Skip to content

Skip to table of contents

ਸ਼ਾਗਿਰਦੀ ਦੀ ਜ਼ਿੰਮੇਵਾਰੀ

ਸ਼ਾਗਿਰਦੀ ਦੀ ਜ਼ਿੰਮੇਵਾਰੀ

ਅਧਿਆਇ 84

ਸ਼ਾਗਿਰਦੀ ਦੀ ਜ਼ਿੰਮੇਵਾਰੀ

ਉਸ ਉੱਘੇ ਫ਼ਰੀਸੀ ਦਾ ਘਰ ਛੱਡਣ ਤੋਂ ਬਾਅਦ, ਜੋ ਸਪੱਸ਼ਟ ਤੌਰ ਤੇ ਯਹੂਦੀ ਸਭਾ-ਘਰ ਦਾ ਇਕ ਸਦੱਸ ਹੈ, ਯਿਸੂ ਯਰੂਸ਼ਲਮ ਵੱਲ ਵਧਦਾ ਜਾਂਦਾ ਹੈ। ਵੱਡੀ ਭੀੜ ਉਸ ਦੇ ਮਗਰ-ਮਗਰ ਚੱਲਦੀ ਹੈ। ਪਰੰਤੂ ਉਨ੍ਹਾਂ ਦੇ ਮੰਤਵ ਕੀ ਹਨ? ਉਸ ਦਾ ਸੱਚਾ ਅਨੁਯਾਈ ਬਣਨ ਵਿਚ ਅਸਲ ਵਿਚ ਕੀ ਕੁਝ ਸ਼ਾਮਲ ਹੈ?

ਜਿਵੇਂ ਉਹ ਚੱਲਦੇ ਜਾਂਦੇ ਹਨ, ਯਿਸੂ ਭੀੜ ਵੱਲ ਮੁੜਦਾ ਹੈ ਅਤੇ ਸ਼ਾਇਦ ਉਨ੍ਹਾਂ ਨੂੰ ਚੌਂਕਾ ਦਿੰਦਾ ਹੈ ਜਦੋਂ ਉਹ ਕਹਿੰਦਾ ਹੈ: “ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।”

ਯਿਸੂ ਦਾ ਕੀ ਮਤਲਬ ਹੈ? ਯਿਸੂ ਇੱਥੇ ਇਹ ਨਹੀਂ ਕਹਿ ਰਿਹਾ ਹੈ ਕਿ ਉਸ ਦੇ ਅਨੁਯਾਈਆਂ ਨੂੰ ਵਾਸਤਵ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਵੈਰ ਰੱਖਣਾ ਚਾਹੀਦਾ ਹੈ। ਇਸ ਦੀ ਬਜਾਇ, ਉਨ੍ਹਾਂ ਨੂੰ ਇਸ ਅਰਥ ਵਿਚ ਉਨ੍ਹਾਂ ਨਾਲ ਵੈਰ ਰੱਖਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਉਸ ਨਾਲੋਂ ਘੱਟ ਪਿਆਰ ਕਰਨ। ਯਿਸੂ ਦੇ ਪੂਰਵਜ ਯਾਕੂਬ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੇਆਹ ਨਾਲ ‘ਘਿਰਣਾ’ ਅਤੇ ਰਾਖੇਲ ਨਾਲ ਪਿਆਰ ਕਰਦਾ ਸੀ, ਜਿਸ ਦਾ ਮਤਲਬ ਸੀ ਕਿ ਲੇਆਹ ਨੂੰ ਉਸ ਦੀ ਭੈਣ ਰਾਖੇਲ ਨਾਲੋਂ ਘੱਟ ਪਿਆਰ ਕੀਤਾ ਜਾਂਦਾ ਸੀ।

