Skip to content

Skip to table of contents

ਵਿਸ਼ਵਾਸਘਾਤ ਅਤੇ ਗਿਰਫ਼ਤਾਰ

ਵਿਸ਼ਵਾਸਘਾਤ ਅਤੇ ਗਿਰਫ਼ਤਾਰ

ਅਧਿਆਇ 118

ਵਿਸ਼ਵਾਸਘਾਤ ਅਤੇ ਗਿਰਫ਼ਤਾਰ

ਅੱਧੀ ਰਾ ਤੋਂ ਕਾਫ਼ੀ ਸਮਾਂ ਬੀਤ ਚੁੱਕਾ ਹੁੰਦਾ ਹੈ ਜਿਉਂ ਹੀ ਯਹੂਦਾ ­ਸਿਪਾਹੀਆਂ, ਮੁੱਖ ਜਾਜਕਾਂ, ਫ਼ਰੀਸੀਆਂ, ਅਤੇ ਹੋਰਨਾਂ ਦੀ ਇਕ ਵੱਡੀ ਭੀੜ ਨੂੰ ਲੈ ਕੇ ਗਥਸਮਨੀ ਦੇ ਬਾਗ਼ ਵਿਚ ਆਉਂਦਾ ਹੈ। ਯਿਸੂ ਨੂੰ ਫੜਵਾਉਣ ਲਈ ਜਾਜਕ ਯਹੂਦਾ ਨੂੰ ਚਾਂਦੀ ਦੇ 30 ਸਿੱਕੇ ਦੇਣ ਲਈ ਮੰਨ ਗਏ ਹਨ।

ਪਹਿਲਾਂ, ਜਦੋਂ ਯਹੂਦਾ ਨੂੰ ਪਸਾਹ ਦੇ ਭੋਜਨ ਤੋਂ ਖ਼ਾਰਜ ਕੀਤਾ ਗਿਆ ਸੀ, ਤਾਂ ਸਪੱਸ਼ਟ ਤੌਰ ਤੇ ਉਹ ਸਿੱਧਾ ਮੁੱਖ ਜਾਜਕਾਂ ਕੋਲ ਹੀ ਗਿਆ ਸੀ। ਇਨ੍ਹਾਂ ਨੇ ਤੁਰੰਤ ਆਪਣੇ ਖ਼ੁਦ ਦੇ ਅਫ਼ਸਰਾਂ, ਨਾਲ ਹੀ ਸਿਪਾਹੀਆਂ ਦੇ ਜੱਥੇ ਨੂੰ ਇਕੱਠਾ ਕੀਤਾ। ਸ਼ਾਇਦ ਯਹੂਦਾ ਉਨ੍ਹਾਂ ਨੂੰ ਪਹਿਲਾਂ ਉੱਥੇ ਲੈ ਗਿਆ ਹੋਵੇ ਜਿੱਥੇ ਯਿਸੂ ਅਤੇ ਉਸ ਦੇ ਰਸੂਲਾਂ ਨੇ ਪਸਾਹ ਮਨਾਇਆ ਸੀ। ਇਹ ਪਤਾ ਲੱਗਣ ਤੇ ਕਿ ਉਹ ਉੱਥੋਂ ਜਾ ਚੁੱਕੇ ਹਨ, ਉਹ ਵੱਡੀ ਭੀੜ ਹਥਿਆਰਾਂ ਅਤੇ ਬੱਤੀਆਂ ਅਤੇ ਮਸਾਲਾਂ ਲਏ, ਯਹੂਦਾ ਦੇ ਮਗਰ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਕਿਦਰੋਨ ਦੀ ਘਾਟੀ ਦੇ ਪਾਰ ਜਾਂਦੀ ਹੈ।

ਜਿਉਂ-ਜਿਉਂ ਯਹੂਦਾ ਜਲੂਸ ਨੂੰ ਜ਼ੈਤੂਨ ਦੇ ਪਹਾੜ ਉੱਤੇ ਲੈ ਜਾਂਦਾ ਹੈ, ਉਹ ਨਿਸ਼ਚਿਤ ਹੈ ਕਿ ਉਹ ਜਾਣਦਾ ਹੈ ਕਿ ਯਿਸੂ ਕਿੱਥੇ ਮਿਲੇਗਾ। ਪਿਛਲੇ ਹਫ਼ਤੇ ਦੇ ਦੌਰਾਨ, ਜਦੋਂ ਯਿਸੂ ਅਤੇ ਉਸ ਦੇ ਰਸੂਲ ਬੈਤਅਨੀਆ ਅਤੇ ਯਰੂਸ਼ਲਮ ਦਰਮਿਆਨ ਸਫਰ ਕਰਦੇ ਸਨ, ਉਹ ਅਕਸਰ ਆਰਾਮ ਕਰਨ ਅਤੇ ਗੱਲ-ਬਾਤ ਕਰਨ ਲਈ ਗਥਸਮਨੀ ਦੇ ਬਾਗ਼ ਵਿਚ ਰੁਕਦੇ ਸਨ। ਪਰੰਤੂ ਹੁਣ, ਜਦੋਂ ਕਿ ਯਿਸੂ ਸ਼ਾਇਦ ਜ਼ੈਤੂਨ ਦਿਆਂ ਦਰਖ਼ਤਾਂ ਦੇ ਹੇਠਾਂ ਹਨੇਰੇ ਵਿਚ ਗੁਪਤ ਹੈ, ਤਾਂ ਸਿਪਾਹੀ ਕਿਸ ਤਰ੍ਹਾਂ ਉਸ ਨੂੰ ਪਛਾਣਨਗੇ? ਸ਼ਾਇਦ ਉਨ੍ਹਾਂ ਨੇ ਉਸ ਨੂੰ ਪਹਿਲਾਂ ਕਦੀ ਨਾ ਦੇਖਿਆ ਹੋਵੇ। ਇਸ ਕਰਕੇ ਯਹੂਦਾ ਇਹ ਕਹਿੰਦੇ ਹੋਏ ਇਕ ਨਿਸ਼ਾਨ ਦਿੰਦਾ ਹੈ: “ਜਿਹ ਨੂੰ ਮੈਂ ਚੁੰਮਾਂ ਉਹੋ ਹੈ। ਉਸ ਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ!”

ਯਹੂਦਾ ਵੱਡੀ ਭੀੜ ਨੂੰ ਬਾਗ਼ ਅੰਦਰ ਲੈ ਆਉਂਦਾ ਹੈ, ਅਤੇ ਯਿਸੂ ਨੂੰ ਉਸ ਦੇ ਰਸੂਲਾਂ ਨਾਲ ਦੇਖ ਕੇ ਸਿੱਧਾ ਉਸ ਕੋਲ ਜਾਂਦਾ ਹੈ। “ਸੁਆਮੀ ਜੀ ਅਦੇਸ!” ਉਹ ਕਹਿੰਦਾ ਹੈ ਅਤੇ ਉਸ ਨੂੰ ਬਹੁਤ ਹੀ ਕੋਮਲਤਾ ਨਾਲ ਚੁੰਮਦਾ ਹੈ।

“ਬੇਲੀਆ, ਕਿਵੇਂ ਆਇਆ?” ਯਿਸੂ ਪਰਤਵਾਂ ਜਵਾਬ ਦਿੰਦਾ ਹੈ। ਫਿਰ, ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਕਹਿੰਦਾ ਹੈ: “ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈਂ?” ਪਰੰਤੂ ਹੁਣ ਉਸ ਦਾ ਵਿਸ਼ਵਾਸਘਾਤ ਕਰਨ ਵਾਲੇ ਦੇ ਬਾਰੇ ਬਹੁਤ ਹੋ ਚੁੱਕਿਆ! ਯਿਸੂ ਬਲਦੀਆਂ ਹੋਈਆਂ ਮਸਾਲਾਂ ਅਤੇ ਬੱਤੀਆਂ ਦੀ ਰੋਸ਼ਨੀ ਵਿਚ ਅੱਗੇ ਕਦਮ ਵਧਾ ਕੇ ਪੁੱਛਦਾ ਹੈ: “ਤੁਸੀਂ ਕਿਹਨੂੰ ਭਾਲਦੇ ਹੋ?”

“ਯਿਸੂ ਨਾਸਰੀ ਨੂੰ,” ਜਵਾਬ ਆਉਂਦਾ ਹੈ।

“ਉਹ ਮੈਂ ਹੀ ਹਾਂ,” ਯਿਸੂ ਜਵਾਬ ਦਿੰਦਾ ਹੈ, ਜਿਉਂ ਹੀ ਉਹ ਉਨ੍ਹਾਂ ਸਾਰਿਆਂ ਦੇ ਅੱਗੇ ਦਲੇਰੀ ਨਾਲ ਖੜ੍ਹਾ ਰਹਿੰਦਾ ਹੈ। ਉਸ ਦੀ ਦਲੇਰੀ ਤੋਂ ਹੈਰਾਨ ਹੋ ਕੇ ਅਤੇ ਨਾ ਜਾਣਦੇ ਹੋਏ ਕਿ ਕੀ ਹੋਵੇਗਾ, ਉਹ ਆਦਮੀ ਪਿੱਛੇ ਹਟ ਕੇ ਜ਼ਮੀਨ ਤੇ ਡਿੱਗ ਪੈਂਦੇ ਹਨ।

“ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ,” ਯਿਸੂ ਬੜੀ ਸ਼ਾਂਤੀ ਨਾਲ ਗੱਲ ਜਾਰੀ ਰੱਖਦਾ ਹੈ। “ਸੋ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।” ਥੋੜ੍ਹੀ ਦੇਰ ਪਹਿਲਾਂ ਉਪਰਲੇ ਕਮਰੇ ਵਿਚ, ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ ਕਿ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ “ਨਾਸ ਦੇ ਪੁੱਤ੍ਰ ਬਾਝੋਂ” ਕੋਈ ਵੀ ਨਾਸ਼ ਨਹੀਂ ਹੋਇਆ ਹੈ। ਇਸ ਲਈ ਕਿ ਉਸ ਦੇ ਸ਼ਬਦ ਪੂਰੇ ਹੋਣ, ਉਹ ਕਹਿੰਦਾ ਹੈ ਕਿ ਉਸ ਦੇ ਅਨੁਯਾਈਆਂ ਨੂੰ ਜਾਣ ਦਿੱਤਾ ਜਾਵੇ।

ਜਿਉਂ ਹੀ ਸਿਪਾਹੀ ਆਪਣੀ ਸੁਰਤ ਸੰਭਾਲਦੇ ਹੋਏ ਖੜ੍ਹੇ ਹੁੰਦੇ ਹਨ, ਅਤੇ ਯਿਸੂ ਨੂੰ ਬੰਨ੍ਹਣਾ ਸ਼ੁਰੂ ਕਰ ਦਿੰਦੇ ਹਨ, ਤਾਂ ਰਸੂਲ ਜਾਣ ਜਾਂਦੇ ਹਨ ਕਿ ਕੀ ਹੋਣ ਵਾਲਾ ਹੈ। “ਪ੍ਰਭੁ ਜੀ ਅਸੀਂ ਤਲਵਾਰ ਚਲਾਈਏ?” ਉਹ ਪੁੱਛਦੇ ਹਨ। ਯਿਸੂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਪਤਰਸ, ਰਸੂਲਾਂ ਦੁਆਰਾ ਲਿਆਂਦੀਆਂ ਦੋ ਤਲਵਾਰਾਂ ਵਿੱਚੋਂ ਇਕ ਕੱਢ ਕੇ ਪਰਧਾਨ ਜਾਜਕ ਦੇ ਇਕ ਦਾਸ, ਮਲਖੁਸ ਤੇ ਹਮਲਾ ਕਰਦਾ ਹੈ। ਪਤਰਸ ਦਾ ਹਮਲਾ ਦਾਸ ਦੇ ਸਿਰ ਤੋਂ ਚੁੱਕ ਜਾਂਦਾ ਹੈ ਪਰੰਤੂ ਉਸ ਦਾ ਸੱਜਾ ਕੰਨ ਕੱਟ ਸੁੱਟਦਾ ਹੈ।

“ਐਥੋਂ ਤੀਕੁਰ ਛੱਡ ਦਿਓ,” ਯਿਸੂ ਵਿਚ ਦਖ਼ਲ ਦਿੰਦੇ ਹੋਏ ਕਹਿੰਦਾ ਹੈ। ਮਲਖੁਸ ਦੇ ਕੰਨ ਨੂੰ ਛੋਂਹਦੇ ਹੋਏ, ਉਹ ਜਖ਼ਮ ਨੂੰ ਚੰਗਾ ਕਰ ਦਿੰਦਾ ਹੈ। ਫਿਰ ਉਹ ਇਕ ਮਹਤੱਵਪੂਰਣ ਸਬਕ ਸਿਖਾਉਂਦੇ ਹੋਏ ਪਤਰਸ ਨੂੰ ਹੁਕਮ ਦਿੰਦਾ ਹੈ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ?”

ਯਿਸੂ ਗਿਰਫ਼ਤਾਰ ਹੋਣ ਲਈ ਰਜ਼ਾਮੰਦ ਹੈ ਕਿਉਂਕਿ ਉਹ ਵਿਆਖਿਆ ਕਰਦਾ ਹੈ: “ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?” ਅਤੇ ਉਹ ਅੱਗੇ ਕਹਿੰਦਾ ਹੈ: “ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?” ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ!

ਫਿਰ ਯਿਸੂ ਭੀੜ ਨੂੰ ਸੰਬੋਧਿਤ ਕਰਦਾ ਹੈ। “ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਙੁ ਫੜਨ ਨੂੰ ਨਿੱਕਲੇ ਹੋ?” ਉਹ ਪੁੱਛਦਾ ਹੈ। “ਮੈਂ ਰੋਜ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸਾਂ ਮੈਨੂੰ ਨਾ ਫੜਿਆ। ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।”

ਇਸ ਤੇ ਸਿਪਾਹੀ ਦੇ ਜੱਥੇ ਅਤੇ ਸੈਨਾਪਤੀ ਅਤੇ ਯਹੂਦੀਆਂ ਦੇ ਅਫ਼ਸਰਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਦਿੱਤਾ। ਇਹ ਦੇਖ ਕੇ, ਰਸੂਲ ਯਿਸੂ ਨੂੰ ਛੱਡ ਕੇ ਦੌੜ ਜਾਂਦੇ ਹਨ। ਪਰੰਤੂ, ਇਕ ਜਵਾਨ ਆਦਮੀ​— ਸ਼ਾਇਦ ਇਹ ਚੇਲਾ ਮਰਕੁਸ ਹੈ​— ਭੀੜ ਵਿਚ ਹੀ ਰਹਿੰਦਾ ਹੈ। ਸ਼ਾਇਦ ਉਹ ਉਸ ਘਰ ਵਿਚ ਸੀ ਜਿੱਥੇ ਯਿਸੂ ਨੇ ਪਸਾਹ ਮਨਾਇਆ ਸੀ ਅਤੇ ਬਾਅਦ ਵਿਚ ਉੱਥੋਂ ਉਹ ਭੀੜ ਦੇ ਪਿੱਛੇ-ਪਿੱਛੇ ਆਇਆ ਸੀ। ਲੇਕਿਨ, ਹੁਣ, ਉਹ ਪਛਾਣਿਆ ਜਾਂਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰੰਤੂ ਉਹ ਆਪਣਾ ਬਰੀਕ ਕੱਪੜੇ ਦਾ ਬਸਤਰ ਪਿੱਛੇ ਛੱਡ ਕੇ ਦੌੜ ਜਾਂਦਾ ਹੈ। ਮੱਤੀ 26:​47-56; ਮਰਕੁਸ 14:​43-52; ਲੂਕਾ 22:​47-53; ਯੂਹੰਨਾ 17:12; 18:​3-12.

▪ ਯਹੂਦਾ ਕਿਉਂ ਨਿਸ਼ਚਿਤ ਹੈ ਕਿ ਉਹ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਲਭ ਲਵੇਗਾ?

▪ ਯਿਸੂ ਕਿਸ ਤਰ੍ਹਾਂ ਆਪਣੇ ਰਸੂਲਾਂ ਲਈ ਚਿੰਤਾ ਪ੍ਰਗਟ ਕਰਦਾ ਹੈ?

▪ ਯਿਸੂ ਦੀ ਸੁਰੱਖਿਆ ਵਿਚ ਪਤਰਸ ਕੀ ਕਦਮ ਚੁੱਕਦਾ ਹੈ, ਪਰੰਤੂ ਇਸ ਬਾਰੇ ਯਿਸੂ ਪਤਰਸ ਨੂੰ ਕੀ ਕਹਿੰਦਾ ਹੈ?

▪ ਯਿਸੂ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ ਕਿ ਉਹ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਹੈ?

▪ ਜਦੋਂ ਰਸੂਲ ਯਿਸੂ ਨੂੰ ਛੱਡ ਜਾਂਦੇ ਹਨ, ਤਾਂ ਕੌਣ ਪਿੱਛੇ ਰਹਿੰਦਾ ਹੈ, ਅਤੇ ਉਸ ਦਾ ਕੀ ਹੁੰਦਾ ਹੈ?