Skip to content

Skip to table of contents

ਸਬਤ ਦੇ ਦਿਨ ਚੰਗੇ ਕੰਮ ਕਰਨਾ

ਸਬਤ ਦੇ ਦਿਨ ਚੰਗੇ ਕੰਮ ਕਰਨਾ

ਅਧਿਆਇ 29

ਸਬਤ ਦੇ ਦਿਨ ਚੰਗੇ ਕੰਮ ਕਰਨਾ

ਹੁਣ 31 ਸਾ.ਯੁ. ਦੀ ਬਸੰਤ ਰੁੱਤ ਹੈ। ਕੁਝ ਮਹੀਨੇ ਬੀਤ ਗਏ ਹਨ ਜਦੋਂ ਤੋਂ ਯਿਸੂ ਨੇ ਯਹੂਦਿਯਾ ਤੋਂ ਗਲੀਲ ਨੂੰ ਜਾਂਦੇ ਹੋਏ ਸਾਮਰਿਯਾ ਵਿਚ ਇਕ ਖੂਹ ਤੇ ਉਸ ਔਰਤ ਨਾਲ ਗੱਲ ਕੀਤੀ ਸੀ।

ਹੁਣ, ਸਾਰੇ ਗਲੀਲ ਵਿਚ ਵਿਆਪਕ ਰੂਪ ਵਿਚ ਪ੍ਰਚਾਰ ਕਰਨ ਤੋਂ ਬਾਅਦ ਯਿਸੂ ਫਿਰ ਯਹੂਦਿਯਾ ਲਈ ਨਿਕਲਦਾ ਹੈ, ਜਿੱਥੇ ਉਹ ਯਹੂਦੀ ਸਭਾ-ਘਰਾਂ ਵਿਚ ਪ੍ਰਚਾਰ ਕਰਦਾ ਹੈ। ਉਸ ਦੀ ਗਲੀਲੀ ਸੇਵਕਾਈ ਨੂੰ ਜਿੰਨਾ ਧਿਆਨ ਬਾਈਬਲ ਦਿੰਦੀ ਹੈ, ਉਸ ਦੀ ਤੁਲਨਾ ਵਿਚ ਬਾਈਬਲ ਯਹੂਦਿਯਾ ਵਿਚ ਇਸ ਯਾਤਰਾ ਦੇ ਦੌਰਾਨ ਅਤੇ ਪਿਛਲੇ ਪਸਾਹ ਦੇ ਬਾਅਦ ਇੱਥੇ ਬਿਤਾਏ ਮਹੀਨਿਆਂ ਦੇ ਦੌਰਾਨ ਯਿਸੂ ਦੇ ਕੰਮਾਂ ਬਾਰੇ ਥੋੜ੍ਹਾ ਹੀ ਦੱਸਦੀ ਹੈ। ਸਪੱਸ਼ਟ ਹੈ ਕਿ ਯਹੂਦਿਯਾ ਵਿਚ ਉਸ ਦੀ ਸੇਵਕਾਈ ਨੂੰ ਉੱਨੀ ਅਨੁਕੂਲ ਪ੍ਰਤਿਕ੍ਰਿਆ ਨਹੀਂ ਮਿਲੀ ਜਿੰਨੀ ਕਿ ਗਲੀਲ ਵਿਚ।

ਜਲਦੀ ਹੀ ਯਿਸੂ 31 ਸਾ.ਯੁ. ਦੇ ਪਸਾਹ ਲਈ ਯਹੂਦਿਯਾ ਦੇ ਪ੍ਰਮੁੱਖ ਨਗਰ, ਯਰੂਸ਼ਲਮ ਨੂੰ ਜਾਂਦਾ ਹੈ। ਇੱਥੇ ਨਗਰ ਦੇ ਭੇਡ ਫਾਟਕ ਦੇ ਨੇੜੇ ਬੇਥਜ਼ਥਾ ਨਾਮਕ ਇਕ ਤਲਾਬ ਹੈ, ਜਿੱਥੇ ਅਨੇਕਾਂ ਰੋਗੀ, ਅੰਨ੍ਹੇ, ਅਤੇ ਲੰਙੇ ਆਉਂਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਤਲਾਬ ਦੇ ਪਾਣੀਆਂ ਵਿਚ ਉਤਰਨ ਨਾਲ ਲੋਕੀ ਚੰਗੇ ਹੋ ਸਕਦੇ ਹਨ ਜਦੋਂ ਇਹ ਹਿਲਦੇ ਹੋਣ।

ਸਬਤ ਦਾ ਦਿਨ ਹੈ, ਅਤੇ ਯਿਸੂ ਤਲਾਬ ਤੇ ਇਕ ਆਦਮੀ ਨੂੰ ਦੇਖਦਾ ਹੈ ਜੋ 38 ਵਰ੍ਹਿਆਂ ਤੋਂ ਬੀਮਾਰ ਹੈ। ਆਦਮੀ ਦੀ ਲੰਬੇ ਸਮੇਂ ਦੀ ਬੀਮਾਰੀ ਨੂੰ ਜਾਣਦੇ ਹੋਏ, ਯਿਸੂ ਪੁੱਛਦਾ ਹੈ: “ਤੂੰ ਚੰਗਾ ਹੋਣਾ ਚਾਹੁੰਦਾ ਹੈਂ?”

ਉਹ ਯਿਸੂ ਨੂੰ ਜਵਾਬ ਦਿੰਦਾ ਹੈ: “ਪ੍ਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉੱਤਰ ਪੈਂਦਾ ਹੈ।”

ਯਿਸੂ ਉਸ ਨੂੰ ਕਹਿੰਦਾ ਹੈ: “ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਉ!” ਇਸ ਤੇ ਉਹ ਆਦਮੀ ਉਸੇ ਵੇਲੇ ਚੰਗਾ ਹੋ ਜਾਂਦਾ ਹੈ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗ ਪੈਂਦਾ ਹੈ!

ਪਰੰਤੂ ਜਦੋਂ ਯਹੂਦੀ ਉਸ ਆਦਮੀ ਨੂੰ ਦੇਖਦੇ ਹਨ, ਤਾਂ ਉਹ ਕਹਿੰਦੇ ਹਨ: “ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁਕਣੀ ਜੋਗ ਨਹੀਂ ਹੈ।”

ਆਦਮੀ ਉਨ੍ਹਾਂ ਨੂੰ ਜਵਾਬ ਦਿੰਦਾ ਹੈ: “ਜਿਹ ਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਕੇ ਤੁਰ ਪਉ।”

“ਉਹ ਕਿਹੜਾ ਆਦਮੀ ਹੈ ਜਿਹ ਨੇ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਪਉ?” ਉਹ ਪੁੱਛਦੇ ਹਨ। ਯਿਸੂ ਭੀੜ ਦੇ ਕਾਰਨ ਇਕ ਪਾਸੇ ਹੋ ਗਿਆ ਸੀ, ਅਤੇ ਜਿਹੜਾ ਆਦਮੀ ਚੰਗਾ ਹੋ ਗਿਆ ਸੀ ਉਹ ਯਿਸੂ ਦਾ ਨਾਂ ਨਹੀਂ ਸੀ ਜਾਣਦਾ। ਪਰੰਤੂ, ਬਾਅਦ ਵਿਚ, ਯਿਸੂ ਅਤੇ ਉਹ ਆਦਮੀ ਹੈਕਲ ਵਿਚ ਮਿਲਦੇ ਹਨ, ਅਤੇ ਆਦਮੀ ਜਾਣ ਜਾਂਦਾ ਹੈ ਕਿ ਕਿਸ ਨੇ ਉਸ ਨੂੰ ਚੰਗਾ ਕੀਤਾ ਹੈ।

ਇਸ ਲਈ ਚੰਗਾ ਹੋਇਆ ਆਦਮੀ ਯਹੂਦੀਆਂ ਨੂੰ ਇਹ ਦੱਸਣ ਲਈ ਲੱਭਦਾ ਹੈ ਕਿ ਯਿਸੂ ਨੇ ਉਸ ਨੂੰ ਚੰਗਾ ਕੀਤਾ ਹੈ। ਇਹ ਜਾਣਨ ਤੇ ਯਹੂਦੀ ਯਿਸੂ ਕੋਲ ਜਾਂਦੇ ਹਨ। ਕਿਸ ਕਾਰਨ? ਕੀ ਇਹ ਜਾਣਨ ਲਈ ਕਿ ਉਹ ਕਿਹੜੇ ਇਖ਼ਤਿਆਰ ਨਾਲ ਇਨ੍ਹਾਂ ਅਦਭੁਤ ਕੰਮਾਂ ਨੂੰ ਕਰਨ ਦੇ ਯੋਗ ਹੋਇਆ ਹੈ? ਨਹੀਂ। ਪਰੰਤੂ ਉਸ ਵਿਚ ਗ਼ਲਤੀ ਲੱਭਣ ਲਈ ਕਿਉਂਕਿ ਉਹ ਸਬਤ ਦੇ ਦਿਨ ਤੇ ਇਨ੍ਹਾਂ ਚੰਗੇ ਕੰਮਾਂ ਨੂੰ ਕਰ ਰਿਹਾ ਹੈ। ਉਹ ਉਸ ਨੂੰ ਸਤਾਉਣਾ ਵੀ ਸ਼ੁਰੂ ਕਰ ਦਿੰਦੇ ਹਨ! ਲੂਕਾ 4:44; ਯੂਹੰਨਾ 5:​1-16.

▪ ਯਿਸੂ ਨੂੰ ਯਹੂਦਿਯਾ ਵਿਚ ਪਿਛਲੀ ਯਾਤਰਾ ਕੀਤੇ ਲਗਭਗ ਕਿੰਨਾ ਚਿਰ ਹੋ ਗਿਆ ਹੈ?

▪ ਬੇਥਜ਼ਥਾ ਨਾਮਕ ਤਲਾਬ ਕਿਉਂ ਇੰਨਾ ਪ੍ਰਸਿੱਧ ਹੈ?

▪ ਯਿਸੂ ਤਲਾਬ ਤੇ ਕਿਹੜਾ ਚਮਤਕਾਰ ਕਰਦਾ ਹੈ, ਅਤੇ ਯਹੂਦੀਆਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?