ਇਸ ਤੇ ਵੀ ਵਿਚਾਰ ਕਰੋ ਕਿ ਯਿਸੂ ਨੇ ਕਿਹਾ ਕਿ ਇਕ ਚੇਲੇ ਨੂੰ “ਆਪਣੀ ਜਾਨ ਨਾਲ ਵੀ,” ਜਾਂ ਜੀਵਨ ਨਾਲ ਵੀ ਵੈਰ ਰੱਖਣਾ ਚਾਹੀਦਾ ਹੈ। ਇਕ ਵਾਰ ਫਿਰ ਯਿਸੂ ਦਾ ਇਹ ਮਤਲਬ ਹੈ ਕਿ ਇਕ ਸੱਚੇ ਚੇਲੇ ਨੂੰ ਉਸ ਨਾਲ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਯਿਸੂ ਜ਼ੋਰ ਦੇ ਰਿਹਾ ਹੈ ਕਿ ਉਸ ਦਾ ਚੇਲਾ ਬਣਨਾ ਇਕ ਗੰਭੀਰ ਜ਼ਿੰਮੇਵਾਰੀ ਹੈ। ਇਹ ਇਕ ਅਜਿਹਾ ਕੰਮ ਨਹੀਂ ਜਿਸ ਨੂੰ ਬਿਨਾਂ ਧਿਆਨਪੂਰਵਕ ਵਿਚਾਰ ਕੀਤੇ ਅਪਣਾਇਆ ਜਾਏ।

ਯਿਸੂ ਦਾ ਚੇਲਾ ਹੋਣ ਵਿਚ ਕਠਿਨਾਈ ਅਤੇ ਸਤਾਹਟ ਸ਼ਾਮਲ ਹੈ, ਜਿਵੇਂ ਕਿ ਉਹ ਅੱਗੇ ਸੰਕੇਤ ਕਰਦਾ ਹੈ: “ਜੇ ਕੋਈ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ।” ਇਸ ਤਰ੍ਹਾਂ, ਇਕ ਸੱਚੇ ਚੇਲੇ ਨੂੰ ਉਸੇ ਤਰ੍ਹਾਂ ਦੀ ਨਿੰਦਿਆ ਦਾ ਬੋਝ ਸਹਿਣ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਯਿਸੂ ਨੇ ਬਰਦਾਸ਼ਤ ਕੀਤੀ, ਅਤੇ ਇਸ ਵਿਚ ਜੇ ਜ਼ਰੂਰੀ ਹੋਇਆ ਤਾਂ ਪਰਮੇਸ਼ੁਰ ਦੇ ਵੈਰੀਆਂ ਹੱਥੋਂ ਮਰਨਾ ਵੀ ਸ਼ਾਮਲ ਹੈ, ਜੋ ਯਿਸੂ ਜਲਦੀ ਹੀ ਕਰਨ ਜਾ ਰਿਹਾ ਹੈ।

ਇਸ ਕਰਕੇ, ਯਿਸੂ ਦਾ ਇਕ ਚੇਲਾ ਹੋਣਾ ਇਕ ਅਜਿਹਾ ਵਿਸ਼ਾ ਹੈ ਜਿਸ ਦਾ ਉਸ ਦੇ ਮਗਰ ਆ ਰਹੀ ਭੀੜ ਨੂੰ ਬਹੁਤ ਧਿਆਨ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਯਿਸੂ ਇਕ ਦ੍ਰਿਸ਼ਟਾਂਤ ਦੁਆਰਾ ਇਸ ਅਸਲੀਅਤ ਉੱਤੇ ਜ਼ੋਰ ਦਿੰਦਾ ਹੈ। ਉਹ ਕਹਿੰਦਾ ਹੈ, “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ? ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸੱਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਹੱਸਣ ਲੱਗ ਪੈਣ ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸੱਕਿਆ!”

ਇਸ ਲਈ ਯਿਸੂ ਆਪਣੇ ਮਗਰ ਆ ਰਹੀ ਭੀੜ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾ ਰਿਹਾ ਹੈ ਕਿ ਉਸ ਦਾ ਚੇਲਾ ਬਣਨ ਤੋਂ ਪਹਿਲਾਂ, ਉਨ੍ਹਾਂ ਨੂੰ ਪੱਕਾ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਉਹ ਉਸ ਕੰਮ ਨੂੰ ਪੂਰਾ ਕਰ ਸਕਦੇ ਹਨ ਜੋ ਇਸ ਵਿਚ ਸ਼ਾਮਲ ਹੈ, ਜਿਵੇਂ ਕਿ ਇਕ ਆਦਮੀ ਜੋ ਇਕ ਬੁਰਜ ਬਣਾਉਣਾ ਚਾਹੁੰਦਾ ਹੈ, ਸ਼ੁਰੂ ਕਰਨ ਤੋਂ ਪਹਿਲਾਂ ਨਿਸ਼ਚਿਤ ਕਰਦਾ ਹੈ ਕਿ ਉਸ ਕੋਲ ਇਸ ਨੂੰ ਪੂਰਾ ਕਰਨ ਲਈ ਸਾਧਨ ਹਨ। ਇਕ ਹੋਰ ਦ੍ਰਿਸ਼ਟਾਂਤ ਦਿੰਦੇ ਹੋਏ, ਯਿਸੂ ਅੱਗੇ ਕਹਿੰਦਾ ਹੈ:

“ਯਾ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਕੀ ਮੈਂ ਦਸ ਹਜ਼ਾਰ ਨਾਲ ਉਹ ਦਾ ਸਾਹਮਣਾ ਕਰ ਸੱਕਦਾ ਹਾਂ ਜਿਹ ਨੇ ਵੀਹ ਹਜ਼ਾਰ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ? ਜੇ ਨਹੀਂ ਤਾਂ ਦੂਏ ਦੇ ਅਜੇ ਦੂਰ ਹੁੰਦਿਆਂ ਉਹ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ।”

ਫਿਰ ਯਿਸੂ ਆਪਣੇ ਦ੍ਰਿਸ਼ਟਾਂਤਾਂ ਦੇ ਮੁੱਦੇ ਉੱਤੇ ਜ਼ੋਰ ਦਿੰਦੇ ਹੋਏ ਕਹਿੰਦਾ ਹੈ: “ਸੋ ਇਸੇ ਤਰਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।” ਇਹ ਹੈ ਜੋ ਉਸ ਦੇ ਮਗਰ ਆ ਰਹੀ ਭੀੜ, ਅਤੇ, ਜੀ ਹਾਂ, ਹਰ ਕੋਈ ਜਿਹੜਾ ਯਿਸੂ ਦੇ ਬਾਰੇ ਸਿੱਖਦਾ ਹੈ, ਨੂੰ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੇ ਉਸ ਦੇ ਚੇਲੇ ਹੋਣਾ ਹੈ, ਤਾਂ ਉਨ੍ਹਾਂ ਨੂੰ ਸਭ ਕੁਝ ਜੋ ਉਨ੍ਹਾਂ ਕੋਲ ਹੈ​—⁠ਆਪਣੀ ਸਾਰੀ ਜਾਇਦਾਦ, ਆਪਣੇ ਜੀਵਨ ਸਮੇਤ⁠—​ਬਲੀਦਾਨ ਕਰਨ ਨੂੰ ਤਿਆਰ ਹੋਣਾ ਚਾਹੀਦਾ ਹੈ। ਕੀ ਤੁਸੀਂ ਇਹ ਕਰਨ ਨੂੰ ਤਿਆਰ ਹੋ?

