰਬਰ ਨੂੰ ਪੈਦਾ ਹੋਇਆ ਸੀ। ਪਰੰਤੂ ਬੈਤਲਹਮ ਵਿਚ ਦਸੰਬਰ ਇਕ ਬਰਸਾਤੀ, ਠੰਡਾ ਮੌਸਮ ਹੁੰਦਾ ਹੈ। ਵਰ੍ਹੇ ਦੇ ਇਸ ਸਮੇਂ ਤੇ ਚਰਵਾਹੇ ਆਪਣੇ ਝੁੰਡ ਨਾਲ ਰਾਤ ਵੇਲੇ ਬਾਹਰ ਮੈਦਾਨ ਵਿਚ ਨਹੀਂ ਹੋਣਗੇ। ਨਾਲੇ, ਇਹ ਸੰਭਵ ਨਹੀਂ ਹੈ ਕਿ ਰੋਮੀ ਕੈਸਰ ਉਨ੍ਹਾਂ ਲੋਕਾਂ ਤੋਂ ਜੋ ਪਹਿਲਾਂ ਹੀ ਉਸ ਦੇ ਵਿਰੁੱਧ ਵਿਦਰੋਹ ਦੀ ਪ੍ਰਵਿਰਤੀ ਰੱਖਦੇ ਸਨ, ਘਾਤਕ ਸਰਦੀ ਵਿਚ ਸਫਰ ਕਰ ਕੇ ਨਾਂ ਦਰਜ ਕਰਵਾਉਣ ਦੀ ਮੰਗ ਕਰੇਗਾ। ਸਪੱਸ਼ਟ ਹੈ ਕਿ ਯਿਸੂ ਵਰ੍ਹੇ ਦੀ ਪਤਝੜ ਰੁੱਤ ਦੇ ਸ਼ੁਰੂ ਵਿਚ ਕਿਸੇ ਸਮੇਂ ਪੈਦਾ ਹੋਇਆ ਸੀ। ਲੂਕਾ 2:​1-20; ਮੀਕਾਹ 5:⁠2.

▪ ਯੂਸੁਫ਼ ਅਤੇ ਮਰਿਯਮ ਬੈਤਲਹਮ ਨੂੰ ਕਿਉਂ ਸਫਰ ਕਰਦੇ ਹਨ?

▪ ਯਿਸੂ ਦੇ ਜਨਮ ਵਾਲੀ ਰਾਤ ਨੂੰ ਕਿਹੜੀ ਅਚੰਭੇ ਵਾਲੀ ਗੱਲ ਵਾਪਰੀ?

▪ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਿਸੂ 25 ਦਸੰਬਰ ਨੂੰ ਨਹੀਂ ਪੈਦਾ ਹੋਇਆ ਸੀ?