Skip to content

Skip to table of contents

ਵਾਦ-ਵਿਵਾਦ ਦਾ ਕੇਂਦਰ

ਵਾਦ-ਵਿਵਾਦ ਦਾ ਕੇਂਦਰ

ਅਧਿਆਇ 41

ਵਾਦ-ਵਿਵਾਦ ਦਾ ਕੇਂਦਰ

ਸ਼ਮਊਨ ਦੇ ਘਰ ਉਸ ਦੀ ਖਾਤਰ ਕੀਤੇ ਜਾਣ ਤੋਂ ਥੋੜ੍ਹੇ ਸਮੇਂ ਬਾਅਦ, ਯਿਸੂ ਗਲੀਲ ਦਾ ਦੂਸਰਾ ਪ੍ਰਚਾਰ ਸਫਰ ਸ਼ੁਰੂ ਕਰਦਾ ਹੈ। ਉਸ ਖੇਤਰ ਵਿਚ ਆਪਣੇ ਪਹਿਲੇ ਸਫਰ ਤੇ, ਉਸ ਦੇ ਨਾਲ ਉਸ ਦੇ ਪਹਿਲੇ ਚੇਲੇ ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਸਨ। ਪਰੰਤੂ ਹੁਣ 12 ਰਸੂਲਾਂ ਦੇ ਨਾਲ ਕੁਝ ਔਰਤਾਂ ਵੀ ਉਸ ਨਾਲ ਜਾਂਦੀਆਂ ਹਨ। ਇਨ੍ਹਾਂ ਵਿਚ ਮਰਿਯਮ ਮਗਦਲੀਨੀ, ਸੁਸੰਨਾ, ਅਤੇ ਯੋਆਨਾ, ਜਿਸ ਦਾ ਪਤੀ ਰਾਜਾ ਹੇਰੋਦੇਸ ਦਾ ਇਕ ਅਫ਼ਸਰ ਹੈ, ਸ਼ਾਮਲ ਹਨ।

ਜਿਉਂ-ਜਿਉਂ ਯਿਸੂ ਦੀ ਸੇਵਕਾਈ ਦੀ ਰਫ਼ਤਾਰ ਵਧਦੀ ਜਾਂਦੀ ਹੈ, ਉਸ ਦੇ ਕੰਮ ਦੇ ਸੰਬੰਧ ਵਿਚ ਵਾਦ-ਵਿਵਾਦ ਵੀ ਵਧਦਾ ਜਾਂਦਾ ਹੈ। ਇਕ ਪਿਸ਼ਾਚਗ੍ਰਸਤ ਆਦਮੀ, ਜੋ ਅੰਨ੍ਹਾ ਵੀ ਹੈ ਅਤੇ ਬੋਲਣ ਦੇ ਯੋਗ ਵੀ ਨਹੀਂ, ਯਿਸੂ ਕੋਲ ਲਿਆਇਆ ਜਾਂਦਾ ਹੈ। ਜਦੋਂ ਯਿਸੂ ਉਸ ਨੂੰ ਚੰਗਾ ਕਰਦਾ ਹੈ, ਜਿਸ ਤੋਂ ਉਹ ਪਿਸ਼ਾਚ ਦੇ ਨਿਯੰਤ੍ਰਣ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਬੋਲ ਅਤੇ ਦੇਖ ਸਕਦਾ ਹੈ, ਤਾਂ ਭੀੜ ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਉਹ ਕਹਿਣ ਲੱਗਦੇ ਹਨ: “ਭਲਾ, ਇਹੋ ਦਾਊਦ ਦਾ ਪੁੱਤ੍ਰ ਨਹੀਂ ਹੈ?”

ਉਸ ਘਰ ਦੇ ਆਲੇ-ਦੁਆਲੇ, ਜਿੱਥੇ ਯਿਸੂ ਠਹਿਰਿਆ ਹੋਇਆ ਹੈ, ਇੰਨੀ ਭੀੜ ਜਮ੍ਹਾ ਹੋ ਜਾਂਦੀ ਹੈ ਕਿ ਉਹ ਅਤੇ ਉਸ ਦੇ ਚੇਲੇ ਖਾਣਾ ਵੀ ਨਹੀਂ ਖਾ ਸਕਦੇ ਹਨ। ਉਨ੍ਹਾਂ ਲੋਕਾਂ ਤੋਂ ਇਲਾਵਾ, ਜੋ ਸੋਚਦੇ ਹਨ ਕਿ ਸ਼ਾਇਦ ਇਹ ਵਾਅਦਾ ਕੀਤਾ ਹੋਇਆ “ਦਾਊਦ ਦਾ ਪੁੱਤ੍ਰ” ਹੈ, ਉੱਥੇ ਗ੍ਰੰਥੀ ਅਤੇ ਫ਼ਰੀਸੀ ਵੀ ਹਾਜ਼ਰ ਹਨ ਜੋ ਉਸ ਨੂੰ ਬਦਨਾਮ ਕਰਨ ਲਈ ਇੰਨੀ ਦੂਰ ਯਰੂਸ਼ਲਮ ਤੋਂ ਆਏ ਹਨ। ਜਦੋਂ ਯਿਸੂ ਦੇ ਰਿਸ਼ਤੇਦਾਰ ਯਿਸੂ ਦੇ ਇਰਦ-ਗਿਰਦ ਹੋ ਰਹੀ ਖਲਬਲੀ ਬਾਰੇ ਸੁਣਦੇ ਹਨ, ਤਾਂ ਉਹ ਉਸ ਨੂੰ ਫੜਨ ਆਉਂਦੇ ਹਨ। ਕਿਸ ਕਾਰਨ ਲਈ?

ਖ਼ੈਰ, ਯਿਸੂ ਦੇ ਆਪਣੇ ਭਰਾ ਵੀ ਅਜੇ ਤਕ ਇਹ ਵਿਸ਼ਵਾਸ ਨਹੀਂ ਕਰਦੇ ਹਨ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ। ਨਾਲ ਹੀ, ਲੋਕਾਂ ਵਿਚ ਜੋ ਰੌਲਾ ਅਤੇ ਬਖੇੜਾ ਉਸ ਨੇ ਸ਼ੁਰੂ ਕੀਤਾ ਹੈ, ਉਸ ਯਿਸੂ ਦੇ ਸੁਭਾਅ ਦੇ ਬਿਲਕੁਲ ਉਲਟ ਹੈ ਜਿਸ ਨੂੰ ਉਹ ਜਾਣਦੇ ਸਨ ਜਦੋਂ ਉਹ ਨਾਸਰਤ ਵਿਚ ਵੱਡਾ ਹੋ ਰਿਹਾ ਸੀ। ਇਸ ਕਰਕੇ ਉਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਦੇ ਦਿਮਾਗ ਵਿਚ ਕੋਈ ਗੰਭੀਰ ਨੁਕਸ ਹੈ। “ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ!” ਉਹ ਸਿੱਟਾ ਕੱਢਦੇ ਹਨ, ਅਤੇ ਉਹ ਉਸ ਨੂੰ ਫੜ ਕੇ ਉੱਥੋਂ ਲੈ ਜਾਣਾ ਚਾਹੁੰਦੇ ਹਨ।

ਫਿਰ ਵੀ ਸਬੂਤ ਸਪੱਸ਼ਟ ਹੈ ਕਿ ਯਿਸੂ ਨੇ ਪਿਸ਼ਾਚਗ੍ਰਸਤ ਆਦਮੀ ਨੂੰ ਚੰਗਾ ਕੀਤਾ ਹੈ। ਗ੍ਰੰਥੀ ਅਤੇ ਫ਼ਰੀਸੀ ਜਾਣਦੇ ਹਨ ਕਿ ਉਹ ਇਸ ਦੀ ਅਸਲੀਅਤ ਤੋਂ ਇਨਕਾਰ ਨਹੀਂ ਕਰ ਸਕਦੇ ਹਨ। ਇਸ ਲਈ ਯਿਸੂ ਨੂੰ ਬਦਨਾਮ ਕਰਨ ਲਈ ਉਹ ਲੋਕਾਂ ਨੂੰ ਦੱਸਦੇ ਹਨ: “ਇਹ ਭੂਤਾਂ [“ਪਿਸ਼ਾਚਾਂ,” ਨਿ ਵ] ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਬਿਨਾ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਨਹੀਂ ਕੱਢਦਾ।”

ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ, ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਆਪਣੇ ਕੋਲ ਸੱਦ ਕੇ ਕਹਿੰਦਾ ਹੈ: “ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ। ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿੱਕੁਰ ਕਾਇਮ ਰਹੇ?”

ਕਿੰਨਾ ਹੀ ਹਰਾ ਦੇਣ ਵਾਲਾ ਤਰਕ! ਜਦ ਕਿ ਫ਼ਰੀਸੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਆਪਣੇ ਵਰਗ ਵਿੱਚੋਂ ਕਈ ਵਿਅਕਤੀਆਂ ਨੇ ਪਿਸ਼ਾਚਾਂ ਨੂੰ ਕੱਢਿਆ ਹੈ, ਯਿਸੂ ਇਹ ਵੀ ਪੁੱਛਦਾ ਹੈ: “ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ?” ਦੂਜੇ ਸ਼ਬਦਾਂ ਵਿਚ, ਯਿਸੂ ਉੱਤੇ ਉਨ੍ਹਾਂ ਦਾ ਦੋਸ਼, ਜਿਵੇਂ ਉਸ ਉੱਤੇ ਲਾਗੂ ਹੁੰਦਾ ਹੈ, ਉਵੇਂ ਉਨ੍ਹਾਂ ਉੱਤੇ ਵੀ ਲਾਗੂ ਹੋਣਾ ਚਾਹੀਦਾ ਹੈ। ਯਿਸੂ ਫਿਰ ਚੇਤਾਵਨੀ ਦਿੰਦਾ ਹੈ: “ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ।”

ਇਹ ਦਰਸਾਉਣ ਲਈ ਕਿ ਉਸ ਦਾ ਪਿਸ਼ਾਚਾਂ ਨੂੰ ਕੱਢਣਾ, ਸਬੂਤ ਹੈ ਕਿ ਸ਼ਤਾਨ ਉੱਤੇ ਉਸ ਦੀ ਸਮਰਥਾ ਹੈ, ਯਿਸੂ ਕਹਿੰਦਾ ਹੈ: “ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਕਿੱਕੁਰ ਲੁੱਟ ਸੱਕਦਾ ਹੈ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ? ਤਾਂ ਉਹ ਦਾ ਘਰ ਲੁੱਟੇਗਾ। ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ।” ਫ਼ਰੀਸੀ ਸਪੱਸ਼ਟ ਤੌਰ ਤੇ ਯਿਸੂ ਦੇ ਵਿਰੁੱਧ ਹਨ, ਅਤੇ ਆਪਣੇ ਆਪ ਨੂੰ ਸ਼ਤਾਨ ਦੇ ਕਾਰਿੰਦੇ ਸਾਬਤ ਕਰ ਰਹੇ ਹਨ। ਉਹ ਇਸਰਾਏਲੀਆਂ ਨੂੰ ਉਸ ਤੋਂ ਖਿੰਡਾ ਰਹੇ ਹਨ।

ਨਤੀਜੇ ਵਜੋਂ, ਯਿਸੂ ਇਨ੍ਹਾਂ ਸ਼ਤਾਨੀ ਵਿਰੋਧੀਆਂ ਨੂੰ ਚੇਤਾਵਨੀ ਦਿੰਦਾ ਹੈ ਕਿ “ਉਹ ਕੁਫ਼ਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ਼ ਨਹੀਂ ਕੀਤਾ ਜਾਵੇਗਾ।” ਉਹ ਵਿਆਖਿਆ ਕਰਦਾ ਹੈ: “ਜੋ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਜੁਗ ਵਿੱਚ ਨਾ ਆਉਣ ਵਾਲੇ ਜੁਗ ਵਿੱਚ ਮਾਫ਼ ਕੀਤਾ ਜਾਵੇਗਾ।” ਉਨ੍ਹਾਂ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਦੁਰਭਾਵਨਾ ਨਾਲ ਉਹ ਕੰਮ, ਜੋ ਸਪੱਸ਼ਟ ਰੂਪ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਇਕ ਚਮਤਕਾਰੀ ਪ੍ਰਕ੍ਰਿਆ ਹੈ, ਦਾ ਸਿਹਰਾ ਸ਼ਤਾਨ ਦੇ ਸਿਰ ਦੇ ਕੇ ਨਾ ਬਖਸ਼ਣ ਯੋਗ ਪਾਪ ਕੀਤਾ ਹੈ। ਮੱਤੀ 12:​22-32; ਮਰਕੁਸ 3:​19-30; ਲੂਕਾ 8:​1-3; ਯੂਹੰਨਾ 7:⁠5.

▪ ਯਿਸੂ ਦਾ ਗਲੀਲ ਦਾ ਦੂਜਾ ਸਫਰ ਪਹਿਲੇ ਨਾਲੋਂ ਕਿਵੇਂ ਭਿੰਨ ਹੈ?

▪ ਯਿਸੂ ਦੇ ਰਿਸ਼ਤੇਦਾਰ ਉਸ ਨੂੰ ਕਿਉਂ ਫੜਨ ਦੀ ਕੋਸ਼ਿਸ਼ ਕਰਦੇ ਹਨ?

▪ ਫ਼ਰੀਸੀ, ਯਿਸੂ ਦੇ ਚਮਤਕਾਰਾਂ ਨੂੰ ਕਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਤੇ ਯਿਸੂ ਉਨ੍ਹਾਂ ਦਾ ਕਿਵੇਂ ਖੰਡਨ ਕਰਦਾ ਹੈ?

▪ ਉਹ ਫ਼ਰੀਸੀ ਕਿਸ ਗੱਲ ਦੇ ਦੋਸ਼ੀ ਹਨ, ਅਤੇ ਕਿਉਂ?