Skip to content

Skip to table of contents

ਯਿਸੂ ਦੇ ਜੱਦੀ-ਨਗਰ ਦੇ ਯਹੂਦੀ ਸਭਾ-ਘਰ ਵਿਚ

ਯਿਸੂ ਦੇ ਜੱਦੀ-ਨਗਰ ਦੇ ਯਹੂਦੀ ਸਭਾ-ਘਰ ਵਿਚ

ਅਧਿਆਇ 21

ਯਿਸੂ ਦੇ ਜੱਦੀ-ਨਗਰ ਦੇ ਯਹੂਦੀ ਸਭਾ-ਘਰ ਵਿਚ

ਕੋਈ ਸ਼ੱਕ ਨਹੀਂ ਕਿ ਨਾਸਰਤ ਵਿਚ ਖਲਬਲੀ ਮਚ ਜਾਂਦੀ ਹੈ ਜਦੋਂ ਯਿਸੂ ਆਪਣੇ ਘਰ ਮੁੜਦਾ ਹੈ। ਜਦੋਂ ਉਹ ਇਕ ਵਰ੍ਹੇ ਤੋਂ ਥੋੜ੍ਹਾ ਜ਼ਿਆਦਾ ਸਮਾਂ ਪਹਿਲਾਂ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਗਿਆ ਸੀ, ਉਸ ਸਮੇਂ ਯਿਸੂ ਇਕ ਤਰਖਾਣ ਵਜੋਂ ਜਾਣਿਆ ਜਾਂਦਾ ਸੀ। ਪਰੰਤੂ ਹੁਣ ਉਹ ਦੂਰ-ਦੂਰ ਤਕ ਚਮਤਕਾਰ ਕਰਨ ਵਾਲੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸਥਾਨਕ ਨਾਗਰਿਕ ਉਸ ਨੂੰ ਆਪਣੇ ਦਰਮਿਆਨ ਕੁਝ ਇਨ੍ਹਾਂ ਅਦਭੁਤ ਕੰਮਾਂ ਨੂੰ ਕਰਦੇ ਹੋਏ ਦੇਖਣ ਲਈ ਉਤਸੁਕ ਹਨ।

ਉਨ੍ਹਾਂ ਦੀ ਆਸ ਵਧਦੀ ਹੈ ਜਿਵੇਂ ਯਿਸੂ ਆਪਣੇ ਦਸਤੂਰ ਅਨੁਸਾਰ ਸਥਾਨਕ ਯਹੂਦੀ ਸਭਾ-ਘਰ ਵਿਚ ਜਾਂਦਾ ਹੈ। ਸੇਵਾਵਾਂ ਦੇ ਦੌਰਾਨ, ਉਹ ਪੜ੍ਹਨ ਨੂੰ ਖੜ੍ਹਾ ਹੁੰਦਾ ਹੈ ਅਤੇ ਯਸਾਯਾਹ ਨਬੀ ਦੀ ਪੋਥੀ ਉਸ ਨੂੰ ਦਿੱਤੀ ਜਾਂਦੀ ਹੈ। ਉਹ ਉਸ ਭਾਗ ਨੂੰ ਲੱਭਦਾ ਹੈ ਜਿੱਥੇ ਇਹ ਯਹੋਵਾਹ ਦੀ ਆਤਮਾ ਦੁਆਰਾ ਮਸਹ ਕੀਤੇ ਹੋਏ ਵਿਅਕਤੀ ਬਾਰੇ ਦੱਸਦਾ ਹੈ, ਜੋ ਅੱਜ ਸਾਡੀ ਬਾਈਬਲ ਵਿਚ ਅਧਿਆਇ 61 ਹੈ।

ਇਹ ਪੜ੍ਹਨ ਤੋਂ ਬਾਅਦ ਕਿ ਕਿਵੇਂ ਇਹ ਵਿਅਕਤੀ ਬੰਧੂਆਂ ਦੇ ਛੁੱਟਣ ਦਾ, ਅੰਨ੍ਹਿਆਂ ਨੂੰ ਦੇਖਣ ਦਾ, ਅਤੇ ਯਹੋਵਾਹ ਦੀ ਮਨਜ਼ੂਰੀ ਦੇ ਵਰ੍ਹੇ ਦਾ ਪ੍ਰਚਾਰ ਕਰੇਗਾ, ਯਿਸੂ ਮੁੜ ਸੇਵਕ ਨੂੰ ਪੋਥੀ ਫੜਾਉਂਦਾ ਹੈ ਅਤੇ ਬੈਠ ਜਾਂਦਾ ਹੈ। ਸਾਰੀਆਂ ਅੱਖਾਂ ਉਤਸੁਕਤਾ ਨਾਲ ਉਸ ਉੱਪਰ ਲੱਗੀਆਂ ਹੋਈਆਂ ਹਨ। ਫਿਰ ਉਹ ਸ਼ਾਇਦ ਕੁਝ ਵੇਰਵੇ ਸਹਿਤ ਸਮਝਾਉਂਦੇ ਹੋਏ ਬੋਲਦਾ ਹੈ: “ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।”

ਲੋਕੀ ਉਸ ਦੇ ਮੂੰਹੋਂ ਨਿਕਲ ਰਹੇ “ਮਨਮੋਹਕ ਸ਼ਬਦਾਂ” (ਨਿ ਵ) ਤੇ ਅਚੰਭਾ ਕਰਦੇ ਹਨ ਅਤੇ ਇਕ ਦੂਜੇ ਨੂੰ ਆਖਦੇ ਹਨ: “ਭਲਾ, ਇਹ ਯੂਸੁਫ਼ ਦਾ ਪੁੱਤ੍ਰ ਨਹੀਂ?” ਪਰੰਤੂ ਇਹ ਜਾਣਦੇ ਹੋਏ ਕਿ ਉਹ ਉਸ ਨੂੰ ਚਮਤਕਾਰ ਕਰਦੇ ਦੇਖਣਾ ਚਾਹੁੰਦੇ ਹਨ, ਯਿਸੂ ਅੱਗੇ ­ਕਹਿੰਦਾ ਹੈ: “ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸਾਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਐਥੇ ਆਪਣੇ ਦੇਸ ਵਿੱਚ ਵੀ ਕਰ।” ਸਪੱਸ਼ਟ ਤੌਰ ਤੇ ਯਿਸੂ ਦੇ ਪੁਰਾਣੇ ਗੁਆਂਢੀ ਮਹਿਸੂਸ ਕਰਦੇ ਹਨ ਕਿ ਚੰਗਾਈ ਦਾ ਕੰਮ ਪਹਿਲਾਂ ਆਪਣੇ ਲੋਕਾਂ ਦੇ ਲਾਭ ਲਈ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਇਸ ਲਈ ਉਹ ਮਹਿਸੂਸ ਕਰਦੇ ਹਨ ਕਿ ਯਿਸੂ ਨੇ ਉਨ੍ਹਾਂ ਨੂੰ ਅਣਗੌਲੇ ਕੀਤਾ ਹੈ।

