Skip to content

Skip to table of contents

ਰਾਹ ਤਿਆਰਕਰਤਾ ਪੈਦਾ ਹੁੰਦਾ ਹੈ

ਰਾਹ ਤਿਆਰਕਰਤਾ ਪੈਦਾ ਹੁੰਦਾ ਹੈ

ਅਧਿਆਇ 3

ਰਾਹ ਤਿਆਰਕਰਤਾ ਪੈਦਾ ਹੁੰਦਾ ਹੈ

ਇਲੀਸਬਤ ਆਪਣੇ ਬੱਚੇ ਨੂੰ ਜਨਮ ਦੇਣ ਲਈ ਲਗਭਗ ਤਿਆਰ ਹੈ। ਇਨ੍ਹਾਂ ਪਿਛਲੇ ਤਿੰਨਾਂ ਮਹੀਨਿਆਂ ਲਈ, ਮਰਿਯਮ ਉਸ ਨਾਲ ਰਹਿ ਰਹੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਮਰਿਯਮ ਅਲਵਿਦਾ ਕਹੇ ਅਤੇ ਵਾਪਸ ਨਾਸ­ਰਤ ਨੂੰ ਆਪਣੇ ਘਰ ਜਾਣ ਲਈ ਲੰਬਾ ਸਫਰ ਕਰੇ। ਲਗਭਗ ਛੇ ਮਹੀਨਿਆਂ ਵਿਚ ਉਸ ਦੇ ਵੀ ਇਕ ਬੱਚਾ ਹੋਵੇਗਾ।

ਮਰਿਯਮ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਇਲੀਸਬਤ ਜਨਮ ਦਿੰਦੀ ਹੈ। ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਜਨਮ ਠੀਕ-ਠਾਕ ਹੁੰਦਾ ਹੈ ਅਤੇ ਇਲੀਸਬਤ ਅਤੇ ਬੱਚਾ ਦੋਨੋਂ ਹੀ ਤੰਦਰੁਸਤ ਹਨ! ਜਦੋਂ ਇਲੀਸਬਤ ਨੰਨ੍ਹੇ ਬੱਚੇ ਨੂੰ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਦਿਖਾਉਂਦੀ ਹੈ, ਤਾਂ ਉਹ ਸਾਰੇ ਉਸ ਨਾਲ ਆਨੰਦ ਮਨਾਉਂਦੇ ਹਨ।

ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਇਸਰਾਏਲ ਵਿਚ ਇਕ ਨੰਨ੍ਹੇ ਬਾਲਕ ਦੇ ਜਨਮ ਤੋਂ ਅੱਠ ਦਿਨਾਂ ਬਾਅਦ, ਉਸ ਦੀ ਸੁੰਨਤ ਕਰਨੀ ਜ਼ਰੂਰੀ ਹੁੰਦੀ ਹੈ। ਇਸ ਮੌਕੇ ਤੇ ਦੋਸਤ ਅਤੇ ਰਿਸ਼ਤੇਦਾਰ ਮਿਲਣ ਨੂੰ ਆਉਂਦੇ ਹਨ। ਉਹ ਕਹਿੰਦੇ ਹਨ ਕਿ ਮੁੰਡੇ ਦਾ ਨਾਂ ਉਸ ਦੇ ਪਿਤਾ, ਜ਼ਕਰਯਾਹ ਦੇ ਨਾਂ ਤੇ ਹੋਣਾ ਚਾਹੀਦਾ ਹੈ। ਪਰੰਤੂ ਇਲੀਸਬਤ ਬੋਲ ਉਠਦੀ ਹੈ। “ਨਹੀਂ!” ਉਹ ਕਹਿੰਦੀ ਹੈ, “ਪਰ ਉਹ ਯੂਹੰਨਾ ਸਦਾਵੇਗਾ।” ਯਾਦ ਕਰੋ, ਇਹ ਉਹੀ ਨਾਂ ਹੈ ਜੋ ਦੂਤ ਜਿਬਰਾਏਲ ਨੇ ਕਿਹਾ ਸੀ ਕਿ ਬੱਚੇ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਪਰ ਉਨ੍ਹਾਂ ਦੇ ਦੋਸਤ ਵਿਰੋਧ ਕਰਦੇ ਹਨ: “ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਉਂ ਕਰਕੇ ਸੱਦੀਦਾ ਹੈ।” ਫਿਰ, ਸੈਨਤਾਂ ਦੀ ਬੋਲੀ ਵਰਤਦੇ ਹੋਏ, ਉਹ ਪੁੱਛਦੇ ਹਨ ਕਿ ਉਸ ਦਾ ਪਿਤਾ ਮੁੰਡੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ। ਜ਼ਕਰ­ਯਾਹ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਫੱਟੀ ਮੰਗਵਾ ਕੇ ਲਿਖਦਾ ਹੈ: “ਉਹ ਦਾ ਨਾਉਂ ਯੂਹੰਨਾ ਹੈ।”

ਇਸੇ ਨਾਲ, ਜ਼ਕਰਯਾਹ ਦੀ ਬੋਲਣ-ਸ਼ਕਤੀ ਚਮਤਕਾਰੀ ਢੰਗ ਨਾਲ ਮੁੜ ਬਹਾਲ ਹੋ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਉਸ ਦੀ ਬੋਲਣ ਦੀ ਯੋਗਤਾ ਚਲੀ ਗਈ ਸੀ ਜਦੋਂ ਉਸ ਨੇ ਦੂਤ ਦੀ ਘੋਸ਼ਣਾ ਤੇ ਵਿਸ਼ਵਾਸ ਨਹੀਂ ਕੀਤਾ ਸੀ ਕਿ ਇਲੀਸਬਤ ਦੇ ਇਕ ਬੱਚਾ ਹੋਵੇਗਾ। ਖ਼ੈਰ, ਜਦੋਂ ਜ਼ਕਰਯਾਹ ਬੋਲਦਾ ਹੈ, ਤਾਂ ਆਲੇ-ਦੁਆਲੇ ਦੇ ਸਾਰੇ ਰਹਿਣ ਵਾਲੇ ਹੈਰਾਨ ਹੁੰਦੇ ਹਨ ਅਤੇ ਆਪਣੇ ਆਪ ਨੂੰ ਕਹਿੰਦੇ ਹਨ: “ਭਲਾ, ਇਹ ਕਿਹੋ ਜਿਹਾ ਬਾਲਕ ਹੋਊ?”

ਜ਼ਕਰਯਾਹ ਹੁਣ ਪਵਿੱਤਰ ਆਤਮਾ ਨਾਲ ਭਰ ਜਾਂਦਾ ਹੈ, ਅਤੇ ਉਹ ਖ਼ੁਸ਼ੀ ਨਾਲ ਕਹਿੰਦਾ ਹੈ: “ਮੁਬਾਰਕ ਹੈ ਪ੍ਰਭੁ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ, ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਣੇ ਵਿੱਚ ਮੁਕਤੀ ਦਾ ਸਿੰਙ ਖੜਾ ਕੀਤਾ।” ਨਿਰਸੰਦੇਹ, ਇਹ “ਮੁਕਤੀ ਦਾ ਸਿੰਙ” ਪ੍ਰਭੂ ਯਿਸੂ ਹੈ, ਜਿਸ ਨੇ ਅਜੇ ਪੈਦਾ ਹੋਣਾ ਹੈ। ਜ਼ਕਰਯਾਹ ਕਹਿੰਦਾ ਹੈ ਕਿ ਉਸ ਦੇ ਦੁਆਰਾ ਪਰਮੇਸ਼ੁਰ ‘ਸਾਨੂੰ ਇਹ ਬਖ਼ਸ਼ੇਗਾ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ ਉਮਰ ਭਰ ਉਹ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ ਨਾਲ ਬੇਧੜਕ ਉਹ ਦੀ ਉਪਾਸਨਾ ਕਰੀਏ।’

ਫਿਰ ਜ਼ਕਰਯਾਹ ਆਪਣੇ ਪੁੱਤਰ, ਯੂਹੰਨਾ ਬਾਰੇ ਭਵਿੱਖਬਾਣੀ ਕਰਦਾ ਹੈ: “ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਅਖਵਾਏਂਗਾ, ਕਿਉਂ ਜੋ ਤੂੰ ਪ੍ਰਭੁ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹ ਦੇ ਅੱਗੇ ਅੱਗੇ ਚੱਲੇਂਗਾ, ਭਈ ਉਹ ਦੀ ਪਰਜਾ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ, ਸਾਡੇ ਪਰਮੇਸ਼ੁਰ ਦੇ ਵੱਡੇ ਰਹਮ ਦੇ ਕਾਰਨ ਮਿਲੇਗੀ, ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ ਚਮਕੇਗਾ, ਭਈ ਉਨ੍ਹਾਂ ਨੂੰ ਜੋ ਅਨ੍ਹੇਰੇ ਤੇ ਮੌਤ ਦੇ ਸਾਯੇ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ, ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ।”

ਇਸ ਸਮੇਂ ਮਰਿਯਮ, ਜੋ ਸਪੱਸ਼ਟ ਤੌਰ ਤੇ ਅਜੇ ਵੀ ਇਕ ਅਵਿਵਾਹਿਤ ਔਰਤ ਹੈ, ਨਾਸਰਤ ਵਿਚ ਆਪਣੇ ਘਰ ਪਹੁੰਚ ਗਈ ਹੈ। ਉਸ ਨੂੰ ਕੀ ਹੋਵੇਗਾ ਜਦੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਗਰਭਵਤੀ ਹੈ? ਲੂਕਾ 1:​56-80; ਲੇਵੀਆਂ 12:​2, 3.

▪ ਯੂਹੰਨਾ ਯਿਸੂ ਨਾਲੋਂ ਕਿੰਨਾ ਵੱਡਾ ਹੈ?

▪ ਜਦੋਂ ਯੂਹੰਨਾ ਅੱਠਾਂ ਦਿਨਾਂ ਦਾ ਹੁੰਦਾ ਹੈ, ਉਦੋਂ ਕਿਹੜੀਆਂ ਗੱਲਾਂ ਵਾਪਰਦੀਆਂ ਹਨ?

▪ ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਕਿਸ ਤਰ੍ਹਾਂ ਆਪਣੀ ਨਿਗਾਹ ਕੀਤੀ ਹੈ?

▪ ਯੂਹੰਨਾ ਲਈ ਕਿਹੜਾ ਕੰਮ ਕਰਨ ਬਾਰੇ ਭਵਿੱਖਬਾਣੀ ਕੀਤੀ ਗਈ ਹੈ?