“ਲੂਣ ਤਾਂ ਚੰਗਾ ਹੈ,” ਯਿਸੂ ਅੱਗੇ ਕਹਿੰਦਾ ਹੈ। ਆਪਣੇ ਪਹਾੜੀ ਉਪਦੇਸ਼ ਵਿਚ ਉਸ ਨੇ ਕਿਹਾ ਸੀ ਕਿ ਉਸ ਦੇ ਚੇਲੇ “ਧਰਤੀ ਦੇ ਲੂਣ” ਹਨ, ਮਤਲਬ ਕਿ ਉਹ ਲੋਕਾਂ ਉੱਤੇ ਇਕ ਸੁਰੱਖਿਅਕ ਪ੍ਰਭਾਵ ਪਾਉਂਦੇ ਹਨ, ਜਿਵੇਂ ਕਿ ਵਾਸਤਵਿਕ ਲੂਣ ਰੱਖਿਆ-ਸਾਧਨ ਹੁੰਦਾ ਹੈ। “ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਾਹ ਦੇ ਨਾਲ ਸੁਆਦੀ ਕੀਤਾ ਜਾਵੇ? ਉਹ ਨਾ ਖੇਤ ਨਾ ਰੂੜੀ ਦੇ ਕੰਮ ਦਾ ਹੈ,” ਯਿਸੂ ਸਮਾਪਤ ਕਰਦਾ ਹੈ। “ਲੋਕ ਉਹ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।”

ਇਸ ਲਈ ਯਿਸੂ ਦਿਖਾਉਂਦਾ ਹੈ ਕਿ ਜਿਹੜੇ ਕੁਝ ਸਮੇਂ ਤੋਂ ਉਸ ਦੇ ਚੇਲੇ ਬਣੇ ਹਨ, ਉਨ੍ਹਾਂ ਨੂੰ ਚੇਲੇ ਬਣੇ ਰਹਿਣ ਦੇ ਆਪਣੇ ਨਿਸ਼ਚੇ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਹੈ। ਜੇਕਰ ਉਹ ਕਮਜ਼ੋਰ ਹੋਣ ਦਿੰਦੇ ਹਨ, ਤਾਂ ਉਹ ਵਿਅਰਥ ਹੋ ਜਾਣਗੇ, ਇਸ ਸੰਸਾਰ ਲਈ ਠੱਠੇ ਦਾ ਇਕ ਪਾਤਰ ਅਤੇ ਪਰਮੇਸ਼ੁਰ ਅੱਗੇ ਅਯੋਗ, ਅਸਲ ਵਿਚ ਪਰਮੇਸ਼ੁਰ ਉੱਪਰ ਇਕ ਕਲੰਕ ਬਣਨਗੇ। ਇਸ ਲਈ, ਬੇਸੁਆਦੇ, ਮਲੀਨ ਲੂਣ ਵਾਂਗ, ਉਹ ਬਾਹਰ ਸੁੱਟੇ ਜਾਣਗੇ, ਜੀ ਹਾਂ, ਨਾਸ਼ ਕੀਤੇ ਜਾਣਗੇ। ਲੂਕਾ 14:​25-35; ਉਤਪਤ 29:​­30-33; ਮੱਤੀ 5:⁠13.

▪ ਆਪਣੇ ਰਿਸ਼ਤੇਦਾਰਾਂ ਨਾਲ ਅਤੇ ਆਪਣੇ ਆਪ ਨਾਲ “ਵੈਰ” ਰੱਖਣ ਦਾ ਕੀ ਮਤਲਬ ਹੈ?

▪ ਯਿਸੂ ਕਿਹੜੇ ਦੋ ਦ੍ਰਿਸ਼ਟਾਂਤ ਦਿੰਦਾ ਹੈ, ਅਤੇ ਉਨ੍ਹਾਂ ਦਾ ਕੀ ਮਤਲਬ ਹੈ?

▪ ਲੂਣ ਬਾਰੇ ਯਿਸੂ ਦੀਆਂ ਸਮਾਪਤੀ ਟਿੱਪਣੀਆਂ ਦਾ ਨੁਕਤਾ ਕੀ ਹੈ?