Skip to content

Skip to table of contents

ਯੂਹੰਨਾ ਘੱਟਦਾ ਹੈ, ਯਿਸੂ ਵਧਦਾ ਹੈ

ਯੂਹੰਨਾ ਘੱਟਦਾ ਹੈ, ਯਿਸੂ ਵਧਦਾ ਹੈ

ਅਧਿਆਇ 18

ਯੂਹੰਨਾ ਘੱਟਦਾ ਹੈ, ਯਿਸੂ ਵਧਦਾ ਹੈ

ਯਿਸੂ ਅਤੇ ਉਸ ਦੇ ਚੇਲੇ 30 ਸਾ.ਯੁ. ਦੀ ਬਸੰਤ ਰੁੱਤ ਦੇ ਪਸਾਹ ਤੋਂ ਬਾਅਦ ਯਰੂਸ਼ਲਮ ਤੋਂ ਨਿਕਲ ਪੈਂਦੇ ਹਨ। ਲੇਕਿਨ ਉਹ ਗਲੀਲ ਵਿਚ ਵਾਪਸ ਆਪਣੇ ਘਰਾਂ ਨੂੰ ਨਹੀਂ ਮੁੜਦੇ ਹਨ ਪਰੰਤੂ ਯਹੂਦਿਯਾ ਦੇ ਦੇਸ਼ ਵਿਚ ਚਲੇ ਜਾਂਦੇ ਹਨ, ਜਿੱਥੇ ਉਹ ਬਪਤਿਸਮਾ ਦਿੰਦੇ ਹਨ। ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਹੋ ਕੰਮ ਕਰਦਿਆਂ ਲਗਭਗ ਇਕ ਵਰ੍ਹਾ ਹੋ ਗਿਆ ਹੈ, ਅਤੇ ਅਜੇ ਵੀ ਉਸ ਦੇ ਕੁਝ ਚੇਲੇ ਉਸ ਨਾਲ ਸੰਗਤ ਕਰਦੇ ਹਨ।

ਅਸਲ ਵਿਚ, ਯਿਸੂ ਖ਼ੁਦ ਕੋਈ ਬਪਤਿਸਮਾ ਨਹੀਂ ਦਿੰਦਾ ਹੈ, ਪਰੰਤੂ ਉਸ ਦੇ ਚੇਲੇ ਉਸ ਦੇ ਨਿਰਦੇਸ਼ਨ ਦੇ ਅਧੀਨ ਇਹ ਕਰਦੇ ਹਨ। ਉਨ੍ਹਾਂ ਦਾ ਬਪਤਿਸਮਾ ਉਹੀ ਮਹੱਤਤਾ ਰੱਖਦਾ ਹੈ ਜੋ ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਰੱਖਦਾ ਹੈ, ਅਰਥਾਤ ਇਹ ਪਰਮੇਸ਼ੁਰ ਦੀ ਬਿਵਸਥਾ ਨੇਮ ਦੇ ਵਿਰੁੱਧ ਇਕ ਯਹੂਦੀ ਦੇ ਪਾਪਾਂ ਦੀ ਤੋਬਾ ਦਾ ਇਕ ਪ੍ਰਤੀਕ ਹੈ। ਪਰੰਤੂ, ਆਪਣੇ ਪੁਨਰ-ਉਥਾਨ ਤੋਂ ਮਗਰੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹਾ ਬਪਤਿਸਮਾ ਦੇਣ ਦਾ ਹੁਕਮ ਦਿੱਤਾ ਜੋ ਇਕ ਵੱਖਰੀ ਮਹੱਤਤਾ ਰੱਖਦਾ ਹੈ। ਅੱਜ ਦਾ ਮਸੀਹੀ ਬਪਤਿਸਮਾ ਇਕ ਵਿਅਕਤੀ ਦਾ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਣ ਕਰਨ ਦਾ ਇਕ ਪ੍ਰਤੀਕ ਹੈ।

ਫਿਰ ਵੀ, ਯਿਸੂ ਦੀ ਸੇਵਕਾਈ ਦੇ ਮੁੱਢਲੇ ਭਾਗ ਵਿਚ, ਯੂਹੰਨਾ ਅਤੇ ਉਹ ਦੋਨੋਂ ਹੀ, ਭਾਵੇਂ ਵੱਖੋ-ਵੱਖ ਕੰਮ ਕਰਦੇ ਹਨ, ਪਸ਼ਚਾਤਾਪੀ ਲੋਕਾਂ ਨੂੰ ਸਿੱਖਿਆ ਅਤੇ ਬਪਤਿਸਮਾ ਦੇ ਰਹੇ ਹਨ। ਪਰੰਤੂ ਯੂਹੰਨਾ ਦੇ ਚੇਲੇ ਈਰਖਾਲੂ ਹੋ ਕੇ ਯਿਸੂ ਦੇ ਸੰਬੰਧ ਵਿਚ ਉਸ ਕੋਲ ਸ਼ਿਕਾਇਤ ਕਰਦੇ ਹਨ: “ਸੁਆਮੀ ਜੀ, . . . ਵੇਖ ਉਹ ਬਪਤਿਸਮਾ ਦਿੰਦਾ ਹੈ ਅਤੇ ਸਭ ਲੋਕ ਉਹ ਦੇ ਕੋਲ ਆਉਂਦੇ ਹਨ।”

ਈਰਖਾਲੂ ਹੋਣ ਦੀ ਬਜਾਇ, ਯੂਹੰਨਾ ਯਿਸੂ ਦੀ ਸਫਲਤਾ ਤੇ ਆਨੰਦਿਤ ਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੇ ਚੇਲੇ ਵੀ ਆਨੰਦ ਕਰਨ। ਉਹ ਉਨ੍ਹਾਂ ਨੂੰ ਯਾਦ ਦਿਲਾਉਂਦਾ ਹੈ: “ਤੁਸੀਂ ਆਪ ਮੇਰੇ ਲਈ ਸਾਖੀ ਦਿੰਦੇ ਹੋ ਜੋ ਮੈਂ ਆਖਿਆ ਕਿ ਮੈਂ ਮਸੀਹ ਨਹੀਂ ਪਰ ਉਹ ਦੇ ਅੱਗੇ ਭੇਜਿਆ ਹੋਇਆ ਹਾਂ।” ਫਿਰ ਉਹ ਇਕ ਸੁੰਦਰ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ: “ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ ਪਰ ਲਾੜੇ ਦਾ ਮਿੱਤਰ ਜੋ ਖੜੋ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਵੱਡਾ ਅਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਪੂਰਾ ਹੋਇਆ ਹੈ।”

ਯੂਹੰਨਾ ਨੇ, ਲਾੜੇ ਦੇ ਮਿੱਤਰ ਦੇ ਤੌਰ ਤੇ, ਛੇ ਮਹੀਨੇ ਪਹਿਲਾਂ ਆਨੰਦ ਕੀਤਾ ਜਦੋਂ ਉਹ ਨੇ ਆਪਣੇ ਚੇਲਿਆਂ ਦਾ ਪਰਿਚੈ ਯਿਸੂ ਨਾਲ ਕਰਾਇਆ ਸੀ। ਉਨ੍ਹਾਂ ਵਿੱਚੋਂ ਕੁਝ, ਮਸੀਹ ਦੀ ਸਵਰਗੀ ਲਾੜੀ ਵਰਗ ਦੇ ਭਾਵੀ ਸਦੱਸ ਬਣਦੇ ਹਨ, ਉਹ ਵਰਗ ਜੋ ਆਤਮਾ ਦੁਆਰਾ ਮਸਹ ਕੀਤੇ ਹੋਏ ਮਸੀਹੀਆਂ ਦਾ ਬਣਿਆ ਹੋਵੇਗਾ। ਯੂਹੰਨਾ ਚਾਹੁੰਦਾ ਹੈ ਕਿ ਉਸ ਦੇ ਮੌਜੂਦਾ ਚੇਲੇ ਵੀ ਯਿਸੂ ਦੇ ਪਿੱਛੇ ਚੱਲਣ, ਕਿਉਂਕਿ ਉਸ ਦਾ ਉਦੇਸ਼ ਮਸੀਹ ਦੀ ਸਫਲ ਸੇਵਕਾਈ ਲਈ ਰਾਹ ਤਿਆਰ ਕਰਨਾ ਹੈ। ਜਿਵੇਂ ਯੂਹੰਨਾ ਬਪਤਿਸ­ਮਾ ਦੇਣ ਵਾਲਾ ਸਪੱਸ਼ਟ ਕਰਦਾ ਹੈ: “ਜਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ।”

ਯਿਸੂ ਦਾ ਨਵਾਂ ਚੇਲਾ ਯੂਹੰਨਾ, ਜੋ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਰਹਿ ਚੁੱਕਾ ਹੈ, ਯਿਸੂ ਦੇ ਮੂਲ ਬਾਰੇ ਅਤੇ ਮਨੁੱਖੀ ਛੁਟਕਾਰੇ ਵਿਚ ਉਸ ਦੀ ਮਹੱਤਵਪੂਰਣ ਭੂਮਿਕਾ ਬਾਰੇ ਲਿਖਦੇ ਹੋਏ ਕਹਿੰਦਾ ਹੈ: “ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। . . . ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ ਅਤੇ ਸੱਭੋ ਕੁਝ ਉਹ ਦੇ ਹੱਥ ਸੌਂਪ ਦਿੱਤਾ ਹੈ। ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।”

ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਆਪਣੇ ਕੰਮਾਂ ਦੇ ਘੱਟਣ ਬਾਰੇ ਚਰਚਾ ਕਰਨ ਦੇ ਥੋੜ੍ਹੇ ਚਿਰ ਬਾਅਦ ਹੀ, ਉਹ ਰਾਜਾ ਹੇਰੋਦੇਸ ਵੱਲੋਂ ਗਿਰਫ਼ਤਾਰ ਕਰ ਲਿਆ ਜਾਂਦਾ ਹੈ। ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ, ਹੇਰੋਦਿਯਾਸ ਨੂੰ ਆਪਣੀ ਪਤਨੀ ਦੇ ਤੌਰ ਤੇ ਰੱਖ ਲਿਆ ਹੈ, ਅਤੇ ਜਦੋਂ ਯੂਹੰਨਾ ਉਸ ਦੇ ਕੰਮਾਂ ਨੂੰ ਖੁਲ੍ਹੇਆਮ ਅਨੁਚਿਤ ਪ੍ਰਗਟ ਕਰਦਾ ਹੈ, ਤਾਂ ਹੇਰੋਦੇਸ ਉਸ ਨੂੰ ਕੈਦ ਵਿਚ ਸੁੱਟਵਾ ਦਿੰਦਾ ਹੈ। ਜਦੋਂ ਯਿਸੂ ਯੂਹੰਨਾ ਦੀ ਗਿਰਫ਼ਤਾਰੀ ਬਾਰੇ ਸੁਣਦਾ ਹੈ, ਤਾਂ ਉਹ ਆਪਣੇ ਚੇਲਿਆਂ ਨਾਲ ਯਹੂਦਿਯਾ ਛੱਡ ਕੇ ਗਲੀਲ ਲਈ ਚਲ ਪੈਂਦਾ ਹੈ। ਯੂਹੰਨਾ 3:​22–4:3; ਰਸੂਲਾਂ ਦੇ ਕਰਤੱਬ 19:4; ਮੱਤੀ 28:19; 2 ਕੁਰਿੰਥੀਆਂ 11:2; ਮਰਕੁਸ 1:14; 6:​17-20.

▪ ਯਿਸੂ ਦੇ ਪੁਨਰ-ਉਥਾਨ ਤੋਂ ਪਹਿਲਾਂ ਉਸ ਦੇ ਨਿਰਦੇਸ਼ਨ ਅਧੀਨ ਦਿੱਤੇ ਬਪਤਿਸਮਿਆਂ ਦੀ ਕੀ ਮਹੱਤਤਾ ਹੈ? ਅਤੇ ਉਸ ਦੇ ਪੁਨਰ-ਉਥਾਨ ਤੋਂ ਬਾਅਦ ਵਾਲੇ ਬਪਤਿਸਮਿਆਂ ਦੀ ਕੀ ਮਹੱਤਤਾ ਹੈ?

▪ ਯੂਹੰਨਾ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਸ ਦੇ ਚੇਲਿਆਂ ਦੀ ਸ਼ਿਕਾਇਤ ਅਨੁਚਿਤ ਹੈ?

▪ ਯੂਹੰਨਾ ਨੂੰ ਕੈਦ ਵਿਚ ਕਿਉਂ ਸੁੱਟਿਆ ਜਾਂਦਾ ਹੈ?