Skip to content

Skip to table of contents

ਸਬਤ ਦੇ ਦਿਨ ਤੇ ਕੀ ਉਚਿਤ ਹੈ?

ਸਬਤ ਦੇ ਦਿਨ ਤੇ ਕੀ ਉਚਿਤ ਹੈ?

ਅਧਿਆਇ 32

ਸਬਤ ਦੇ ਦਿਨ ਤੇ ਕੀ ਉਚਿਤ ਹੈ?

ਯਿਸੂ ਇਕ ਹੋਰ ਸਬਤ ਤੇ ਗਲੀਲ ਦੀ ਝੀਲ ਦੇ ਨੇੜੇ ਇਕ ਯਹੂਦੀ ਸਭਾ-ਘਰ ਵਿਚ ਜਾਂਦਾ ਹੈ। ਉੱਥੇ ਇਕ ਆਦਮੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਹੈ, ਹਾਜ਼ਰ ਹੁੰਦਾ ਹੈ। ਗ੍ਰੰਥੀ ਅਤੇ ਫ਼ਰੀਸੀ ਸਖ਼ਤ ਨਿਗਾਹ ਰੱਖ ਰਹੇ ਹਨ ਕਿ ਯਿਸੂ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ। ਆਖ਼ਰਕਾਰ ਉਹ ਪੁੱਛਦੇ ਹਨ: “ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ?”

ਯਹੂਦੀ ਧਾਰਮਿਕ ਆਗੂ ਵਿਸ਼ਵਾਸ ਕਰਦੇ ਹਨ ਕਿ ਸਬਤ ਦੇ ਦਿਨ ਚੰਗਾ ਕਰਨਾ ਕੇਵਲ ਉਦੋਂ ਯੋਗ ਹੈ ਜਦੋਂ ਜਾਨ ਖ਼ਤਰੇ ਵਿਚ ਹੋਵੇ। ਉਦਾਹਰਣ ਲਈ, ਉਹ ਸਿਖਾਉਂਦੇ ਹਨ ਕਿ ਸਬਤ ਦੇ ਦਿਨ ਇਕ ਹੱਡੀ ਨੂੰ ਠੀਕ ਕਰਨਾ ਜਾਂ ਮੋਚ ਨੂੰ ਮਲ੍ਹਮ-ਪੱਟੀ ਕਰਨਾ ਅਨੁਚਿਤ ਹੈ। ਇਸ ਲਈ ਗ੍ਰੰਥੀ ਅਤੇ ਫ਼ਰੀਸੀ ਯਿਸੂ ਤੋਂ ਸਵਾਲ ਕਰ ਕੇ ਉਸ ਦੇ ਵਿਰੁੱਧ ਦੋਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਪਰ ਯਿਸੂ ਉਨ੍ਹਾਂ ਦੇ ਤਰਕ ਨੂੰ ਜਾਣਦਾ ਹੈ। ਨਾਲ ਹੀ ਨਾਲ, ਉਸ ਨੂੰ ਇਸ ਦਾ ਵੀ ਅਹਿਸਾਸ ਹੈ ਕਿ ਉਨ੍ਹਾਂ ਨੇ ਇਕ ਅਤਿਅੰਤ ਗ਼ੈਰ-ਸ਼ਾਸਤਰ ਸੰਬੰਧੀ ਵਿਚਾਰ ਅਪਣਾਇਆ ਹੋਇਆ ਹੈ ਕਿ ਕਿਹੜੀਆਂ ਗੱਲਾਂ ਦੁਆਰਾ ਸਬਤ-ਦਿਨ ਦੀ ਮੰਗ, ਜੋ ਕੰਮ ਦੀ ਮਨਾਹੀ ਕਰਦੀ ਹੈ, ਦੀ ਉਲੰਘਣਾ ਹੁੰਦੀ ਹੈ। ਇਸ ਤਰ੍ਹਾਂ ਯਿਸੂ ਇਕ ਨਾਟਕੀ ਟਾਕਰੇ ਲਈ ਸਥਿਤੀ ਤਿਆਰ ਕਰਦੇ ਹੋਏ, ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਹਿੰਦਾ ਹੈ: “ਵਿਚਾਲੇ ਖੜਾ ਹੋ।”

ਹੁਣ, ਗ੍ਰੰਥੀਆਂ ਅਤੇ ਫ਼ਰੀਸੀਆਂ ਵੱਲ ਮੁੜਦੇ ਹੋਏ ਯਿਸੂ ਕਹਿੰਦਾ ਹੈ: “ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ?” ਕਿਉਂਕਿ ਇਕ ਭੇਡ ਇਕ ਆਰਥਿਕ ਪੂੰਜੀ ਦਾ ਚਿੰਨ੍ਹ ਹੁੰਦੀ ਹੈ, ਉਹ ਇਸ ਨੂੰ ਅਗਲੇ ਦਿਨ ਤਕ ਟੋਏ ਵਿਚ ਨਹੀਂ ਛੱਡਣਗੇ, ਸ਼ਾਇਦ ਇਹ ਰੋਗੀ ਹੋ ਜਾਵੇ ਅਤੇ ਉਨ੍ਹਾਂ ਦਾ ਨੁਕਸਾਨ ਕਰਾਵੇ। ਇਸ ਦੇ ਇਲਾਵਾ, ਸ਼ਾਸਤਰ ਕਹਿੰਦੇ ਹਨ: “ਧਰਮੀ ਆਪਣੇ ਪਸੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ।”

