Skip to content

Skip to table of contents

ਵਿਹੜੇ ਵਿਚ ਇਨਕਾਰ

ਵਿਹੜੇ ਵਿਚ ਇਨਕਾਰ

ਅਧਿਆਇ 120

ਵਿਹੜੇ ਵਿਚ ਇਨਕਾਰ

ਡਰ ਦੇ ਮਾਰੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਛੱਡ ਕੇ ਬਾਕੀ ਰਸੂਲਾਂ ਨਾਲ ਦੌੜ ਜਾਣ ਤੋਂ ਬਾਅਦ, ਪਤਰਸ ਅਤੇ ਯੂਹੰਨਾ ਰਸਤੇ ਵਿਚ ਹੀ ਰੁਕ ਜਾਂਦੇ ਹਨ। ਸ਼ਾਇਦ ਉਹ ਯਿਸੂ ਤਕ ਪਹੁੰਚ ਜਾਂਦੇ ਹਨ ਜਦੋਂ ਉਸ ਨੂੰ ਅੰਨਾਸ ਦੇ ਘਰ ਲਿਜਾਇਆ ਜਾ ਰਿਹਾ ਹੁੰਦਾ ਹੈ। ਜਦੋਂ ਅੰਨਾਸ ਉਸ ਨੂੰ ਪਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੰਦਾ ਹੈ, ਤਾਂ ਪਤਰਸ ਅਤੇ ਯੂਹੰਨਾ, ਕੁਝ ਫਾਸਲੇ ਤੇ ਉਸ ਦੇ ਮਗਰ-ਮਗਰ ਜਾਂਦੇ ਹਨ, ਸਪੱਸ਼ਟ ਤੌਰ ਤੇ ਉਹ ਕਸ਼ਮਕਸ਼ ਵਿਚ ਪਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਖੋਹ ਬੈਠਣ ਦਾ ਡਰ ਹੈ, ਪਰੰਤੂ ਇਸ ਗੱਲ ਦੀ ਵੀ ਡੂੰਘੀ ਚਿੰਤਾ ਹੈ ਕਿ ਉਨ੍ਹਾਂ ਦੇ ਸੁਆਮੀ ਦਾ ਕੀ ਹੋਵੇਗਾ।

ਕਯਾਫ਼ਾ ਦੀ ਵਿਸ਼ਾਲ ਰਿਹਾਇਸ਼ ਵਿਖੇ ਪਹੁੰਚਦੇ ਹੋਏ, ਯੂਹੰਨਾ ਵਿਹੜੇ ਵਿਚ ਦਾਖ਼ਲ ਹੋਣ ਵਿਚ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਪਰਧਾਨ ਜਾਜਕ ਦਾ ਵਾਕਫ਼ ਹੈ। ਲੇਕਿਨ ਪਤਰਸ, ਬਾਹਰ ਦਰਵਾਜ਼ੇ ਤੇ ਹੀ ਖੜ੍ਹਾ ਰਹਿ ਜਾਂਦਾ ਹੈ। ਪਰੰਤੂ ਜਲਦੀ ਹੀ ਯੂਹੰਨਾ ਮੁੜ ਕੇ ਦੁਆਰਪਾਲਨ, ਅਰਥਾਤ ਇਕ ਨੌਕਰਾਨੀ ਨਾਲ ਗੱਲ ਕਰਦਾ ਹੈ, ਅਤੇ ਪਤਰਸ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਹੁਣ ਤਕ ਠੰਢ ਪੈਣ ਲੱਗਦੀ ਹੈ, ਅਤੇ ਪਰਧਾਨ ਜਾਜਕ ਦੇ ਘਰ ਦੇ ਸੇਵਾਦਾਰਾਂ ਅਤੇ ਅਫ਼ਸਰਾਂ ਨੇ ਕੋਲਿਆਂ ਦੀ ਅੱਗ ਬਾਲੀ ਹੈ। ਪਤਰਸ ਵੀ ਨਿੱਘੇ

ਹੋਣ ਲਈ ਉਨ੍ਹਾਂ ਨਾਲ ਮਿਲ ਜਾਂਦਾ ਹੈ ਜਦੋਂ ਕਿ ਉਹ ਮੁਕੱਦਮੇ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਅੱਗ ਦੀ ਤੇਜ਼ ਰੋਸ਼ਨੀ ਵਿਚ, ਦੁਆਰਪਾਲਨ ਜਿਸ ਨੇ ਪਤਰਸ ਨੂੰ ਅੰਦਰ ਆਉਣ ਦਿੱਤਾ ਸੀ, ਉਸ ਨੂੰ ਚੰਗੀ ਤਰ੍ਹਾਂ ਦੇਖ ਲੈਂਦੀ ਹੈ। “ਯਿਸੂ ਗਲੀਲੀ ਦੇ ਨਾਲ ਤੂੰ ਭੀ ਸੈਂ!” ਉਹ ਜ਼ੋਰ ਨਾਲ ਬੋਲ ਉਠਦੀ ਹੈ।

ਪਛਾਣੇ ਜਾਣ ਤੇ ਘਬਰਾਉਂਦੇ ਹੋਏ, ਪਤਰਸ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਯਿਸੂ ਨੂੰ ਜਾਣਨ ਤੋਂ ਹੀ ਇਨਕਾਰ ਕਰ ਦਿੰਦਾ ਹੈ। “ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਭਈ ਤੂੰ ਕੀ ਆਖਦੀ ਹੈਂ,” ਉਹ ਕਹਿੰਦਾ ਹੈ।

ਇਸ ਤੇ, ਪਤਰਸ ਬਾਹਰ ਦਰਵਾਜ਼ੇ ਕੋਲ ਚਲਾ ਜਾਂਦਾ ਹੈ। ਉੱਥੇ ਇਕ ਹੋਰ ਕੁੜੀ ਉਸ ਨੂੰ ਦੇਖ ਲੈਂਦੀ ਹੈ ਅਤੇ ਉਹ ਵੀ ਨਾਲ ਖੜ੍ਹੇ ਹੋਇਆਂ ਨੂੰ ਕਹਿੰਦੀ ਹੈ: “ਇਹ ਭੀ ਯਿਸੂ ਨਾਸਰੀ ਦੇ ਨਾਲ ਸੀ।” ਪਤਰਸ ਇਕ ਵਾਰੀ ਫਿਰ ਸੌਂਹ ਖਾਂਦੇ ਹੋਏ ਇਨਕਾਰ ਕਰਦਾ ਹੈ: “ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!”

ਪਤਰਸ ਵਿਹੜੇ ਵਿਚ ਹੀ ਰਹਿੰਦਾ ਹੈ, ਅਤੇ ਜਿੰਨਾ ਸੰਭੰਵ ਹੋ ਸਕੇ ਅਣਉਘੜਵਾਂ ਹੋਣ ਦੀ ਕੋਸ਼ਿਸ਼ ਕਰਦਾ ਹੈ। ਸ਼ਾਇਦ ਉਸੇ ਸਮੇਂ ਤੇ ਉਹ ਤੜਕੇ ਦੇ ਹਨ੍ਹੇਰੇ ਵਿਚ ਕੁੱਕੜ ਦੀ ਬਾਂਗ ਸੁਣ ਕੇ ਚੌਂਕ ਜਾਂਦਾ ਹੈ। ਇਸ ਦੌਰਾਨ, ਯਿਸੂ ਦਾ ਮੁਕੱਦਮਾ ਚੱਲ ਰਿਹਾ ਹੈ, ਸਪੱਸ਼ਟ ਤੌਰ ਤੇ ਘਰ ਦੇ ਉਸ ਹਿੱਸੇ ਵਿਚ ਜੋ ਕਿ ਵਿਹੜੇ ਦੇ ਉੱਪਰ ਹੈ। ਬਿਨਾਂ ਕਿਸੇ ਸ਼ੱਕ ਦੇ, ਪਤਰਸ ਅਤੇ ਹੇਠਾਂ ਇੰਤਜ਼ਾਰ ਕਰ ਰਹੇ ਦੂਸਰੇ ਲੋਕ, ਉਨ੍ਹਾਂ ਵੱਖੋ-ਵੱਖ ਗਵਾਹਾਂ ਨੂੰ ਆਉਂਦੇ ਜਾਂਦੇ ਦੇਖਦੇ ਹਨ ਜਿਹੜੇ ਗਵਾਹੀ ਦੇਣ ਲਈ ਲਿਆਂਦੇ ਗਏ ਹਨ।

