Skip to content

Skip to table of contents

ਵਾਅਦੇ ਦਾ ਬਾਲਕ

ਵਾਅਦੇ ਦਾ ਬਾਲਕ

ਅਧਿਆਇ 6

ਵਾਅਦੇ ਦਾ ਬਾਲਕ

ਨਾਸਰਤ ਨੂੰ ਮੁੜਨ ਦੀ ਬਜਾਇ, ਯੂਸੁਫ਼ ਅਤੇ ਮਰਿਯਮ ਬੈਤਲਹਮ ਵਿਚ ਹੀ ਠਹਿਰ ਜਾਂਦੇ ਹਨ। ਅਤੇ ਜਦੋਂ ਯਿਸੂ ਅੱਠ ਦਿਨਾਂ ਦਾ ਹੁੰਦਾ ਹੈ, ਤਾਂ ਉਹ ਉਸ ਦੀ ਸੁੰਨਤ ਕਰਾਉਂਦੇ ਹਨ, ਜਿਵੇਂ ਮੂਸਾ ਨੂੰ ਦਿੱਤੀ ਪਰਮੇਸ਼ੁਰ ਦੀ ਬਿ­ਵਸਥਾ ਹੁਕਮ ਕਰਦੀ ਹੈ। ਨਾਲੇ ਸਪੱਸ਼ਟ ਤੌਰ ਤੇ ਅੱਠਵੇਂ ਦਿਨ ਤੇ ਇਕ ਨੰਨ੍ਹੇ ਬਾਲਕ ਨੂੰ ਉਸ ਦਾ ਨਾਂ ਦੇਣ ਦਾ ਵੀ ਰਿਵਾਜ ਹੁੰਦਾ ਹੈ। ਸੋ ਉਹ ਆਪਣੇ ਬੱਚੇ ਦਾ ਨਾਂ ਯਿਸੂ ਰੱਖਦੇ ਹਨ, ਜਿਵੇਂ ਦੂਤ ਜਿਬਰਾਏਲ ਨੇ ਪਹਿਲਾਂ ਨਿਰਦੇਸ਼ਿਤ ਕੀਤਾ ਸੀ।

ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਂਦਾ ਹੈ, ਅਤੇ ਯਿਸੂ 40 ਦਿਨਾਂ ਦਾ ਹੈ। ਹੁਣ ਉਸ ਦੇ ਮਾਤਾ-ਪਿਤਾ ਉਸ ਨੂੰ ਕਿੱਥੇ ਲੈ ਜਾਂਦੇ ਹਨ? ਯਰੂਸ਼ਲਮ ਦੀ ਹੈਕਲ ­ਵਿਖੇ, ਜੋ ਕਿ ਸਿਰਫ਼ ਕੁਝ ਕਿਲੋਮੀਟਰ ਦੂਰੀ ਤੇ ਹੈ, ਜਿੱਥੇ ਉਹ ਰਹਿ ਰਹੇ ਹਨ। ਮੂਸਾ ਨੂੰ ਦਿੱਤੀ ­ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ, ਇਕ ਮਾਂ ਲਈ, ਇਕ ਪੁੱਤਰ ਨੂੰ ਜਨਮ ਦੇਣ ਤੋਂ 40 ਦਿਨਾਂ ਬਾਅਦ, ਸ਼ੁੱਧ ਹੋਣ ਲਈ ਹੈਕਲ ਵਿਖੇ ਭੇਟ ਚੜ੍ਹਾਉਣੀ ਜ਼ਰੂਰੀ ਹੁੰਦੀ ਹੈ।

ਮਰਿਯਮ ਇਹੋ ਹੀ ਕਰਦੀ ਹੈ। ਉਹ ਆਪਣੀ ਭੇਟ ਦੇ ਤੌਰ ਤੇ ਦੋ ਛੋਟੇ ਪੰਛੀ ਲਿਆਉਂਦੀ ਹੈ। ਇਸ ਤੋਂ ਯੂਸੁਫ਼ ਅਤੇ ਮਰਿਯਮ ਦੀ ਆਰਥਿਕ ਦਸ਼ਾ ਬਾਰੇ ਕੁਝ ਪਤਾ ਚਲਦਾ ਹੈ। ਮੂਸਾ ਦੀ ਬਿਵਸਥਾ ਦਿਖਾਉਂਦੀ ਹੈ ਕਿ ਇਕ ਜਵਾਨ ਭੇਡੂ, ਜੋ ਪੰਛੀਆਂ ਨਾਲੋਂ ਬਹੁਤ ਜ਼ਿਆਦਾ ਕੀਮਤੀ ਹੈ, ਭੇਟ ਕੀਤਾ ਜਾਣਾ ਚਾਹੀਦਾ ਹੈ। ਪਰੰਤੂ ਜੇਕਰ ਮਾਂ ਇਹ ਕਰਨ ਦੀ ਸਮਰਥਾ ਨਾ ਰੱਖੇ, ਤਾਂ ਦੋ ਘੁੱਗੀਆਂ ਜਾਂ ਦੋ ਕਬੂਤਰ ਕਾਫ਼ੀ ਹੋਣਗੇ।

