Skip to content

Skip to table of contents

ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨ

ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨ

ਅਧਿਆਇ 92

ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨ

ਯਿਸੂ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਗਰ, ਜੋ ਸ਼ਾਇਦ ਯਰੂਸ਼ਲਮ ਦੇ ਕੇਵਲ 24-ਕੁ ਕਿਲੋਮੀਟਰ ਉੱਤਰ-ਪੂਰਬ ਵਿਚ ਹੈ, ਨੂੰ ਸਫਰ ਕਰਨ ਦੇ ਦੁਆਰਾ ਮਹਾਸਭਾ ਦੀ ਉਸ ਨੂੰ ਮਾਰਨ ਦੀ ਕੋਸ਼ਿਸ਼ ਨੂੰ ਅਸਫਲ ਬਣਾ ਦਿੰਦਾ ਹੈ। ਉੱਥੇ ਉਹ ਆਪਣੇ ਵੈਰੀਆਂ ਤੋਂ ਦੂਰ, ਆਪਣੇ ਚੇਲਿਆਂ ਨਾਲ ਰਹਿੰਦਾ ਹੈ।

ਪਰੰਤੂ, 33 ਸਾ.ਯੁ. ਦੇ ਪਸਾਹ ਦਾ ਸਮਾਂ ਲਾਗੇ ਆ ਰਿਹਾ ਹੈ, ਅਤੇ ਜਲਦੀ ਹੀ ਯਿਸੂ ਫਿਰ ਸਫਰ ਤੇ ਨਿਕਲ ਪੈਂਦਾ ਹੈ। ਉਹ ਸਾਮਰਿਯਾ ਵਿੱਚੋਂ ਸਫਰ ਕਰਦੇ ਹੋਏ ਗਲੀਲ ਵਿਖੇ ਪਹੁੰਚਦਾ ਹੈ। ਆਪਣੀ ਮੌਤ ਤੋਂ ਪਹਿਲਾਂ ਇਸ ਇਲਾਕੇ ਵਿਚ ਇਹ ਉਸ ਦੀ ਆਖ਼ਰੀ ਯਾਤਰਾ ਹੈ। ਜਦੋਂ ਕਿ ਉਹ ਗਲੀਲ ਵਿਚ ਹਨ, ਸੰਭਵ ਹੈ ਕਿ ਉਹ ਅਤੇ ਉਸ ਦੇ ਚੇਲੇ ਹੋਰ ਬਹੁਤ ਸਾਰੇ ਲੋਕਾਂ ਨਾਲ ਮਿਲ ਜਾਂਦੇ ਹਨ ਜਿਹੜੇ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਜਾ ਰਹੇ ਹਨ। ਉਹ ਯਰਦਨ ਨਦੀ ਦੇ ਪੂਰਬ ਵਿਚ, ਪੀਰਿਆ ਦੇ ਜ਼ਿਲ਼੍ਹੇ ਵਿੱਚੋਂ ਜਾਣ ਵਾਲਾ ਰਾਹ ਲੈਂਦੇ ਹਨ।

ਸਫਰ ਦੇ ਸ਼ੁਰੂ ਵਿਚ, ਜਦੋਂ ਯਿਸੂ ਸ਼ਾਇਦ ਸਾਮਰਿਯਾ ਜਾਂ ਗਲੀਲ ਦੇ ਇਕ ਪਿੰਡ ਵਿਚ ਦਾਖ਼ਲ ਹੋ ਰਿਹਾ ਹੁੰਦਾ ਹੈ, ਤਾਂ ਉਸ ਨੂੰ ਦਸ ਆਦਮੀ ਮਿਲਦੇ ਹਨ ਜਿਨ੍ਹਾਂ ਨੂੰ ਕੋੜ੍ਹ ਦੀ ਬੀਮਾਰੀ ਹੈ। ਇਹ ਭਿਆਨਕ ਬੀਮਾਰੀ ਹੌਲੀ-ਹੌਲੀ ਇਕ ਵਿਅਕਤੀ ਦੇ ਸਰੀਰ ਦੇ ਹਿੱਸਿਆਂ​— ਉਸ ਦੇ ਹੱਥਾਂ-ਪੈਰਾਂ ਦੀਆਂ ਉਂਗਲੀਆਂ, ਉਸ ਦੇ ਕੰਨਾਂ, ਉਸ ਦੀ ਨੱਕ, ਅਤੇ ਉਸ ਦੇ ਬੁਲ੍ਹਾਂ, ਨੂੰ ਖਾ ਜਾਂਦੀ ਹੈ। ਛੂਤ ਤੋਂ ਦੂਸਰਿਆਂ ਨੂੰ ਬਚਾਉਣ ਲਈ, ਪਰਮੇਸ਼ੁਰ ਦੀ ਬਿਵਸਥਾ ਇਕ ਕੋੜ੍ਹੀ ਦੇ ਸੰਬੰਧ ਵਿਚ ਕਹਿੰਦੀ ਹੈ: “ਆਪਣੇ ਉਤਲੇ ਹੋਠ ਉੱਤੇ ਕੁਝ ਕੱਜ ਕੇ ਏਹ ਹਾਕਾਂ ਮਾਰੇ, ‘ਅਸ਼ੁੱਧ! ਅਸ਼ੁੱਧ!’ ਜਿੰਨੇ ਦਿਨ ਉਹ ਰੋਗ ਉਸ ਦੇ ਵਿੱਚ ਰਹੇ ਉਹ ਭ੍ਰਿਸ਼ਟ ਰਹੇ, . . . ਉਹ ਇਕੱਲਾ ਵਸੇ।”

