Skip to content

Skip to table of contents

ਯਿਸੂ 70 ਨੂੰ ਬਾਹਰ ਭੇਜਦਾ ਹੈ

ਯਿਸੂ 70 ਨੂੰ ਬਾਹਰ ਭੇਜਦਾ ਹੈ

ਅਧਿਆਇ 72

ਯਿਸੂ 70 ਨੂੰ ਬਾਹਰ ਭੇਜਦਾ ਹੈ

ਯਿਸੂ ਦੇ ਬਪਤਿਸਮੇ ਤੋਂ ਪੂਰੇ ਤਿੰਨ ਵਰ੍ਹਿਆਂ ਬਾਅਦ, ਹੁਣ 32 ਸਾ.ਯੁ. ਦੀ ਪਤਝੜ ਹੈ। ਉਹ ਅਤੇ ਉਸ ਦੇ ਚੇਲੇ ਹਾਲ ਹੀ ਵਿਚ ਯਰੂਸ਼ਲਮ ਵਿਖੇ ਡੇਰਿਆਂ ਦੇ ਪਰਬ ਵਿਚ ਸ਼ਾਮਲ ਹੋਏ ਹਨ, ਅਤੇ ਜਾਪਦਾ ਹੈ ਕਿ ਉਹ ਅਜੇ ਵੀ ਲਾਗੇ-ਚਾਗੇ ਹੀ ਹਨ। ਅਸਲ ਵਿਚ, ਯਿਸੂ ਆਪਣੀ ਸੇਵਕਾਈ ਦੇ ਬਾਕੀ ਛੇ ਮਹੀਨਿਆਂ ਦਾ ਜ਼ਿਆਦਾਤਰ ਸਮਾਂ ਯਹੂਦਿਯਾ ਵਿਚ ਜਾਂ ਬਿਲਕੁਲ ਯਰਦਨ ਨਦੀ ਦੇ ਪਾਰ ਪੀਰਿਆ ਦੇ ਜ਼ਿਲ੍ਹੇ ਵਿਚ ਬਿਤਾਉਂਦਾ ਹੈ। ਇਸ ਇਲਾਕੇ ਨੂੰ ਵੀ ਨਿਬੇੜਨ ਦੀ ਜ਼ਰੂਰਤ ਹੈ।

ਇਹ ਸੱਚ ਹੈ ਕਿ 30 ਸਾ.ਯੁ. ਦੇ ਪਸਾਹ ਤੋਂ ਬਾਅਦ, ਯਿਸੂ ਨੇ ਲਗਭਗ ਅੱਠ ਮਹੀਨੇ ਯਹੂਦਿਯਾ ਵਿਖੇ ਪ੍ਰਚਾਰ ਕਰਨ ਵਿਚ ਬਿਤਾਏ। ਪਰੰਤੂ ਜਦੋਂ ਉੱਥੇ 31 ਸਾ.ਯੁ. ਦੇ ਪਸਾਹ ਤੇ ਯਹੂਦੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਅਗਲੇ ਡੇਢ ਵਰ੍ਹੇ ਲਗਭਗ ਸਿਰਫ਼ ਗਲੀਲ ਵਿਚ ਹੀ ਸਿਖਾਉਣ ਵਿਚ ਬਿਤਾਏ। ਉਸ ਸਮੇਂ ਦੇ ਦੌਰਾਨ, ਉਸ ਨੇ ਪ੍ਰਚਾਰਕਾਂ ਦਾ ਇਕ ਵੱਡਾ, ਸੁਸਿੱਖਿਅਤ ਸੰਗਠਨ ਤਿਆਰ ਕੀਤਾ, ਜੋ ਉਸ ਕੋਲ ਪਹਿਲਾਂ ਨਹੀਂ ਸੀ। ਇਸ ਲਈ ਉਹ ਹੁਣ ਯਹੂਦਿਯਾ ਵਿਚ ਗਵਾਹੀ ਦੀ ਇਕ ਆਖ਼ਰੀ ਤੀਬਰ ਮੁਹਿੰਮ ਸ਼ੁਰੂ ਕਰਦਾ ਹੈ।

ਯਿਸੂ 70 ਚੇਲਿਆਂ ਨੂੰ ਚੁਣਦਾ ਹੈ ਅਤੇ ਉਨ੍ਹਾਂ ਨੂੰ ਜੋੜਿਆਂ ਵਿਚ ਬਾਹਰ ਭੇਜ ਕੇ ਇਹ ਮੁਹਿੰਮ ਸ਼ੁਰੂ ਕਰਦਾ ਹੈ। ਇਸ ਤਰ੍ਹਾਂ, ਇਲਾਕੇ ਨੂੰ ਨਿਬੇੜਨ ਲਈ ਰਾਜ ਪ੍ਰਚਾਰਕਾਂ ਦੀਆਂ ਕੁੱਲ 35 ਟੋਲੀਆਂ ਹਨ। ਉਹ ਅਗਾਊਂ ਹੀ ਹਰ ਉਸ ਨਗਰ ਅਤੇ ਥਾਂ ਨੂੰ ਜਾਂਦੇ ਹਨ ਜਿੱਥੇ ਯਿਸੂ, ਸਪੱਸ਼ਟ ਹੈ ਕਿ ਆਪਣੇ ਰਸੂਲਾਂ ਸਮੇਤ, ਜਾਣ ਦੀ ਯੋਜਨਾ ਕਰ ਰਿਹਾ ਹੈ।

ਇਨ੍ਹਾਂ 70 ਨੂੰ ਯਹੂਦੀ ਸਭਾ-ਘਰਾਂ ਵਿਚ ਜਾਣ ਲਈ ਨਿਰਦੇਸ਼ਿਤ ਕਰਨ ਦੀ ਬਜਾਇ, ਯਿਸੂ ਉਨ੍ਹਾਂ ਨੂੰ ਇਹ ਸਮਝਾਉਂਦੇ ਹੋਏ ਨਿੱਜੀ ਘਰਾਂ ਵਿਚ ਦਾਖ਼ਲ ਹੋਣ ਲਈ ਕਹਿੰਦਾ ਹੈ: “ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ। ਅਰ ਜੇ ਸ਼ਾਂਤੀ ਦਾ ਪੁੱਤ੍ਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ।” ਉਨ੍ਹਾਂ ਦਾ ਸੁਨੇਹਾ ਕੀ ਹੋਵੇਗਾ? “ਉਨ੍ਹਾਂ ਨੂੰ ਕਹੋ,” ਯਿਸੂ ਕਹਿੰਦਾ ਹੈ, “ਭਈ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।” ਇਨ੍ਹਾਂ 70 ਦੇ ਕੰਮ ਬਾਰੇ, ਮੈਥਿਯੂ ਹੈਨਰੀਸ ਕਮੈਂਟਰੀ ਰਿਪੋਰਟ ਕਰਦੀ ਹੈ: “ਆਪਣੇ ਸੁਆਮੀ ਵਾਂਗ, ਜਿੱਥੇ ਕਿਤੇ ਉਨ੍ਹਾਂ ਨੇ ਯਾਤਰਾ ਕੀਤੀ, ਉਨ੍ਹਾਂ ਨੇ ਘਰ-ਘਰ ਪ੍ਰਚਾਰ ਕੀਤਾ।”