ਸਮਾਨਾਂਤਰ ਦਰਸਾਉਂਦੇ ਹੋਏ ਯਿਸੂ ਅੱਗੇ ਕਹਿੰਦਾ ਹੈ: “ਸੋ ਮਨੁੱਖ ਭੇਡ ਨਾਲੋਂ ਕਿੰਨਾ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ।” ਧਾਰਮਿਕ ਆਗੂ ਅਜਿਹੇ ਤਾਰਕਿਕ, ਦਿਆਲੂ ਤਰਕ ਨੂੰ ਝੁਠਲਾਉਣ ਦੇ ਯੋਗ ਨਹੀਂ ਹਨ, ਅਤੇ ਉਹ ਚੁੱਪ ਰਹਿੰਦੇ ਹਨ।

ਗੁੱਸੇ ਨਾਲ, ਅਤੇ ਨਾਲ ਹੀ ਉਨ੍ਹਾਂ ਦੀ ਹਠੀ ਮੂਰਖਤਾ ਤੇ ਦੁੱਖ ਮਹਿਸੂਸ ਕਰਦੇ ਹੋਏ, ਯਿਸੂ ਆਲੇ-ਦੁਆਲੇ ਦੇਖਦਾ ਹੈ। ਫਿਰ ਉਹ ਉਸ ਆਦਮੀ ਨੂੰ ਕਹਿੰਦਾ ਹੈ: “ਆਪਣਾ ਹੱਥ ਲੰਮਾ ਕਰ।” ਅਤੇ ਉਹ ਹੱਥ ਨੂੰ ਲੰਮਾ ਕਰਦਾ ਹੈ ਅਤੇ ਇਹ ਚੰਗਾ ਹੋ ਜਾਂਦਾ ਹੈ।

ਖ਼ੁਸ਼ ਹੋਣ ਦੀ ਬਜਾਇ ਕਿ ਉਸ ਆਦਮੀ ਦਾ ਹੱਥ ਮੁੜ ਬਹਾਲ ਕੀਤਾ ਗਿਆ ਹੈ, ਫ਼ਰੀਸੀ ਬਾਹਰ ਜਾਂਦੇ ਹਨ ਅਤੇ ਜਲਦੀ ਨਾਲ ਹੇਰੋਦੇਸ ਦੇ ਪੈਰੋਕਾਰਾਂ ਦੇ ਨਾਲ ਮਿਲ ਕੇ ਯਿਸੂ ਨੂੰ ਮਾਰਨ ਦੀ ਸਲਾਹ ਕਰਦੇ ਹਨ। ਸਪੱਸ਼ਟ ਤੌਰ ਤੇ ਇਸ ਰਾਜਨੀਤਿਕ ਦਲ ਵਿਚ ਧਾਰਮਿਕ ਸਦੂਕੀਆਂ ਦੇ ਸਦੱਸ ਵੀ ਸ਼ਾਮਲ ਹਨ। ਆਮ ਤੌਰ ਤੇ, ਇਹ ਰਾਜਨੀਤਿਕ ਦਲ ਅਤੇ ਫ਼ਰੀਸੀ ਆਪੋ ਵਿਚ ਇਕ ਦੂਜੇ ਦਾ ਖੁੱਲ੍ਹੇਆਮ ਵਿਰੋਧ ਕਰਦੇ ਹਨ, ਪਰੰਤੂ ਉਹ ਯਿਸੂ ਦੀ ਵਿਰੋਧਤਾ ਵਿਚ ਮਜ਼ਬੂਤੀ ਨਾਲ ਇਕਮੁੱਠ ਹਨ। ਮੱਤੀ 12:​­9-14; ਮਰਕੁਸ 3:​1-6; ਲੂਕਾ 6:​6-11; ਕਹਾਉਤਾਂ 12:10; ਕੂਚ 20:​8-10.

▪ ਯਿਸੂ ਅਤੇ ਯਹੂਦੀ ਧਾਰਮਿਕ ਆਗੂਆਂ ਦਰਮਿਆਨ ਇਕ ਨਾਟਕੀ ਟਾਕਰੇ ਲਈ ਕੀ ਸਥਿਤੀ ਹੁੰਦੀ ਹੈ?

▪ ਇਹ ਯਹੂਦੀ ਧਾਰਮਿਕ ਆਗੂ ਸਬਤ ਦੇ ਦਿਨ ਤੇ ਚੰਗਾਈ ਦੇ ਸੰਬੰਧ ਵਿਚ ਕੀ ਵਿਸ਼ਵਾਸ ਕਰਦੇ ਹਨ?

▪ ਉਨ੍ਹਾਂ ਦੇ ਗ਼ਲਤ ਵਿਚਾਰਾਂ ਨੂੰ ਝੁਠਲਾਉਣ ਲਈ ਯਿਸੂ ਕਿਹੜਾ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ?