Skip to content

Skip to table of contents

ਯਿਸੂ ਯਰੀਹੋ ਵਿਚ ਸਿਖਾਉਂਦਾ ਹੈ

ਯਿਸੂ ਯਰੀਹੋ ਵਿਚ ਸਿਖਾਉਂਦਾ ਹੈ

ਅਧਿਆਇ 99

ਯਿਸੂ ਯਰੀਹੋ ਵਿਚ ਸਿਖਾਉਂਦਾ ਹੈ

ਜਲਦੀ ਹੀ ਯਿਸੂ ਅਤੇ ਉਸ ਦੇ ਨਾਲ ਯਾਤਰਾ ਕਰ ਰਹੀ ਭੀੜ ਯਰੀਹੋ ਵਿਖੇ ਪਹੁੰਚਦੇ ਹਨ, ਜੋ ਕਿ ਯਰੂਸ਼ਲਮ ਤੋਂ ਲਗਭਗ ਇਕ ਦਿਨ ਦੇ ਸਫਰ ਦੀ ਦੂਰੀ ਤੇ ਸਥਿਤ ਇਕ ਨਗਰ ਹੈ। ਸਪੱਸ਼ਟ ਹੈ ਕਿ ਯਰੀਹੋ ਇਕ ਦੂਹਰਾ ਨਗਰ ਹੈ, ਜਿਸ ਦਾ ਪੁਰਾਣਾ ਯਹੂਦੀ ਨਗਰ ਨਵੇਂ ਰੋਮੀ ਨਗਰ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਹੈ। ਜਿਉਂ ਹੀ ਭੀੜ ਪੁਰਾਣੇ ਨਗਰ ਵਿੱਚੋਂ ਨਿਕਲ ਕੇ ਨਵੇਂ ਨਗਰ ਵੱਲ ਆਉਂਦੀ ਹੈ, ਦੋ ਅੰਨ੍ਹੇ ਭਿਖਾਰੀ ਸ਼ੋਰ-ਸ਼ਰਾਬਾ ਸੁਣਦੇ ਹਨ। ਉਨ੍ਹਾਂ ਵਿੱਚੋਂ ਇਕ ਦਾ ਨਾਂ ਬਰਤਿਮਈ ਹੈ।

ਇਹ ਜਾਣਨ ਤੇ ਕਿ ਉਹ ਯਿਸੂ ਹੈ ਜਿਹੜਾ ਲੰਘ ਰਿਹਾ ਹੈ, ਬਰਤਿਮਈ ਅਤੇ ਉਸ ਦਾ ਸਾਥੀ ਚਿਲਾਉਣ ਲੱਗਦੇ ਹਨ: “ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!” ਜਦੋਂ ਭੀੜ ਉਨ੍ਹਾਂ ਨੂੰ ਸਖ਼ਤੀ ਨਾਲ ਚੁੱਪ ਰਹਿਣ ਲਈ ਕਹਿੰਦੀ ਹੈ, ਤਾਂ ਉਹ ਹੋਰ ਜ਼ਿਆਦਾ ਅਤੇ ਹੋਰ ਉੱਚੀ ਆਵਾਜ਼ ਵਿਚ ਪੁਕਾਰਦੇ ਹਨ: “ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!”

ਹਲਚਲ ਸੁਣ ਕੇ, ਯਿਸੂ ਰੁਕ ਜਾਂਦਾ ਹੈ। ਉਹ ਆਪਣੇ ਨਾਲ ਦਿਆਂ ਨੂੰ ਕਹਿੰਦਾ ਹੈ ਕਿ ਇਨ੍ਹਾਂ ਸ਼ੋਰ ਪਾਉਣ ਵਾਲਿਆਂ ਨੂੰ ਸੱਦੋ। ਇਹ ਲੋਕ ਅੰਨ੍ਹੇ ਭਿਖਾਰੀਆਂ ਦੇ ਕੋਲ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਇਕ ਨੂੰ ਆਖਦੇ ਹਨ: “ਹੌਂਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ।” ਅਸੀਮ ਉਤੇਜਨਾ ਨਾਲ, ਉਹ ਅੰਨ੍ਹਾ ਆਦਮੀ ਆਪਣਾ ਬਾਹਰੀ ਬਸਤਰ ਲਾ ਕੇ ਸੁੱਟਦਾ ਹੈ, ਉਛਲ ਕੇ ਖੜ੍ਹਾ ਹੁੰਦਾ ਹੈ, ਅਤੇ ਯਿਸੂ ਕੋਲ ਜਾਂਦਾ ਹੈ।

“ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?” ਯਿਸੂ ਪੁੱਛਦਾ ਹੈ।

“ਪ੍ਰਭੁ ਜੀ, ਸਾਡੀਆਂ ਅੱਖਾਂ ਖੁੱਲ੍ਹ ਜਾਣ!” ਦੋਨੋਂ ਅੰਨ੍ਹੇ ਆਦਮੀ ਬੇਨਤੀ ਕਰਦੇ ਹਨ।

ਤਰਸ ਖਾ ਕੇ ਯਿਸੂ ਉਨ੍ਹਾਂ ਦੀਆਂ ਅੱਖਾਂ ਨੂੰ ਛੋਂਹਦਾ ਹੈ। ਮਰਕੁਸ ਦੇ ਬਿਰਤਾਂਤ ਅਨੁਸਾਰ, ਯਿਸੂ ਉਨ੍ਹਾਂ ਵਿੱਚੋਂ ਇਕ ਨੂੰ ਕਹਿੰਦਾ ਹੈ: “ਜਾਹ, ਤੇਰੀ ਨਿਹਚਾ ਨੇ ਤੈਨੂੰ ਬਚਾਇਆ।” ਤੁਰੰਤ ਹੀ ਅੰਨ੍ਹੇ ਭਿਖਾਰੀ ਨਜ਼ਰ ਪ੍ਰਾਪਤ ਕਰ ਲੈਂਦੇ ਹਨ, ਅਤੇ ਬਿਨਾਂ ਸ਼ੱਕ ਦੇ ਦੋਨੋਂ ਹੀ ਪਰਮੇਸ਼ੁਰ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੰਦੇ ਹਨ। ਜਦੋਂ ਸਾਰੇ ਲੋਕੀ ਦੇਖਦੇ ਹਨ ਕਿ ਕੀ ਵਾਪਰਿਆ ਹੈ, ਤਾਂ ਉਹ ਵੀ ਪਰਮੇਸ਼ੁਰ ਨੂੰ ਵਡਿਆਉਂਦੇ ਹਨ। ਬਿਨਾਂ ਦੇਰੀ ਕੀਤੇ, ਬਰਤਿਮਈ ਅਤੇ ਉਸ ਦਾ ਸਾਥੀ ਯਿਸੂ ਦੇ ਮਗਰ ਚੱਲਣ ਲੱਗਦੇ ਹਨ।

ਜਿਉਂ ਹੀ ਯਿਸੂ ਯਰੀਹੋ ਵਿੱਚੋਂ ਲੰਘਦਾ ਹੈ, ਭੀੜ ਬਹੁਤ ਜ਼ਿਆਦਾ ਹੈ। ਹਰ ਕੋਈ ਉਸ ਨੂੰ ਦੇਖਣਾ ਚਾਹੁੰਦਾ ਹੈ, ਜਿਸ ਨੇ ਅੰਨ੍ਹਿਆਂ ਨੂੰ ਚੰਗਾ ਕੀਤਾ ਹੈ। ਭੀੜ ਸਾਰੇ ਪਾਸਿਓਂ ਯਿਸੂ ਨੂੰ ਘੇਰ ਲੈਂਦੀ ਹੈ, ਅਤੇ ਨਤੀਜੇ ਵਜੋਂ, ਕਈ ਉਸ ਦੀ ਇਕ ਝਲਕ ਵੀ ਨਹੀਂ ਪਾ ਸਕਦੇ ਹਨ। ਇਨ੍ਹਾਂ ਵਿੱਚੋਂ ਇਕ ਵਿਅਕਤੀ ਜ਼ੱਕੀ ਹੈ, ਜਿਹੜਾ ਯਰੀਹੋ ਅਤੇ ਉਸ ਦੇ ਆਲੇ-ਦੁਆਲੇ ਦੇ ਮਸੂਲੀਆਂ ਦਾ ਸਰਦਾਰ ਹੈ। ਜੋ ਕੁਝ ਹੋ ਰਿਹਾ ਹੈ, ਉਸ ਨੂੰ ਉਹ ਨਹੀਂ ਦੇਖ ਸਕਦਾ ਹੈ ਕਿਉਂਕਿ ਉਹ ਮਧਰਾ ਹੈ।

ਇਸ ਲਈ ਜ਼ੱਕੀ ਦੌੜ ਕੇ ਅੱਗੇ ਜਾਂਦਾ ਹੈ ਅਤੇ ਉਸ ਰਾਹ ਤੇ ਇਕ ਗੂਲਰ ਦੇ ਦਰਖ਼ਤ ਉੱਤੇ ਚੜ੍ਹ ਜਾਂਦਾ ਹੈ ਜਿਸ ਤੋਂ ਯਿਸੂ ਲੰਘ ਰਿਹਾ ਹੁੰਦਾ ਹੈ। ਇਸ ਉੱਚੀ ਥਾਂ ਤੋਂ, ਉਹ ਸਭ ਕੁਝ ਚੰਗੀ ਤਰ੍ਹਾਂ ਦੇਖ ਸਕਦਾ ਹੈ। ਜਿਉਂ ਹੀ ਭੀੜ ਨੇੜੇ ਆਉਂਦੀ ਹੈ, ਯਿਸੂ ਦਰਖ਼ਤ ਵੱਲ ਉੱਤੇ ਦੇਖਦੇ ਹੋਏ ਪੁਕਾਰਦਾ ਹੈ: “ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।” ਜ਼ੱਕੀ ਹਰਸ਼ ਨਾਲ ਉੱਤਰਦਾ ਹੈ ਅਤੇ ਆਪਣੇ ਖ਼ਾਸ ਮਹਿਮਾਨ ਲਈ ਚੀਜ਼ਾਂ ਤਿਆਰ ਕਰਨ ਲਈ ਜਲਦੀ ਨਾਲ ਘਰ ਨੂੰ ਦੌੜਦਾ ਹੈ।

ਪਰੰਤੂ, ਜਦੋਂ ਲੋਕੀ ਦੇਖਦੇ ਹਨ ਕਿ ਕੀ ਹੋ ਰਿਹਾ ਹੈ, ਤਾਂ ਉਹ ਸਾਰੇ ਬੁੜਬੁੜਾਉਣ ਲੱਗਦੇ ਹਨ। ਉਹ ਯਿਸੂ ਲਈ ਅਜਿਹੇ ਆਦਮੀ ਦਾ ਮਹਿਮਾਨ ਹੋਣਾ ਅਨੁਚਿਤ ਸਮਝਦੇ ਹਨ। ਇਹ ਇਸ ਲਈ ਹੈ ਕਿਉਂਕਿ ਜ਼ੱਕੀ ਆਪਣੇ ਮਸੂਲ ਲੈਣ ਦੇ ਧੰਦੇ ਵਿਚ ਬੇਈਮਾਨੀ ਨਾਲ ਪੈਸਾ ਮੁੱਛਣ ਕਰਕੇ ਧਨੀ ਬਣਿਆ ਹੈ।

ਬਹੁਤ ਲੋਕੀ ਉਸ ਦੇ ਮਗਰ-ਮਗਰ ਚੱਲਦੇ ਹਨ, ਅਤੇ ਜਦੋਂ ਉਹ ਜ਼ੱਕੀ ਦੇ ਘਰ ਅੰਦਰ ਦਾਖ਼ਲ ਹੁੰਦਾ ਹੈ, ਤਾਂ ਉਹ ਸ਼ਿਕਵਾ ਕਰਦੇ ਹਨ: “ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉੱਤਰਿਆ ਹੈ।” ਪਰੰਤੂ ਯਿਸੂ ਜ਼ੱਕੀ ਵਿਚ ਤੋਬਾ ਕਰਨ ਦੀ ਸੰਭਾਵਨਾ ਦੇਖਦਾ ਹੈ। ਅਤੇ ਯਿਸੂ ਨਿਰਾਸ਼ ਨਹੀਂ ਹੁੰਦਾ ਹੈ, ਕਿਉਂਕਿ ਜ਼ੱਕੀ ਖੜ੍ਹਾ ਹੋ ਕੇ ਐਲਾਨ ਕਰਦਾ ਹੈ: “ਪ੍ਰਭੁ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”

ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦੇ ਕੇ ਅਤੇ ਦੂਜਾ ਅੱਧਾ ਹਿੱਸਾ ਉਨ੍ਹਾਂ ਨੂੰ ਮੋੜਨ ਲਈ ਇਸਤੇਮਾਲ ਕਰ ਕੇ, ਜਿਨ੍ਹਾਂ ਨੂੰ ਉਸ ਨੇ ਧੋਖਾ ਦਿੱਤਾ ਸੀ, ਜ਼ੱਕੀ ਸਾਬਤ ਕਰਦਾ ਹੈ ਕਿ ਉਸ ਦੀ ਤੋਬਾ ਸੱਚੀ ਹੈ। ਸਪੱਸ਼ਟ ਹੈ ਕਿ ਉਹ ਆਪਣੇ ਮਸੂਲ ਦਿਆਂ ਲੇਖਿਆਂ ਤੋਂ ਹਿਸਾਬ ਲਾ ਸਕਦਾ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਨੂੰ ਕਿੰਨਾ ਪੈਸਾ ਦੇਣਾ ਹੈ। ਇਸ ਲਈ ਉਹ ਚੌਗੁਣਾ ਮੋੜਨ ਦਾ ਵਾਅਦਾ ਕਰਦਾ ਹੈ, ਪਰਮੇਸ਼ੁਰ ਦੇ ਉਸ ਨਿਯਮ ਦੇ ਅਨੁਸਾਰ ਜੋ ਇਹ ਕਹਿੰਦਾ ਹੈ: ‘ਜੇ ਕੋਈ ਮਨੁੱਖ ਭੇਡ ਚੁਰਾਵੇ, ਤਾਂ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ।’