ਇਨ੍ਹਾਂ 70 ਨੂੰ ਯਿਸੂ ਦੀਆਂ ਹਿਦਾਇਤਾਂ ਉਸੇ ਤਰ੍ਹਾਂ ਦੀਆਂ ਹਨ ਜਿਵੇਂ ਉਨ੍ਹਾਂ 12 ਨੂੰ ਦਿੱਤੀਆਂ ਗਈਆਂ ਸਨ, ਜਦੋਂ ਉਸ ਨੇ ਉਨ੍ਹਾਂ ਨੂੰ ਇਕ ਪ੍ਰਚਾਰ ਮੁਹਿੰਮ ਲਈ ਲਗਭਗ ਇਕ ਵਰ੍ਹੇ ਪਹਿਲਾਂ ਗਲੀਲ ਵਿਚ ਭੇਜਿਆ ਸੀ। ਘਰ-ਸੁਆਮੀਆਂ ਨੂੰ ਸੰਦੇਸ਼ ਪੇਸ਼ ਕਰਨ ਲਈ ਤਿਆਰ ਕਰਦੇ ਹੋਏ, ਉਹ ਇਨ੍ਹਾਂ 70 ਨੂੰ ਕੇਵਲ ਉਸ ਵਿਰੋਧ ਦੀ ਚੇਤਾਵਨੀ ਹੀ ਨਹੀਂ ਦਿੰਦਾ ਹੈ ਜਿਸ ਦਾ ਉਹ ਸਾਮ੍ਹਣਾ ਕਰਨਗੇ, ਬਲਕਿ ਬੀਮਾਰਾਂ ਨੂੰ ਚੰਗਾ ਕਰਨ ਲਈ ਉਨ੍ਹਾਂ ਨੂੰ ਅਖ਼ਤਿਆਰ ਵੀ ਦਿੰਦਾ ਹੈ। ਇਸ ਤਰ੍ਹਾਂ, ਜਦੋਂ ਯਿਸੂ ਥੋੜ੍ਹੀ ਦੇਰ ਬਾਅਦ ਪਹੁੰਚਦਾ ਹੈ, ਤਾਂ ਬਹੁਤੇਰੇ ਲੋਕ ਉਸ ਸੁਆਮੀ ਨੂੰ ਮਿਲਣ ਲਈ ਉਤਸੁਕ ਹਨ ਜਿਸ ਦੇ ਚੇਲੇ ਅਜਿਹੀਆਂ ਅਦਭੁਤ ਚੀਜ਼ਾਂ ਕਰਨ ਦੇ ਯੋਗ ਹਨ।

ਇਨ੍ਹਾਂ 70 ਦੁਆਰਾ ਕੀਤਾ ਗਿਆ ਪ੍ਰਚਾਰ ਅਤੇ ਯਿਸੂ ਦਾ ਅਨੁਵਰਤੀ ਕੰਮ ਤੁਲਨਾਤਮਕ ਤੌਰ ਤੇ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ। ਜਲਦੀ ਹੀ ਰਾਜ ਪ੍ਰਚਾਰਕਾਂ ਦੀਆਂ 35 ਟੋਲੀਆਂ ਯਿਸੂ ਕੋਲ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। “ਪ੍ਰਭੁ ਜੀ,” ਉਹ ਆਨੰਦ ਨਾਲ ਕਹਿੰਦੇ ਹਨ, “ਤੇਰੇ ਨਾਮ ਕਰਕੇ ਭੂਤ [“ਪਿਸ਼ਾਚ,” ਨਿ ਵ] ਭੀ ਸਾਡੇ ਵੱਸ ਵਿੱਚ ਹਨ!” ਇੰਨੀ ਚੰਗੀ ਸੇਵਾ ਰਿਪੋਰਟ ਯਕੀਨਨ ਯਿਸੂ ਨੂੰ ਉਤੇਜਿਤ ਕਰਦੀ ਹੈ, ਕਿਉਂਕਿ ਉਹ ਜਵਾਬ ਦਿੰਦਾ ਹੈ: “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ। ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਦੇ ਲਿਤਾੜਨ ਦਾ . . . ਇਖ਼ਤਿਆਰ ਦਿੱਤਾ ਹੈ।”

ਯਿਸੂ ਜਾਣਦਾ ਹੈ ਕਿ ਅੰਤ ਦੇ ਸਮੇਂ ਵਿਚ ਪਰਮੇਸ਼ੁਰ ਦੇ ਰਾਜ ਦਾ ਜਨਮ ਹੋਣ ਤੋਂ ਬਾਅਦ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਸਵਰਗ ਵਿੱਚੋਂ ਸੁੱਟਿਆ ਜਾਵੇਗਾ। ਪਰੰਤੂ ਹੁਣ ਇਸ ਤਰ੍ਹਾਂ ਅਦਿੱਖ ਪਿਸ਼ਾਚਾਂ ਦਾ ਕੇਵਲ ਮਨੁੱਖਾਂ ਵੱਲੋਂ ਕੱਢਿਆ ਜਾਣਾ, ਆਉਣ ਵਾਲੀ ਉਸ ਘਟਨਾ ਦਾ ਵਧੀਕ ਯਕੀਨ ਦਿਵਾਉਂਦਾ ਹੈ। ਇਸ ਲਈ, ਯਿਸੂ ਸ਼ਤਾਨ ਦਾ ਸਵਰਗ ਵਿੱਚੋਂ ਅਗਾਮੀ ਗਿਰਾਉ ਨੂੰ ਇਕ ਯਕੀਨੀ ਨਿਸ਼ਚਿਤਤਾ ਦੇ ਤੌਰ ਤੇ ਜ਼ਿਕਰ ਕਰਦਾ ਹੈ। ਇਸ ਲਈ, ਇਕ ਪ੍ਰਤੀ­ਕਾਤ­ਮਕ ਅਰਥ ਵਿਚ ਇਨ੍ਹਾਂ 70 ਨੂੰ ਸੱਪਾਂ ਅਤੇ ਠੂੰਹਿਆਂ ਨੂੰ ਲਿਤਾੜਨ ਦਾ ਇਖ਼ਤਿਆਰ ਦਿੱਤਾ ਜਾਂਦਾ ਹੈ। ਫਿਰ ਵੀ, ਯਿਸੂ ਕਹਿੰਦਾ ਹੈ: “ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।”

ਯਿਸੂ ਬਹੁਤ ਖ਼ੁਸ਼ ਹੈ ਅਤੇ ਆਪਣੇ ਇਨ੍ਹਾਂ ਨਿਮਰ ਸੇਵਕਾਂ ਨੂੰ ਅਜਿਹੇ ਸ਼ਕਤੀਸਾਲੀ ਢੰਗ ਨਾਲ ਇਸਤੇਮਾਲ ਕਰਨ ਲਈ ਉਹ ਆਪਣੇ ਪਿਤਾ ਦੀ ਖੁਲ੍ਹੇਆਮ ਵਡਿਆਈ ਕਰਦਾ ਹੈ। ਆਪਣੇ ਚੇਲਿਆਂ ਵੱਲ ਮੁੜਦੇ ਹੋਏ, ਉਹ ਕਹਿੰਦਾ ਹੈ: “ਧੰਨ ਓਹ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤਿਆਂ ਨਬੀਆਂ ਅਤੇ ਪਾਤਸ਼ਾਹਾਂ ਨੇ ਚਾਹ ਕੀਤੀ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।” ਲੂਕਾ 10:​1-24; ਮੱਤੀ 10:​1-42; ਪਰਕਾਸ਼ ਦੀ ਪੋਥੀ 12:7-12.

▪ ਯਿਸੂ ਆਪਣੀ ਸੇਵਕਾਈ ਦੇ ਪਹਿਲੇ ਤਿੰਨ ਵਰ੍ਹਿਆਂ ਦੇ ਦੌਰਾਨ ਕਿੱਥੇ ਪ੍ਰਚਾਰ ਕਰਦਾ ਹੈ, ਅਤੇ ਆਪਣੇ ਆਖ਼ਰੀ ਛੇ ਮਹੀਨਿਆਂ ਵਿਚ ਉਹ ਕਿਹੜਾ ਇਲਾਕਾ ਨਿਬੇੜਦਾ ਹੈ?

▪ ਲੋਕਾਂ ਨੂੰ ਲੱਭਣ ਲਈ ਯਿਸੂ 70 ਨੂੰ ਕਿੱਥੇ ਨਿਰਦੇਸ਼ਿਤ ਕਰਦਾ ਹੈ?

▪ ਯਿਸੂ ਕਿਉਂ ਕਹਿੰਦਾ ਹੈ ਕਿ ਉਸ ਨੇ ਸ਼ਤਾਨ ਨੂੰ ਆਕਾਸ਼ ਤੋਂ ਪਹਿਲਾਂ ਹੀ ਡਿੱਗਿਆ ਹੋਇਆ ਡਿੱਠਾ ਹੈ?

▪ ਕਿਸ ਅਰਥ ਵਿਚ ਇਹ 70 ਚੇਲੇ ਸੱਪਾਂ ਅਤੇ ਠੂੰਹਿਆਂ ਨੂੰ ਲਿਤਾੜ ਸਕਦੇ ਹਨ?