Skip to content

Skip to table of contents

ਯਿਸੂ ਫਿਰ ਯਰੂਸ਼ਲਮ ਵੱਲ ਜਾਂਦਾ ਹੈ

ਯਿਸੂ ਫਿਰ ਯਰੂਸ਼ਲਮ ਵੱਲ ਜਾਂਦਾ ਹੈ

ਅਧਿਆਇ 82

ਯਿਸੂ ਫਿਰ ਯਰੂਸ਼ਲਮ ਵੱਲ ਜਾਂਦਾ ਹੈ

ਜਲਦੀ ਹੀ ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਸਿੱਖਿਆ ਦਿੰਦੇ ਹੋਏ, ਫਿਰ ਰਾਹ ਤੇ ਤੁਰ ਪੈਂਦਾ ਹੈ। ਸਪੱਸ਼ਟ ਹੈ ਕਿ ਉਹ ਯਹੂਦਿਯਾ ਤੋਂ ਯਰਦਨ ਨਦੀ ਪਾਰ, ਪੀਰਿਆ ਦੇ ਜ਼ਿਲ੍ਹੇ ਵਿਚ ਹੈ। ਪਰੰਤੂ ਉਸ ਦੀ ਮੰਜ਼ਿਲ ਯਰੂਸ਼ਲਮ ਹੈ।

ਯਹੂਦੀ ਫਲਸਫਾ ਕਿ ਕੇਵਲ ਸੀਮਿਤ ਗਿਣਤੀ ਵਾਲੇ ਹੀ ਮੁਕਤੀ ਪ੍ਰਾਪਤ ਕਰਨਗੇ, ਸ਼ਾਇਦ ਇਕ ਆਦਮੀ ਨੂੰ ਇਹ ਪੁੱਛਣ ਲਈ ਪ੍ਰੇਰਿਤ ਕਰਦਾ ਹੈ: “ਪ੍ਰਭੁ ਜੀ ਜਿਹੜੇ ਮੁਕਤੀ ਪਾਉਂਦੇ ਕੀ ਓਹ ਵਿਰਲੇ ਹਨ?” ਆਪਣੇ ਜਵਾਬ ਨਾਲ, ਯਿਸੂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮੁਕਤੀ ਲਈ ਕੀ ਲੋੜੀਂਦਾ ਹੈ: “ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਵੱਡਾ ਯਤਨ [ਯਾਨੀ, ਸੰਘਰਸ਼, ਜਾਂ ਜੱਦੋ-ਜਹਿਦ] ਕਰੋ।”

ਅਜਿਹਾ ਵੱਡਾ ਯਤਨ ਜ਼ਰੂਰੀ ਹੈ “ਕਿਉਂ ਜੋ,” ਯਿਸੂ ਜਾਰੀ ਰੱਖਦਾ ਹੈ, “ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ।” ਉਹ ਕਿਉਂ ਨਹੀਂ ਵੜ ਸਕਣਗੇ? ਉਹ ਸਮਝਾਉਂਦਾ ਹੈ ਕਿ ‘ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦਿੰਦਾ ਹੈ ਅਤੇ ਲੋਕੀ ਬਾਹਰ ਖੜੇ ਹੋ ਕੇ ਇਹ ਕਹਿੰਦੇ ਹੋਏ ਬੂਹਾ ਖੜਕਾਉਣਗੇ ਕਿ ਹੇ ਪ੍ਰਭੁ, ਸਾਡੇ ਲਈ ਖੋਲ੍ਹੋ! ਤਾਂ ਉਹ ਕਹੇਗਾ, ਮੈਂ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ। ਹੇ ਸਭ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!’

