Skip to content

Skip to table of contents

ਯਿਸੂ ਧਰਤੀ ਤੇ ਕਿਉਂ ਆਇਆ

ਯਿਸੂ ਧਰਤੀ ਤੇ ਕਿਉਂ ਆਇਆ

ਅਧਿਆਇ 24

ਯਿਸੂ ਧਰਤੀ ਤੇ ਕਿਉਂ ਆਇਆ

ਕਫ਼ਰਨਾਹੂਮ ਵਿਚ ਆਪਣੇ ਚਾਰ ਚੇਲਿਆਂ ਨਾਲ ਯਿਸੂ ਦਾ ਦਿਨ ਵਿਅਸਤ ਰਿਹਾ ਹੈ, ਜੋ ਕਿ ਉਦੋਂ ਮੁੱਕਦਾ ਹੈ ਜਦੋਂ ਸ਼ਾਮ ਦੇ ਵੇਲੇ ਕਫ਼ਰਨਾਹੂਮ ਦੇ ਲੋਕ ਆਪਣੇ ਸਾਰੇ ਬੀਮਾਰਾਂ ਨੂੰ ਉਸ ਕੋਲ ਚੰਗੇ ਹੋਣ ਲਈ ਲਿਆਉਂਦੇ ਹਨ। ਇਕਲਵੰਝ ਲਈ ਥੋੜ੍ਹਾ ਵੀ ਸਮਾਂ ਨਹੀਂ ਮਿਲਦਾ ਹੈ।

ਹੁਣ ਅਗਲੀ ਸਵੇਰ ਦਾ ਤੜਕਾ ਹੈ। ਜਦੋਂ ਕਿ ਅਜੇ ਹਨੇਰਾ ਹੀ ਹੁੰਦਾ ਹੈ, ਯਿਸੂ ਉਠ ਕੇ ਇਕੱਲਾ ਹੀ ਬਾਹਰ ਨਿਕਲ ਜਾਂਦਾ ਹੈ। ਉਹ ਇਕ ਸੁੰਨਸਾਨ ਥਾਂ ਨੂੰ ਜਾਂਦਾ ਹੈ ਜਿੱਥੇ ਉਹ ਆਪਣੇ ਪਿਤਾ ਨੂੰ ਇਕਾਂਤ ਵਿਚ ਪ੍ਰਾਰਥਨਾ ਕਰ ਸਕਦਾ ਹੈ। ਪਰੰਤੂ ਯਿਸੂ ਦੀ ਇਕਲ­ਵੰਝ ਥੋੜ੍ਹੀ ਦੇਰ ਹੀ ਰਹਿੰਦੀ ਹੈ ਕਿਉਂਕਿ ਜਦੋਂ ਪਤਰਸ ਅਤੇ ਬਾਕੀਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਲਾਪਤਾ ਹੈ, ਤਾਂ ਉਹ ਉਸ ਨੂੰ ਲੱਭਣ ਲਈ ਜਾਂਦੇ ਹਨ।

ਜਦੋਂ ਉਹ ਯਿਸੂ ਨੂੰ ਲੱਭ ਲੈਂਦੇ ਹਨ, ਤਾਂ ਪਤਰਸ ਕਹਿੰਦਾ ਹੈ: “ਤੈਨੂੰ ਸੱਭੇ ਭਾਲਦੇ ਹਨ।” ਕਫ਼ਰਨਾਹੂਮ ਦੇ ਲੋਕੀ ਚਾਹੁੰਦੇ ਹਨ ਕਿ ਯਿਸੂ ਉਨ੍ਹਾਂ ਨਾਲ ਠਹਿਰੇ। ਜੋ ਕੁਝ ਉਸ ਨੇ ਉਨ੍ਹਾਂ ਲਈ ਕੀਤਾ ਹੈ ਉਸ ਦੀ ਉਹ ਸੱਚ-ਮੁੱਚ ਕਦਰ ਕਰਦੇ ਹਨ! ਪਰੰਤੂ ਕੀ ਯਿਸੂ ਪ੍ਰਾਥਮਿਕ ਤੌਰ ਤੇ ਅਜਿਹੀ ਚਮਤਕਾਰੀ ਚੰਗਾਈ ਕਰਨ ਵਾਸਤੇ ਧਰਤੀ ਤੇ ਆਇਆ ਸੀ? ਇਸ ਬਾਰੇ ਉਹ ਕੀ ਕਹਿੰਦਾ ਹੈ?

ਬਾਈਬਲ ਦੇ ਇਕ ਬਿਰਤਾਂਤ ਅਨੁਸਾਰ, ਯਿਸੂ ਆਪਣੇ ਚੇਲਿਆਂ ਨੂੰ ਜਵਾਬ ਦਿੰਦਾ ਹੈ: “ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ।” ਭਾਵੇਂ ਕਿ ਲੋਕੀ ਯਿਸੂ ਨੂੰ ਠਹਿਰਨ ਲਈ ਜ਼ੋਰ ਦਿੰਦੇ ਹਨ, ਉਹ ਉਨ੍ਹਾਂ ਨੂੰ ਦੱਸਦਾ ਹੈ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।”

ਜੀ ਹਾਂ, ਯਿਸੂ ਖ਼ਾਸ ਤੌਰ ਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਧਰਤੀ ਤੇ ਆਇਆ ਸੀ, ਜੋ ਉਸ ਦੇ ਪਿਤਾ ਦੇ ਨਾਂ ਦਾ ਦੋਸ਼-ਨਿਵਾਰਣ ਅਤੇ ਸਾਰੀਆਂ ਮਨੁੱਖੀ ਮੁਸੀਬਤਾਂ ਦਾ ਸਥਾਈ ਹੱਲ ਕਰੇਗਾ। ਪਰੰਤੂ, ਇਹ ਸਬੂਤ ਦੇਣ ਲਈ ਕਿ ਉਹ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ, ਯਿਸੂ ਚਮਤਕਾਰੀ ਚੰਗਾਈ ਕਰਦਾ ਹੈ। ਸਦੀਆਂ ਪਹਿਲਾਂ, ਮੂਸਾ ਨੇ ਵੀ ਇਸੇ ਤਰ੍ਹਾਂ ਪਰਮੇਸ਼ੁਰ ਦੇ ਦਾਸ ਦੇ ਤੌਰ ਤੇ ਆਪਣੀ ਪ੍ਰਮਾਣਤਾ ਨੂੰ ਸਥਾਪਿਤ ਕਰਨ ਲਈ ਚਮਤਕਾਰ ਕੀਤੇ ਸਨ।

ਹੁਣ, ਜਦੋਂ ਯਿਸੂ ਹੋਰਨਾਂ ਨਗਰਾਂ ਵਿਚ ਪ੍ਰਚਾਰ ਕਰਨ ਲਈ ਕਫ਼ਰਨਾਹੂਮ ਨੂੰ ਛੱਡਦਾ ਹੈ, ਤਾਂ ਉਸ ਦੇ ਚਾਰ ਚੇਲੇ ਉਸ ਦੇ ਨਾਲ ਜਾਂਦੇ ਹਨ। ਇਹ ਚਾਰ ਹਨ ਪਤਰਸ ਅਤੇ ਉਸ ਦਾ ਭਰਾ ਅੰਦ੍ਰਿਯਾਸ, ਅਤੇ ਯੂਹੰਨਾ ਅਤੇ ਉਸ ਦਾ ਭਰਾ ਯਾਕੂਬ। ਤੁਸੀਂ ਯਾਦ ਕਰੋਗੇ ਕਿ ਸਿਰਫ਼ ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਨੂੰ ਯਿਸੂ ਦੇ ਪਹਿਲੇ ਸਫਰੀ ਸਹਿਕਰਮੀ ਹੋਣ ਦਾ ਸੱਦਾ ਦਿੱਤਾ ਗਿਆ ਸੀ।

ਯਿਸੂ ਨੂੰ ਆਪਣੇ ਚਾਰ ਚੇਲਿਆਂ ਨਾਲ ਗਲੀਲ ਦੀ ਪ੍ਰਚਾਰ ਯਾਤਰਾ ਵਿਚ ਅਦਭੁਤ ਸਫਲਤਾ ਮਿਲਦੀ ਹੈ! ਅਸਲ ਵਿਚ, ਉਸ ਦੇ ਕੰਮਾਂ ਦੀ ਖ਼ਬਰ ਸਾਰੇ ਸੁਰੀਆ ਵਿਚ ਵੀ ਫੈਲ ਜਾਂਦੀ ਹੈ। ਗਲੀਲ, ਯਹੂਦਿਯਾ, ਅਤੇ ਯਰਦਨ ਨਦੀ ਪਾਰ ਤੋਂ ਵੱਡੀਆਂ ਭੀੜਾਂ ਯਿਸੂ ਅਤੇ ਉਸ ਦੇ ਚੇਲਿਆਂ ਦੇ ਪਿੱਛੇ ਹੋ ਤੁਰਦੀਆਂ ਹਨ। ਮਰਕੁਸ 1:​35-39; ਲੂਕਾ 4:​42, 43; ਮੱਤੀ 4:​23-25; ਕੂਚ 4:​1-9, 30, 31.

▪ ਕਫ਼ਰਨਾਹੂਮ ਵਿਚ ਯਿਸੂ ਦੇ ਵਿਅਸਤ ਦਿਨ ਦੀ ਅਗਲੀ ਸਵੇਰ ਨੂੰ ਕੀ ਹੁੰਦਾ ਹੈ?

▪ ਯਿਸੂ ਧਰਤੀ ਤੇ ਕਿਉਂ ਘੱਲਿਆ ਗਿਆ ਸੀ, ਅਤੇ ਉਸ ਦੇ ਚਮਤਕਾਰ ਕਿਸ ਉਦੇਸ਼ ਨੂੰ ਪੂਰਾ ਕਰਦੇ ਹਨ?

▪ ਗਲੀਲ ਦੀ ਪ੍ਰਚਾਰ ਯਾਤਰਾ ਤੇ ਯਿਸੂ ਨਾਲ ਕੌਣ ਜਾਂਦੇ ਹਨ, ਅਤੇ ਯਿਸੂ ਦੇ ਕੰਮਾਂ ਪ੍ਰਤੀ ਕੀ ਪ੍ਰਤਿਕ੍ਰਿਆ ਹੁੰਦੀ ਹੈ?