ਉਨ੍ਹਾਂ ਦੀਆਂ ਸੋਚਾਂ ਦਾ ਅਨੁਮਾਨ ਲਗਾਉਂਦੇ ਹੋਏ, ਯਿਸੂ ਕੁਝ ਢੁਕਵਾਂ ਇਤਿਹਾਸ ਸੁਣਾਉਂਦਾ ਹੈ। ਉਹ ਦੱਸਦਾ ਹੈ ਕਿ ਏਲੀਯਾਹ ਦੇ ਦਿਨਾਂ ਵਿਚ ਇਸਰਾਏਲ ਵਿਚ ਬਹੁਤ ਵਿਧਵਾਵਾਂ ਸਨ, ਪਰੰਤੂ ਏਲੀਯਾਹ ਉਨ੍ਹਾਂ ਵਿੱਚੋਂ ਕਿਸੇ ਕੋਲ ਨਹੀਂ ਘੱਲਿਆ ਗਿਆ। ਇਸ ਦੀ ਬਜਾਇ, ਉਹ ਸੈਦਾ ਵਿਖੇ ਇਕ ਗ਼ੈਰ-ਇਸਰਾਏਲੀ ਵਿਧਵਾ ਕੋਲ ਗਿਆ, ਜਿੱਥੇ ਉਸ ਨੇ ਪ੍ਰਾਣ-ਰੱਖਿਅਕ ਚਮਤਕਾਰ ਕੀਤਾ। ਅਤੇ ਅਲੀਸ਼ਾ ਦੇ ਦਿਨਾਂ ਵਿਚ ਬਹੁਤ ਸਾਰੇ ਕੋੜ੍ਹੀ ਸਨ, ਪਰੰਤੂ ਅਲੀਸ਼ਾ ਨੇ ਕੇਵਲ ਸੁਰਿਯਾਨੀ ਨਾਮਾਨ ਨੂੰ ਸ਼ੁੱਧ ਕੀਤਾ।

ਉਨ੍ਹਾਂ ਦੇ ਸੁਆਰਥ ਅਤੇ ਨਿਹਚਾ ਦੀ ਘਾਟ ਨੂੰ ਪ੍ਰਗਟ ਕਰਨ ਵਾਲੀਆਂ ਇਨ੍ਹਾਂ ਪ੍ਰਤਿਕੂਲ ਇਤਿਹਾਸਕ ਤੁਲਨਾਵਾਂ ਤੋਂ ਕ੍ਰੋਧਿਤ ਹੋ ਕੇ, ਉਹ ਜੋ ਯਹੂਦੀ ਸਭਾ-ਘਰ ਵਿਚ ਸਨ ਉਠ ਖੜ੍ਹੇ ਹੁੰਦੇ ਹਨ ਅਤੇ ਯਿਸੂ ਨੂੰ ਖਿੱਚ ਕੇ ਨਗਰ ਤੋਂ ਬਾਹਰ ਲੈ ਜਾਂਦੇ ਹਨ। ਉਹ ਉੱਥੇ ਉਸ ਪਹਾੜੀ, ਜਿਸ ਉੱਤੇ ਨਾਸਰਤ ਵਸਿਆ ਹੋਇਆ ਹੈ, ਦੀ ਚੋਟੀ ਤੋਂ ਉਸ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ ਕਰਦੇ ਹਨ। ਪਰੰਤੂ ਯਿਸੂ ਉਨ੍ਹਾਂ ਦੀ ਪਕੜ ਤੋਂ ਛੁੱਟ ਕੇ ਸੁਰੱਖਿਅਤ ਬਚ ਨਿਕਲਦਾ ਹੈ। ਲੂਕਾ 4:​16-30; 1 ਰਾਜਿਆਂ 17:​8-16; 2 ਰਾਜਿਆਂ 5:​8-14.

▪ ਨਾਸਰਤ ਵਿਚ ਖਲਬਲੀ ਕਿਉਂ ਮਚ ਜਾਂਦੀ ਹੈ?

▪ ਲੋਕੀ ਯਿਸੂ ਦੇ ਭਾਸ਼ਣ ਦੇ ਬਾਰੇ ਕੀ ਸੋਚਦੇ ਹਨ, ਪਰੰਤੂ ਫਿਰ ਉਨ੍ਹਾਂ ਨੂੰ ਕਿਹੜੀ ਗੱਲ ਤੋਂ ਇੰਨਾ ਗੁੱਸਾ ਚੜ੍ਹਦਾ ਹੈ?

▪ ਲੋਕੀ ਯਿਸੂ ਨਾਲ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ?