Skip to content

Skip to table of contents

ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ

ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ

ਅਧਿਆਇ 28

ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ

ਯਿਸੂ ਦਾ 30 ਸਾ.ਯੁ. ਦੇ ਪਸਾਹ ਵਿਚ ਹਾਜ਼ਰ ਹੋਏ ਨੂੰ ਲਗਭਗ ਇਕ ਵਰ੍ਹਾ ਬੀਤ ਗਿਆ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਹੁਣ ਤਕ ਕਈ ਮਹੀਨਿਆਂ ਲਈ ਕੈਦ ਵਿਚ ਰਹਿ ਚੁੱਕਾ ਹੈ। ਭਾਵੇਂ ਕਿ ਉਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਮਸੀਹ ਦੇ ਅਨੁਯਾਈ ਬਣਨ, ਉਨ੍ਹਾਂ ਵਿੱਚੋਂ ਸਾਰੇ ਨਹੀਂ ਬਣੇ ਹਨ।

ਹੁਣ ਕੈਦੀ ਯੂਹੰਨਾ ਦੇ ਇਨ੍ਹਾਂ ਚੇਲਿਆਂ ਵਿੱਚੋਂ ਕੁਝ ਯਿਸੂ ਦੇ ਕੋਲ ਆ ਕੇ ਪੁੱਛਦੇ ਹਨ: “ਇਹ ਦਾ ਕੀ ਕਾਰਨ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?” ਫ਼ਰੀਸੀ ਆਪਣੇ ਧਰਮ ਦੀਆਂ ਰੀਤਾਂ ਦੇ ਤੌਰ ਤੇ ਹਫ਼ਤੇ ਵਿਚ ਦੋ ਵਾਰੀ ਵਰਤ ਰੱਖਦੇ ਹਨ। ਅਤੇ ਯੂਹੰਨਾ ਦੇ ਚੇਲੇ ਵੀ ਸ਼ਾਇਦ ਇਕ ਸਮਰੂਪ ਰਿਵਾਜ ਦਾ ਅਨੁਕਰਣ ਕਰਦੇ ਹਨ। ਉਹ ਸ਼ਾਇਦ ਇਸ ਲਈ ਵੀ ਵਰਤ ਰੱਖ ਰਹੇ ਹਨ ਕਿਉਂਕਿ ਉਹ ਯੂਹੰਨਾ ਦੀ ਕੈਦ ਦਾ ਸੋਗ ਮਨਾ ਰਹੇ ਹਨ ਅਤੇ ਹੈਰਾਨ ਹਨ ਕਿ ਕਿਉਂ ਯਿਸੂ ਦੇ ਚੇਲੇ ਉਨ੍ਹਾਂ ਦੇ ਸੋਗ ਦੀ ਇਸ ਅਭਿਵਿਅਕਤੀ ਵਿਚ ਸ਼ਾਮਲ ਨਹੀਂ ਹੁੰਦੇ ਹਨ।

ਯਿਸੂ ਜਵਾਬ ਵਿਚ ਸਮਝਾਉਂਦਾ ਹੈ: “ਜਿੰਨਾ ਚਿਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਓਹ ਸੋਗ ਕਰ ਸੱਕਦੇ ਹਨ? ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਓਹ ਵਰਤ ਰੱਖਣਗੇ।”

ਯੂਹੰਨਾ ਦੇ ਚੇਲਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਯੂਹੰਨਾ ਨੇ ਖ਼ੁਦ ਯਿਸੂ ਨੂੰ ਲਾੜੇ ਦੇ ਤੌਰ ਤੇ ਆਖਿਆ ਸੀ। ਇਸ ਲਈ, ਜਦੋਂ ਕਿ ਯਿਸੂ ਹਾਜ਼ਰ ਹੈ, ਯੂਹੰਨਾ ਵਰਤ ਰੱਖਣਾ ਉਚਿਤ ਨਹੀਂ ਸਮਝਦਾ, ਅਤੇ ਨਾ ਹੀ ਯਿਸੂ ਦੇ ਚੇਲੇ ਇਸ ਨੂੰ ਉਚਿਤ ਸਮਝਦੇ ਹਨ। ਬਾਅਦ ਵਿਚ, ਜਦੋਂ ਯਿਸੂ ਮਰ ਜਾਂਦਾ ਹੈ, ਤਾਂ ਉਸ ਦੇ ਚੇਲੇ ਸੋਗ ਕਰਦੇ ਹਨ ਅਤੇ ਵਰਤ ਰੱਖਦੇ ਹਨ। ਪਰੰਤੂ ਜਦੋਂ ਉਹ ਪੁਨਰ-ਉਥਿਤ ਹੋ ਕੇ ਸਵਰਗ ਨੂੰ ਚੜ੍ਹਦਾ ਹੈ, ਤਾਂ ਉਨ੍ਹਾਂ ਕੋਲ ਸੋਗੀ ਵਰਤ ਰੱਖਣ ਦਾ ਹੋਰ ਕੋਈ ਕਾਰਨ ਨਹੀਂ ਹੈ।

ਫਿਰ, ਯਿਸੂ ਇਨ੍ਹਾਂ ਦ੍ਰਿਸ਼ਟਾਂਤਾਂ ਨੂੰ ਦਿੰਦਾ ਹੈ: “ਪੁਰਾਣੇ ਕੱਪੜੇ ਨੂੰ ਕੋਰੇ ਦੀ ਟਾਕੀ ਕੋਈ ਨਹੀਂ ਲਾਉਂਦਾ ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਤੋਂ ਕੁਝ ਖਿੱਚ ਲੈਂਦੀ ਹੈ ਅਤੇ ਉਹ ਲੰਗਾਰ ਵਧ ਜਾਂਦਾ ਹੈ। ਅਤੇ ਨਾ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਅਤੇ ਮੈ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ। ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।” ਇਨ੍ਹਾਂ ਦ੍ਰਿਸ਼ਟਾਂਤਾਂ ਦਾ ਵਰਤ ਨਾਲ ਕੀ ਸੰਬੰਧ ਹੈ?

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਇਹ ਸਮਝਣ ਵਿਚ ਮਦਦ ਕਰ ਰਿਹਾ ਸੀ ਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਹੈ ਕਿ ਉਸ ਦੇ ਅਨੁਯਾਈ ਯਹੂਦੀ ਧਰਮ ਦੇ ਪੁਰਾਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚਲਣਗੇ ਜਿਵੇਂ ਕਿ ਰਿਵਾਜੀ ਵਰਤ ਰੱਖਣਾ। ਉਹ ਉਪਾਸਨਾ ਦੀਆਂ ਪੁਰਾਣੀਆਂ ਹੰਢੀਆਂ ਹੋਈਆਂ ਵਿਵਸਥਾਵਾਂ ਨੂੰ ਨਾ ਹੀ ਟਾਕੀ ਲਾਉਣ ਅਤੇ ਨਾ ਹੀ ਅੱਗੇ ਵਧਾਉਣ ਲਈ ਆਇਆ ਸੀ ਜੋ ਤਿਆਗੀਆਂ ਜਾਣ ਲਈ ਤਿਆਰ ਸਨ। ਮਸੀਹੀਅਤ ਨੂੰ ਉਸ ਸਮੇਂ ਦੇ ਯਹੂਦੀ ਧਰਮ, ਜਿਸ ਵਿਚ ਮਨੁੱਖਾਂ ਦੀਆਂ ਰੀਤਾਂ ਹਨ, ਦੇ ਅਨੁਸਾਰ ਨਹੀਂ ਬਣਾਇਆ ਜਾਵੇਗਾ। ਨਹੀਂ, ਇਹ ਪੁਰਾਣੇ ਕੱਪੜੇ ਉੱਤੇ ਇਕ ਨਵੀਂ ਟਾਕੀ ਵਾਂਗ ਜਾਂ ਇਕ ਪੁਰਾਣੀ ਮਸ਼ਕ ਵਿਚ ਨਵੇਂ ਦਾਖ ਰਸ ਵਾਂਗ ਨਹੀਂ ਹੋਵੇਗੀ। ਮੱਤੀ 9:​14-17; ਮਰਕੁਸ 2:​18-22; ਲੂਕਾ 5:​33-39; ਯੂਹੰਨਾ 3:​27-29.

▪ ਕੌਣ ਵਰਤ ਰੱਖਦੇ ਹਨ, ਅਤੇ ਕਿਹੜੇ ਉਦੇਸ਼ ਨਾਲ?

▪ ਯਿਸੂ ਦੇ ਚੇਲੇ ਵਰਤ ਕਿਉਂ ਨਹੀਂ ਰੱਖਦੇ ਹਨ ਜਦੋਂ ਤਕ ਉਹ ਉਨ੍ਹਾਂ ਦੇ ਨਾਲ ਹੈ, ਅਤੇ ਬਾਅਦ ਵਿਚ ਕਿਸ ਤਰ੍ਹਾਂ ਜਲਦੀ ਹੀ ਵਰਤ ਰੱਖਣ ਦਾ ਕਾਰਨ ਮਿਟ ਜਾਵੇਗਾ?

▪ ਯਿਸੂ ਕਿਹੜੇ ਦ੍ਰਿਸ਼ਟਾਂਤ ਦਿੰਦਾ ਹੈ, ਅਤੇ ਉਨ੍ਹਾਂ ਦਾ ਕੀ ਅਰਥ ਹੈ?