ਬਾਹਰ ਬੰਦ ਕੀਤੇ ਗਏ ਲੋਕ ਸਪੱਸ਼ਟ ਤੌਰ ਤੇ ਕੇਵਲ ਆਪਣੇ ਲਈ ਹੀ ਸੁਵਿਧਾਜਨਕ ਸਮੇਂ ਤੇ ਆਉਂਦੇ ਹਨ। ਪਰੰਤੂ ਤਦ ਤਕ ਮੌਕੇ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਸੀ ਅਤੇ ਚਿਟਕਣੀ ਲੱਗ ਚੁੱਕੀ ਸੀ। ਅੰਦਰ ਜਾਣ ਲਈ, ਉਨ੍ਹਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ, ਭਾਵੇਂ ਕਿ ਤਦ ਆਉਣਾ ਸ਼ਾਇਦ ਅਸੁਵਿਧਾਜਨਕ ਸੀ। ਸੱਚ-ਮੁੱਚ ਹੀ, ਯਹੋਵਾਹ ਦੀ ਉਪਾਸਨਾ ਨੂੰ ਆਪਣੇ ਜੀਵਨ ਦਾ ਮੁੱਖ ਉਦੇਸ਼ ਬਣਾਉਣ ਵਿਚ ਢਿੱਲ-ਮੱਠ ਕਰਨ ਵਾਲਿਆਂ ਲਈ ਨਤੀਜਾ ਬੁਰਾ ਹੋਵੇਗਾ!

ਉਨ੍ਹਾਂ ਯਹੂਦੀਆਂ ਜਿਨ੍ਹਾਂ ਦੀ ਸੇਵਾ ਕਰਨ ਲਈ ਯਿਸੂ ਨੂੰ ਘੱਲਿਆ ਗਿਆ ਹੈ, ਵਿੱਚੋਂ ਜ਼ਿਆਦਾਤਰ ਲੋਕਾਂ ਨੇ ਮੁਕਤੀ ਲਈ ਪਰਮੇਸ਼ੁਰ ਦੇ ਪ੍ਰਬੰਧ ਨੂੰ ਕਬੂਲ ਕਰਨ ਦੇ ਆਪਣੇ ਅਦਭੁਤ ਮੌਕੇ ਤੋਂ ਲਾਭ ਨਹੀਂ ਉਠਾਇਆ। ਇਸ ਲਈ ਯਿਸੂ ਕਹਿੰਦਾ ਹੈ ਕਿ ਜਦੋਂ ਉਹ ਬਾਹਰ ਸੁੱਟੇ ਜਾਣਗੇ ਤਾਂ ਉਹ ਰੋਣਗੇ ਅਤੇ ਕਚੀਚੀਆਂ ਵੱਟਣਗੇ। ਦੂਜੇ ਪਾਸੇ, “ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ” ਤੋਂ ਲੋਕ, ਜੀ ਹਾਂ, ਸਾਰੀਆਂ ਕੌਮਾਂ ਤੋਂ ਲੋਕ “ਆਣ ਕੇ ਪਰਮੇਸ਼ੁਰ ਦੇ ਰਾਜ ਦੀ ਪੰਗਤ ਵਿੱਚ ਬੈਠਣ­ਗੇ।”

ਯਿਸੂ ਜਾਰੀ ਰੱਖਦਾ ਹੈ: “ਕਿੰਨੇ ਪਿੱਛਲੇ [ਘਿਰਣਿਤ ਗ਼ੈਰ-ਯਹੂਦੀ, ਨਾਲ ਹੀ ਲਤਾੜੇ ਹੋਏ ਯਹੂਦੀ] ਹਨ ਜਿਹੜੇ ਪਹਿਲੇ ਹੋਣਗੇ ਅਤੇ ਪਹਿਲੇ [ਭੌਤਿਕ ਅਤੇ ਧਾਰਮਿਕ ਤੌਰ ਤੇ ਨਿਵਾਜੇ ਯਹੂਦੀ] ਹਨ ਜਿਹੜੇ ਪਿੱਛਲੇ ਹੋਣਗੇ।” ਉਨ੍ਹਾਂ ਦਾ ਪਿਛਲੇ ਹੋਣ ਦਾ ਮਤਲਬ ਹੈ ਕਿ ਅਜਿਹੇ ਆਲਸੀ, ਨਾਸ਼ੁਕਰੇ ਲੋਕ ਪਰਮੇਸ਼ੁਰ ਦੇ ਰਾਜ ਵਿਚ ਬਿਲਕੁਲ ਨਹੀਂ ਹੋਣਗੇ।

ਫ਼ਰੀਸੀ ਹੁਣ ਯਿਸੂ ਕੋਲ ਆ ਕੇ ਕਹਿੰਦੇ ਹਨ: “ਐਥੋਂ ਨਿੱਕਲ ਕੇ ਚੱਲਿਆ ਜਾਹ ਕਿਉਂ ਜੋ ਹੇਰੋਦੇਸ [ਅੰਤਿਪਾਸ] ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।” ਸ਼ਾਇਦ ਹੇਰੋਦੇਸ ਨੇ ਖ਼ੁਦ ਹੀ ਇਹ ਅਫ਼ਵਾਹ ਫੈਲਾਈ ਹੋਵੇ ਤਾਂਕਿ ਯਿਸੂ ਇਸ ਇਲਾਕੇ ਤੋਂ ਦੌੜ ਜਾਵੇ। ਹੇਰੋਦੇਸ ਸ਼ਾਇਦ ਪਰਮੇਸ਼ੁਰ ਦੇ ਇਕ ਹੋਰ ਨਬੀ ਦੀ ਮੌਤ ਵਿਚ ਸ਼ਾਮਲ ਹੋਣ ਤੋਂ ਡਰ ਰਿਹਾ ਹੈ, ਜਿਵੇਂ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕਤਲ ਵਿਚ ਸ਼ਾਮਲ ਸੀ। ਪਰੰਤੂ ਯਿਸੂ ਫ਼ਰੀਸੀਆਂ ਨੂੰ ਦੱਸਦਾ ਹੈ: “ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਭਈ ਵੇਖ ਮੈਂ ਅੱਜ ਅਰ ਕੱਲ੍ਹ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਅਤੇ ਨਰੋਆ ਕਰਦਾ ਹਾਂ ਅਰ ਤੀਏ ਦਿਨ ਪੂਰਾ ਹੋ ਜਾਵਾਂਗਾ।”

ਉੱਥੇ ਆਪਣਾ ਕੰਮ ਸਮਾਪਤ ਕਰਨ ਤੋਂ ਬਾਅਦ, ਯਿਸੂ ਯਰੂਸ਼ਲਮ ਵੱਲ ਆਪਣੀ ਯਾਤਰਾ ਜਾਰੀ ਰੱਖਦਾ ਹੈ ਕਿਉਂਕਿ, ਜਿਵੇਂ ਉਹ ਸਮਝਾਉਂਦਾ ਹੈ, “ਇਹ ਨਹੀਂ ਹੋ ਸੱਕਦਾ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ।” ਇਸ ਦਾ ਕਿਉਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਯਿਸੂ ਯਰੂਸ਼ਲਮ ਵਿਚ ਮਾਰਿਆ ਜਾਵੇਗਾ? ਕਿਉਂਕਿ ਯਰੂਸ਼ਲਮ ਰਾਜਧਾਨੀ ਹੈ, ਜਿੱਥੇ 71-ਸਦੱਸਾਂ ਦੀ ਮਹਾਸਭਾ ਉੱਚ ਅਦਾਲਤ ਸਥਿਤ ਹੈ ਅਤੇ ਜਿੱਥੇ ਪਸ਼ੂਆਂ ਦੇ ਬਲੀਦਾਨ ਚੜ੍ਹਾਏ ਜਾਂਦੇ ਹਨ। ਇਸ ਲਈ, ‘ਪਰਮੇਸ਼ੁਰ ਦੇ ਲੇਲੇ’ ਨੂੰ ਯਰੂਸ਼ਲਮ ਨੂੰ ਛੱਡ ਹੋਰ ਕਿਤੇ ਮਾਰਿਆ ਜਾਣਾ ਇਕ ਅਪ੍ਰਵਾਨਯੋਗ ਗੱਲ ਹੋਵੇਗੀ।

“ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਹੋਏ ਹਨ ਪਥਰਾਉ ਕਰਦਾ ਹੈਂ,” ਯਿਸੂ ਸੋਗ ਕਰਦਾ ਹੈ, “ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠਾ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” ਪਰਮੇਸ਼ੁਰ ਦੇ ਪੁੱਤਰ ਨੂੰ ਰੱਦ ਕਰਨ ਦੇ ਲਈ, ਇਸ ਕੌਮ ਦਾ ਵਿਨਾਸ਼ ਨਿਸ਼ਚਿਤ ਹੈ!