ਲਗਭਗ ਇਕ ਘੰਟਾ ਬੀਤ ਗਿਆ ਹੈ ਜਦੋਂ ਤੋਂ ਪਤਰਸ ਨੂੰ ਪਿਛਲੀ ਵਾਰੀ ਯਿਸੂ ਦੇ ਇਕ ਸਾਥੀ ਦੇ ਤੌਰ ਤੇ ਪਛਾਣਿਆ ਗਿਆ ਸੀ। ਹੁਣ ਆਲੇ-ਦੁਆਲੇ ਖੜ੍ਹੇ ਕਈ ਵਿਅਕਤੀ ਉਸ ਕੋਲ ਆ ਕੇ ਕਹਿੰਦੇ ਹਨ: “ਸੱਚੀ ਮੁੱਚੀ ਤੂੰ ਭੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਪਈ ਦੱਸਦੀ ਹੈ।” ਸਮੂਹ ਵਿਚ ਇਕ ਵਿਅਕਤੀ ਮਲਖੁਸ ਦਾ ਰਿਸ਼ਤੇਦਾਰ ਹੈ ਜਿਸ ਦਾ ਕੰਨ ਪਤਰਸ ਨੇ ਕੱਟਿਆ ਸੀ। “ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?” ਉਹ ਕਹਿੰਦਾ ਹੈ।

“ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ!” ਪਤਰਸ ਜ਼ੋਰ ਨਾਲ ਦਾਅਵਾ ਕਰਦਾ ਹੈ। ਬਲਕਿ, ਉਹ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿਚ ਕਿ ਉਹ ਗ਼ਲਤੀ ਕਰ ਰਹੇ ਹਨ, ਸਰਾਪ ਦਿੰਦਾ ਅਤੇ ਸੌਂਹ ਖਾਂਦਾ ਹੈ, ਅਸਲ ਵਿਚ, ਉਸ ਨੂੰ ਸਰਾਪ ਲੱਗੇ ਜੇ ਉਹ ਸੱਚ ਨਾ ਦੱਸ ਰਿਹਾ ਹੋਵੇ।

ਜਿਵੇਂ ਹੀ ਪਤਰਸ ਇਹ ਤੀਜੀ ਵਾਰੀ ਇਨਕਾਰ ਕਰਦਾ ਹੈ, ਤਾਂ ਕੁੱਕੜ ਬਾਂਗ ਦਿੰਦਾ ਹੈ। ਅਤੇ ਉਸੇ ਸਮੇਂ ਯਿਸੂ, ਜੋ ਸਪੱਸ਼ਟ ਤੌਰ ਤੇ ਵਿਹੜੇ ਦੇ ਉੱਪਰ ਦੇ ਬਰਾਂਡੇ ਤੇ ਬਾਹਰ ਆ ਜਾਂਦਾ ਹੈ, ਮੁੜ ਕੇ ਉਸ ਵੱਲ ਦੇਖਦਾ ਹੈ। ਤੁਰੰਤ ਹੀ, ਪਤਰਸ ਯਾਦ ਕਰਦਾ ਹੈ ਜੋ ਯਿਸੂ ਨੇ ਕੁਝ ਹੀ ਘੰਟੇ ਪਹਿਲਾਂ ਇਕ ਉਪਰਲੇ ਕਮਰੇ ਵਿਚ ਕਿਹਾ ਸੀ: ‘ਤੂੰ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।’ ਆਪਣੇ ਪਾਪ ਦੇ ਭਾਰ ਤੋਂ ਅਤਿ ਦੁਖੀ ਹੋ ਕੇ ਪਤਰਸ ਬਾਹਰ ਜਾਂਦਾ ਹੈ ਅਤੇ ਭੁਬ ਮਾਰ ਕੇ ਰੋਂਦਾ ਹੈ।

ਇਹ ਕਿਸ ਤਰ੍ਹਾਂ ਹੋ ਸਕਿਆ? ਆਪਣੇ ਅਧਿਆਤਮਿਕ ਬਲ ਉੱਤੇ ਇੰਨਾ ਨਿਸ਼ਚਿਤ ਹੋਣ ਦੇ ਬਾਵਜੂਦ ਪਤਰਸ ਕਿਸ ਤਰ੍ਹਾਂ ਥੋੜ੍ਹੇ ਹੀ ਸਮੇਂ ਵਿਚ ਆਪਣੇ ਸੁਆਮੀ ਦਾ ਲਗਾਤਾਰ ਤਿੰਨ ਵਾਰੀ ਇਨਕਾਰ ਕਰ ਸਕਿਆ? ਕੋਈ ਸ਼ੱਕ ਨਹੀਂ ਹੈ ਕਿ ਹਾਲਤਾਂ ਨੇ ਅਚਾਨਕ ਹੀ ਪਤਰਸ ਨੂੰ ਆ ਘੇਰਿਆ। ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਯਿਸੂ ਨੂੰ ਇਕ ਨੀਚ ਅਪਰਾਧੀ ਦੇ ਰੂਪ ਵਿਚ ਦਿਖਾਇਆ ਜਾ ਰਿਹਾ ਹੈ। ਜੋ ਸਹੀ ਹੈ ਉਸ ਨੂੰ ਗਲਤ, ਅਤੇ ਨਿਰਦੋਸ਼ ਨੂੰ ਦੋਸ਼ੀ ਦਿਖਾਇਆ ਜਾ ਰਿਹਾ ਹੈ। ਇਸ ਲਈ ਮੌਕੇ ਦੇ ਦਬਾਉ ਦੇ ਕਾਰਨ, ਪਤਰਸ ਆਪਣਾ ਸੰਤੁਲਨ ਖੋਹ ਬੈਠਦਾ ਹੈ। ਅਚਾਨਕ ਹੀ ਉਸ ਦੀ ਨਿਸ਼ਠਾ ਦੀ ਸਹੀ ਸਮਝ ਵਿਗੜ ਜਾਂਦੀ ਹੈ; ਉਸ ਲਈ ਦੁੱਖ ਦੀ ਗੱਲ ਸੀ ਕਿ ਉਹ ਮਨੁੱਖਾਂ ਦੇ ਡਰ ਦੁਆਰਾ ਨਕਾਰਾ ਹੋ ਜਾਂਦਾ ਹੈ। ਇੰਜ ਸਾਡੇ ਨਾਲ ਕਦੀ ਨਾ ਹੋਵੇ! ਮੱਤੀ 26:​57, 58, 69-75; ਮਰਕੁਸ 14:​30, 53, 54, 66-72; ਲੂਕਾ 22:​54-62; ਯੂਹੰਨਾ 18:​15-18, 25-27.

▪ ਪਤਰਸ ਅਤੇ ਯੂਹੰਨਾ ਕਿਸ ਤਰ੍ਹਾਂ ਪਰਧਾਨ ਜਾਜਕ ਦੇ ਵਿਹੜੇ ਵਿਚ ਦਾਖ਼ਲ ਹੋ ਜਾਂਦੇ ਹਨ?

▪ ਜਦੋਂ ਕਿ ਪਤਰਸ ਅਤੇ ਯੂਹੰਨਾ ਵਿਹੜੇ ਵਿਚ ਹੁੰਦੇ ਹਨ, ਘਰ ਵਿਚ ਕੀ ਚੱਲ ਰਿਹਾ ਹੁੰਦਾ ਹੈ?

▪ ਕੁੱਕੜ ਕਿੰਨੀ ਵਾਰੀ ਬਾਂਗ ਦਿੰਦਾ ਹੈ, ਅਤੇ ਪਤਰਸ ਮਸੀਹ ਨੂੰ ਜਾਣਨ ਤੋਂ ਕਿੰਨੀ ਵਾਰੀ ਇਨਕਾਰ ਕਰਦਾ ਹੈ?

▪ ਇਸ ਦਾ ਕੀ ਮਤਲਬ ਹੈ ਕਿ ਪਤਰਸ ਫਿਟਕਾਰਦਾ ਅਤੇ ਸੌਂਹ ਖਾਂਦਾ ਹੈ?

▪ ਕਿਸ ਗੱਲ ਦੇ ਕਾਰਨ ਪਤਰਸ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੰਦਾ ਹੈ?