ਇਹ ਦਸ ਕੋੜ੍ਹੀ ਬਿਵਸਥਾ ਦੇ ਅਨੁਸਾਰ ਕੋੜ੍ਹੀਆਂ ਲਈ ਮਨਾਹੀਆਂ ਦੀ ਪਾਲਣਾ ਕਰਦੇ ਹਨ ਅਤੇ ਯਿਸੂ ਤੋਂ ਕਾਫ਼ੀ ਹੀ ਦੂਰ ਖੜ੍ਹੇ ਰਹਿੰਦੇ ਹਨ। ਫਿਰ ਵੀ, ਉਹ ਉੱਚੀ ਆਵਾਜ਼ਾਂ ਵਿਚ ਚਿਲਾਉਂਦੇ ਹਨ: “ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ!”

ਉਨ੍ਹਾਂ ਨੂੰ ਦੂਰੋਂ ਦੇਖ ਕੇ, ਯਿਸੂ ਹੁਕਮ ਦਿੰਦਾ ਹੈ: “ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ।” ਯਿਸੂ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਪਰਮੇਸ਼ੁਰ ਦੀ ਬਿਵਸਥਾ ਜਾਜਕਾਂ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਉਨ੍ਹਾਂ ਕੋੜ੍ਹੀਆਂ ਨੂੰ, ਜਿਹੜੇ ਆਪਣੀ ਬੀਮਾਰੀ ਤੋਂ ਚੰਗੇ ਹੋ ਗਏ ਹਨ, ਰਾਜ਼ੀ ਘੋਸ਼ਿਤ ਕਰਨ। ਇਸ ਤਰ੍ਹਾਂ ਅਜਿਹੇ ਵਿਅਕਤੀ ਫਿਰ ਤੋਂ ਤੰਦਰੁਸਤ ਲੋਕਾਂ ਨਾਲ ਰਹਿਣ ਦੀ ਮਨਜ਼ੂਰੀ ਪ੍ਰਾਪਤ ਕਰਦੇ ਹਨ।

ਇਹ ਦਸ ਕੋੜ੍ਹੀ ਯਿਸੂ ਦੀਆਂ ਚਮਤਕਾਰੀ ਸ਼ਕਤੀਆਂ ਉੱਤੇ ਭਰੋਸਾ ਰੱਖਦੇ ਹਨ। ਇਸ ਲਈ ਉਹ ਜਲਦੀ ਨਾਲ ਜਾਜਕਾਂ ਨੂੰ ਮਿਲਣ ਲਈ ਦੌੜ੍ਹੇ ਜਾਂਦੇ ਹਨ, ਭਾਵੇਂ ਕਿ ਉਹ ਅਜੇ ਤਕ ਚੰਗੇ ਨਹੀਂ ਹੋਏ ਹਨ। ਰਾਹ ਵਿਚ ਹੀ, ਯਿਸੂ ਉੱਤੇ ਉਨ੍ਹਾਂ ਦੀ ਨਿਹਚਾ ਪ੍ਰਤਿਫਲ ਲਿਆਉਂਦੀ ਹੈ। ਉਹ ਆਪਣੀ ਮੁੜ ਬਹਾਲ ਕੀਤੀ ਸਿਹਤ ਨੂੰ ਦੇਖਣ ਅਤੇ ਮਹਿਸੂਸ ਕਰਨ ਲੱਗ ਪੈਂਦੇ ਹਨ!