ਯਿਸੂ ਜ਼ੱਕੀ ਦੇ ਇਸ ਢੰਗ ਨਾਲ ਆਪਣੇ ਮਾਲ ਨੂੰ ਵੰਡਣ ਦੇ ਵਾਅਦੇ ਤੋਂ ਖ਼ੁਸ਼ ਹੈ, ਕਿਉਂਕਿ ਉਹ ਕਹਿੰਦਾ ਹੈ: “ਅੱਜ ਇਸ ਘਰ ਵਿੱਚ ਮੁਕਤੀ ਆਈ ਇਸ ਲਈ ਜੋ ਇਹ ਵੀ ਅਬਰਾਹਾਮ ਦਾ ਪੁੱਤ੍ਰ ਹੈ। ਕਿਉਂ ਜੋ ਮਨੁੱਖ ਦਾ ਪੁੱਤ੍ਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।”

ਹਾਲ ਹੀ ਵਿਚ, ਯਿਸੂ ਨੇ ਉਜਾੜੂ ਪੁੱਤਰ ਬਾਰੇ ਆਪਣੀ ਇਕ ਕਹਾਣੀ ਸੁਣਾ ਕੇ “ਗੁਆਚੇ” ਹੋਏ ਦੀ ਦਸ਼ਾ ਨੂੰ ਦਰਸਾਇਆ ਸੀ। ਹੁਣ ਸਾਡੇ ਕੋਲ ਇਕ ਗੁਆਚੇ ਹੋਏ ਵਿਅਕਤੀ ਦਾ ਇਕ ਅਸਲ-ਜੀਵਨ ਉਦਾਹਰਣ ਹੈ ਜਿਹੜਾ ਲੱਭ ਪਿਆ ਹੈ। ਭਾਵੇਂ ਕਿ ਧਾਰਮਿਕ ਆਗੂ ਅਤੇ ਉਹ ਜਿਹੜੇ ਉਨ੍ਹਾਂ ਦੇ ਮਗਰ ਚੱਲਦੇ ਹਨ, ਯਿਸੂ ਦਾ ਜ਼ੱਕੀ ਵਰਗੇ ਆਦਮੀਆਂ ਵੱਲ ਧਿਆਨ ਦੇਣ ਤੇ, ਬੁੜਬੁੜਾਉਂਦੇ ਅਤੇ ਸ਼ਿਕਵਾ ਕਰਦੇ ਹਨ, ਯਿਸੂ ਅਬਰਾਹਾਮ ਦੇ ਇਨ੍ਹਾਂ ਗੁਆਚੇ ਹੋਏ ਪੁੱਤਰਾਂ ਨੂੰ ਲੱਭਣਾ ਅਤੇ ਮੁੜ ਬਹਾਲ ਕਰਨਾ ਜਾਰੀ ਰੱਖਦਾ ਹੈ। ਮੱਤੀ 20:​29-34; ਮਰਕੁਸ 10:​46-52; ਲੂਕਾ 18:​35–19:10; ਕੂਚ 22:⁠1.

▪ ਸਪੱਸ਼ਟ ਤੌਰ ਤੇ ਯਿਸੂ ਅੰਨ੍ਹੇ ਭਿਖਾਰੀਆਂ ਨੂੰ ਕਿੱਥੇ ਮਿਲਦਾ ਹੈ, ਅਤੇ ਉਹ ਉਨ੍ਹਾਂ ਲਈ ਕੀ ਕਰਦਾ ਹੈ?

▪ ਜ਼ੱਕੀ ਕੌਣ ਹੈ, ਅਤੇ ਉਹ ਇਕ ਦਰਖ਼ਤ ਉੱਤੇ ਕਿਉਂ ਚੜ੍ਹਦਾ ਹੈ?

▪ ਜ਼ੱਕੀ ਕਿਸ ਤਰ੍ਹਾਂ ਆਪਣੀ ਤੋਬਾ ਸਾਬਤ ਕਰਦਾ ਹੈ?

▪ ਯਿਸੂ ਦੇ ਜ਼ੱਕੀ ਨਾਲ ਵਰਤਾਉ ਤੋਂ ਅਸੀਂ ਕੀ ਸਿੱਖ ਸਕਦੇ ਹਾਂ?