ਹੈਕਲ ਵਿਚ ਇਕ ਬੁੱਢਾ ਆਦਮੀ ਯਿਸੂ ਨੂੰ ਆਪਣੀਆਂ ਬਾਹਾਂ ਵਿਚ ਲੈਂਦਾ ਹੈ। ਉਸ ਦਾ ਨਾਂ ਸਿਮਓਨ ਹੈ। ਪਰਮੇਸ਼ੁਰ ਨੇ ਉਸ ਨੂੰ ਪ੍ਰਗਟ ਕੀਤਾ ਸੀ ਕਿ ਉਹ ਯਹੋਵਾਹ ਦੇ ਵਾਅਦਾ ਕੀਤੇ ਹੋਏ ਮਸੀਹ, ਜਾਂ ਮਸੀਹਾ ਨੂੰ ਦੇਖੇ ਬਿਨਾਂ ਨਹੀਂ ਮਰੇਗਾ। ਇਸ ਦਿਨ ਜਦੋਂ ਸਿਮਓਨ ਹੈਕਲ ਨੂੰ ਆਉਂਦਾ ਹੈ, ਤਾਂ ਉਹ ਪਵਿੱਤਰ ਆਤਮਾ ਰਾਹੀਂ ਯੂਸੁਫ਼ ਅਤੇ ਮਰਿਯਮ ਦੁਆਰਾ ਚੁੱਕੇ ਹੋਏ ਬੱਚੇ ਵੱਲ ਨਿਰਦੇਸ਼ਿਤ ਹੁੰਦਾ ਹੈ।

ਜਦ ਸਿਮਓਨ ਯਿਸੂ ਨੂੰ ਚੁੱਕਦਾ ਹੈ, ਤਾਂ ਉਹ ਇਹ ਕਹਿੰਦੇ ਹੋਏ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ: “ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ, ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ, ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ, ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।”

ਜਦੋਂ ਯੂਸੁਫ਼ ਅਤੇ ਮਰਿਯਮ ਇਹ ਸੁਣਦੇ ਹਨ ਤਾਂ ਉਹ ਹੈਰਾਨ ਹੁੰਦੇ ਹਨ। ਫਿਰ ਸਿਮਓਨ ਉਨ੍ਹਾਂ ਨੂੰ ਬਰਕਤਾਂ ਦਿੰਦਾ ਅਤੇ ਮਰਿਯਮ ਨੂੰ ਕਹਿੰਦਾ ਹੈ ਕਿ ਉਸ ਦਾ ਪੁੱਤਰ “ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ” ਅਤੇ ਕਿ ਦੁੱਖ, ਇਕ ਤੇਜ਼ ਤਲਵਾਰ ਵਾਂਗ ਉਸ ਦੀ ਜਿੰਦ ਨੂੰ ਵਿੰਨ੍ਹੇਗਾ।

ਇਸ ਮੌਕੇ ਤੇ 84 ਵਰ੍ਹਿਆਂ ਦੀ ਆੱਨਾ ਨਾਮਕ ਨਬੀਆ ਹਾਜ਼ਰ ਹੈ। ਅਸਲ ਵਿਚ, ਉਹ ਹੈਕਲ ਵਿਚ ਹਰ ਸਮੇਂ ਹਾਜ਼ਰ ਰਹਿੰਦੀ ਹੈ। ਉਹ ਉਸੇ ਪਲ ਲਾਗੇ ਆਉਂਦੀ ਹੈ ਅਤੇ ਪਰਮੇਸ਼ੁਰ ਨੂੰ ਧੰਨਵਾਦ ਦੇਣਾ ਅਤੇ ਯਿਸੂ ਬਾਰੇ ਉਨ੍ਹਾਂ ਸਾਰਿਆਂ ਨੂੰ ਸੁਣਾਉਣਾ ਸ਼ੁਰੂ ਕਰਦੀ ਹੈ ਜੋ ਸੁਣਨਗੇ।

ਯੂਸੁਫ਼ ਅਤੇ ਮਰਿਯਮ ਹੈਕਲ ਵਿਚ ਇਨ੍ਹਾਂ ਘਟਨਾਵਾਂ ਦਾ ਕਿੰਨਾ ਆਨੰਦ ਮਾਣਦੇ ਹਨ! ਯਕੀਨਨ, ਇਨ੍ਹਾਂ ਸਭ ਗੱਲਾਂ ਨੇ ਉਨ੍ਹਾਂ ਨੂੰ ਹੋਰ ਯਕੀਨ ਦਿਵਾਇਆ ਕਿ ਇਹ ਬੱਚਾ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਹੈ। ਲੂਕਾ 2:​21-38; ਲੇਵੀਆਂ 12:​1-8.

▪ ਸਪੱਸ਼ਟ ਤੌਰ ਤੇ ਇਕ ਨੰਨ੍ਹੇ ਇਸਰਾਏਲੀ ਬਾਲਕ ਨੂੰ ਉਸ ਦਾ ਨਾਂ ਦੇਣ ਦਾ ਰਿਵਾਜ ਕਦੋਂ ਹੁੰਦਾ ਸੀ?

▪ ਇਕ ਇਸਰਾਏਲੀ ਮਾਂ ਤੋਂ ਕੀ ਮੰਗ ਕੀਤੀ ਜਾਂਦੀ ਸੀ ਜਦੋਂ ਉਸ ਦਾ ਪੁੱਤਰ 40 ਦਿਨਾਂ ਦਾ ਹੁੰਦਾ ਸੀ, ਅਤੇ ਇਸ ਮੰਗ ਨੂੰ ਪੂਰਿਆਂ ਕਰਦੇ ਹੋਏ ਮਰਿਯਮ ਦੀ ਆਰਥਿਕ ਦਸ਼ਾ ਕਿਵੇਂ ਪ੍ਰਗਟ ਹੁੰਦੀ ਹੈ?

▪ ਇਸ ਮੌਕੇ ਤੇ ਯਿਸੂ ਦੀ ਸ਼ਨਾਖਤ ਨੂੰ ਕੌਣ ਪਛਾਣਦੇ ਹਨ, ਅਤੇ ਉਹ ਇਹ ਕਿਵੇਂ ਦਿਖਾਉਂਦੇ ਹਨ?