ਸ਼ੁੱਧ ਕੀਤੇ ਗਏ ਨੌ ਕੋੜ੍ਹੀ ਆਪਣੇ ਰਾਹ ਤੁਰੇ ਜਾਂਦੇ ਹਨ, ਪਰੰਤੂ ਦੂਜਾ ਕੋੜ੍ਹੀ, ਇਕ ਸਾਮਰੀ, ਯਿਸੂ ਨੂੰ ਲੱਭਣ ਲਈ ਮੁੜਦਾ ਹੈ। ਕਿਉਂ? ਕਿਉਂਕਿ ਉਸ ਨਾਲ ਜੋ ਕੁਝ ਹੋਇਆ ਹੈ ਉਸ ਲਈ ਉਹ ਬਹੁਤ ਸ਼ੁਕਰਗੁਜ਼ਾਰ ਹੈ। ਉਹ ਉੱਚੀ ਆਵਾਜ਼ ਵਿਚ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ, ਅਤੇ ਜਦੋਂ ਉਹ ਯਿਸੂ ਨੂੰ ਲੱਭਦਾ ਹੈ, ਤਾਂ ਉਹ ਉਸ ਦੇ ਪੈਰਾਂ ਤੇ ਡਿੱਗ ਕੇ ਉਸ ਦਾ ਧੰਨਵਾਦ ਕਰਦਾ ਹੈ।

ਜਵਾਬ ਵਿਚ ਯਿਸੂ ਕਹਿੰਦਾ ਹੈ: “ਭਲਾ, ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌ ਕਿੱਥੇ ਹਨ? ਇਸ ਓਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ?”

ਫਿਰ ਉਹ ਸਾਮਰੀ ਆਦਮੀ ਨੂੰ ਕਹਿੰਦਾ ਹੈ: “ਉੱਠ ਕੇ ਚੱਲਿਆ ਜਾਹ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।”

ਜਦੋਂ ਅਸੀਂ ਯਿਸੂ ਦਾ ਦਸ ਕੋੜ੍ਹੀਆਂ ਨੂੰ ਚੰਗੇ ਕਰਨ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਉਸ ਦੇ ਉਸ ਸਵਾਲ ਦੇ ਭਾਵ ਨੂੰ ਆਪਣੇ ਦਿਲ ਵਿਚ ਬਿਠਾਉਣਾ ਚਾਹੀਦਾ ਹੈ: “ਤਾਂ ਓਹ ਨੌ ਕਿੱਥੇ ਹਨ?” ਨੌਆਂ ਦੁਆਰਾ ਜੋ ਨਾ-ਸ਼ੁਕਰਗੁਜ਼ਾਰੀ ਪ੍ਰਗਟ ਕੀਤੀ ਗਈ, ਉਹ ਇਕ ਗੰਭੀਰ ਕਮਜ਼ੋਰੀ ਹੈ। ਕੀ ਅਸੀਂ, ਉਸ ਸਾਮਰੀ ਵਾਂਗ, ਪਰਮੇਸ਼ੁਰ ਤੋਂ ਪ੍ਰਾਪਤ ਚੀਜ਼ਾਂ ਲਈ ਆਪਣੇ ਆਪ ਨੂੰ ਧੰਨਵਾਦੀ ਦਿਖਾਵਾਂਗੇ, ਜਿਸ ਵਿਚ ਪਰਮੇਸ਼ੁਰ ਦੇ ਧਾਰਮਿਕ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦਾ ਨਿਸ਼ਚਿਤ ਵਾਅਦਾ ਵੀ ਸ਼ਾਮਲ ਹੈ? ਯੂਹੰਨਾ 11:​54, 55; ਲੂਕਾ 17:​11-19; ਲੇਵੀਆਂ 13:​16, 17, 45, 46; ਪਰਕਾਸ਼ ਦੀ ਪੋਥੀ 21:​3, 4.

▪ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਨੂੰ ਉਹ ਕਿਸ ਤਰ੍ਹਾਂ ਅਸਫਲ ਬਣਾ ਦਿੰਦਾ ਹੈ?

▪ ਫਿਰ ਯਿਸੂ ਕਿੱਥੇ ਸਫਰ ਕਰਦਾ ਹੈ, ਅਤੇ ਉਸ ਦੀ ਮੰਜ਼ਿਲ ਕੀ ਹੈ?

▪ ਕੋੜ੍ਹੀ ਦੂਰ ਕਿਉਂ ਖੜ੍ਹੇ ਰਹਿੰਦੇ ਹਨ, ਅਤੇ ਯਿਸੂ ਉਨ੍ਹਾਂ ਨੂੰ ਜਾਜਕਾਂ ਕੋਲ ਜਾਣ ਲਈ ਕਿਉਂ ਕਹਿੰਦਾ ਹੈ?

▪ ਸਾਨੂੰ ਇਸ ਅਨੁਭਵ ਤੋਂ ਕੀ ਸਬਕ ਸਿੱਖਣਾ ਚਾਹੀਦਾ ਹੈ?