ਜਿਵੇਂ ਯਿਸੂ ਯਰੂਸ਼ਲਮ ਵੱਲ ਵਧਦਾ ਜਾਂਦਾ ਹੈ, ਉਸ ਨੂੰ ਫ਼ਰੀਸੀਆਂ ਦੇ ਇਕ ਸ਼ਾਸਕ ਦੇ ਘਰ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਸਬਤ ਦਾ ਦਿਨ ਹੈ, ਅਤੇ ਲੋਕੀ ਉਸ ਤੇ ਸਖ਼ਤ ਨਿਗਾਹ ਰੱਖ ਰਹੇ ਹਨ, ਕਿਉਂਕਿ ਉੱਥੇ ਇਕ ਆਦਮੀ ਹਾਜ਼ਰ ਹੈ ਜਿਹੜਾ ਜਲੋਧਰ ਤੋਂ ਪੀੜਿਤ ਹੈ, ਸੰਭਵ ਹੈ ਕਿ ਉਸ ਦੀਆਂ ਬਾਹਾਂ ਅਤੇ ਲੱਤਾਂ ਵਿਚ ਪਾਣੀ ਭਰ ਗਿਆ ਹੈ। ਯਿਸੂ ਉੱਥੇ ਹਾਜ਼ਰ ਹੋਏ ਫ਼ਰੀਸੀਆਂ ਅਤੇ ਬਿਵਸਥਾ ਦੇ ਮਾਹਰਾਂ ਨੂੰ ਸੰਬੋਧਿਤ ਕਰਦੇ ਹੋਏ ਪੁੱਛਦਾ ਹੈ: “ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ ਕਿ ਨਹੀਂ?”

ਕੋਈ ਵੀ ਇਕ ਸ਼ਬਦ ਨਹੀਂ ਬੋਲਦਾ ਹੈ। ਇਸ ਲਈ ਯਿਸੂ ਉਸ ਆਦਮੀ ਨੂੰ ਚੰਗਾ ਕਰ ਕੇ ਉਸ ਨੂੰ ਭੇਜ ਦਿੰਦਾ ਹੈ। ਫਿਰ ਉਹ ਪੁੱਛਦਾ ਹੈ: “ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਗਧਾ [“ਪੁੱਤਰ,” ਨਿ ਵ] ਯਾ ਬੈਲ ਖੂਹ ਵਿੱਚ ਡਿਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਹ ਨੂੰ ਨਾ ਕੱਢੇ?” ਫਿਰ ਤੋਂ, ਜਵਾਬ ਵਿਚ ਕੋਈ ਵੀ ਇਕ ਸ਼ਬਦ ਨਹੀਂ ਬੋਲਦਾ ਹੈ। ਲੂਕਾ 13:​22–14:6; ਯੂਹੰਨਾ 1:⁠29.

▪ ਯਿਸੂ ਦੇ ਅਨੁਸਾਰ ਮੁਕਤੀ ਲਈ ਕੀ ਲੋੜੀਂਦਾ ਹੈ, ਅਤੇ ਬਥੇਰੇ ਕਿਉਂ ਬਾਹਰ ਬੰਦ ਕੀਤੇ ਜਾਂਦੇ ਹਨ?

▪ “ਪਿੱਛਲੇ” ਕੌਣ ਹਨ ਜਿਹੜੇ ਪਹਿਲੇ ਬਣਦੇ ਹਨ, ਅਤੇ “ਪਹਿਲੇ” ਕੌਣ ਹਨ ਜਿਹੜੇ ਪਿਛਲੇ ਬਣਦੇ ਹਨ?

▪ ਇਹ ਸ਼ਾਇਦ ਕਿਉਂ ਕਿਹਾ ਗਿਆ ਸੀ ਕਿ ਯਿਸੂ ਨੂੰ ਹੇਰੋਦੇਸ ਮਾਰਨਾ ਚਾਹੁੰਦਾ ਸੀ?

▪ ਇਕ ਨਬੀ ਨੂੰ ਯਰੂਸ਼ਲਮ ਤੋਂ ਬਾਹਰ ਮਾਰਿਆ ਜਾਣਾ, ਇਕ ਅਪ੍ਰਵਾਨਯੋਗ ਗੱਲ ਕਿਉਂ ਹੈ?